ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਿਸ ਨਵੇਂ ਭਾਰਤ ਦਾ ਸੁਪਨਾ ਵੇਖਦੇ ਹਨ ਉਸ ਵਿੱਚ ਖੱਬੇ ਪੱਖੀ ਅੱਤਵਾਦ ਲਈ ਕੋਈ ਜਗ੍ਹਾ ਨਹੀਂ - ਸ਼੍ਰੀ ਅਮਿਤ ਸ਼ਾਹ
ਦੇਸ਼ ਵਿੱਚੋਂ ਖੱਬੇ ਪੱਖੀ ਅੱਤਵਾਦ ਨੂੰ ਖ਼ਤਮ ਕਰਨ ਲਈ ਕੇਂਦਰ ਅਤੇ ਰਾਜਾਂ ਵਿੱਚ ਤਾਲਮੇਲ ਜ਼ਰੂਰੀ: ਗ੍ਰਿਹ ਮੰਤਰੀ
ਖੱਬੇ ਪੱਖੀ ਆਤੰਕਵਾਦੀ ਸੰਗਠਨਾਂ ਨੂੰ ਫੰਡਾਂ ਦਾ ਪ੍ਰਵਾਹ ਰੋਕਣਾ ਸਮੇਂ ਦੀ ਜ਼ਰੂਰਤ: ਸ਼੍ਰੀ ਅਮਿਤ ਸ਼ਾਹ
ਖੱਬੇ ਪੱਖੀ ਅੱਤਵਾਦ ਦੀਆਂ ਘਟਨਾਵਾਂ 2009 ਦੀਆਂ 2258 ਤੋਂ ਘਟ ਕੇ 2018 ਵਿੱਚ 833 ਰਹਿ ਗਈਆਂ: ਕੇਂਦਰੀ ਗ੍ਰਿਹ ਮੰਤਰੀ
Posted On:
26 AUG 2019 7:10PM by PIB Chandigarh
ਅੱਜ ਨਵੀਂ ਦਿੱਲੀ ਵਿੱਚ ਖੱਬੇ ਪੱਖੀ ਅੱਤਵਾਦ (ਐੱਲਡਬਲਿਊਈ) ਦਾ ਜਾਇਜ਼ਾ ਲੈਣ ਲਈ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਲਡਬਲਿਊਈ, ਪਿਛਲੇ ਕਈ ਦਹਾਕਿਆਂ ਤੋਂ ਦੇਸ਼ ਸਾਹਮਣੇ ਪੇਸ਼ ਪ੍ਰਮੁੱਖ ਚੁਣੌਤੀਆਂ ਵਿੱਚੋਂ ਇਕ ਹੈ; ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਨਿਊ ਇੰਡੀਆ’ ਵਿਜ਼ਨ ਵਿੱਚ ਖੱਬੇ ਪੱਖੀ ਅੱਤਵਾਦ ਲਈ ਕੋਈ ਜਗ੍ਹਾ ਨਹੀਂ। ਇਸ ਮੀਟਿੰਗ ਵਿੱਚ ਕਈ ਕੇਂਦਰੀ ਮੰਤਰੀਆਂ ਜਿਨ੍ਹਾਂ ਵਿੱਚ ਵਿੱਤ ਮੰਤਰੀ, ਸੜਕ ਟ੍ਰਾਂਸਪੋਰਟ ਅਤੇ ਹਾਈਵੇਜ਼, ਖੇਤੀ, ਦਿਹਾਤੀ ਵਿਕਾਸ, ਪੰਚਾਇਤੀ ਰਾਜ, ਮੁਹਾਰਤ ਵਿਕਾਸ ਅਤੇ ਉੱਦਮਤਾ; ਕਬਾਇਲੀ ਵਿਕਾਸ ਮੰਤਰੀ; ਗ੍ਰਿਹ ਰਾਜ ਮੰਤਰੀ ਅਤੇ ਆਂਧਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ।
ਸ਼੍ਰੀ ਸ਼ਾਹ ਨੇ ਕਿਹਾ ਕਿ ਖੱਬੇ ਪੱਖੀ ਆਤੰਕਵਾਦੀ ਸੰਗਠਨ; ਲੋਕ ਰਾਜੀ ਸੰਸਥਾਵਾਂ ਦੇ ਵਿਰੁੱਧ ਹਨ ਅਤੇ ਉਹ ਹੇਠਲੇ ਪੱਧਰ ਉੱਤੇ ਲੋਕਰਾਜੀ ਅਮਲ ਨੂੰ ਢਾਹ ਲਾਉਣ ਲਈ ਹਿੰਸਾ ਦਾ ਸਹਾਰਾ ਲੈਂਦੇ ਹਨ। ਉਹ ਸਰਗਰਮ ਤੌਰ 'ਤੇ ਦੇਸ਼ ਦੇ ਘੱਟ ਵਿਕਸਤ ਖੇਤਰਾਂ ਵਿੱਚ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਰਣਨੀਤੀ ਲੋਕਾਂ ਨੂੰ ਗੁੰਮਰਾਹ ਕਰਨਾ ਅਤੇ ਉਨ੍ਹਾਂ ਨੂੰ ਅਣਜਾਣ ਬਣਾਈ ਰੱਖਣਾ ਹੈ। ਸ਼੍ਰੀ ਸ਼ਾਹ ਨੇ ਨੋਟ ਕੀਤਾ ਕਿ ਪ੍ਰਧਾਨ ਮੰਤਰੀ ਦੇ ‘ਨਿਊ ਇੰਡੀਆ’ ਵਿਜ਼ਨ ਦਾ ਅਧਾਰ ਸਮੁੱਚਾ ਅਤੇ ਆਖਰੀ ਮੀਲ ਦਾ ਵਿਕਾਸ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਖੱਬੇ ਪੱਖੀ ਹਿੰਸਾ ਦੀ ਬਿਮਾਰੀ ਤੋਂ ਦੂਰ ਰਿਹਾ ਜਾਵੇ। ਸ਼੍ਰੀ ਸ਼ਾਹ ਨੇ ਜ਼ੋਰ ਦਿੱਤਾ ਕਿ ਭਾਰਤ ਦੀ ਉਨ੍ਹਾਂ ਲੋਕਾਂ ਵਿਰੁੱਧ ਲੜਾਈ, ਜੋ ਕਿ ਲੋਕਤੰਤਰ ਨੂੰ ਹਿੰਸਾ ਰਾਹੀਂ ਢਾਹ ਲਾਉਣਾ ਚਾਹੁੰਦੇ ਹਨ, ਬਿਨਾਂ ਰੁਕੇ ਹੀ ਜਾਰੀ ਰਹੇਗੀ।
ਖੱਬੇ ਪੱਖੀ ਹਿੰਸਾ ਵਿਰੁੱਧ ਸੁਰੱਖਿਆ ਬਲਾਂ ਦੀ ਸਫ਼ਲਤਾ ਨੂੰ ਨੋਟ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਜ਼ਿਲ੍ਹਿਆਂ ਦੀ ਗਿਣਤੀ ਘਟੀ ਹੈ ਜਿਨ੍ਹਾਂ ਨੇ ਖੱਬੇ ਪੱਖੀ ਆਤੰਕਵਾਦ ਦੀ ਹਿੰਸਾ ਅਤੇ ਇਸ ਨਾਲ ਸਬੰਧਤ ਘਟਨਾਵਾਂ ਨੂੰ ਦੇਖਿਆ ਹੈ। 2009 ਵਿੱਚ ਜਿੱਥੇ ਖੱਬੇ ਪੱਖੀ ਹਿੰਸਾ ਦੀਆਂ 2258 ਘਟਨਾਵਾਂ ਹੋਈਆਂ ਸਨ, ਉਥੇ 2018 ਵਿੱਚ ਇਨ੍ਹਾਂ ਘਟਨਾਵਾਂ ਦੀ ਗਿਣਤੀ ਘਟ ਕੇ 833 ਰਹਿ ਗਈ। 2009 ਵਿੱਚ ਜਿੱਥੇ 1005 ਮੌਤਾਂ ਹੋਈਆਂ ਸਨ, ਉਥੇ 2018 ਵਿੱਚ ਇਹ ਗਿਣਤੀ 240 ਰਹਿ ਗਈ। ਨਕਸਲੀ ਹਿੰਸਾ ਤੋਂ 2010 ਵਿੱਚ ਜਿੱਥੇ 96 ਜ਼ਿਲ੍ਹੇ ਪ੍ਰਭਾਵਤ ਹੋਏ ਸਨ ਉਥੇ 2018 ਵਿੱਚ ਇਨ੍ਹਾਂ ਦੀ ਗਿਣਤੀ ਘਟ ਕੇ 60 ਰਹਿ ਗਈ।
ਸ਼੍ਰੀ ਸ਼ਾਹ ਨੇ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣ ਲਈ ਰਾਜਾਂ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਇਸ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ, ਖੱਬੇ ਪੱਖੀ ਅੱਤਵਾਦ ਨੂੰ ਪ੍ਰਭਾਵੀ ਢੰਗ ਨਾਲ ਨਜਿੱਠ ਸਕਦਾ ਹੈ। ਭਾਵੇਂ ਖੱਬੇ ਪੱਖੀ ਹਿੰਸਾ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ ਪਰ ਮੁੱਖ ਧਿਆਨ ਇਸ ਨੂੰ ਮੁਕੰਮਲ ਤੌਰ ਤੇ ਖ਼ਤਮ ਕਰਨ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ ਅਤੇ ਇਸ ਉਦੇਸ਼ ਲਈ ਕੇਂਦਰ ਅਤੇ ਰਾਜਾਂ ਨੂੰ ਪੂਰੇ ਜ਼ੋਰ ਨਾਲ ਯਤਨ ਜਾਰੀ ਰੱਖਣੇ ਚਾਹੀਦੇ ਹਨ।
ਸ਼੍ਰੀ ਸ਼ਾਹ ਨੇ ਵਿਸਥਾਰ ਨਾਲ ਦੱਸਿਆ ਕਿ ਕੇਂਦਰ ਵੱਲੋਂ ਇਸ ਸਬੰਧ ਵਿੱਚ ਜੋ ਬਹੁ ਪੱਖੀ ਰਣਨੀਤੀ ਅਪਣਾਈ ਗਈ ਹੈ ਉਸ ਵਿੱਚ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਨਾ, ਖ਼ੁਫੀਆ ਸੂਚਨਾਵਾਂ ਨੂੰ ਸਾਂਝਾ ਕਰਨਾ, ਕੇਂਦਰ ਵੱਲੋਂ 66 ਇੰਡੀਅਨ ਰਿਜ਼ਰਵ ਬਟਾਲੀਅਨਜ਼ (ਆਈਆਰਬੀਜ਼) ਕਾਇਮ ਕਰਨਾ ਸ਼ਾਮਿਲ ਹੈ। ਉਨ੍ਹਾਂ ਸਥਾਨਕ ਬਲਾਂ ਦੇ ਸਮਰੱਥਾ ਨਿਰਮਾਣ ਉੱਤੇ ਜ਼ੋਰ ਦਿੱਤਾ ਕਿਉਂਕਿ ਮਜ਼ਬੂਤ ਸਥਾਨਕ ਬਲ ਹੀ ਪ੍ਰਭਾਵਸ਼ਾਲੀ ਢੰਗ ਨਾਲ ਖੱਬੇ ਪੱਖੀ ਆਤੰਕਵਾਦੀ ਸੰਗਠਨਾਂ ਨੂੰ ਆਪਣੇ ਖੇਤਰ ਵਿੱਚੋਂ ਖ਼ਤਮ ਕਰ ਸਕਦੀਆਂ ਹਨ। ਇਸ ਸਬੰਧ ਵਿੱਚ ਸ਼੍ਰੀ ਸ਼ਾਹ ਨੇ ਕਿਹਾ ਕਿ ਆਤੰਕਵਾਦ ਪ੍ਰਭਾਵਤ ਖੇਤਰਾਂ ਵਿੱਚ ਖੱਬੇ ਪੱਖੀ ਆਤੰਕਵਾਦ ਸਥਾਨਕ ਪੁਲਿਸ ਦੀ ਵਿਜੀਲੈਂਸ ਅਤੇ ਨਿਪੁੰਨਤਾ ਤੋਂ ਬਿਨਾਂ ਖ਼ਤਮ ਨਹੀਂ ਕੀਤਾ ਜਾ ਸਕਦਾ, ਇਸ ਲਈ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਰਾਜਾਂ ਨੂੰ ਕਿਹਾ ਕਿ ਉਹ ਪੁਲਿਸ ਦੇ ਆਧੁਨਿਕੀਕਰਨ ਲਈ ਕੇਂਦਰੀ ਸਕੀਮਾਂ ਅਤੇ ਆਪਣੇ ਬਜਟ ਦੀ ਵਰਤੋਂ ਕਰਨ।
ਗ੍ਰਿਹ ਮੰਤਰੀ ਨੇ ਕਿਹਾ ਕਿ ਸਾਨੂੰ ਖੱਬੇ ਪੱਖੀ ਆਤੰਕਵਾਦੀ ਸੰਗਠਨਾਂ ਨੂੰ ਮਿਲ ਰਹੇ ਫੰਡ ਉੱਤੇ ਅੰਕੁਸ਼ ਲਗਾਉਣਾ ਚਾਹੀਦਾ ਹੈ।. ਉਨ੍ਹਾਂ ਰਾਜਾਂ ਦੀ ਇਸ ਸਬੰਧ ਵਿੱਚ ਚੁੱਕੇ ਗਏ ਕਦਮਾਂ ਕਾਰਨ ਪ੍ਰਸ਼ੰਸਾ ਕੀਤੀ। ਸ਼੍ਰੀ ਸ਼ਾਹ ਨੇ ਰਾਜਾਂ ਨੂੰ ਕਿਹਾ ਕਿ ਉਹ ਆਪਣੀ ਹਥਿਆਰ ਸੁਟਾਉਣ ਦੀ ਨੀਤੀ ਨੂੰ ਦਲੀਲਪੂਰਨ ਬਣਾਉਣ ਤਾਂ ਕਿ ਖੱਬੇ ਪੱਖੀ ਆਤੰਕਵਾਦੀਆਂ ਦੇ ਚੁੰਗਲ ਵਿੱਚ ਫਸੇ ਬੇਦੋਸ਼ੇ ਲੋਕਾਂ ਨੂੰ ਮੁੱਖਧਾਰਾ ਵਿੱਚ ਲਿਆਂਦਾ ਜਾ ਸਕੇ।
ਸ਼੍ਰੀ ਸ਼ਾਹ ਨੇ ਕਿਹਾ ਕਿ ਵੱਖ ਵੱਖ ਮੰਤਰਾਲਿਆਂ ਦੀਆਂ ਫਲੈਗਸ਼ਿਪ ਸਕੀਮਾਂ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਖੱਬੇ ਪੱਖੀ ਆਤੰਕਵਾਦ ਤੋਂ ਪ੍ਰਭਾਵਤ ਖੇਤਰਾਂ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸੜਕਾਂ ਅਤੇ ਟੈਲੀਕਾਮ ਕਨੈਕਟਿਵਿਟੀ ਵਿੱਚ ਸੁਧਾਰ ਕਰਨਾ, ਵਿੱਤੀ ਸ਼ਮੂਲੀਅਤ, ਮੁਹਾਰਤ ਵਿਕਾਸ ਅਤੇ ਵਿੱਦਿਆ ਵਿੱਚ ਸੁਧਾਰ ਕਰਨਾ ਸ਼ਾਮਿਲ ਹਨ। ਉਨ੍ਹਾਂ ਵਿਸ਼ੇਸ਼ ਤੌਰ 'ਤੇ 'ਏਕਲਵਯ ਮਾਡਲ' ਦੇ ਤਹਿਤ ਸਕੂਲ ਖੋਲ੍ਹਣ ਦੀ ਗਤੀ ਵਿੱਚ ਤੇਜ਼ੀ ਲਿਆਉਣ ਦੀ ਗੱਲ ਕੀਤੀ ਅਤੇ ਨਾਲ ਹੀ ਸਾਰੇ ਸ਼ਹਿਰੀਆਂ ਨੂੰ 5 ਕਿਲੋਮੀਟਰ ਦੇ ਦਾਇਰੇ ਵਿੱਚ ਬੈਂਕਿੰਗ ਸਹੂਲਤਾਂ ਪ੍ਰਦਾਨ ਕਰਨ ਉੱਤੇ ਜ਼ੋਰ ਦਿੱਤਾ।
ਕੇਂਦਰੀ ਗ੍ਰਿਹ ਮੰਤਰੀ ਨੇ ਰਾਜ ਸਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਖੱਬੇ ਪੱਖੀ ਆਤੰਕਵਾਦ ਨੂੰ ਖ਼ਤਮ ਕਰਨ ਵਿੱਚ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਸੁਰੱਖਿਆ ਦਸਤੇ ਇਸ ਮਸਲੇ ਨਾਲ ਨਜਿੱਠਣ ਲਈ ਇਕ ਹਾਂ-ਪੱਖੀ ਨੀਤੀ ਅਪਣਾਉਣ ਅਤੇ ਇਹ ਜ਼ਰੂਰੀ ਹੈ ਕਿ ਹਰ ਕੀਮਤ ਉੱਤੇ ਖੱਬੇ ਪੱਖੀ ਆਤੰਕਵਾਦ ਦੀਆਂ ਘਟਨਾਵਾਂ ਰੋਕੀਆਂ ਜਾਣ। ਸ਼੍ਰੀ ਸ਼ਾਹ ਨੇ ਕਿਹਾ ਕਿ; ਆਈਈਡੀ (ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ) ਦੀਆਂ ਘਟਨਾਵਾਂ ਨੂੰ ਰੋਕਣ ਲਈ ਨਵੇਂ ਕਦਮ ਚੁੱਕੇ ਜਾਣ ਕਿਉਕਿ ਅਜਿਹੀਆਂ ਘਟਨਾਵਾਂ ਕਾਰਨ ਹਾਲ ਹੀ ਦੇ; ਸਾਲਾਂ ਵਿੱਚ ਕਾਫੀ ਮੌਤਾਂ ਹੋਈਆਂ ਹਨ।
2015 ਵਿੱਚ ਖੱਬੇ ਪੱਖੀ ਆਤੰਕਵਾਦੀ ਘਟਨਾਵਾਂ ਨਾਲ ਨਜਿੱਠਣ ਲਈ ਜੋ ਰਾਸ਼ਟਰੀ ਰਣਨੀਤੀ ਬਣਾਈ ਗਈ ਸੀ ਉਸ ਦਾ ਜ਼ਿਕਰ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਇਕ ਬਹੁ-ਪੱਖੀ ਪਹੁੰਚ ਹੈ; ਜਿਸ ਵਿੱਚ ਸੁਰੱਖਿਆ, ਵਿਕਾਸ, ਸਥਾਨਕ ਕਬਾਇਲੀਆਂ ਦੇ ਅਧਿਕਾਰਾਂ ਅਤੇ ਸਮਾਵੇਸ਼ੀ ਸ਼ਾਸਨ ਨੂੰ ਯਕੀਨੀ ਬਣਾਉਣਾ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਰਣਨੀਤੀ ਅਧੀਨ ਸਥਾਨਕ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਸਰਵਉੱਚ ਪਹਿਲ ਦਿੱਤੀ ਗਈ ਹੈ। ਸ਼੍ਰੀ ਸ਼ਾਹ ਨੇ ਰਾਜਾਂ ਨੂੰ ਤਾਕੀਦ ਕੀਤੀ ਕਿ ਉਹ ਇਕ ਕੇਂਦ੍ਰਿਤ, ਸਮਾਂਬੱਧ ਪਹੁੰਚ ਅਪਣਾਉਣ ਤਾਂ ਕਿ ਖੱਬੇ ਪੱਖੀ ਆਤੰਕਵਾਦ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ ਅਤੇ ਪ੍ਰਭਾਵਿਤ ਖੇਤਰਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣ ਸਕੇ।
*****
ਵੀਜੀ/ਵੀਐੱਮ/ਐੱਚਐੱਸ
(Release ID: 1584061)
Visitor Counter : 133