Posted On:
25 NOV 2026 3:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੇ ਨਿਰਮਾਣ ਅਤੇ ਬੁਨਿਆਦੀ ਢਾਂਚਾਗਤ ਉਪਕਰਣ (ਸੀਆਈਈ) ਮੈਨੂਫੈਕਚਰਿੰਗ ਈਕੋਸਿਸਟਮ ਨੂੰ ਹੁਲਾਰਾ ਦੇਣ ਦੀ ਯੋਜਨਾ ਨੂੰ 11,000 ਕਰੋੜ ਰੁਪਏ ਦੀ ਵਿੱਤੀ ਲਾਗਤ ਨਾਲ ਮਨਜ਼ੂਰੀ ਦਿੱਤੀ ਹੈ। ਭਾਰੀ ਉਦਯੋਗ ਮੰਤਰਾਲੇ ਦੁਆਰਾ ਲਾਗੂ ਕੀਤੀ ਜਾਣ ਵਾਲੀ ਇਸ ਯੋਜਨਾ ਦਾ ਉਦੇਸ਼ ਨਿਰਮਾਣ ਅਤੇ ਬੁਨਿਆਦੀ ਢਾਂਚਾਗਤ ਉਪਕਰਣਾਂ ਅਤੇ ਉਨ੍ਹਾਂ ਦੇ ਕੰਪੋਨੈਂਟਸ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਵਿੱਚ ਸਮਰਪਿਤ ਸੀਆਈਈ ਪ੍ਰੀਖਣ ਸੁਵਿਧਾ ਕੇਂਦਰ ਸਥਾਪਿਤ ਕਰਨਾ ਹੈ। ਇਸ ਨਾਲ ਆਤਮਨਿਰਭਰਤਾ ਨੂੰ ਹੁਲਾਰਾ ਮਿਲੇਗਾ ਅਤੇ ਆਲਮੀ ਸੀਆਈਈ ਬਜ਼ਾਰ ਵਿੱਚ ਭਾਰਤ ਦੀ ਪ੍ਰਮੁੱਖ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਮੌਜੂਦਾ ਸਮੇਂ ਭਾਰਤ ਦਾ ਸੀਆਈਈ ਉਦਯੋਗ ਚੀਨ ਅਤੇ ਅਮਰੀਕਾ ਤੋਂ ਬਾਅਦ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਉਦਯੋਗ ਹੈ। ਵਿੱਤੀ ਵਰ੍ਹੇ 2024-25 ਵਿੱਚ ਇਸ ਦਾ ਬਜ਼ਾਰ ਆਕਾਰ ਲਗਭਗ 97,500 ਕਰੋੜ ਰੁਪਏ ਸੀ। ਬੁਨਿਆਦੀ ਢਾਂਚਾ (ਸੜਕ ਅਤੇ ਬੰਦਰਗਾਹ) ਅਤੇ ਰਿਹਾਇਸ਼ੀ ਖੇਤਰ ਵਿੱਚ ਤੇਜ਼ ਵਿਕਾਸ ਦੇ ਚੱਲਦੇ ਇਸ ਉਦਯੋਗ ਦੇ ਦੁੱਗਣੇ ਤੋਂ ਵੱਧ ਹੋਣ ਦਾ ਅਨੁਮਾਨ ਹੈ। ਵਿੱਤੀ ਵਰ੍ਹੇ 2029-30 ਤੱਕ ਇਸ ਦਾ ਬਜ਼ਾਰ ਆਕਾਰ ਲਗਭਗ 2,28,100 ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਨਿਰਮਾਣ ਅਤੇ ਬੁਨਿਆਦੀ ਢਾਂਚਾਗਤ ਸੈਕਟਰ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਯੋਜਨਾ ਦਾ ਉਦੇਸ਼ ਸ਼ਿਪ-ਟੂ-ਸ਼ੋਰ ਕ੍ਰੇਨ, ਟਨਲ ਬੋਰਿੰਗ ਮਸ਼ੀਨ, ਹਾਈਡ੍ਰੋਲਿਕ ਐਕਸਕੇਵੇਟਰ, ਆਫ-ਹਾਈਵੇਅ ਟਰੱਕ ਆਦਿ ਵਰਗੀਆਂ ਉੱਨਤ ਤਕਨਾਲੋਜੀ ਵਾਲੇ ਉਪਕਰਣਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਯੋਜਨਾ ਵਿੱਚ ਦੇਸ਼ ਵਿੱਚ ਅਤਿ-ਆਧੁਨਿਕ ਸਮਰਪਿਤ ਸੀਆਈਈ ਪ੍ਰੀਖਣ ਸੁਵਿਧਾ ਕੇਂਦਰ ਸਥਾਪਿਤ ਕਰਨ ਦਾ ਵੀ ਪ੍ਰਾਵਧਾਨ ਹੈ।
ਵਿੱਤੀ ਵਰ੍ਹੇ 2026-27 ਤੋਂ ਸ਼ੁਰੂ ਹੋ ਕੇ ਅੱਠ ਵਰ੍ਹਿਆਂ ਦੀ ਮਿਆਦ ਵਾਲੀ ਇਸ ਯੋਜਨਾ ਵਿੱਚ ਹੇਠ ਲਿਖੇ ਪ੍ਰਾਵਧਾਨ ਸ਼ਾਮਲ ਹਨ: ਮੈਨੂਫੈਕਚਰਿੰਗ ਯੂਨਿਟਾਂ ਦੀ ਸਥਾਪਨਾ ਲਈ ਦੋ ਵਰ੍ਹਿਆਂ ਦੀ ਉਤਪਾਦਨ ਪੂਰਵ ਮਿਆਦ (ਵਿੱਤੀ ਵਰ੍ਹੇ 2026-27 ਤੋਂ 2027-28), ਇਸ ਤੋਂ ਬਾਅਦ ਪੰਜ ਵਰ੍ਹਿਆਂ ਦੀ ਪ੍ਰੋਤਸਾਹਨ ਵੰਡ ਮਿਆਦ (ਵਿੱਤੀ ਵਰ੍ਹੇ 2028-29 ਤੋਂ 2032-33) ਅਤੇ ਵਿੱਤੀ ਵਰ੍ਹੇ 2032-33 ਵਿੱਚ ਹੋਈ ਵਾਧੂ ਵਿਕਰੀ ਦੇ ਅਧਾਰ ‘ਤੇ ਪ੍ਰੋਤਸਾਹਨ ਰਾਸ਼ੀ ਦੇ ਨਿਪਟਾਰੇ ਲਈ ਫਾਈਨਲ ਈਅਰ (ਵਿੱਤੀ ਵਰ੍ਹੇ 2033-34) ਵਿੱਚ ਕੀਤਾ ਜਾਵੇਗਾ।
ਇਸ ਯੋਜਨਾ ਦੇ ਮੁੱਖ ਕੰਪੋਨੈਂਟਸ ਹਨ:
-
ਵਿਕਰੀ ਨਾਲ ਜੁੜਿਆ ਪ੍ਰੋਤਸਾਹਨ : ਇਸ ਕੰਪੋਨੈਂਟ ਦੇ ਤਹਿਤ ਦੋ ਸ਼੍ਰੇਣੀਆਂ ਯੋਗ ਓਈਐੱਮ (ਮੂਲ ਉਪਕਰਣ ਨਿਰਮਾਤਾ) ਅਤੇ ਕੰਪੋਨੈਂਟ ਨਿਰਮਾਤਾਵਾਂ ਦੇ ਤਹਿਤ ਮਨਜ਼ੂਰ ਕੀਤੇ ਗਏ ਬਿਨੈਕਾਰਾਂ ਨੂੰ, ਯੋਗ CIE ਉਪਕਰਣਾਂ ਅਤੇ ਉਨ੍ਹਾਂ ਦੇ ਕੰਪੋਨੈਂਟਸ ਦੀ ਵਾਧੂ ਵਿਕਰੀ (incremental sales) ਦੇ ਮੁੱਲ ਦੇ ਅਧਾਰ 'ਤੇ ਪ੍ਰੋਤਸਾਹਨ ਦਿੱਤਾ ਜਾਵੇਗਾ। ਪੰਜ ਵਰ੍ਹਿਆਂ ਦੀ ਮਿਆਦ ਦੌਰਾਨ ਵਾਧੂ ਵਿਕਰੀ ਮੁੱਲ ‘ਤੇ13 ਪ੍ਰਤੀਸ਼ਤ ਤੋਂ ਲੈ ਕੇ 8 ਪ੍ਰਤੀਸ਼ਤ ਤੱਕ ਦੀ ਪੜਾਅਵਾਰ ਦਰਾਂ ਨਾਲ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
-
ਸੀਆਈਈ ਪ੍ਰੀਖਣ ਸੁਵਿਧਾ ਕੇਂਦਰ ਲਈ ਗ੍ਰਾਂਟ: ਸਮਰਪਿਤ ਸੀਆਈਈ ਪ੍ਰੀਖਣ ਸੁਵਿਧਾ ਕੇਂਦਰ ਸਥਾਪਿਤ ਕਰਨ ਲਈ ਵਿਵਹਾਰਕਤਾ ਅੰਤਰ ਫੰਡਿੰਗ ਦੇ ਰੂਪ ਵਿੱਚ 375 ਕਰੋੜ ਰੁਪਏ ਤੱਕ ਦੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ।
ਭਾਰਤ ਸਰਕਾਰ ਦੀ ਇਹ ਪਹਿਲ ਦੇਸ਼ ਵਿੱਚ ਨਿਰਮਾਣ ਅਤੇ ਬੁਨਿਆਦੀ ਢਾਂਚਾਗਤ ਉਪਕਰਣਾਂ ਦੇ ਘਰੇਲੂ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਆਲਮੀ ਬਜ਼ਾਰਾਂ ਵਿੱਚ ਮੁਕਾਬਲੇਬਾਜ਼ੀ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸੀਆਈਈ ਦੇ ਨਿਰਮਾਣ ਵਿੱਚ ਸਵਦੇਸ਼ੀ ਸਮਰੱਥਾਵਾਂ ਨੂੰ ਹੁਲਾਰਾ ਦੇ ਕੇ ਇਹ ਯੋਜਨਾ ਸਪਲਾਈ ਚੇਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਆਤਮਨਿਰਭਰ ਭਾਰਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ। ਇਹ ਪਹਿਲ ਵਿਕਸਿਤ ਭਾਰਤ @2047 ਦੇ ਵਿਜ਼ਨ ਦੇ ਅਨੁਸਾਰ ਤਕਨਾਲੋਜੀ ਦੇ ਖੇਤਰ ਵਿੱਚ ਆਤਮਨਿਰਭਰ, ਆਲਮੀ ਪੱਧਰ ‘ਤੇ ਪ੍ਰਤੀਯੋਗੀ ਅਤੇ ਟਿਕਾਊ ਉਦਯੋਗਿਕ ਅਧਾਰ ਤਿਆਰ ਕਰਨ ਦੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।
****************
ਐੱਮਜੇਪੀਐੱਸ/ਏਕੇ