Posted On:
23 NOV 2026 9:13PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸ਼ਬਦ ਕੀਰਤਨ ਵਿੱਚ ਹਾਜ਼ਰੀ ਭਰੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ!’ ਨਾਲ ਕੀਤੀ। ਪਵਿੱਤਰ ਮਾਹੌਲ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਨਾਲ ਸਿਜਦਾ ਕਰਦਿਆਂ ਅਤੇ ਸ਼ਬਦ ਕੀਰਤਨ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਣ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਮੈਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਕੋਟਨ ਕੋਟਿ ਵਧਾਈ ਦਿੰਦਾ ਹਾਂ।”
ਗੁਰਬਾਣੀ ਦੇ ਹਰ ਸ਼ਬਦ ਅਤੇ ਕੀਰਤਨ ਦੀ ਹਰ ਧੁਨ ਨੂੰ ਸਿਰਫ਼ ਸੰਗੀਤ ਤੋਂ ਕਿਤੇ ਵੱਧ ਦੱਸਦਿਆਂ ਪ੍ਰਧਾਨ ਮੰਤਰੀ ਨੇ ਇਸ ਨੂੰ ਆਪਣੇ ਆਪ ਵਿੱਚ ਇੱਕ ਅਧਿਆਤਮਕ ਸਾਧਨਾ ਅਤੇ ਗਿਆਨ ਦੇ ਸਮੁੰਦਰ ਵਿੱਚ ਡੁਬਕੀ ਲਗਾਉਣ ਦੇ ਬਰਾਬਰ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਲਈ, ਜਦੋਂ ਵੀ ਮੈਨੂੰ ਅਜਿਹੇ ਸਮਾਗਮ ਦਾ ਸੱਦਾ ਮਿਲਦਾ ਹੈ, ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਸੰਗਤ ਅਤੇ ਕੀਰਤਨ ਵਿੱਚ ਜ਼ਰੂਰ ਹਾਜ਼ਰੀ ਭਰਦਾ ਹਾਂ।”
ਬਚਪਨ ਤੋਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਨੂੰ ਆਪਣੇ ਜੀਵਨ ਦਾ ਸੁਭਾਵਿਕ ਹਿੱਸਾ ਦੱਸਦਿਆਂ ਪ੍ਰਧਾਨ ਮੰਤਰੀ ਨੇ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ, ਗੁਰਬਾਣੀ ਵਿੱਚ ਲੀਨ ਹੋਣ, ਸੇਵਾ ਦਾ ਆਨੰਦ ਮਾਣਨ, ਲੰਗਰ ਛਕਣ ਅਤੇ ਕਈ ਮੌਕਿਆਂ 'ਤੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸ਼੍ਰੀ ਮੋਦੀ ਨੇ ਕਿਹਾ, “ਪੁਰਾਣੇ ਸਾਥੀਆਂ ਨੂੰ ਪਤਾ ਹੋਵੇਗਾ ਕਿ ਮੈਂ ਪੰਜਾਬ ਵਿੱਚ ਵੀ ਕਾਫ਼ੀ ਸਮਾਂ ਬਿਤਾਇਆ ਹੈ ਅਤੇ ਉਹ ਸਮਾਂ ਮੇਰੇ ਜੀਵਨ ਦੀਆਂ ਸਭ ਤੋਂ ਖ਼ਾਸ ਯਾਦਾਂ ਵਿੱਚੋਂ ਇੱਕ ਰਿਹਾ ਹੈ।”
ਗੁਰੂ ਦੀ ਕਿਰਪਾ ਨਾਲ ਸਿੱਖ ਸੰਤਾਂ ਦੀ ਸੰਗਤ ਨਿਰੰਤਰ ਪ੍ਰਾਪਤ ਹੋਣ ਲਈ ਧੰਨਵਾਦ ਪ੍ਰਗਟ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਵਾਸ ਵਿਖੇ ਵੀ ਕਈ ਸੰਤਾਂ ਅਤੇ ਵਿਦਵਾਨਾਂ ਦੀ ਮੇਜ਼ਬਾਨੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਇਸ ਸਮਾਗਮ ਵਿੱਚ ਸੰਤਾਂ ਦੀ ਮੌਜੂਦਗੀ ਨਾਲ ਮਹਿਸੂਸ ਹੋਣ ਵਾਲੀ ਵਿਸ਼ੇਸ਼ ਅਧਿਆਤਮਕ ਊਰਜਾ ਦਾ ਜ਼ਿਕਰ ਕੀਤਾ ਅਤੇ ਸਾਰੇ ਸਿੱਖ ਭਰਾਵਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਮੌਕੇ ਮੈਂ ਸਾਰੇ ਸੰਤਾਂ ਅਤੇ ਵਿਦਵਾਨਾਂ ਨੂੰ ਨਮਨ ਕਰਦਾ ਹਾਂ।”
ਇਸ ਗੱਲ ਨੂੰ ਉਜਾਗਰ ਕਰਦਿਆਂ ਕਿ ਇਸ ਸਾਲ ਦਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨਾਲ ਵੀ ਮੇਲ ਖਾਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਪਛਾਣ, ਧਰਮ, ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਦਿੱਲੀ ਦੀ ਧਰਤੀ 'ਤੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ 350 ਸਾਲ ਬਾਅਦ ਵੀ ਉਸ ਕੁਰਬਾਨੀ ਦੀ ਪ੍ਰੇਰਣਾ ਦੇਸ਼ ਦੀ ਮਿੱਟੀ ਅਤੇ ਇਸ ਦੇ ਹਰ ਕੋਨੇ ਵਿੱਚ ਡੂੰਘੀ ਸਮਾਈ ਹੋਈ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਲਈ ਦੇਸ਼ ਦਾ ਹਰ ਨਾਗਰਿਕ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।”
ਇਹ ਦੇਖਦਿਆਂ ਕਿ ਸਮੁੱਚੀ ਸਿੱਖ ਪਰੰਪਰਾ ਦੇਸ਼ ਅਤੇ ਇਸ ਦੇ ਸੱਭਿਆਚਾਰ ਲਈ ਸਭ ਕੁਝ ਕੁਰਬਾਨ ਕਰਨ ਦੀ ਭਾਵਨਾ ਦੀ ਪ੍ਰਤੀਕ ਰਹੀ ਹੈ, ਜਿਸ ਦੀ ਮਿਸਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਦੇ ਨਾਲ-ਨਾਲ ਆਜ਼ਾਦੀ ਦੇ ਸੰਘਰਸ਼ ਦੌਰਾਨ ਅਟੁੱਟ ਕੁਰਬਾਨੀ ਦੀ ਭਾਵਨਾ ਵਿੱਚ ਵੀ ਮਿਲਦੀ ਹੈ, ਪ੍ਰਧਾਨ ਮੰਤਰੀ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਉਣ ਅਤੇ ਆਪਣਾ ਪੂਰਾ ਜੀਵਨ ਸੇਵਾ ਲਈ ਸਮਰਪਿਤ ਕਰਨ ਵਾਲੇ ਸ. ਤੇਜਾ ਸਿੰਘ ਸਮੁੰਦਰੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸ ਸਾਲ ਉਨ੍ਹਾਂ ਦੀ ਸ਼ਹਾਦਤ ਦੇ 100 ਸਾਲ ਵੀ ਪੂਰੇ ਹੋ ਰਹੇ ਹਨ; ਇਸ ਮੌਕੇ ਮੈਂ ਉਨ੍ਹਾਂ ਨੂੰ ਵੀ ਸਿਜਦਾ ਕਰਦਾ ਹਾਂ।”
ਇਹ ਯਾਦ ਕਰਦਿਆਂ ਕਿ ਭਾਰਤ ਨੇ ਗੁਲਾਮੀ ਦੇ ਕਈ ਸਦੀਆਂ ਦੇ ਦੌਰ ਦਾ ਸਾਹਮਣਾ ਕੀਤਾ ਅਤੇ ਇਤਿਹਾਸ ਦੇ ਸਭ ਤੋਂ ਔਖੇ ਸਮੇਂ ਦੌਰਾਨ ਵੀ ਗੁਰੂ ਸਾਹਿਬਾਨ ਨੇ ਦੇਸ਼ ਦੀ ਰਾਖੀ ਦੀ ਜੋਤ ਜਗਾਈ ਰੱਖੀ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਦੇਸ਼ ਦੇ ਮਹਾਨ ਸੰਕਲਪਾਂ ਅਤੇ ਵਿਕਸਿਤ ਭਾਰਤ ਦੇ ਟੀਚੇ ਨੂੰ ਉਨ੍ਹਾਂ ਦੀ ਪ੍ਰੇਰਣਾ ਅਤੇ ਆਦਰਸ਼ਾਂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਸ ਲਈ, ਇਹ ਸਾਡੇ ਸਾਰਿਆਂ ਦੀ ਜ਼ੁੰਮੇਵਾਰੀ ਹੈ ਕਿ ਅਸੀਂ ਸਿੱਖ ਪਰੰਪਰਾਵਾਂ ਅਤੇ ਸਿੱਖੀ ਦੀ ਵਿਰਾਸਤ ਨੂੰ ਚਾਨਣ ਮੁਨਾਰੇ ਵਜੋਂ ਅੱਗੇ ਰੱਖੀਏ।”
ਪਿਛਲੇ 12 ਸਾਲਾਂ ਦੌਰਾਨ ਸਰਕਾਰ ਵੱਲੋਂ ਪੂਰੀ ਸ਼ਰਧਾ ਨਾਲ ਇਸ ਜ਼ੁੰਮੇਵਾਰੀ ਨੂੰ ਨਿਭਾਉਣ ਬਾਰੇ ਦੱਸਦਿਆਂ ਪ੍ਰਧਾਨ ਮੰਤਰੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਮਨਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਯਾਦਗਾਰੀ ਸਿੱਕੇ ਅਤੇ ਡਾਕ ਟਿਕਟਾਂ ਜਾਰੀ ਕੀਤੀਆਂ ਗਈਆਂ, ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ, ਦੇਸ਼ ਭਰ ਵਿੱਚ ਗੁਰਬਾਣੀ ਦੇ ਪ੍ਰੋਗਰਾਮ ਕਰਵਾਏ ਗਏ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਲਾਲ ਕਿਲ੍ਹੇ ਵਿਖੇ ਰਾਸ਼ਟਰੀ ਸਮਾਗਮ ਕਰਵਾਇਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਸੇ ਭਾਵਨਾ ਨਾਲ ਅਸੀਂ ਇਸ ਸਮੇਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ।”
ਇਹ ਦੱਸਦਿਆਂ ਕਿ ਦੇਸ਼ 26 ਦਸੰਬਰ ਨੂੰ ਅਗਲਾ ਵੀਰ ਬਾਲ ਦਿਵਸ ਮਨਾਏਗਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਰਾਸ਼ਟਰੀ ਦਿਵਸ ਦੀ ਸ਼ੁਰੂਆਤ ਬਹਾਦਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਅਮਰ ਗਾਥਾ ਅਤੇ ਮਾਤਾ ਗੁਜਰੀ ਜੀ ਦੇ ਦ੍ਰਿੜ੍ਹ ਸੰਕਲਪ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਕੀਤੀ ਗਈ ਸੀ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਸਾਡੇ ਬੱਚੇ ਉਸ ਸਮੇਂ ਦੇ ਹਾਲਾਤ, ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਅਤੇ ਸਾਡੇ ਧਰਮ ਦੀ ਰਾਖੀ ਕਿਵੇਂ ਹੋਈ, ਇਸ ਬਾਰੇ ਜਾਣਨਗੇ ਤਾਂ ਇਹ ਗਿਆਨ ਅਤੇ ਪ੍ਰੇਰਣਾ ਦੇਸ਼ ਨੂੰ ਸਮਰਪਿਤ ਨੌਜਵਾਨਾਂ ਦੀ ਸਿਰਜਣਾ ਕਰੇਗੀ।”
ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਗੁਰੂ ਸਾਹਿਬਾਨ ਦੀ ਮਹਿਮਾ ਦਾ ਪ੍ਰਚਾਰ ਕਰਨ ਦੇ ਯਤਨ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਵੀ ਜਾਰੀ ਹਨ, ਪ੍ਰਧਾਨ ਮੰਤਰੀ ਨੇ ਫਿਲੀਪੀਨਜ਼ ਦੇ ਸਭ ਤੋਂ ਪੁਰਾਤਨ ਗੁਰਦੁਆਰਾ ਖ਼ਾਲਸਾ ਦੀਵਾਨ ਸਾਹਿਬ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕੀਤਾ, ਜਿਸ ਦੇ ਨਵੀਨੀਕਰਨ ਲਈ ਭਾਰਤ ਸਰਕਾਰ ਸਹਾਇਤਾ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਸਾਡਾ ਯਤਨ ਹੈ ਕਿ ਸਾਡੇ ਗੁਰੂ ਸਾਹਿਬਾਨ ਦੀ ਲੋਅ ਹਰ ਵਿਅਕਤੀ ਤੱਕ ਪਹੁੰਚੇ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਭਾਰਤ ਨਵੀਆਂ ਬੁਲੰਦੀਆਂ ਨੂੰ ਛੂਹੇ।”
ਅਰਦਾਸ ਦੀ ਤੁਕ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਬਾਣੀ ਸਾਨੂੰ ਸਾਰਿਆਂ ਦੀ ਭਲਾਈ ਲਈ ਕੰਮ ਕਰਨ ਦੀ ਸਰਵਵਿਆਪੀ ਸਿੱਖਿਆ ਦਿੰਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਰਿਆਂ ਦੀ ਭਲਾਈ ਦੀ ਕਾਮਨਾ ਕਰਨ ਦਾ ਵਿਚਾਰ ਮਨ ਵਿੱਚ ਉਦੋਂ ਹੀ ਜਾਗਦਾ ਹੈ, ਜਦੋਂ ਅਸੀਂ ਸਾਰਿਆਂ ਨੂੰ ਆਪਣਾ ਸਮਝਣਾ ਸ਼ੁਰੂ ਕਰਦੇ ਹਾਂ।”
ਦੁਨੀਆ ਭਰ ਵਿੱਚ ਜਾਰੀ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ, ਜਿੱਥੇ ਬੇਕਸੂਰ ਲੋਕ ਅਤੇ ਪਰਿਵਾਰ ਹਿੰਸਾ ਤੇ ਅਸ਼ਾਂਤੀ ਦਾ ਸਾਹਮਣਾ ਕਰ ਰਹੇ ਹਨ, ਪ੍ਰਧਾਨ ਮੰਤਰੀ ਨੇ ਦੁਨੀਆ ਦੇ ਹਰ ਕੋਨੇ ਵਿੱਚ ਸ਼ਾਂਤੀ, ਹਰ ਪਰਿਵਾਰ ਦੀ ਸੁਰੱਖਿਆ ਅਤੇ ਹਰ ਵਿਅਕਤੀ ਲਈ ਸਨਮਾਨ ਨਾਲ ਜੀਵਨ ਬਤੀਤ ਕਰਨ ਦੇ ਮੌਕੇ ਦੀ ਸਰਵਵਿਆਪੀ ਲੋੜ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਜਿਹੇ ਸਮੇਂ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ।”
ਇਹ ਦੇਖਦਿਆਂ ਕਿ ਗੁਰੂ ਸਾਹਿਬ ਵੱਲੋਂ ਦਿੱਤੀਆਂ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਸਭ ਤੋਂ ਵੱਡੀ ਪਰਖ ਰੋਜ਼ਾਨਾ ਜੀਵਨ ਵਿੱਚ ਹੁੰਦੀ ਹੈ, ਪ੍ਰਧਾਨ ਮੰਤਰੀ ਨੇ ਨਸ਼ਿਆਂ ਦੀ ਗੰਭੀਰ ਸਮਾਜਿਕ ਚੁਣੌਤੀ ਵੱਲ ਧਿਆਨ ਦਿਵਾਇਆ। ਸ਼੍ਰੀ ਮੋਦੀ ਨੇ ਕਿਹਾ, “ਜਦੋਂ ਕੋਈ ਨੌਜਵਾਨ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆ ਜਾਂਦਾ ਹੈ, ਤਾਂ ਉਸ ਦੇ ਨਾਲ-ਨਾਲ ਪੂਰੇ ਪਰਿਵਾਰ ਦੇ ਸੁਪਨੇ ਵੀ ਚਕਨਾਚੂਰ ਹੋ ਜਾਂਦੇ ਹਨ।”
ਭਾਰਤ ਦੇ ਹਰ ਨੌਜਵਾਨ ਨੂੰ ਨਸ਼ਿਆਂ ਤੋਂ ਮੁਕਤ ਰਹਿਣ, ਚੰਗੀ ਸਿੱਖਿਆ ਹਾਸਲ ਕਰਨ, ਆਪਣੇ ਸੁਪਨੇ ਪੂਰੇ ਕਰਨ ਅਤੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸਹੀ ਰਸਤੇ 'ਤੇ ਲਿਜਾਣ ਵਿੱਚ ਪਰਿਵਾਰਾਂ, ਸੰਗਤ, ਗੁਰਦੁਆਰਿਆਂ ਅਤੇ ਸਮਾਜਿਕ ਸੰਸਥਾਵਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਅਤੇ ਰਵਾਇਤੀ ਸਿੱਖ ਫਤਹਿ ਦੇ ਜੈਕਾਰੇ ਨਾਲ ਆਪਣਾ ਸੰਬੋਧਨ ਸਮਾਪਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸਮਾਜ ਦੇ ਸਮੂਹਿਕ ਯਤਨਾਂ ਨਾਲ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਸੁਰੱਖਿਅਤ ਅਤੇ ਰੋਸ਼ਨ ਭਵਿੱਖ ਦੇਣ ਵਿੱਚ ਸਫਲ ਹੋਵਾਂਗੇ।”
*****
MJPS/SS/PRK