ਗ੍ਰਹਿ ਮੰਤਰਾਲਾ
ਕਰਤਾਰਪੁਰ ਸਾਹਿਬ ਕੌਰੀਡੋਰ (ਲਾਂਘੇ) ਬਾਰੇ ਅੱਜ ਤੀਸਰੇ ਦੌਰ ਦੀ ਭਾਰਤ-ਪਾਕਿਸਤਾਨ ਵਾਰਤਾ ਹੋਈ
Posted On:
04 SEP 2019 7:05PM by PIB Chandigarh
ਕਰਤਾਰਪੁਰ ਸਾਹਿਬ ਕੌਰੀਡੋਰ (ਲਾਂਘਾ) ਸ਼ੁਰੂ ਕਰਨ ਦੇ ਤੌਰ-ਤਰੀਕਿਆਂ ਬਾਰੇ ਪਾਕਿਸਤਾਨ ਨਾਲ ਤੀਸਰੇ ਦੌਰ ਦੀ ਵਾਰਤਾ ਅੱਜ ਅਟਾਰੀ, ਅੰਮ੍ਰਿਤਸਰ ਵਿੱਚ ਕੀਤੀ ਗਈ ਹੈ। ਭਾਰਤੀ ਵਫ਼ਦ ਵਿੱਚ ਗ੍ਰਿਹ ਮੰਤਰਾਲੇ ਤੋਂ ਇਲਾਵਾ ਵਿਦੇਸ਼ ਮੰਤਰਾਲੇ, ਰੱਖਿਆ ਮੰਤਰਾਲੇ, ਪੰਜਾਬ ਸਰਕਾਰ, ਲੈਂਡ ਪੋਰਟ ਅਥਾਰਿਟੀ ਆਵ੍ ਇੰਡੀਆ, ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਦੇ ਪ੍ਰਤੀਨਿਧੀ ਸ਼ਾਮਲ ਸਨ।
ਇਸ ਮੀਟਿੰਗ ਵਿੱਚ, ਇਸ ਤੋਂ ਪਹਿਲਾਂ ਕੀਤੀਆਂ ਗਈਆਂ ਸੰਯੁਕਤ ਪੱਧਰ ਦੀਆਂ ਮੀਟਿੰਗਾਂ ਦੇ ਦੋ ਦੌਰਾਂ ਅਤੇ ਟੈਕਨੀਕਲ ਪੱਧਰ ਦੀਆਂ ਮੀਟਿੰਗਾਂ ਦੇ ਚਾਰ ਦੌਰਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
ਸੰਯੁਕਤ ਸਕੱਤਰ ਪੱਧਰ 'ਤੇ ਪਹਿਲੇ ਦੌਰ ਦੀ ਚਰਚਾ 14 ਮਾਰਚ, 2019 ਨੂੰ ਅਟਾਰੀ, ਭਾਰਤ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ 14 ਜੁਲਾਈ, 2019 ਨੂੰ ਵਾਘਾ (Wagah), ਪਾਕਿਸਤਾਨ ਵਿੱਚ ਦੂਸਰੇ ਦੌਰ ਦੀ ਚਰਚਾ ਹੋਈ ਸੀ। ਇਨ੍ਹਾਂ ਚਰਚਾਵਾਂ 'ਤੇ ਅਗਲੀ ਪੈਰਵੀ ਤਹਿਤ ਟੈਕਨੀਕਲ ਪੱਧਰ ਦੀਆਂ ਮੀਟਿੰਗਾਂ ਦੇ ਚਾਰ ਦੌਰ ਵੀ ਆਯੋਜਿਤ ਕੀਤੇ ਗਏ। ਇਸੇ ਦੌਰਾਨ ਦੋਵਾਂ ਪੱਖਾਂ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਲਈ ਸੜਕ ਅਤੇ ਬੁਨਿਆਦੀ ਢਾਂਚਗਤ ਸੁਵਿਧਾਵਾਂ ਵਿੱਚ ਸਹੀ ਤਾਲਮੇਲ ਸਥਾਪਿਤ ਕਰਨ, ਪਾਕਿਸਤਾਨ ਦੁਆਰਾ ਪੁਲ਼ ਦਾ ਨਿਰਮਾਣ ਕੀਤੇ ਜਾਣ ਤੱਕ ਅਸਥਾਈ ਸਰਵਿਸ ਰੋਡ ਦੀ ਜ਼ਰੂਰਤ ਅਤੇ ਐਮਰਜੈਂਸੀ ਵਿੱਚ ਸ਼ਰਧਾਲੂਆਂ ਅਤੇ ਉਨ੍ਹਾਂ ਦੀ ਆਵਾਜਾਈ ਨਾਲ ਜੁੜੀਆਂ ਪ੍ਰਕਿਰਿਆਵਾਂ ਨਾਲ ਸਬੰਧਿਤ ਵੇਰਵੇ ਸਾਂਝੇ ਕਰਨ ਦੀ ਰੂਪ-ਰੇਖਾ ਅਤੇ ਪ੍ਰਾਰੂਪ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।
ਅੱਜ ਦੀ ਮੀਟਿੰਗ ਵਿੱਚ ਦੋਵਾਂ ਪੱਖਾਂ ਵਿੱਚ ਨਿਮਨਲਿਖਤ ਸਹਿਮਤੀ ਹੋਈ:
- ਭਾਰਤੀ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਯਾਤਰਾ 'ਤੇ ਸਮਝੌਤਾ। ਇਸ ਵਿੱਚ ਉਨ੍ਹਾਂ ਦੀ ਆਸਥਾ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੋਵੇਗੀ। ਓਸੀਆਈ ਕਾਰਡ ਰੱਖਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਵੀ ਕੌਰੀਡੋਰ ਦੀ ਵਰਤੋਂ ਕਰਕੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।
- 5,000 ਸ਼ਰਧਾਲੂ ਹਰੇਕ ਦਿਨ ਕੌਰੀਡੋਰ ਦੀ ਵਰਤੋਂ ਕਰਕੇ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਸਕਦੇ ਹਨ। 5,000 ਤੋਂ ਵੀ ਅਧਿਕ ਸ਼ਰਧਾਲੂ ਵਿਸ਼ੇਸ਼ ਅਵਸਰਾਂ ਉੱਤੇ ਉੱਥੇ ਜਾ ਸਕਦੇ ਹਨ, ਜੋ ਪਾਕਿਸਤਾਨ ਵੱਲੋਂ ਸਮਰੱਥਾ ਵਿਸਤਾਰ 'ਤੇ ਨਿਰਭਰ ਕਰੇਗਾ। ਪਾਕਿਸਤਾਨ ਨੇ ਇਸ ਸੰਖਿਆ ਨੂੰ ਵਧਾਉਣ ਦਾ ਭਰੋਸਾ ਦਿੱਤਾ ਹੈ।
- ਕੌਰੀਡੋਰ ਪੂਰੇ ਸਾਲ, ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ। ਸ਼ਰਧਾਲੂਆਂ ਕੋਲ ਇਕੱਲੇ ਜਾਂ ਸਮੂਹ ਦੇ ਰੂਪ ਵਿੱਚ ਅਤੇ ਪੈਦਨ ਯਾਤਰਾ ਕਰਨ ਦਾ ਵਿਕਲਪ ਹੋਵੇਗਾ।
- ਦੋਵਾਂ ਧਿਰਾਂ ਨੇ ਬੁੱਢੀ ਰਾਵੀ ਚੈਨਲ 'ਤੇ ਪੁਲ਼ ਬਣਾਉਣ 'ਤੇ ਸਹਿਮਤੀ ਪ੍ਰਗਟ ਕੀਤੀ। ਪਾਕਿਸਤਾਨ ਵੱਲੋਂ ਪੁਲ਼ ਦਾ ਨਿਰਮਾਣ ਕੀਤੇ ਜਾਣ ਤੱਕ ਦੋਵੇਂ ਪੱਖ ਅਸਥਾਈ ਸਰਵਿਸ ਰੋਡ ਦੇ ਕ੍ਰੌਸਿੰਗ ਪੁਆਇੰਟ ਲਈ ਸਹਿਮਤ ਹੋਏ।
- ਪਾਕਿਸਤਾਨ ਧਿਰ ਸ਼ਰਧਾਲੂਆਂ ਲਈ 'ਲੰਗਰ' ਅਤੇ 'ਪ੍ਰਸਾਦ' ਤਿਆਰ ਕਰਨ ਅਤੇ ਵੰਡਣ ਲਈ ਉਚਿਤ ਵਿਵਸਥਾ ਕਰਨ 'ਤੇ ਸਹਿਮਤ ਹੋ ਗਈ ਹੈ।
ਹਾਲਾਂਕਿ, ਪਾਕਿਸਤਾਨ ਦੇ ਅੜੀਅਲ ਰੁਖ ਦੇ ਕਾਰਨ ਸਮਝੌਤੇ ਨੂੰ ਅੱਜ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਿਆ। ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਸ਼ਰਧਾਲੂਆਂ ਕੋਲੋਂ ਸੇਵਾ ਟੈਕਸ ਲੈਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਇਹ ਕਰਤਾਰਪੁਰ ਸਾਹਿਬ ਕੌਰੀਡੋਰ ਦੀ ਭਾਵਨਾ ਦੇ ਵਿਪਰੀਤ ਹੈ। ਪਾਕਿਸਤਾਨ ਨੇ ਸ਼ਰਧਾਲੂਆਂ ਦੀ ਸੁਵਿਧਾ ਲਈ ਉਨ੍ਹਾਂ ਨਾਲ ਗੁਰਦੁਆਰਾ ਪਰਿਸਰ ਵਿੱਚ ਪ੍ਰੋਟੋਕਾਲ ਅਧਿਕਾਰੀਆਂ ਦੀ ਮੌਜੂਦਗੀ ਦੀ ਆਗਿਆ ਦੇਣ ਦੀ ਇੱਛਾ ਨਹੀਂ ਦਿਖਾਈ। ਪਾਕਿਸਤਾਨ ਨੂੰ ਇਸ ਬਾਰੇ ਆਪਣੇ ਰੁਖ 'ਤੇ ਫਿਰ ਤੋਂ ਵਿਚਾਰ ਕਰਨ ਦੀ ਤਾਕੀਦ ਕੀਤੀ ਗਈ।
ਇਸ ਤੋਂ ਇਲਾਵਾ, ਗੁਰਪੁਰਬ (ਗੁਰੂ ਪਰਵ) ਅਤੇ ਵਿਸਾਖੀ ਜਿਹੇ ਵਿਸ਼ੇਸ਼ ਅਵਸਰਾਂ 'ਤੇ ਹੋਰ ਦਸ ਹਜ਼ਾਰ (10,000) ਸ਼ਰਧਾਲੂਆਂ ਨੂੰ ਆਗਿਆ ਦੇਣ ਲਈ ਭਾਰਤ ਵੱਲੋਂ ਲਗਾਤਾਰ ਬੇਨਤੀ ਕਰਨ ਦੇ ਬਾਵਜੂਦ ਪਾਕਿਸਤਾਨ ਨੇ ਆਪਣੇ ਪਾਸੇ ਢਾਂਚਾਗਤ ਮਜ਼ਬੂਰੀਆਂ ਹੋਣ ਦਾ ਉੱਲੇਖ ਕੀਤਾ ਹੈ ਅਤੇ ਇਸ ਨਾਲ ਹੀ ਇਹ ਦੱਸਿਆ ਹੈ ਕਿ ਇਸ ਨਾਲ ਜੁੜੀ ਜ਼ਰੂਰੀ ਸਮਰੱਥਾ ਸੁਨਿਸ਼ਚਿਤ ਹੋ ਜਾਣ 'ਤੇ ਉਹ ਸ਼ਰਧਾਲੂਆਂ ਦੀ ਸੰਖਿਆ ਵਿੱਚ ਵਾਧਾ ਕਰ ਸਕਦਾ ਹੈ।
ਭਾਰਤ ਨੇ ਸ਼ਰਧਾਲੂਆਂ ਲਈ ਸੁਰੱਖਿਅਤ ਮਾਹੌਲ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਹੈ। ਇਸ ਸੰਦਰਭ ਵਿੱਚ ਭਾਰਤੀ ਪੱਖ ਨੇ ਪਾਕਿਸਤਾਨ ਵਿੱਚ ਰਹਿ ਰਹੇ ਉਨ੍ਹਾਂ ਵਿਅਕਤੀਆਂ ਜਾਂ ਸੰਗਠਨਾਂ ਬਾਰੇ ਸਰੋਕਾਰਾਂ ਨੂੰ ਸਾਂਝਾ ਕੀਤਾ ਹੈ ਜੋ ਤੀਰਥ ਯਾਤਰਾ ਵਿੱਚ ਗੜਬੜ ਕਰ ਸਕਦੇ ਹਨ ਅਤੇ ਇਸ ਮੌਕੇ ਦੀ ਦੁਰਵਰਤੋਂ ਕਰਕੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖੇਡ ਸਕਦੇ ਹਨ। ਵਾਘਾ, ਪਾਕਿਸਤਾਨ ਵਿੱਚ ਆਯੋਜਿਤ ਕੀਤੀ ਗਈ ਪਿਛਲੀ ਮੀਟਿੰਗ ਵਿੱਚ ਇਸ ਬਾਰੇ ਭਾਰਤੀ ਸਰੋਕਾਰਾਂ ਤੋਂ ਜਾਣੂ ਕਰਾਉਣ ਲਈ ਪਾਕਿਸਤਾਨ ਨੂੰ ਇੱਕ ਵਿਸਤ੍ਰਿਤ ਡੋਜ਼ੀਅਰ ਸੌਂਪਿਆ ਗਿਆ ਸੀ।
ਭਾਰਤ ਵੱਲੋਂ ਯਾਤਰੀ ਟਰਮਿਨਲ ਸਹਿਤ ਇੱਕ ਸਟੇਟ-ਆਵ੍-ਦ-ਆਰਟ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਹੋਈ ਹੈ, ਜੋ ਇੱਕ ਦਿਨ ਵਿੱਚ 15000 ਤੋਂ ਵੀ ਅਧਿਕ ਸ਼ਰਧਾਲੂਆਂ ਦੀ ਆਵਾਜਾਈ ਸੁਨਿਸ਼ਚਿਤ ਕਰ ਸਕਦਾ ਹੈ। ਇਸ ਨੂੰ 31 ਅਕਤੂਬਰ, 2019 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਸੀਮਾ 'ਤੇ ਕ੍ਰੌਸਿੰਗ ਪੁਆਇੰਟ ਤੱਕ 4-ਲੇਨ ਵਾਲੇ ਹਾਈਵੇ ਦਾ ਨਿਰਮਾਣ ਕਾਰਜ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ ਤਸੱਲੀਬਖਸ਼ ਢੰਗ ਨਾਲ ਪ੍ਰਗਤੀ 'ਤੇ ਹੈ। ਇਸ ਦਾ ਨਿਰਮਾਣ ਕਾਰਜ ਸਤੰਬਰ 2019 ਦੇ ਅਖ਼ੀਰ ਤੱਕ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ, ਇੱਕ ਮਜ਼ਬੂਤ ਸੁਰੱਖਿਆ ਵਿਵਸਥਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਸ਼ੁਭ ਅਵਸਰ 'ਤੇ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਤੀਰਥ ਯਾਤਰਾ ਸ਼ੁਰੂ ਕਰਨ ਲਈ ਭਾਰਤ ਵੱਲੋਂ ਸਾਰੀਆਂ ਸੁਵਿਧਾਵਾਂ ਬਕਾਇਦਾ ਸੁਨਿਸ਼ਚਿਤ ਕਰ ਦਿੱਤੀਆਂ ਜਾਣਗੀਆਂ।
******
ਵੀਜੀ/ਵੀਐੱਮ/ਐੱਚਐੱਸ/ਐੱਸਐੱਸ
(Release ID: 1584245)
Visitor Counter : 154