ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਸਮ੍ਰਿਤੀ ਜ਼ੁਬਿਨ ਇਰਾਨੀ ਨੇ ਪੋਸ਼ਣ ਅਭਿਆਨ ਪੁਰਸਕਾਰ ਪ੍ਰਦਾਨ ਕੀਤੇ
Posted On:
23 AUG 2019 7:44PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (ਡਬਲਿਊਸੀਡੀ) ਨੇ ਅੱਜ ਨਵੀਂ ਦਿੱਲੀ ਵਿੱਚ 2018-19 ਲਈ ਆਯੋਜਿਤ ਪੋਸ਼ਣ ਅਭਿਆਨ ਪੁਰਸਕਾਰ ਸਮਾਰੋਹ ਵਿੱਚ ਰਾਜ ਸਰਕਾਰਾਂ, ਜ਼ਿਲ੍ਹਾ ਟੀਮਾਂ, ਬਲਾਕ ਪੱਧਰੀ ਟੀਮਾਂ ਅਤੇ ਫੀਲਡ ਅਧਿਕਾਰੀਆਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੇ ਦੌਰਾਨ ਸਬੰਧਿਤ ਮੰਤਰਾਲਿਆਂ ਅਤੇ ਵਿਕਾਸ ਸਾਂਝੇਦਾਰਾਂ ਦੀ ਪ੍ਰਤੀਬੱਧਤਾ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਵੀ ਪ੍ਰਮਾਣ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ। ਪੋਸ਼ਣ ਅਭਿਆਨ ਪੁਰਸਕਾਰ ਸਮਾਰੋਹ ਵਿੱਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ, ਰਾਜ ਮੰਤਰੀ ਦੇਬਾਸ਼੍ਰੀ ਚੌਧਰੀ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ (ਡਬਲਿਊਸੀਡੀ) ਦੇ ਸਕੱਤਰ, ਰਬਿੰਦਰ ਪੰਵਾਰ, ਵਧੀਕ ਸਕੱਤਰ ਅਜੈ ਤਿਰਕੀ ਅਤੇ ਸੰਯੁਕਤ ਸਕੱਤਰ ਸੱਜਣ ਸਿੰਘ ਯਾਦਵ ਨੇ ਭਾਗ ਲਿਆ।
ਪੁਰਸਕਾਰ ਸਮਾਰੋਹ ਦੇ ਦੌਰਾਨ, ਨੌਂ ਰਾਜਾਂ - ਆਂਧਰ ਪ੍ਰਦੇਸ਼, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਿਜ਼ੋਰਮ, ਰਾਜਸਥਾਨ, ਤਮਿਲਨਾਡੂ ਅਤੇ ਉਤਰਾਖੰਡ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਚੰਡੀਗੜ੍ਹ, ਦਮਨ ਅਤੇ ਦੀਵ, ਦਾਦਰਾ ਅਤੇ ਨਗਰ ਹਵੇਲੀ ਨੂੰ 23 ਉਤਕ੍ਰਿਸ਼ਟਤਾ ਪੁਰਸਕਾਰ ਦਿੱਤੇ ਗਏ ਜਿਨ੍ਹਾਂ ਵਿੱਚ ਆਈਸੀਡੀਐੱਸ-ਸੀਏਐੱਸ ਲਾਗੂਕਰਨ ਅਤੇ ਸਮਰੱਥਾ ਨਿਰਮਾਣ, ਕਨਵਰਜੈਂਸ, ਵਿਵਹਾਰ ਪਰਿਵਰਤਨ ਅਤੇ ਭਾਈਚਾਰਕ ਸੰਗਠਨ ਸ਼ਾਮਲ ਹਨ। ਪਹਿਲੇ ਸਥਾਨ 'ਤੇ ਆਉਣ ਵਾਲੇ ਜੇਤੂ ਨੂੰ ਇੱਕ ਪ੍ਰਮਾਣ ਪੱਤਰ ਅਤੇ 1 ਕਰੋੜ ਰੁਪਏ ਦਾ ਨਕਦ ਪੁਰਸਕਾਰ ਅਤੇ ਦੂਜੇ ਸਥਾਨ ਉੱਤੇ ਆਉਣ ਵਾਲੇ ਨੂੰ 50 ਲੱਖ ਰੁਪਏ ਦਾ ਪੁਰਸਕਾਰ ਦਿੱਤਾ ਗਿਆ। ਸਮੁੱਚੀ/ਕੁਲ ਮਿਲਾ ਕੇ ਉਤਕ੍ਰਿਸ਼ਟਤਾ ਦੇ ਲਈ, ਪੁਰਸਕਾਰ ਦੀ ਰਾਸ਼ੀ ਪਹਿਲੇ ਸਥਾਨ 'ਤੇ ਆਉਣ ਵਾਲੇ ਲਈ 1.5 ਕਰੋੜ ਰੁਪਏ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਲਈ 75 ਲੱਖ ਰੁਪਏ ਸੀ। ਜ਼ਿਲ੍ਹਾ ਪੱਧਰ 'ਤੇ ਕਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 19 ਜ਼ਿਲ੍ਹਿਆਂ ਦੇ 53 ਅਧਿਕਾਰੀਆਂ ਨੂੰ ਇੱਕ-ਇੱਕ ਪ੍ਰਮਾਣ ਪੱਤਰ ਅਤੇ ਮੈਡਲ ਪੁਰਸਕਾਰ ਵਜੋਂ ਦਿੱਤੇ ਗਏ। ਬਲਾਕ ਪੱਧਰ ਉੱਤੇ, ਕਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 24 ਬਲਾਕਾਂ ਦੇ 50 ਅਧਿਕਾਰੀਆਂ ਨੂੰ ਵੀ ਇੱਕ-ਇੱਕ ਪ੍ਰਮਾਣ ਪੱਤਰ ਅਤੇ ਮੈਡਲ ਪੁਰਸਕਾਰ ਵਜੋਂ ਦਿੱਤੇ ਗਏ।
ਇਸ ਦੇ ਇਲਾਵਾ, ਮਿਸਾਲੀ ਸੇਵਾਵਾਂ ਲਈ ਆਂਗਨਵਾੜੀ ਵਰਕਰਜ਼, ਆਂਗਨਵਾੜੀ ਸਹਾਇਕਾਂ, ਮਹਿਲਾ ਸੁਪਰਵਾਈਜ਼ਰਾਂ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮਚਾਰੀ (ਆਸ਼ਾ) ਅਤੇ ਸਹਾਇਕ ਨਰਸ ਅਤੇ ਦਾਈਆਂ (ਏਐੱਨਐੱਮ) ਸਹਿਤ 237 ਫੀਲਡ ਅਧਿਕਾਰੀਆਂ ਨੂੰ ਹਰੇਕ ਨੂੰ 50,000 ਰੁਪਏ ਦਾ ਨਕਦ ਪੁਰਸਕਾਰ, ਇੱਕ ਪ੍ਰਮਾਣ ਪੱਤਰ ਅਤੇ ਇੱਕ ਮੈਡਲ ਦਿੱਤਾ ਗਿਆ। ਕੁੱਲ 22 ਕਰੋੜ ਰੁਪਏ ਦੇ ਨਕਦ ਪੁਰਸਕਾਰ ਦੇ ਨਾਲ ਕੁੱਲ 363 ਪੋਸ਼ਣ ਅਭਿਆਨ ਪੁਰਸਕਾਰ ਦਿੱਤੇ ਗਏ। ਸਮਰੂਪ ਮੰਤਰਾਲਿਆਂ ਅਤੇ ਵਿਕਾਸ ਸਹਿਯੋਗੀਆਂ ਨੂੰ 22 ਪ੍ਰਸ਼ੰਸਾ ਪ੍ਰਮਾਣ ਪੱਤਰ ਵੀ ਦਿੱਤੇ ਗਏ।
ਐਡੀਸ਼ਨਲ ਸਕੱਤਰ, ਅਜੈ ਤਿਰਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਪੜ੍ਹਿਆ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ਰੇਖਾਂਕਿਤ ਕੀਤਾ ਕਿ “ਸਿਹਤ ਅਤੇ ਪੋਸ਼ਣ ਸਾਡੀ ਸਰਕਾਰ ਦੇ ਪ੍ਰਾਥਮਿਕਤਾ ਵਾਲੇ ਖੇਤਰ ਹਨ। ਸਮਾਵੇਸ਼ੀ ਅਤੇ ਨਵੇਂ ਭਾਰਤ ਦੇ ਨਿਰਮਾਣ ਦੀ ਸਾਡੀ ਖੋਜ ਵਿੱਚ ਸਿਹਤ ਪ੍ਰਮੁੱਖ ਖੇਤਰਾਂ ਵਿੱਚੋਂ ਇੱਕ ਬਣਿਆ ਹੋਇਆ ਹੈ। ਸਾਡੀ ਵਿਜ਼ਨ ਦਾ ਇੱਕ ਅਨਿੱਖੜਵਾਂ ਹਿੱਸਾ 2022 ਤੱਕ ‘ਕੁਪੋਸ਼ਣ ਮੁਕਤ ਭਾਰਤ’ ਹਾਸਲ ਕਰਨਾ ਹੈ। ਪੋਸ਼ਣ ਦਾ ਲਾਗੂਕਰਨ, ਕੁਪੋਸ਼ਣ ਨਾਲ ਲੜਨ ਅਤੇ ਟਾਰਗੇਟ ਲਾਭਾਰਥੀਆਂ ਦੀ ਪੋਸ਼ਣ ਸਥਿਤੀ ਨੂੰ ਵਧਾਉਣ ਲਈ ਕੀਤਾ ਗਿਆ ਹੈ। ਕੁਪੋਸ਼ਣ ਨੂੰ ਘੱਟ ਕਰਨ ਲਈ ਡਿਜੀਟਲ ਟੈਕਨੋਲੋਜੀ, ਕਨਵਰਜੈਂਸ ਅਤੇ ਟੀਚਾਗਤ ਦ੍ਰਿਸ਼ਟੀਕੋਣ ਦਾ ਸਰਵੋਤਮ ਉਪਯੋਗ ਕੀਤਾ ਜਾ ਰਿਹਾ ਹੈ। ਇਹ ਇੱਕ ਤਰ੍ਹਾਂ ਦੀ ਅਨੂਠੀ ਪਹਿਲ ਹੈ ਅਤੇ ਭਵਿੱਖ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਮਲਟੀਮਾਡਲ ਜੁਗਤਾਂ ਦੇ ਮਾਧਿਅਮ ਰਾਹੀਂ ਕੁਪੋਸ਼ਣ ਨਾਲ ਲੜਨ ਦਾ ਇੱਕ ਪ੍ਰਯਤਨ ਹੈ।
ਅਸੀਂ ਸਮਾਜ ਦੇ ਗ਼ਰੀਬ, ਜ਼ਰੂਰਤਮੰਦ ਅਤੇ ਵੰਚਿਤ ਤਬਕਿਆਂ ਨੂੰ ਸਸਤੀ ਅਤੇ ਗੁਣਵੱਤਾਪੂਰਣ ਸਿਹਤ ਸੇਵਾ ਪ੍ਰਦਾਨ ਕਰਨ ਲਈ ਦ੍ਰਿੜਤਾ ਨਾਲ ਪ੍ਰਤੀਬੱਧ ਹਾਂ। ਸਿਹਤ ਅਤੇ ਪੋਸ਼ਣ ਉੱਤੇ ਜ਼ੋਰ ਨਿਸ਼ਚਿਤ ਤੌਰ 'ਤੇ ਦੇਸ਼ ਦੇ ਹਰੇਕ ਹਿੱਸੇ ਵਿੱਚ ਸਿਹਤ ਸੇਵਾ ਨੂੰ ਅੱਗੇ ਵਧਾਉਣ ਵਿੱਚ ਇੱਕ ਸਥਾਈ ਯੋਗਦਾਨ ਦੇਵੇਗਾ। ਹਾਲਾਂਕਿ, ਇਸ ਤਰ੍ਹਾਂ ਦੀਆਂ ਯੋਜਨਾਵਾਂ ਵੱਡੇ ਪੈਮਾਨੇ 'ਤੇ ਭਾਈਚਾਰਕ ਭਾਗੀਦਾਰੀ ਦੇ ਮਾਧਿਅਮ ਨਾਲ ਹੀ ਸਫ਼ਲ ਹੋ ਸਕਦੀਆਂ ਹਨ। ਪੋਸ਼ਣ ਲਈ ਪ੍ਰੋਤਸਾਹਨ ਪੁਰਸਕਾਰ ਪੇਸ਼ ਕਰਨ ਦੀ ਪਹਿਲ ਆਂਗਨਵਾੜੀ ਵਰਕਰਾਂ ਅਤੇ ਸਹਾਇਕਾਂ, ਸਹਾਇਕ ਨਰਸਾਂ, ਦਾਈਆਂ, ਮਹਿਲਾ ਸੁਪਰਵਾਈਜ਼ਰਾਂ ਅਤੇ ਆਸ਼ਾ ਕਰਮਚਾਰੀਆਂ ਜਿਹੇ ਜ਼ਮੀਨੀ ਪੱਧਰ ਉੱਤੇ ਕਾਰਜਬਲ ਦੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਅਤੇ ਸ਼ਲਾਘਾ ਹੈ।" ਪ੍ਰਧਾਨ ਮੰਤਰੀ ਨੇ ਪੋਸ਼ਣ ਅਭਿਆਨ ਦੇ ਸਾਰੇ ਜੇਤੂਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਸਵਾਗਤ ਸਮਾਰੋਹ ਵਿੱਚ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਇੱਕ ਲਘੂ ਫਿਲਮ # ThankyouAnganwadiDidi - ਲਾਂਚ ਕੀਤੀ ਜੋ ਇੱਕ ਤੰਦਰੁਸਤ ਬੱਚੇ ਦੇ ਵਿਕਾਸ ਲਈ ਆਂਗਨਵਾੜੀ ਵਰਕਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੀ ਹੈ। ਮੰਤਰੀ ਨੇ ਸਾਰਿਆਂ ਨੂੰ ਇਸ ਅਭਿਆਨ ਵਿੱਚ ਸ਼ਾਮਿਲ ਹੋਣ ਦੀ ਵੀ ਤਾਕੀਦ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਰਾਸ਼ਟਰ ਵਜੋਂ, ਅਸੀਂ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਅਤੇ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਇੱਕ ਮਜ਼ਬੂਤ ਨੀਂਹ ਰੱਖਣ ਲਈ ਆਂਗਨਵਾੜੀ ਦੀਦੀ ਦੇ ਆਭਾਰੀ ਹਾਂ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪੋਸ਼ਣ ਅਭਿਆਨ ਦੇ 5 ਥੰਮ੍ਹਾਂ- ਅਰਥਾਤ “ਪਹਿਲੇ 1000 ਦਿਨਾਂ ਦਾ ਮਹੱਤਵ, ਰਕਤਹੀਨਤਾ (ਅਨੀਮੀਆਂ) ਅਤੇ ਦਸਤ (ਡਾਇਰੀਆ) ਦਾ ਪਤਾ ਲਗਾਉਣਾ ਅਤੇ ਠੀਕ ਉਪਚਾਰ, ਵਿਅਕਤੀਗਤ ਸਫ਼ਾਈ, ਸਵੱਛਤਾ ਅਤੇ ਪੌਸ਼ਟਿਕ ਆਹਾਰ’’ ਦਾ ਵਰਣਨ ਕੀਤਾ। ਸੁਪੋਸ਼ਿਤ ਭਾਰਤ ਦੇ ਵਿਜ਼ਨ ਨੂੰ ਉਦੋਂ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਇੱਕਜੁਟ ਹੋਈਏ ਅਤੇ ਸਹਿਜ ਤਰੀਕੇ ਨਾਲ ਕੰਮ ਕਰੀਏ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸਾਰਿਆਂ ਨੂੰ ਆਗਾਮੀ ਰਾਸ਼ਟਰੀ ਪੋਸ਼ਣ ਮਹੀਨੇ ਨੂੰ ਸਫ਼ਲ ਬਣਾਉਣ ਦੀ ਤਾਕੀਦ ਕਰਦਾ ਹੈ।
ਰਾਜ ਮੰਤਰੀ ਦੇਬਾਸ਼੍ਰੀ ਚੌਧਰੀ ਨੇ ਇਹ ਗੱਲ ਸਾਂਝੀ ਕੀਤੀ ਕਿ ਕੁਪੋਸ਼ਣ ਇੱਕ ਅੰਤਰ-ਪੀੜ੍ਹੀਗਤ ਚੱਕਰ ਹੈ। ਪੋਸ਼ਣ ਅਭਿਆਨ ਦੇ ਤਹਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਸਬੰਧਤ ਵਿਭਾਗਾਂ ਵੱਲੋਂ ਸੰਭਵ ਯਤਨਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਆਂਗਨਵਾੜੀ ਵਰਕਰ, ਆਂਗਨਵਾੜੀ ਸਹਾਇਕਾਂ, ਮਹਿਲਾ ਸੁਪਰਵਾਈਜ਼ਰ, ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮਚਾਰੀ (ਆਸ਼ਾ) ਅਤੇ ਸਹਾਇਕ ਨਰਸਾਂ ਅਤੇ ਦਾਈਆਂ (ਏਐੱਨਐੱਮ) ਪੋਸ਼ਣ ਅਭਿਆਨ ਦੇ ਤਹਿਤ ਪ੍ਰਭਾਵੀਸ਼ਾਲੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਸਭ ਤੋਂ ਮਹੱਤਵਪੂਰਨ ਫੀਲਡ ਅਧਿਕਾਰੀ ਹਨ।
ਡਬਲਿਊਸੀਡੀ ਦੇ ਸਕੱਤਰ ਰਬਿੰਦਰ ਪੰਵਾਰ ਨੇ ਆਪਣੀ ਅਰੰਭਕ ਟਿੱਪਣੀ ਵਿੱਚ ਰੇਖਾਂਕਿਤ ਕੀਤਾ ਕਿ 2018 ਇੱਕ ਇਤਿਹਾਸਿਕ ਸਾਲ ਰਿਹਾ ਹੈ ਜਿਸ ਦੌਰਾਨ ਭਾਰਤ ਸਰਕਾਰ ਨੇ ਕੁਪੋਸ਼ਣ ਨੂੰ ਰਾਸ਼ਟਰੀ ਵਿਕਾਸ ਏਜੰਡਾ ਦੇ ਕੇਂਦਰੀ ਮੰਚ 'ਤੇ ਲਿਆ ਦਿੱਤਾ। ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪੋਸ਼ਣ ਅਭਿਆਨ ਦਾ ਆਰੰਭ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਰਿਹਾ ਹੈ। ਹਿਤਧਾਰਕਾਂ ਦੇ ਸਮਕਾਲੀ ਪ੍ਰਯਤਨਾਂ ਨੇ ਇਸ ਅਭਿਆਨ ਨੂੰ ਇੱਕ ਜਨ ਅੰਦੋਲਨ ਵਿੱਚ ਪਰਿਵਰਤਿਤ ਕਰ ਦਿੱਤਾ ਹੈ।
*****
ਐੱਮਐੱਮ/ਐੱਸਬੀ
(Release ID: 1583166)