ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਕੌਸ਼ਲ ਦੀਕਸ਼ਾਂਤ ਸਮਾਰੋਹ ਵਿੱਚ ਹਿੱਸਾ ਲੈਣ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 21 NOV 2026 9:49PM by PIB Chandigarh

ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸੀਨੀਅਰ ਸਾਥੀ ਅਤੇ ਇਸੇ ਸੰਸਦੀ ਹਲਕੇ ਤੋਂ ਨੁਮਾਇੰਦਗੀ ਕਰ ਰਹੇ ਸ੍ਰੀਮਾਨ ਰਾਜਨਾਥ ਸਿੰਘ ਜੀ, ਸ੍ਰੀਮਾਨ ਜਯੰਤ ਚੌਧਰੀ ਜੀ, ਸੰਸਦ ਵਿੱਚ ਮੇਰੇ ਸਾਥੀ ਪੰਕਜ ਚੌਧਰੀ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਜੀ, ਬ੍ਰਜੇਸ਼ ਪਾਠਕ ਜੀ, ਹੋਰ ਜਨ ਪ੍ਰਤੀਨਿਧੀ ਅਤੇ ਮੇਰੇ ਨੌਜਵਾਨ ਸਾਥੀਓ,

ਮੈਨੂੰ ਖ਼ੁਸ਼ੀ ਹੈ ਕਿ ਸਾਡੇ ਮਿੱਤਰ ਜਯੰਤ ਚੌਧਰੀ ਜੀ ਨੇ ਹੁਨਰ ਵਿਕਾਸ ਦੇ ਇੰਨੇ ਵੱਡੇ ਪ੍ਰੋਗਰਾਮ ਲਈ ਲਖਨਊ ਨੂੰ ਚੁਣਿਆ। ਤੁਸੀਂ ਤਾੜੀ ਤਾਂ ਵਜਾ ਦਿੱਤੀ, ਪਰ ਅਜੇ ਮੈਨੂੰ ਆਪਣੀ ਇੱਕ ਗੱਲ ਦੱਸਣੀ ਬਾਕੀ ਹੈ। ਮੈਨੂੰ ਖ਼ੁਸ਼ੀ ਇਸ ਲਈ ਹੈ ਕਿ ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰ ਵਜੋਂ ਮੈਨੂੰ ਦੇਸ਼ ਭਰ ਤੋਂ ਆਏ ਆਪਣੇ ਨੌਜਵਾਨ ਦੋਸਤਾਂ ਦਾ ਸਵਾਗਤ ਕਰਨ ਦਾ ਮੌਕਾ ਮਿਲ ਰਿਹਾ ਹੈ।

ਸਾਥੀਓ,

ਅੱਜ ਤੁਸੀਂ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਪਾਰ ਕੀਤਾ ਹੈ। ਹੁਣ ਤੁਸੀਂ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਨਾਲ ਸਿੱਧੇ ਜੁੜਨ ਵਾਲੇ ਹੋ ਅਤੇ ਅੱਜ ਦਾ ਦਿਨ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਮੈਂ ਅੱਜ ਸਵੇਰੇ ਦਿੱਲੀ ਤੋਂ ਨਿਕਲਿਆ, ਬੰਗਾਲ ਗਿਆ ਅਤੇ ਅੱਜ ਦੇ ਦਿਨ ਦਾ ਮੇਰਾ ਪਹਿਲਾ ਪ੍ਰੋਗਰਾਮ ਆਈਆਈਟੀ ਵਿੱਚ ਸੀ। ਆਈਆਈਟੀ ਨੂੰ 75 ਸਾਲ ਹੋਏ ਹਨ, ਦੇਸ਼ ਦਾ ਪਹਿਲਾ ਆਈਆਈਟੀ ਖੜਗਪੁਰ ਬਣਿਆ ਸੀ, ਉਸ ਦੇ 75 ਸਾਲ ਦਾ ਸਮਾਗਮ ਸੀ ਅਤੇ ਜਿਸ ਊਰਜਾ ਨਾਲ, ਜਿਨ੍ਹਾਂ ਸੁਪਨਿਆਂ ਨੂੰ ਲੈ ਕੇ, ਜਿਨ੍ਹਾਂ ਉਮੀਦਾਂ ਅਤੇ ਇੱਛਾਵਾਂ ਨੂੰ ਲੈ ਕੇ ਮੈਂ ਆਈਆਈਟੀ ਦੇ ਬੱਚਿਆਂ ਕੋਲ ਗਿਆ ਸੀ, ਓਨੇ ਹੀ ਉਮੰਗ ਅਤੇ ਉਤਸ਼ਾਹ ਨਾਲ ਮੈਂ ਆਈਟੀਆਈ ਦੇ ਬੱਚਿਆਂ ਕੋਲ ਆਇਆ ਹਾਂ। ਭਾਵੇਂ ਆਈਆਈਟੀ ਹੋਵੇ ਜਾਂ ਆਈਟੀਆਈ ਹੋਵੇ, ਮੇਰੇ ਲਈ ਤਾਂ ਇਹੀ ਮੇਰੇ ਦੇਸ਼ ਦੀ ਅਮਾਨਤ ਹੈ, ਇਹੀ ਮੇਰੇ ਦੇਸ਼ ਦੀ ਸਮਰੱਥਾ ਹੈ ਅਤੇ ਇਹੀ ਮੇਰੇ ਦੇਸ਼ ਦਾ ਭਵਿੱਖ ਹੈ।

 

ਆਈਟੀਆਈ ਵਿੱਚ ਪੜ੍ਹਦਿਆਂ ਜੋ ਸਕਿੱਲ ਤੁਸੀਂ ਸਿੱਖੀ ਹੈ, ਜੋ ਹੁਨਰ ਤੁਸੀਂ ਸਿੱਖਿਆ ਹੈ, ਉਹ ਹੁਣ ਵਿਕਸਤ ਭਾਰਤ ਦੀ ਵੱਡੀ ਊਰਜਾ ਹੈ, ਇਹ ਵਿਕਸਤ ਭਾਰਤ ਤੁਹਾਡੇ ਹੀ ਹੱਥਾਂ ਨਾਲ, ਤੁਹਾਡੇ ਹੀ ਹੁਨਰ ਨਾਲ ਬਣਨ ਵਾਲਾ ਹੈ। ਕੋਈ ਵੀ ਰਾਸ਼ਟਰ ਆਪਣੇ ਨੌਜਵਾਨਾਂ ਦੇ ਹੁਨਰ ਨਾਲ ਇਸੇ ਤਰ੍ਹਾਂ ਹੁਨਰਮੰਦ ਹੋ ਕੇ ਅੱਗੇ ਵਧਦਾ ਹੈ ਅਤੇ ਸਾਡਾ ਦੇਸ਼ ਤਾਂ ਹਮੇਸ਼ਾ ਤੋਂ ਹੀ ਹੁਨਰ ਦਾ ਸਨਮਾਨ ਕਰਨ ਵਾਲਾ ਦੇਸ਼ ਰਿਹਾ ਹੈ। ਤੁਸੀਂ ਇੱਥੇ ਲਖਨਊ ਵਿੱਚ ਹੀ ਦੇਖੋ, ਚਿਕਨਕਾਰੀ ਦਾ ਕਿੰਨਾ ਕੰਮ ਹੁੰਦਾ ਹੈ, ਲੰਬੇ ਸਮੇਂ ਤੱਕ ਦੁਨੀਆ ਵਿੱਚ ਭਾਰਤ ਦੀ ਪਛਾਣ ਅਜਿਹੇ ਹੀ ਹੁਨਰ ਨਾਲ ਰਹੀ ਹੈ। ਬਹੁਤ ਬਾਰੀਕ ਮਲਮਲ, ਬਨਾਰਸ ਅਤੇ ਕਾਂਜੀਵਰਮ ਦਾ ਰੇਸ਼ਮ, ਕਸ਼ਮੀਰ ਦੀ ਪਸ਼ਮੀਨਾ, ਸਾਡੇ ਸੂਤੀ ਕੱਪੜੇ, ਕਲਮਕਾਰੀ, ਦੁਨੀਆ ਦੀਆਂ ਸਭ ਤੋਂ ਉੱਤਮ ਤਲਵਾਰਾਂ ਬਣਾਉਣ ਵਾਲੀ ਸਟੀਲ, ਕਾਂਸੀ ਅਤੇ ਪੰਚਧਾਤੂ ਦੀਆਂ ਮੂਰਤੀਆਂ ਦਾ ਨਿਰਮਾਣ, ਅਜਿਹੇ ਸੈਂਕੜੇ ਅਣਗਿਣਤ ਕੰਮ, ਸ਼ਾਇਦ ਕੋਈ ਇੱਕ ਵਿਅਕਤੀ ਇੱਕੋ ਵਾਰ ਗਿਣਾ ਵੀ ਨਹੀਂ ਸਕਦਾ ਹੈ ਅਤੇ ਜੋ ਸਾਡੇ ਸਮਾਜ ਦਾ ਅਧਾਰ ਥੰਮ੍ਹ ਹੋਇਆ ਕਰਦੇ ਸਨ।

ਸਾਥੀਓ, 

ਸਾਡੇ ਇੱਥੇ ਪਹਿਲਾਂ ਦੀ ਸਮਾਜ ਵਿਵਸਥਾ ਹੀ ਹੁਨਰ ਦੇ ਆਲੇ-ਦੁਆਲੇ ਹੀ ਰਚੀ ਹੋਈ ਸੀ। ਮੇਰਾ ਜਨਮ ਗੁਜਰਾਤ ਵਿੱਚ ਹੋਇਆ, ਮੈਂ ਗੁਜਰਾਤ ਦਾ ਇੱਕ ਤਜਰਬਾ ਦੱਸਦਾ ਹਾਂ। ਗੁਜਰਾਤ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ- ਵਸਾਵਾਯਾ। ਇਹ ਵਸਾਵਾਯਾ ਪਰੰਪਰਾ ਰਹੀ ਹੈ ਭਾਵ ਜਿੱਥੇ ਕੋਈ ਪਿੰਡ ਵਸੇਗਾ, ਉੱਥੇ ਆਪਣੇ ਹੁਨਰ ਨਾਲ ਪਿੰਡ ਦਾ ਜੀਵਨ ਚਲਾਉਣ ਵਾਲੇ ਹੁਨਰਮੰਦ ਲੋਕ ਵੀ ਵਸਣਗੇ ਅਤੇ ਉਹ ਹੋਣਗੇ ਤਾਂ ਹੀ ਪਿੰਡ ਵਸੇਗਾ ਭਾਵ ਅਜਿਹੇ ਹੁਨਰਮੰਦ ਲੋਕ ਜਿਨ੍ਹਾਂ ਦੇ ਬਿਨਾਂ ਪਿੰਡ ਦੇ ਜੀਵਨ ਦੀ ਕਲਪਨਾ ਵੀ ਮੁਸ਼ਕਲ ਹੁੰਦੀ ਸੀ।

ਸਾਥੀਓ, 

ਸਾਡੇ ਇੱਥੇ ਪ੍ਰਾਚੀਨ ਕਾਲ ਤੋਂ ਦੇਸ਼ ਦੇ ਹਰ ਖੇਤਰ ਵਿੱਚ ਅਜਿਹੀ ਵਿਵਸਥਾ ਰਹੀ ਹੈ। ਪਰ ਬਦਕਿਸਮਤੀ ਨਾਲ ਹੌਲੀ-ਹੌਲੀ ਇਹ ਵਿਵਸਥਾ ਆਪਣੀ ਮਹੱਤਤਾ ਗੁਆਉਂਦੀ ਚਲੀ ਗਈ। ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਸੀ, ਉਦੋਂ ਮੇਰੇ ਸਾਹਮਣੇ ਇੱਕ ਵਾਰ ਇਹ ਸਵਾਲ ਉੱਠਿਆ ਸੀ ਕਿ ਕਿਸ ਤਰ੍ਹਾਂ ਦੇ ਕਿੰਨੇ ਹੁਨਰ ਹੁੰਦੇ ਹਨ, ਜਿਨ੍ਹਾਂ ਦੇ ਬਿਨਾਂ ਸਾਡਾ ਜੀਵਨ ਬਹੁਤ ਮੁਸ਼ਕਲ ਹੋ ਜਾਵੇਗਾ? ਮੈਂ ਆਪਣੇ ਅਫ਼ਸਰਾਂ ਨੂੰ ਇਹ ਕੰਮ ਦਿੱਤਾ, ਉਹ ਕੋਈ 30-35 ਚੀਜ਼ਾਂ ਕਰਨ ਲਈ ਲੈ ਕੇ ਆਏ, ਮੈਂ ਕਿਹਾ ਇਹ ਅਜਿਹਾ ਨਾ ਕਰੋ, ਮੈਂ ਇੱਕ ਰਸਤਾ ਦਿਖਾਉਂਦਾ ਹਾਂ, ਤੁਸੀਂ ਸੋਚਿਓ! ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਤੱਕ ਅਤੇ ਜਨਮ ਤੋਂ ਲੈ ਕੇ ਮੌਤ ਤੱਕ ਵਿਅਕਤੀ ਨੂੰ ਪਰਿਵਾਰ ਨੂੰ ਸਮਾਜ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ, ਕਿੰਨੀਆਂ ਕਿਸਮਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੁੰਦੀ ਹੈ, ਹਰ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ ਚਾਹੀਦੀਆਂ ਹੀ ਹਨ, ਮੈਂ ਕਿਹਾ ਯਾਦ ਕਰਕੇ ਜ਼ਰਾ ਆਪਣੇ ਤਜਰਬੇ ਨਾਲ ਸੂਚੀ ਬਣਾਓ। ਜਦੋਂ ਪਹਿਲਾਂ ਡਿਪਾਰਟਮੈਂਟ ਦੇ ਲੋਕ ਮੇਰੇ ਕੋਲ 30-35 ਚੀਜ਼ਾਂ ਲੈ ਕੇ ਆਏ ਸਨ। ਉਨ੍ਹਾਂ ਨੇ ਜਦੋਂ ਬੈਠ ਕੇ, ਸੋਚ ਕੇ ਸੂਚੀ ਬਣਾਈ, ਇੱਕ ਹਫ਼ਤੇ ਬਾਅਦ ਮੈਨੂੰ ਮਿਲੇ, ਇੱਕ ਹਜ਼ਾਰ ਕੰਮ ਲੱਭ ਕੇ ਲਿਆਏ ਸਨ ਉਹ, ਭਾਵ ਸਾਨੂੰ ਗੁਲਦਸਤਾ ਬਣਾਉਣ ਵਾਲਾ ਵੀ ਚਾਹੀਦਾ ਹੈ, ਸਾਨੂੰ ਖਿਡੌਣਾ ਬਣਾਉਣ ਵਾਲਾ ਵੀ ਚਾਹੀਦਾ ਹੈ, ਸਾਨੂੰ ਮਹਿੰਦੀ ਲਗਾਉਣ ਵਾਲੇ ਵੀ ਚਾਹੀਦੇ ਹਨ, ਕਿੰਨੀਆਂ ਕਿਸਮਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਇਹੀ ਤਾਂ ਉਹ ਸਕਿੱਲਸ ਸਨ, ਉਹ ਹੁਨਰ ਸਨ, ਜੋ ਸਾਡੇ ਸਮਾਜ ਨੂੰ ਗਤੀਸ਼ੀਲ ਬਣਾਈ ਰੱਖਦੇ ਸਨ। ਮੈਂ ਅਫ਼ਸਰਾਂ ਨੂੰ ਇਸੇ ’ਤੇ ਧਿਆਣ ਦੇਣ ਲਈ ਕਿਹਾ ਅਤੇ ਫਿਰ ਉੱਥੇ ਗੁਜਰਾਤ ਵਿੱਚ ਹੁਨਰ ਵਿਕਾਸ ਦਾ ਇੱਕ ਆਧੁਨਿਕ ਈਕੋਸਿਸਟਮ ਤਿਆਰ ਹੋਇਆ।

ਸਾਥੀਓ, 

ਭਾਰਤ ਵਿੱਚ ਹੁਨਰ ਵਿਵਸਥਾ ਦੀ ਤਬਾਹੀ ਵਿੱਚ ਇੱਕ ਹੋਰ ਗੱਲ ਦਾ ਦੋਸ਼ ਰਿਹਾ ਹੈ। ਜਦੋਂ ਸਾਡੇ ਦੇਸ਼ ਵਿੱਚ ਹਮਲਾਵਰ ਆਏ, ਸਾਡਾ ਦੇਸ਼ ਸੁਨਹਿਰੀ ਯੁੱਗ ਲੈ ਕੇ ਦੁਨੀਆ ਲਈ ਖਿੱਚ ਦਾ ਵੀ ਕੇਂਦਰ ਸੀ, ਈਰਖਾ ਦਾ ਵੀ ਕੇਂਦਰ ਸੀ ਅਤੇ ਭਾਰਤ ਵਿੱਚ ਜਦੋਂ ਆਏ, ਉਨ੍ਹਾਂ ਨੇ ਕੀ ਕੀਤਾ? ਸਭ ਤੋਂ ਪਹਿਲੀ ਸੱਟ ਉਨ੍ਹਾਂ ਨੇ ਹੁਨਰ ’ਤੇ ਮਾਰੀ, ਤੁਹਾਡੇ ਵਿੱਚੋਂ ਵੀ ਬਹੁਤ ਬੱਚਿਆਂ ਨੇ ਇਤਿਹਾਸ ਵਿੱਚ ਪੜ੍ਹਿਆ ਹੋਵੇਗਾ, ਸਾਡੇ ਅਜਿਹੇ ਜੋ ਕਾਰੀਗਰ ਹੁੰਦੇ ਸਨ, ਕੋਈ ਚੀਜ਼ ਬਣਾ ਲੈਣ ਅਤੇ ਉਹ ਚੀਜ਼ ਸਭ ਤੋਂ ਜ਼ਿਆਦਾ ਵਧੀਆ ਬਣੇ, ਤਾਂ ਉਸ ਬਣਾਉਣ ਵਾਲੇ ਦੇ ਅੰਗੂਠੇ ਕੱਟ ਦਿੱਤੇ ਜਾਂਦੇ ਸਨ, ਕਿਉਂ? ਉਨ੍ਹਾਂ ਜ਼ਾਲਮਾਂ ਨੂੰ ਪਤਾ ਸੀ ਕਿ ਇਹ ਹੁਨਰ ਹੀ ਹੈ, ਇਹ ਇਸ ਦੇ ਹੱਥਾਂ ਵਿੱਚ ਜੋ ਹੁਨਰ ਹੈ, ਉਹ ਹੀ ਭਾਰਤ ਨੂੰ ਮਹਾਨ ਅਤੇ ਖ਼ੁਸ਼ਹਾਲ ਬਣਾ ਰਿਹਾ ਹੈ ਅਤੇ ਇਸ ਲਈ ਉਸ ਦੀ ਸ਼ਕਤੀ ਤਬਾਹ ਕਰਨੀ ਹੈ, ਤਾਂ ਉਸ ਦੇ ਅੰਗੂਠੇ ਕੱਟ ਦਿਓ, ਬਾਅਦ ਵਿੱਚ ਅੰਗਰੇਜ਼ ਆਏ, ਉਹ ਬਹੁਤ ਸੂਝਵਾਨ ਸਨ, ਉਨ੍ਹਾਂ ਨੇ ਤਰੀਕਾ ਬਦਲਿਆ, ਉਨ੍ਹਾਂ ਨੇ ਦੇਸ਼ ਦੇ ਲੋਕਾਂ ’ਤੇ ਮੈਕਾਲੇ ਨੇ ਇੱਕ ਅਜਿਹੀ ਸਿੱਖਿਆ ਵਿਵਸਥਾ ਥੋਪਣੀ ਸ਼ੁਰੂ ਕੀਤੀ ਜਿਸ ਵਿੱਚ ਹੁਨਰ ਅਧਾਰਿਤ ਸਾਡੀ ਵਿਵਸਥਾ ਸਿਰਫ਼ ਕਾਗਜ਼ੀ ਕਲਰਕ ਬਣਾਉਣ ਤੱਕ ਸੀਮਤ ਹੋ ਗਈ। ਕਾਲੇ ਕਲਰਕ ਬਣਾਉਣ ਦਾ ਕੰਮ ਕਾਰੋਬਾਰ ਸ਼ੁਰੂ ਹੋ ਗਿਆ। ਅੰਗਰੇਜ਼ਾਂ ਨੇ ਭਾਰਤ ਵਿੱਚ ਹੁਨਰ ਨੂੰ ਤਬਾਹ ਕਰਕੇ ਆਪਣੇ ਇੱਥੇ ਉਦਯੋਗ ਨੂੰ ਅੱਗੇ ਵਧਾਇਆ, ਇੱਥੋਂ ਸਾਰੀਆਂ ਚੀਜ਼ਾਂ ਲੈ ਗਏ, ਆਪਣੇ ਇੱਥੇ ਨਿਰਮਾਣ ਨੂੰ ਅੱਗੇ ਵਧਾਇਆ ਅਤੇ ਸਮੇਂ ਦੇ ਨਾਲ ਅੰਗਰੇਜ਼ਾਂ ਦਾ ਕਾਗਜ਼ੀ ਕਲਰਕ ਹੋਣ ਨੂੰ ਸਨਮਾਨ ਨਾਲ ਦੇਖਿਆ ਜਾਣ ਲੱਗਿਆ। ਸਾਡੇ ਸਮਾਜ ਦੀ ਸਥਿਤੀ ਕਿਹੋ ਜਿਹੀ ਹੈ, ਜੇਕਰ ਕੋਈ ਬੱਚਾ ਆਈਟੀਆਈ ਵਿੱਚ ਦਾਖ਼ਲ ਹੁੰਦਾ ਹੈ, ਤਾਂ ਉਸ ਦੇ ਮਾਂ-ਬਾਪ, ਯਾਰ-ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਦੱਸਦੇ ਨਹੀਂ ਹਨ ਕਿ ਆਈਟੀਆਈ ਵਿੱਚ ਜਾਂਦਾ ਹੈ, ਲੁਕਾਉਂਦੇ ਹਨ। ਉਨ੍ਹਾਂ ਨੂੰ ਸ਼ਰਮ ਆਉਂਦੀ ਹੈ, ਕਿਉਂ? ਉਹ ਯੂਨੀਵਰਸਿਟੀ ਵਿੱਚ ਨਹੀਂ ਜਾ ਰਿਹਾ ਹੈ, ਕਾਲਜ ਵਿੱਚ ਨਹੀਂ ਜਾ ਰਿਹਾ ਹੈ, ਇਹ ਤਾਂ ਨੀਲੇ ਰੰਗ ਦੇ ਕੱਪੜੇ ਪਾ ਕੇ ਇਹ ਹੱਥ ਨਾਲ ਕੰਮ ਕਰ ਰਿਹਾ ਹੈ, ਇਹ ਸਥਿਤੀ ਪੈਦਾ ਹੋ ਗਈ ਅਤੇ ਮੈਂ ਠਾਣ ਲਿਆ ਹੈ, ਮੈਨੂੰ ਇਸ ਸਥਿਤੀ ਨੂੰ ਬਦਲਣਾ ਹੈ। ਜਿੰਨਾ ਸਨਮਾਨ ਆਈਆਈਟੀ ਦੇ ਲੋਕਾਂ ਦਾ ਹੋਵੇਗਾ, ਓਨਾ ਹੀ ਸਨਮਾਨ ਮੇਰੇ ਆਈਟੀਆਈ ਦੇ ਬੱਚਿਆਂ ਦਾ ਵੀ ਹੋਵੇਗਾ। ਵੱਡੀ ਤੋਂ ਵੱਡੀ ਕੰਪਨੀ ਹੋਵੇ, ਇਹ ਕਾਗਜ਼ੀ ਸਰਟੀਫਿਕੇਟ ਲੈ ਕੇ ਘੁੰਮਣ ਵਾਲੇ ਦੋ-ਤਿੰਨ ਲੋਕ ਹੁੰਦੇ ਹਨ, ਪਰ ਉਸ ਕੰਪਨੀ ਨੂੰ ਤਾਕਤ ਦੇਣ ਲਈ 200-300 ਆਈਟੀਆਈ ਵਾਲਿਆਂ ਦੀ ਜ਼ਰੂਰਤ ਪੈਂਦੀ ਹੈ, ਤਦ ਜਾ ਕੇ ਕੰਪਨੀ ਚੱਲਦੀ ਹੈ।

 

ਅਤੇ ਇਸ ਲਈ ਸਾਥੀਓ, 

ਸਮਾਜਿਕ ਜੀਵਨ ਵਿੱਚ ਇੱਕ ਮਨੋਵਿਗਿਆਨਕ ਪਰਿਵਰਤਨ ਦੀ ਬਹੁਤ ਵੱਡੀ ਜ਼ਰੂਰਤ ਹੈ ਅਤੇ ਮੈਂ ਜਯੰਤ ਚੌਧਰੀ ਜੀ ਨੂੰ ਅਤੇ ਉਨ੍ਹਾਂ ਦੇ ਸਾਰੇ ਅਧਿਕਾਰੀਆਂ ਨੂੰ ਵੀ ਮੈਂ ਵਧਾਈ ਦਵਾਂਗਾ। ਹੁਣੇ ਮੈਂ ਦੇਖ ਰਿਹਾ ਸੀ, ਜੋ ਬੇਟੇ-ਬੇਟੀ ਇੱਥੇ ਸਰਟੀਫਿਕੇਟ ਲੈਣ ਆਏ ਸਨ, ਉਨ੍ਹਾਂ ਦਾ ਠਾਠ ਦੇਖਿਆ ਸੀ, ਉਨ੍ਹਾਂ ਦੇ ਕੱਪੜੇ ਦੇਖੇ ਸਨ, ਕਿਸੇ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਅਜਿਹੇ ਕੱਪੜੇ ਨਹੀਂ ਹੁੰਦੇ, ਜਿਹੋ ਜਿਹੇ ਮੇਰੇ ਆਈਟੀਆਈ ਦੇ ਬੱਚਿਆਂ ਦੇ ਹੁੰਦੇ ਹਨ। ਇਹ ਠਾਠ, ਇਹ ਰੁਬਾਬ, ਦੇਸ਼ ਦਾ ਪ੍ਰਧਾਨ ਮੰਤਰੀ ਆਈਟੀਆਈ ਦੇ ਬੱਚਿਆਂ ਨੂੰ ਸਰਟੀਫਿਕੇਟ ਦੇਣ ਲਈ ਬੰਗਾਲ ਦੀ ਯਾਤਰਾ ਤੋਂ ਦੌੜ ਕੇ ਲਖਨਊ ਆ ਕੇ ਉਨ੍ਹਾਂ ਦੇ ਕੋਲ ਖੜ੍ਹਾ ਹੋ ਕੇ ਮਾਣ ਮਹਿਸੂਸ ਕਰ ਰਿਹਾ ਹੈ।

ਸਾਥੀਓ, 

ਉਹ ਗ਼ੁਲਾਮੀ ਦੀ ਮਾਨਸਿਕਤਾ ਸੀ, ਜਿਸ ਤੋਂ ਦੇਸ਼ ਆਜ਼ਾਦੀ ਤੋਂ ਬਾਅਦ ਵੀ ਬਾਹਰ ਨਹੀਂ ਨਿਕਲ ਸਕਿਆ। ਆਜ਼ਾਦੀ ਤੋਂ ਬਾਅਦ ਵੀ ਕਲੇਰੀਕਲ ਨੌਕਰੀ ’ਤੇ ਜ਼ੋਰ ਰਿਹਾ ਅਤੇ ਹੁਨਰ ਪਿੱਛੇ ਛੁੱਟਦਾ ਗਿਆ। ਇੱਕ ਵਾਰ ਮੈਂ ਦਾਦਾ ਧਰਮਾਧਿਕਾਰੀ ਜੀ ਦੀ ਕਿਤਾਬ ਪੜ੍ਹੀ ਸੀ, ਕੋਈ ਪੋਸਟਗ੍ਰੈਜੂਏਟ ਕੀਤਾ ਹੋਇਆ ਸੱਜਣ ਉਨ੍ਹਾਂ ਨੂੰ ਮਿਲਣ ਆਇਆ, ਉਹ ਕਹਿੰਦਾ ਸੀ ਕਿ ਕੋਈ ਜਾਣ-ਪਛਾਣ ਹੋਵੇ ਤਾਂ ਨੌਕਰੀ ਲਗਵਾ ਦਿਓ, ਤਾਂ ਦਾਦਾ ਧਰਮਾਧਿਕਾਰੀ ਜੀ ਨੇ ਪੁੱਛਿਆ ਤੁਹਾਨੂੰ ਆਉਂਦਾ ਕੀ ਹੈ? ਕਹਿੰਦਾ ਮੈਂ ਪੋਸਟਗ੍ਰੈਜੂਏਟ ਹਾਂ, ਅਤੇ ਕਹਿੰਦੇ ਪੋਸਟ-ਗ੍ਰੈਜੂਏਟ ਤਾਂ ਹੋ ਤੁਸੀਂ, ਤੁਹਾਨੂੰ ਆਉਂਦਾ ਕੀ ਹੈ ਇਹ ਤਾਂ ਦੱਸੋ, ਉਹ ਕਹਿੰਦਾ ਮੇਰੇ ਕੋਲ ਗੋਲਡ ਮੈਡਲ ਹੈ, ਮੇਰੇ ਕੋਲ ਸਰਟੀਫਿਕੇਟ ਹੈ, ਮੈਂ ਪੋਸਟਗ੍ਰੈਜੂਏਟ ਹਾਂ। ਅਰੇ ਤੁਹਾਨੂੰ ਕੁਝ ਆਉਂਦਾ ਹੈ ਕੀ? ਤਾਂ ਉਹ ਸਮਝਿਆ ਨਹੀਂ, ਵਾਰ-ਵਾਰ ਕਹਿ ਰਿਹਾ ਸੀ- ਮੈਂ ਪੋਸਟਗ੍ਰੈਜੂਏਟ ਹਾਂ। ਤਾਂ ਦਾਦਾ ਧਰਮਾਧਿਕਾਰੀ ਜੀ ਨੇ ਪੁੱਛਿਆ- ਚੰਗਾ ਤੁਸੀਂ ਇਹ ਦੱਸੋ, ਤੁਹਾਨੂੰ ਗੱਡੀ ਚਲਾਉਣੀ ਆਉਂਦੀ ਹੈ ਕੀ? ਕਹਿੰਦਾ- ਨਹੀਂ। ਕਹਿੰਦੇ- ਖਾਣਾ ਪਕਾਉਣਾ ਆਉਂਦਾ ਹੈ ਕੀ? ਕਹਿੰਦਾ- ਨਹੀਂ! ਤਾਂ ਤੁਹਾਨੂੰ ਆਉਂਦਾ ਕੀ ਹੈ? ਮੇਰੇ ਕੋਲ ਸਰਟੀਫਿਕੇਟ ਹੈ। ਦੇਸ਼ ਵਿੱਚ ਇੱਕ ਵਕਤ ਸੀ ਜੋ ਕਾਗਜ਼ੀ ਸਰਟੀਫਿਕੇਟ ਵਾਲਾ ਕਾਰਜਕਾਲ ਰਿਹਾ ਹੋਵੇਗਾ, ਵਕਤ ਬਦਲ ਰਿਹਾ ਹੈ ਅਤੇ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣ ਜਾ ਰਿਹਾ ਹਾਂ। ਅੱਜ ਤੁਸੀਂ ਦੇਖਿਆ ਹੋਵੇਗਾ, ਮੀਡੀਆ ਵਿੱਚ, ਸੋਸ਼ਲ ਮੀਡੀਆ ਵਿੱਚ ਇੱਕ ਚਰਚਾ ਚੱਲ ਰਹੀ ਹੈ ਅਤੇ ਉਸ ਚਰਚਾ ਵਿੱਚ ਕਹਿ ਰਹੇ ਹਨ ਅੱਜ ਸਭ ਲੋਕ ਕਿ ਮੋਦੀ ਜੀ ਨੇ ਸੰਸਦ ਵਿੱਚ 2023 ਵਿੱਚ ਕਿਹਾ ਸੀ ਕਿ ਤੁਸੀਂ ਇਹ ਭਾਰਤ ਸਰਕਾਰ ਦੇ ਜੋ ਪੀਐੱਸਯੂਜ਼ ਹਨ, ਉਸ ਵਿੱਚ ਪੈਸਾ ਲਗਾਓ ਮਾਲਾਮਾਲ ਹੋ ਜਾਓਗੇ ਅਤੇ ਉਸ ਸਮੇਂ ਲੋਕਾਂ ਨੇ ਮੇਰਾ ਮਜ਼ਾਕ ਉਡਾਇਆ ਸੀ ਅਤੇ ਅੱਜ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਪੈਸੇ ਲਗਾਏ, ਉਹ ਮਾਲਾਮਾਲ ਹੋ ਗਏ। ਮੈਂ ਦੂਜੀ ਇੱਕ ਗੱਲ ਕਹੀ ਸੀ ਦੋਸਤੋ ਇੱਕ ਸਾਲ ਪਹਿਲਾਂ, ਮੈਂ ਕਿਹਾ ਸੀ- ਮੈਂ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ, ਇੱਕ ਸਾਲ ਲਈ ਜੇਕਰ ਲੋੜ ਨਾ ਹੋਵੇ ਤਾਂ ਕਿਰਪਾ ਕਰਕੇ ਸੋਨਾ ਨਾ ਖ਼ਰੀਦੋ, ਸੋਨਾ ਨਾ ਖ਼ਰੀਦੋ ਅਤੇ ਮੈਨੂੰ ਖ਼ੁਸ਼ੀ ਹੈ, ਜੇਕਰ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਦੇਸ਼ਵਾਸੀਆਂ ਨੂੰ ਕਿ ਇੱਕ ਟਾਈਮ ਖਾਣਾ ਛੱਡ ਦਿਓ, ਇਸ ਦੇਸ਼ ਨੇ ਉਨ੍ਹਾਂ ਦੀ ਗੱਲ ਨੂੰ ਮੰਨਿਆ ਸੀ। ਮੇਰੇ ਦੇਸ਼ ਦਾ ਚਰਿੱਤਰ ਉਹੀ ਹੈ, ਮੇਰੇ ਵਰਗੇ ਇੱਕ ਆਮ ਵਿਅਕਤੀ ਨੇ ਕਿਹਾ ਕਿ ਸੋਨਾ ਘੱਟ ਖ਼ਰੀਦੋ, ਦੇਸ਼ਵਾਸੀਆਂ ਨੇ ਸੋਨਾ ਘੱਟ ਖ਼ਰੀਦਿਆ, ਸੋਨੇ ਦਾ ਭਾਅ ਡਿੱਗ ਗਿਆ। ਅੱਜ ਲੋਕ ਮੈਨੂੰ ਕਹਿ ਰਹੇ ਹਨ ਮੋਦੀ ਜੀ ਤੁਸੀਂ ਕਿਹਾ, ਤੁਹਾਡੀ ਗੱਲ ਮੰਨੀ, ਸਾਡੇ ਪੈਸੇ ਬਚ ਗਏ। ਮੈਂ ਅੱਜ ਇੱਕ ਹੋਰ ਗੱਲ ਕਹਿਣ ਜਾ ਰਿਹਾ ਹਾਂ, ਤੁਸੀਂ ਲਿਖ ਕੇ ਰੱਖ ਲਓ, ਵਕਤ ਬਦਲ ਰਿਹਾ ਹੈ, ਇਹ ਕਾਗਜ਼ੀ ਸਰਟੀਫਿਕੇਟ ਲੈ ਕੇ ਕੋਟ ਪੈਂਟ ਟਾਈ ਪਹਿਨ ਕੇ ਘੁੰਮਣ ਵਾਲੇ ਲੋਕ, ਉਸ ਤੋਂ ਜ਼ਿਆਦਾ ਇਹ ਹੁਨਰ ਵਾਲਿਆਂ ਦੀ ਕਦਰ ਹੋਣ ਵਾਲੀ ਹੈ। ਜਿਸ ਦੇ ਕੋਲ ਹੁਨਰ ਹੈ, ਜਿਸ ਦੇ ਕੋਲ ਸਕਿੱਲ ਹੈ, ਉਸ ਦੀ ਮੰਗ ਵਧਣ ਵਾਲੀ ਹੈ। ਮੈਂ ਜਦੋਂ ਸਾਊਦੀ ਅਰਬ ਜਾਂਦਾ ਹਾਂ, ਦੁਬਈ ਜਾਂਦਾ ਹਾਂ, ਅਬੂ ਧਾਬੀ ਜਾਂਦਾ ਹਾਂ, ਕਤਰ ਜਾਂਦਾ ਹਾਂ, ਕੁਵੈਤ ਜਾਂਦਾ ਹਾਂ, ਤਾਂ ਉੱਥੋਂ ਦੇ ਸ਼ਾਹੀ ਪਰਿਵਾਰ ਦੇ ਲੋਕ ਇੱਕ ਗੱਲ ਹਮੇਸ਼ਾ ਕਹਿੰਦੇ ਹਨ ਕਿ ਇਹ ਜੋ ਸਾਡੇ ਸ਼ਾਨਦਾਰ ਆਧੁਨਿਕ ਸ਼ਹਿਰ ਦਿਖ ਰਹੇ ਹਨ ਨਾ ਤੁਹਾਨੂੰ, ਇਹ ਸਾਡੇ ਪੈਸਿਆਂ ਨਾਲ ਨਹੀਂ, ਹਿੰਦੁਸਤਾਨ ਦੇ ਕਾਰੀਗਰਾਂ ਦੀ ਮਿਹਨਤ ਨਾਲ ਬਣੇ ਹਨ। ਇਹ ਦੁਬਈ ਦੀ ਰੌਣਕ, ਇਹ ਅਬੂ ਧਾਬੀ ਦਾ ਚਮਚਮਾਉਂਦਾ ਹੋਇਆ ਅਬੂ ਧਾਬੀ, ਇਹ ਸਾਊਦੀ ਅਰਬ, ਇਹ ਭਾਰਤ ਦੇ ਕਾਰੀਗਰਾਂ ਦੇ ਹੁਨਰ ਅਤੇ ਮਿਹਨਤ ਦਾ ਨਤੀਜਾ ਹੈ, ਹਰ ਸ਼ਾਹੀ ਪਰਿਵਾਰ ਭਾਰਤ ਦੀ ਸ਼ਕਤੀ ਦਾ ਗੁਣਗਾਣ ਕਰਦਾ ਹੈ ਦੋਸਤੋ। ਅੱਜ ਦੁਨੀਆ ਵਿੱਚ ਜਿੰਨੀਆਂ ਵੀ ਸਰਕਾਰਾਂ ਸਾਡੇ ਨਾਲ ਸਮਝੌਤਾ ਕਰ ਰਹੀਆਂ ਹਨ, ਉਸ ਵਿੱਚ ਇੱਕ ਗੱਲ ਉਨ੍ਹਾਂ ਦੀ ਹੁੰਦੀ ਹੈ, ਸਾਨੂੰ ਹਰ ਸਾਲ 90 ਹਜ਼ਾਰ ਲੋਕ ਚਾਹੀਦੇ ਹਨ, ਸਾਨੂੰ ਹਰ ਸਾਲ ਡੇਢ ਲੱਖ ਲੋਕ ਚਾਹੀਦੇ ਹਨ, ਸਾਨੂੰ ਹਰ ਸਾਲ ਇੱਕ ਲੱਖ ਲੋਕ ਚਾਹੀਦੇ ਹਨ। ਅੱਜ ਪੂਰੀ ਦੁਨੀਆ ਭਾਰਤ ਦੇ ਲੋਕਾਂ ਨੂੰ ਮੰਗ ਰਹੀ ਹੈ। ਅਤੇ ਕੌਣ ਚਾਹੀਦੇ ਹਨ ਯੂਨੀਵਰਸਿਟੀ ਤੋਂ ਨਿਕਲੇ ਹੋਏ ਨਹੀਂ, ਆਈਟੀਆਈ ਤੋਂ ਨਿਕਲੇ ਹੋਏ ਲੋਕ ਚਾਹੀਦੇ ਹਨ। ਜਿਸ ਦੇ ਕੋਲ ਹੁਨਰ ਹੈ, ਜਿਸ ਦੇ ਕੋਲ ਸਕਿੱਲ ਹੈ, ਦੁਨੀਆ ਵਿੱਚ ਉਸ ਦੀ ਮੰਗ ਵਧ ਰਹੀ ਹੈ। ਇਸ ਲਈ ਮੈਂ ਕਹਿੰਦਾ ਹਾਂ, ਦੋਸਤੋ, ਅਗਲੇ ਵੀਹ ਸਾਲ... ਅਤੇ ਮੈਂ ਫਿਲਮ ਦਾ ਜ਼ਿਕਰ ਨਹੀਂ ਕਰ ਰਿਹਾ ਹਾਂ... ਅਗਲੇ ਵੀਹ ਸਾਲ ਵਿਕਸਤ ਭਾਰਤ ਦੇ ਹਨ।

ਸਾਥੀਓ, 

21ਵੀਂ ਸਦੀ ਦਾ ਭਾਰਤ ਹੁਨਰ ਨੂੰ, ਸਕਿੱਲ ਨੂੰ ਸਨਮਾਨ ਦੇ ਕੇ ਹੀ ਅੱਗੇ ਵਧ ਸਕਦਾ ਹੈ। ਇਸ ਲਈ, ਬੀਤੇ ਸਾਲਾਂ ਵਿੱਚ ਸਾਡੀ ਸਰਕਾਰ ਨੇ 'ਸ਼੍ਰਮੇਵ ਜਯਤੇ' ਦੀ ਭਾਵਨਾ ਨਾਲ ਇੱਕ ਤੋਂ ਬਾਅਦ ਇੱਕ ਕਈ ਕਦਮ ਚੁੱਕੇ ਹਨ। ਅਸੀਂ ਵੱਖਰਾ ਹੁਨਰ ਮੰਤਰਾਲਾ ਬਣਾਇਆ, ਉੱਥੋਂ ਹੀ ਸ਼ੁਰੂ ਕੀਤਾ। ਸਾਡੇ ਇੱਥੇ ਪਹਿਲਾਂ ਸਿਰਫ਼ ਕਾਲਜ-ਯੂਨੀਵਰਸਿਟੀ ਵਿੱਚ ਡਿਗਰੀ ਪਾਉਣ ਵਾਲਿਆਂ ਲਈ ਦੀਕਸ਼ਾਂਤ ਸਮਾਗਮ ਹੁੰਦੇ ਸਨ। ਵੱਡਾ-ਵੱਡਾ ਟੋਪਾ ਪਾ ਕੇ ਆਉਂਦੇ ਸਨ, ਵੱਡੇ-ਵੱਡੇ ਕੋਟ-ਵੋਟ ਪਾ ਕੇ ਆਉਂਦੇ ਸਨ। ਮੈਂ ਕਿਹਾ- ਨਹੀਂ। ਜੇਕਰ ਆਨ-ਬਾਨ-ਸ਼ਾਨ ਨਾਲ ਦੀਕਸ਼ਾਂਤ ਸਮਾਗਮ ਹੋਵੇਗਾ, ਤਾਂ ਮੇਰੇ ਆਈਟੀਆਈ ਦੇ ਬੱਚਿਆਂ ਦਾ ਹੋਵੇਗਾ। ਮੈਨੂੰ ਉਨ੍ਹਾਂ ਦੀਆਂ ਉਂਗਲਾਂ ਵਿੱਚ ਭਾਰਤ ਦਾ ਭਵਿੱਖ ਦਿਖਦਾ ਹੈ। ਮੈਨੂੰ ਉਨ੍ਹਾਂ ਦੇ ਹੁਨਰ ਵਿੱਚ ਹਿੰਦੁਸਤਾਨ ਦੀ ਸਮਰੱਥਾ ਨਜ਼ਰ ਆਉਂਦੀ ਹੈ। ਅਸੀਂ ਜਦੋਂ ਨਵੀਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਾਈ, ਤਾਂ ਉਸ ਵਿੱਚ ਵੀ ਹੁਨਰ ਵਿਕਾਸ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ।

 

ਸਾਥੀਓ, 

ਅੱਜ ਦੇ ਇਸ ਆਧੁਨਿਕ ਜ਼ਮਾਨੇ ਵਿੱਚ ਏਆਈ ਨੂੰ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਹੈ, ਏਆਈ ਨਾਲ ਇਹ ਹੋ ਜਾਵੇਗਾ, ਏਆਈ ਨਾਲ ਉਹ ਹੋ ਜਾਵੇਗਾ, ਏਆਈ ਨਾਲ ਇਸ ਦਾ ਰੁਜ਼ਗਾਰ ਖੋਹਿਆ ਜਾਵੇਗਾ, ਉਸ ਦਾ ਰੁਜ਼ਗਾਰ ਖੋਹਿਆ ਜਾਵੇਗਾ। ਪਰ ਮੇਰੀ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ, ਜਿਸ ਦੇ ਕੋਲ ਹੁਨਰ ਹੈ, ਉਸ ਦਾ ਰੁਜ਼ਗਾਰ ਕੋਈ ਨਹੀਂ ਖੋਹ ਸਕਦਾ। ਅਸੀਂ ਕੋਵਿਡ ਦੌਰਾਨ ਦੇਖਿਆ ਹੈ, ਹਰ ਇੱਕ ਨੂੰ ਪਤਾ ਹੈ ਕਿਹੋ ਜਿਹੇ ਹਾਲ ਹੋ ਗਏ ਸਨ ਹਰ ਪਰਿਵਾਰ ਦੇ, ਲੋਕ ਬੇਵੱਸ ਹੋ ਗਏ ਸਨ, ਜਿਨ੍ਹਾਂ ਦੀਆਂ ਸੇਵਾਵਾਂ ਨਾਲ ਉਨ੍ਹਾਂ ਦਾ ਜੀਵਨ ਚੱਲਦਾ ਸੀ, ਉਹ ਮੌਤ ਦੇ ਡਰੋਂ ਪਿੰਡ ਛੱਡ-ਛੱਡ ਕੇ ਆਪਣੇ ਇੱਥੇ ਚਲੇ ਗਏ ਸਨ ਅਤੇ ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਅਸੀਂ ਕਿੰਨੇ ਹੀ ਪੈਸੇ ਵਾਲੇ ਕਿਉਂ ਨਾ ਹੋਈਏ, ਇਹ ਹੁਨਰਮੰਦ ਮੈਨਪਾਵਰ ਦੇ ਬਿਨਾਂ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਜੀ ਅਤੇ ਉਦੋਂ ਉਹ ਹੁਨਰਮੰਦ ਵਰਕਰ ਹੀ ਸਨ, ਜਿਸ ਨੇ ਦੇਸ਼ ਦੀਆਂ ਕਈ ਗੱਲਾਂ ਨੂੰ ਸੰਭਾਲਿਆ ਸੀ, ਕੰਮ ਕੀਤਾ ਸੀ।

ਸਾਥੀਓ, 

ਜਦੋਂ ਤੁਸੀਂ ਕੋਈ ਹੁਨਰ ਸਿੱਖਦੇ ਹੋ, ਤਾਂ ਤੁਸੀਂ ਸਿਰਫ਼ ਮਸ਼ੀਨਾਂ ’ਤੇ ਕੰਮ ਨਹੀਂ ਕਰਦੇ। ਤੁਸੀਂ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹੋ। ਤੁਸੀਂ ਦੇਸ਼ ਦੀ ਸਮਰੱਥਾ ਵਧਾਉਂਦੇ ਹੋ, ਉਹ ਵੀ ਇੱਕ ਵਕਤ ਸੀ, ਹਿੰਦੁਸਤਾਨ ਮੋਬਾਈਲ ਫ਼ੋਨ ਦਰਾਮਦ ਕਰਦਾ ਸੀ ਅਤੇ ਅੱਜ ਮੇਰੇ ਦੇਸ਼ ਦੀਆਂ ਬੇਟੀਆਂ-ਬੇਟੇ ਉਹ ਮੋਬਾਈਲ ਫ਼ੋਨ ਬਣਾਉਂਦੇ ਹਨ, ਦੁਨੀਆ ਵਿੱਚ ਵੀ ਭਾਰਤ ਦਾ ਬਣਿਆ ਮੋਬਾਈਲ ਫ਼ੋਨ ਜਾ ਰਿਹਾ ਹੈ ਦੋਸਤੋ। ਦੇਸ਼ ਦੀ ਨਿਰਮਾਣ ਸਮਰੱਥਾ ਤੁਹਾਡੇ ਕਾਰਨ ਵਧਦੀ ਹੈ। ਇਸ ਲਈ, ਅੱਜ ਆਈਟੀਆਈ ਨੂੰ ਇੰਨੀ ਮਹੱਤਤਾ ਦਿੱਤੀ ਜਾ ਰਹੀ ਹੈ। 2014 ਤੋਂ ਬਾਅਦ ਸਾਡੀ ਸਰਕਾਰ ਨੇ ਸਿਰਫ਼ ਇੱਕ ਦਹਾਕੇ ਵਿੱਚ ਲਗਭਗ 5 ਹਜ਼ਾਰ ਨਵੀਂਆਂ ਆਈਟੀਆਈ ਬਣਾਈਆਂ ਹਨ। ਆਈਟੀਆਈ ਵਿੱਚ ਪੜ੍ਹਨ ਵਾਲਿਆਂ ਦੀ ਗਿਣਤੀ ਵੀ 5 ਲੱਖ ਤੋਂ ਵੱਧ ਵਧੀ ਹੈ ਅਤੇ ਇਸ ਵਿੱਚ ਵੀ ਕੁੜੀਆਂ ਦੀ ਗਿਣਤੀ ਢਾਈ ਗੁਣਾ ਤੋਂ ਵੱਧ ਹੋ ਚੁੱਕੀ ਹੈ।

ਸਾਥੀਓ, 

ਆਈਟੀਆਈ ਵਿੱਚ ਸਿਖਲਾਈ, ਗੁਣਵੱਤਾ, ਫੈਕਲਟੀ ਅਤੇ ਇਨਫ੍ਰਾਸਟ੍ਰਕਚਰ, ਇਹ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਰਿਹਾ ਹੈ। ਪਹਿਲਾਂ ਇਸ ਵਿੱਚ ਵੀ ਆਈਟੀਆਈ ਨੈੱਟਵਰਕ ਪਛੜਦਾ ਜਾ ਰਿਹਾ ਸੀ। ਸਕਿੱਲ ਅਤੇ ਵੋਕੇਸ਼ਨਲ ਕੋਰਸਾਂ ਦੇ ਨਾਮ ’ਤੇ ਉਹ ਪੁਰਾਣੇ ਟ੍ਰੇਡ ਪੜ੍ਹਾਏ ਜਾ ਰਹੇ ਸਨ। ਅੱਜ ਆਈਟੀਆਈਜ਼ ਵਿੱਚ 30 ਤੋਂ ਵੱਧ ਨਿਊ ਏਜ ਟ੍ਰੇਡਜ਼ ਦੀ ਪੜ੍ਹਾਈ ਹੋਣ ਲੱਗੀ ਹੈ। ਜੈਨੱ ਜ਼ੀ ਨੇ ਜਿਸ ਦਾ ਜ਼ਿਕਰ ਵੀ ਕੀਤਾ। ਐਰੋਨੌਟੀਕਲ ਸਟ੍ਰਕਚਰ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਸਿਸਟੈਂਟ ਦੀ ਗੱਲ ਹੋਵੇ, ਸਾਈਬਰ ਸਿਕਿਓਰਿਟੀ ਅਸਿਸਟੈਂਟ ਦੀ ਗੱਲ ਹੋਵੇ, ਡ੍ਰੋਨ ਤਕਨੀਸ਼ੀਅਨ ਦੀ ਗੱਲ ਹੋਵੇ, ਗ੍ਰੀਨ ਹਾਈਡ੍ਰੋਜਨ ਤਕਨੀਸ਼ੀਅਨ ਦੀ ਗੱਲ ਹੋਵੇ, ਇੰਡਸਟ੍ਰੀਅਲ ਰੋਬੋਟਿਕਸ ਦੀ ਗੱਲ ਹੋਵੇ, ਇਲੈਕਟ੍ਰਿਕ ਵ੍ਹੀਕਲਜ਼ ਹੋਣ, ਐਨੀਮੇਸ਼ਨ ਐਂਡ ਸਪੈਸ਼ਲ ਇਫੈਕਟਸ, ਸੈਮੀਕੰਡਕਟਰ ਤਕਨੀਸ਼ੀਅਨ, ਆਈਟੀਆਈ ਵਿੱਚ ਅਜਿਹੇ ਹਰ ਕੋਰਸ ਵਰਤਮਾਨ ਅਤੇ ਭਵਿੱਖ ਦੀਆਂ ਲੋੜਾਂ ਨੂੰ ਦੇਖਦੇ ਹੋਏ ਸ਼ੁਰੂ ਕੀਤੇ ਗਏ ਹਨ। ਤੁਹਾਡੇ ਸ਼ਹਿਰ ਵਿੱਚ ਕਿੰਨਾ ਹੀ ਵੱਡਾ ਹਸਪਤਾਲ ਕਿਉਂ ਨਾ ਹੋਵੇ, ਦੁਨੀਆ ਭਰ ਵਿੱਚ ਵੱਡੀ-ਵੱਡੀ ਪੜ੍ਹਾਈ ਕਰਕੇ ਆਇਆ ਉਹ ਕਿੰਨਾ ਹੀ ਵੱਡਾ ਡਾਕਟਰ ਕਿਉਂ ਨਾ ਹੋਵੇ, ਪਰ ਉੱਥੇ ਹਸਪਤਾਲ ਵਿੱਚ ਜੋ ਮਸ਼ੀਨਾਂ ਹੁੰਦੀਆਂ ਹਨ ਨਾ, ਉਸ ਨੂੰ ਚਲਾਉਣ ਵਾਲੇ ਆਈਟੀਆਈ ਦੇ ਬੱਚੇ ਨਾ ਹੋਣ, ਤਾਂ ਇੱਕ ਵੀ ਮਰੀਜ਼ ਠੀਕ ਨਹੀਂ ਹੋ ਸਕਦਾ ਹੈ, ਕਿੰਨਾ ਹੀ ਵੱਡਾ ਡਾਕਟਰ ਕਿਉਂ ਨਾ ਹੋਵੇ, ਇਹ ਤਾਕਤ ਤੁਹਾਡੇ ਕੋਲ ਹੈ। ਮੈਂ ਤੁਹਾਨੂੰ ਉਸ ਤਾਕਤ ਦਾ ਅਹਿਸਾਸ ਕਰਵਾਉਣ ਲਈ ਨਿਕਲਿਆ ਹਾਂ ਦੋਸਤੋ, ਮੈਂ ਤੁਹਾਡੀ ਉਸ ਸਮਰੱਥਾ ਦੀ ਪੂਜਾ ਕਰਨ ਲਈ ਨਿਕਲਿਆ ਹਾਂ, ਮੈਂ ਤੁਹਾਡੀ ਉਸ ਸਮਰੱਥਾ ਨੂੰ ਸਨਮਾਨ ਦੇਣ ਲਈ ਨਿਕਲਿਆ ਹਾਂ। ਕਿਉਂਕਿ ਮੈਨੂੰ ਪਤਾ ਹੈ ਕਿ ਆਈਟੀਆਈ ਆਉਣ ਵਾਲੇ ਭਵਿੱਖ ਲਈ ਇੱਕ ਮਾਣਮੱਤੀ ਗਾਥਾ ਲਿਖਣ ਵਾਲਾ ਹੈ।

ਅਤੇ ਸਾਥੀਓ, 

ਇਹ ਜੋ ਕੰਮ ਹੋ ਰਹੇ ਹਨ, ਉਹ ਸਿਰਫ਼ ਭਾਰਤ ਦੀਆਂ ਲੋੜਾਂ ਦੇ ਹਿਸਾਬ ਨਾਲ ਨਹੀਂ ਹਨ, ਇਹ ਪੂਰੀ ਦੁਨੀਆ ਦੀਆਂ ਲੋੜਾਂ ਨੂੰ ਦੇਖਦੇ ਹੋਏ ਡਿਜ਼ਾਈਨ ਕੀਤੇ ਜਾ ਰਹੇ ਹਨ। ਤੁਸੀਂ ਆਏ ਦਿਨ ਸੁਣਦੇ ਹੋ ਕਿ ਭਾਰਤ ਇਸ ਦੇਸ਼ ਨਾਲ ਵਪਾਰ ਸਮਝੌਤੇ ਕਰ ਰਿਹਾ ਹੈ, ਉਸ ਦੇਸ਼ ਨਾਲ ਐੱਫਟੀਏ ਦੀ ਚਰਚਾ ਚੱਲ ਰਹੀ ਹੈ, ਇਹ ਸਭ ਤੁਹਾਡੇ ਨੌਜਵਾਨਾਂ ਲਈ ਹੀ ਹੋ ਰਿਹਾ ਹੈ, ਇਹ ਤੁਹਾਡੇ ਲਈ ਨਵਾਂ ਮੌਕਾ ਬਣਾ ਰਿਹਾ ਹੈ।

ਸਾਥੀਓ, 

ਸਾਡਾ ਯਤਨ ਹੈ ਕਿ ਆਈਟੀਆਈ ਦਾ ਪਾਠਕ੍ਰਮ ਵੀ ਬਦਲੇ, ਉਸ ਦੀਆਂ ਮਸ਼ੀਨਾਂ ਵੀ ਬਦਲਣ, ਟ੍ਰੇਨਰ ਵੀ ਨਵੀਂ ਤਕਨਾਲੋਜੀ ਸਿੱਖਣ ਅਤੇ ਟ੍ਰੇਨਿੰਗ ਦਾ ਉਦਯੋਗ ਨਾਲ ਸਿੱਧਾ ਸਬੰਧ ਵੀ ਬਣਨਾ ਚਾਹੀਦਾ ਹੈ। ਤਾਂ ਹੀ ਪੀਐੱਮ ਸੇਤੂ ਸਕੀਮ ਦੇ ਤਹਿਤ 60 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਦਾ ਬਹੁਤ ਵੱਡਾ ਲਾਭ ਤੁਹਾਨੂੰ ਸਾਰੇ ਨੌਜਵਾਨਾਂ ਨੂੰ ਹੋਣ ਜਾ ਰਿਹਾ ਹੈ।

ਸਾਥੀਓ, 

ਅੱਜ ਭਾਰਤ ਜਿਸ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਉਸ ਵਿੱਚ ਵੀ ਤੁਸੀਂ ਨੌਜਵਾਨਾਂ ਲਈ, ਹੁਨਰਮੰਦ ਵਰਕਰਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਬਣ ਰਹੇ ਹਨ। ਹੁਣੇ ਤੁਸੀਂ ਸੁਣਿਆ ਹੋਵੇਗਾ, ਬੀਤੇ 12-13 ਸਾਲਾਂ ਵਿੱਚ ਹੀ ਭਾਰਤ ਵਿੱਚ 50 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ, ਇਹ ਬਹੁਤ ਵੱਡੀ ਘਟਨਾ ਹੈ। ਆਜ਼ਾਦੀ ਤੋਂ ਬਾਅਦ ਦੀ ਹਿੰਦੁਸਤਾਨ ਦੀ ਜੇਕਰ ਸਭ ਤੋਂ ਵੱਡਾ ਕੋਈ ਉਪਲਬਧੀ ਹੈ, ਤਾਂ ਮੇਰੀ ਦ੍ਰਿਸ਼ਟੀ ਵਿੱਚ ਇਹ 50 ਕਰੋੜ ਲੋਕਾਂ ਦੀ ਗ਼ਰੀਬੀ ਤੋਂ ਬਾਹਰ ਆਉਣ ਦੀ ਹੈ। ਅਤੇ ਵਿਕਸਤ ਭਾਰਤ ਦਾ ਰਸਤਾ ਵੀ ਇਸੇ ਵਿੱਚੋਂ ਲੰਘਣ ਵਾਲਾ ਹੈ। ਸਰਕਾਰ ਨੇ ਇਨ੍ਹਾਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਗ਼ਰੀਬ ਨੂੰ ਸਸ਼ਕਤ ਕੀਤਾ, ਇਨ੍ਹਾਂ ਨੂੰ ਭਰੋਸਾ ਮਿਲਿਆ ਕਿ ਉਹ ਗ਼ਰੀਬੀ ਤੋਂ ਬਾਹਰ ਨਿਕਲ ਸਕਦੇ ਹਨ। ਅਤੇ ਇਸ ਮਹਾਅਭਿਆਨ ਵਿੱਚ ਦੇਸ਼ ਵਿੱਚ ਹੁਨਰਮੰਦ ਵਰਕਰਾਂ ਲਈ ਵੀ ਲੱਖਾਂ ਨਵੇਂ ਮੌਕੇ ਬਣੇ। ਜਿਵੇਂ 4 ਕਰੋੜ ਗ਼ਰੀਬਾਂ ਦੇ ਘਰ ਬਣੇ, ਤਾਂ ਉੱਥੇ ਇਲੈਕਟ੍ਰੀਸ਼ੀਅਨ ਨੂੰ, ਕਾਰਪੇਂਟਰ ਨੂੰ ਕੰਮ ਮਿਲਿਆ। ਕਿਤੇ ਪਾਣੀ ਦੀ ਪਾਈਪ ਲਾਈਨ ਵਿਛੀ, ਕਿਤੇ ਪਹਿਲੀ ਵਾਰ ਬਿਜਲੀ ਲਾਈਨ ਪਹੁੰਚੀ, ਤਾਂ ਕੰਮ ਤੁਹਾਡੇ ਵਰਗੇ ਨੌਜਵਾਨਾਂ ਵੱਲੋਂ ਹੀ ਸਫ਼ਲ ਹੋਇਆ।

ਸਾਥੀਓ, 

ਅੱਜ ਦੇਸ਼ ਵਿੱਚ ਨਵੇਂ-ਨਵੇਂ ਸੈਕਟਰਾਂ ਵਿੱਚ ਵੱਖ-ਵੱਖ ਹੁਨਰਾਂ ਦੀ ਮੰਗ ਵਧ ਰਹੀ ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਹਾਂ। ਕੁਝ ਮਹੀਨੇ ਪਹਿਲਾਂ ਜਦੋਂ ਪੱਛਮੀ ਏਸ਼ੀਆ ਵਿੱਚ ਜੰਗ ਸ਼ੁਰੂ ਹੋਈ, ਗੈਸ ਦੀ ਸਪਲਾਈ ਰੁਕ ਗਈ, ਐੱਲਪੀਜੀ ਮਿਲੇਗੀ, ਨਹੀਂ ਮਿਲੇਗੀ, ਸੰਕਟ ਦੇ ਬੱਦਲ ਛਾ ਗਏ ਅਤੇ ਸਾਡੇ ਜੋ ਖ਼ਾਸ ਪ੍ਰੇਮੀ ਲੋਕ ਹਨ, ਉਹ ਤਾਂ ਕੁੱਦ ਪਏ। ਹੁਣ ਗੈਸ ਮਿਲਣ ਵਾਲੀ ਨਹੀਂ ਹੈ, ਚੁੱਲ੍ਹਾ ਬਲਣ ਵਾਲਾ ਨਹੀਂ ਹੈ, ਲੋਕ ਭੁੱਖੇ ਮਰਨ ਵਾਲੇ ਹਨ, ਪੈਟਰੋਲ ਪੰਪ ’ਤੇ ਲਾਈਨਾਂ ਲੱਗਣ ਵਾਲੀਆਂ ਹਨ, ਦੇਖਿਆ ਹੋਵੇਗਾ ਤੁਸੀਂ ਜ਼ਰਾ ਅਖ਼ਬਾਰ ਕੱਢ ਕੇ ਦੇਖ ਲਓ, ਕੀ-ਕੀ ਕਿਹਾ ਜਾਂਦਾ ਸੀ, ਪਰ ਅਜਿਹਾ ਕੁਝ ਨਹੀਂ ਹੋਇਆ। ਪਰ ਦੂਜੇ ਪਾਸੇ ਜਦੋਂ ਹੋਰਮੁਜ਼ ਦਾ ਸੰਕਟ ਆ ਗਿਆ, ਐੱਲਪੀਜੀ ਆਵੇਗੀ ਜਾਂ ਨਹੀਂ ਆਵੇਗੀ, ਤਾਂ ਅਸੀਂ ਵੀ ਤਾਂ ਕੋਈ ਸੁੱਤੇ ਰਹਿਣਾ ਨਹੀਂ ਚਾਹੁੰਦੇ ਸੀ, ਅਸੀਂ ਵੀ ਕਦਮ ਚੁੱਕਣਾ ਚਾਹੁੰਦੇ ਸੀ ਅਤੇ ਉਦੋਂ ਸਰਕਾਰ ਨੇ ਤੈਅ ਕੀਤਾ ਕਿ ਇੱਕ ਦਿਨ ਵਿੱਚ ਘੱਟੋ-ਘੱਟ ਸ਼ਹਿਰਾਂ ਦੇ ਅੰਦਰ ਜੋ ਲੋਕ ਰਹਿੰਦੇ ਹਨ, ਉਨ੍ਹਾਂ ਦੇ ਘਰਾਂ ਵਿੱਚ ਰੋਜ਼ਾਨਾ ਇੱਕ ਲੱਖ ਪੀਐੱਨਜੀ ਕੁਨੈਕਸ਼ਨ ਜ਼ਰੂਰ ਦਈਏ, ਪਾਈਪ ਗੈਸ ਦੇਣ ਲਈ ਹਰ ਘਰ ਵਿੱਚ ਪਾਈਪ ਲਾਈਨ ਲਗਾ ਕੇ ਗੈਸ ਦੇਣ ਦੀ ਵਿਵਸਥਾ ਕਰਨ, ਤਾਂ ਜੋ ਸੰਕਟ ਆ ਜਾਵੇ, ਤਾਂ ਅਸੀਂ ਟਿਕ ਸਕੀਏ ਅਤੇ ਮੈਂ ਖ਼ੁਦ ਉਸ ਦੀ ਸਮੀਖਿਆ ਮੀਟਿੰਗ ਲੈਂਦਾ ਸੀ, ਕਿਉਂਕਿ ਮੇਰਾ ਇਰਾਦਾ ਸੀ ਹਰ ਦਿਨ ਇੱਕ ਲੱਖ ਹੋਣੇ ਚਾਹੀਦੇ ਹਨ, ਤਾਂ ਜੋ ਮੈਂ ਕੋਈ ਵੱਡਾ ਸੰਕਟ ਆਉਣ ਤੋਂ ਪਹਿਲਾਂ ਵਿਵਸਥਾ ਕਰ ਸਕਾਂ। ਅਤੇ ਜਦੋਂ ਮੈਂ ਸਮੀਖਿਆ ਮੀਟਿੰਗ ਬੁਲਾਉਂਦਾ ਸੀ, ਤਾਂ ਇੱਕ ਹੀ ਗੱਲ ਸਾਹਮਣੇ ਆਉਂਦੀ ਸੀ, ਮੈਂ ਕਹਿੰਦਾ ਸੀ 15-20 ਹਜ਼ਾਰ ਤੋਂ ਵੱਧ ਤੁਹਾਡਾ ਅੰਕੜਾ ਵਧਦਾ ਕਿਉਂ ਨਹੀਂ ਹੈ, ਕਦੇ 22 ਹਜ਼ਾਰ, ਕਦੇ 23 ਹਜ਼ਾਰ, ਕਦੇ 20 ਹਜ਼ਾਰ, ਇੱਕ ਦਿਨ ਵਿੱਚ ਇੱਕ ਲੱਖ ਨਹੀਂ ਪਹੁੰਚ ਪਾ ਰਹੇ ਸਨ, ਸਰਕਾਰ ਪੈਸੇ ਦੇਣ ਨੂੰ ਤਿਆਰ ਸੀ। ਤੁਹਾਨੂੰ ਪਤਾ ਹੈ, ਕੀ ਜਵਾਬ ਮਿਲਿਆ, ਕਹਿੰਦੇ ਸਾਹਬ ਅਸੀਂ ਸਾਰੀ ਤਾਕਤ ਲਗਾ ਦਿੱਤੀ, ਸਾਨੂੰ ਪਲੰਬਰ ਨਹੀਂ ਮਿਲ ਰਹੇ ਹਨ, ਪਲੰਬਰਾਂ ਦੀ ਕਮੀ ਪੈ ਰਹੀ ਹੈ। ਦੇਖੋ, ਕੀ ਤਾਕਤ ਹੈ ਤੁਹਾਡੀ, ਦੇਸ਼ ਤਰਸ ਰਿਹਾ ਸੀ ਕਿ ਸਾਨੂੰ ਪਲੰਬਰ ਚਾਹੀਦੇ ਹਨ। ਭਾਵ ਜੇਕਰ ਤੁਸੀਂ ਹੁਨਰਮੰਦ ਹੋ, ਤਾਂ ਤੁਹਾਡੇ ਕੋਲ ਰੁਜ਼ਗਾਰ ਪਾਉਣ ਲਈ ਮੌਕੇ ਓਨੇ ਹੀ ਜ਼ਿਆਦਾ ਹਨ। ਅੱਜ ਸਾਨੂੰ ਸੋਲਰ ਪਾਵਰ ਨਾਲ ਜੁੜੇ ਸੈਕਟਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹੁਨਰਮੰਦ ਮੈਨਪਾਵਰ ਚਾਹੀਦੀ ਹੈ। ਅੱਜ ਦੇਸ਼ ਵਿੱਚ ਪੂਰੀ ਇੱਕ ਨਵੀਂ ਸਪੋਰਟਸ ਇਕੌਨਮੀ ਬਣ ਰਹੀ ਹੈ। ਸਾਨੂੰ ਖੇਡਾਂ ਲਈ ਸਾਜ਼ੋ-ਸਮਾਨ ਬਣਾਉਣ ਵਾਲੇ, ਖੇਡ ਨਾਲ ਜੁੜਿਆ ਜੋ ਹੋਰ ਸਾਮਾਨ ਹੈ ਉਸ ਦੀ ਉਦਯੋਗ ਲਈ, ਫਿਟਨੈੱਸ ਲਈ ਭਾਵ ਸਪੋਰਟਸ ਈਕੋਸਿਸਟਮ ਵਿੱਚ ਵੀ ਤੁਹਾਡੇ ਲਈ ਨਵੇਂ ਮੌਕਿਆਂ ਦੇ ਭਾਵ ਇੱਕ ਤਰ੍ਹਾਂ ਨਾਲ ਅਸਮਾਨ ਤੱਕ ਦੇ ਲਈ ਤੁਹਾਡੇ ਰਸਤੇ ਖੁੱਲ੍ਹੇ ਪਏ ਹਨ ਜੀ। ਸਾਡੇ ਨੌਜਵਾਨਾਂ ਨੂੰ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਲੈਣਾ ਹੈ।

ਸਾਥੀਓ, 

ਅੱਜ ਭਾਰਤ, ਵਿਸ਼ਵ ਦੀ ਹੁਨਰ ਰਾਜਧਾਨੀ ਬਣਨ ਵੱਲ ਅੱਗੇ ਵਧ ਰਿਹਾ ਹੈ, ਹੁਨਰ ਰਾਜਧਾਨੀ ਮਤਲਬ ਤੁਸੀਂ ਲੋਕ ਹੋ ਉਸ ਦੇ ਕੇਂਦਰ ਵਿੱਚ। ਅਤੇ ਮੈਂ ਹਿੰਦੁਸਤਾਨ ਦੀ ਗੱਲ ਨਹੀਂ, ਦੁਨੀਆ ਦੀ ਗੱਲ ਕਰ ਰਿਹਾ ਹਾਂ, ਤੁਹਾਡੇ ਭਰੋਸੇ ’ਤੇ ਕਰ ਰਿਹਾ ਹਾਂ ਦੋਸਤੋ। ਅਤੇ ਇੱਕ ਖ਼ੁਸ਼ਖ਼ਬਰੀ ਸਾਰੇ ਨੌਜਵਾਨਾਂ ਲਈ ਹੈ, ਉੱਤਰ ਪ੍ਰਦੇਸ਼ ਲਈ ਹੈ। ਅਗਲੇ ਸਾਲ ਭਾਵ 2027 ਵਿੱਚ, ਅਗਲੇ ਸਾਲ 2027 ਵਿੱਚ ਭਾਰਤ ਵਰਲਡ ਸਕਿੱਲਜ਼ ਏਸ਼ੀਆ ਮੁਕਾਬਲੇ ਦੀ ਮੇਜ਼ਬਾਨੀ ਕਰਨ ਵਾਲਾ ਹੈ, ਦੁਨੀਆ ਦੇ ਏਸ਼ੀਆ ਦੇ ਨੌਜਵਾਨ ਇੱਥੇ ਆਉਣ ਵਾਲੇ ਹਨ ਅਤੇ ਇਹ ਆਯੋਜਨ, ਇਹ ਆਯੋਜਨ 2027 ਵਿੱਚ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਹੋਵੇਗਾ। ਦੁਨੀਆ ਦੇ ਕਈ ਦੇਸ਼ਾਂ ਦੇ ਨੌਜਵਾਨਾਂ ਨੂੰ ਯੂਪੀ ਹੋਸਟ ਕਰਨ ਵਾਲਾ ਹੈ। ਮੈਂ ਯੂਪੀ ਨੂੰ ਇਸ ਦੇ ਲਈ ਵੀ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ, 

ਉੱਤਰ ਪ੍ਰਦੇਸ਼ ਅੱਜ ਦੇਸ਼ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ। ਇੱਕ ਸਮਾਂ ਸੀ, ਜਦੋਂ ਇੱਥੋਂ ਦੇ ਨੌਜਵਾਨਾਂ ਦੇ ਸਾਹਮਣੇ ਮੌਕਿਆਂ ਦੀ ਬਹੁਤ ਕਮੀ ਸੀ। ਸਾਡੇ ਯੋਗੀ ਜੀ, ਮੌਰਿਆ ਜੀ, ਬ੍ਰਜੇਸ਼ ਜੀ, ਪੰਕਜ ਚੌਧਰੀ ਜੀ, ਇਨ੍ਹਾਂ ਸਭ ਨੇ ਮਿਲ ਕੇ, ਇਨ੍ਹਾਂ ਸਭ ਦੀ ਅਗਵਾਈ ਵਿੱਚ, ਡਬਲ ਇੰਜਣ ਸਰਕਾਰ ਨੇ ਇਸ ਸਥਿਤੀ ਨੂੰ ਬਦਲ ਦਿੱਤਾ ਹੈ। ਅੱਜ ਯੂਪੀ ਵਾਲੇ ਮਾਣ ਨਾਲ ਕਹਿੰਦੇ ਹਨ ਕਿ ਯੂਪੀ ਐਕਸਪ੍ਰੈੱਸਵੇਅ ਪ੍ਰਦੇਸ਼ ਹੈ, ਯੂਪੀ ਵਿੱਚ ਇੰਨੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਇੱਥੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਬਣ ਰਹੀਆਂ ਹਨ, ਸੈਰ-ਸਪਾਟਾ ਫਲ-ਫੁੱਲ ਰਿਹਾ ਹੈ, ਇੱਥੇ ਮੋਬਾਈਲ ਬਣਾਉਣ ਵਾਲੀਆਂ ਵੱਡੀਆਂ ਫੈਕਟਰੀਆਂ ਹਨ, ਯੂਪੀ ਵਿੱਚ ਚਿੱਪ ਬਣਾਉਣ ਵਾਲੀ ਫੈਕਟਰੀ ਬਣ ਰਹੀ ਹੈ ਅਤੇ ਜਿਸ ਦੀ ਸਭ ਤੋਂ ਵੱਧ ਚਰਚਾ ਹੈ ਆਪਰੇਸ਼ਨ ਸਿੰਦੂਰ, ਆਪਰੇਸ਼ਨ ਸਿੰਦੂਰ ਵਿੱਚ ਦੁਸ਼ਮਣ ਦੀ ਨੀਂਦ ਉਡਾਉਣ ਵਾਲੀ ਬ੍ਰਹਮੋਸ ਵੀ ਹੁਣ ਯੂਪੀ ਵਿੱਚ ਬਣ ਰਹੀ ਹੈ। ਯੂਪੀ ਵਿੱਚ ਹੋ ਰਹੇ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਕਰਕੇ ਅੱਜ ਤੁਹਾਡੇ ਸਭ ਨੌਜਵਾਨਾਂ ਲਈ ਨਵੇਂ ਮੌਕੇ ਬਣ ਰਹੇ ਹਨ।

ਸਾਥੀਓ, 

ਯੂਪੀ ਵਿੱਚ ਪਹਿਲਾਂ ਕੀ ਹੁੰਦਾ ਸੀ? ਉਹ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ। ਕੁਝ ਦਿਨ ਪਹਿਲਾਂ ਮੈਂ ਆਪਣੇ ਸੰਸਦੀ ਹਲਕੇ ਕਾਸ਼ੀ ਵਿੱਚ ਸੀ। ਉੱਥੇ ਇੱਕ ਫੈਕਟਰੀ ਦਾ ਉਦਘਾਟਨ ਹੋਇਆ, ਉੱਥੇ ਇੱਕ ਬੇਟੀ ਨੇ ਮੈਨੂੰ ਦੱਸਿਆ ਕਿ ਉਹ ਹੁਣ ਰਾਤ 11 ਵਜੇ ਵੀ ਇੱਥੇ ਕੰਮ ਕਰਕੇ ਆਰਾਮ ਨਾਲ ਘਰ ਪਰਤਦੀ ਹੈ, ਇਹ ਆਮ ਗੱਲ ਨਹੀਂ ਹੈ, ਉਹ ਉੱਤਰ ਪ੍ਰਦੇਸ਼ ਵਾਲਿਆਂ ਨੂੰ ਪਤਾ ਹੈ ਕਿ ਸੂਰਜ ਢਲਣ ਤੋਂ ਬਾਅਦ ਬੇਟੀ ਦੇ ਘਰੋਂ ਬਾਹਰ ਨਿਕਲਣ ਦਾ ਮਤਲਬ ਕੀ ਹੁੰਦਾ ਹੈ। ਉਹ ਬੇਟੀ ਕਹਿ ਰਹੀ ਸੀ, ਰਾਤ 11 ਵਜੇ ਮੈਂ ਫੈਕਟਰੀ ਵਿੱਚ ਕੰਮ ਕਰਨ ਤੋਂ ਬਾਅਦ ਇਕੱਲੀ ਘਰ ਜਾਂਦੀ ਹਾਂ। ਯੋਗੀ ਜੀ ਦੀ ਅਗਵਾਈ ਵਿੱਚ ਇੱਥੇ ਭਾਜਪਾ ਸਰਕਾਰ ਨੇ ਸੁਰੱਖਿਆ ਦਾ ਇਹ ਵਾਤਾਵਰਨ ਬਣਾਇਆ ਹੈ। ਸੁਰੱਖਿਆ ਦਾ ਅਹਿਸਾਸ ਅਤੇ ਖ਼ੁਸ਼ਹਾਲ ਦਾ ਵਿਸ਼ਵਾਸ ਹੀ ਵਿਕਸਤ ਭਾਰਤ ਬਣਾਏਗਾ। ਇਸ ਲਈ ਮੈਂ ਦੇਸ਼ ਦੇ ਹਰ ਨੌਜਵਾਨ ਨੂੰ ਕਹਿੰਦਾ ਹਾਂ ਕਿ ਤੁਹਾਡੇ ਸਾਹਮਣੇ ਇਸ ਸਮੇਂ ਪੂਰਾ ਅਸਮਾਨ ਹੈ, ਵੱਡੇ ਸੁਪਨੇ ਦੇਖੋ, ਆਪਣੇ ਹੁਨਰ ਦਾ ਵਿਕਾਸ ਕਰੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੂਰੀ ਤਾਕਤ ਲਗਾ ਦਿਓ। ਅਤੇ ਕਦੇ ਵੀ ਇਹ ਮਹਿਸੂਸ ਨਾ ਕਰਨਾ ਕਿ ਤੁਸੀਂ ਇਕੱਲੇ ਹੋ, ਜਦੋਂ ਵੀ ਤੁਹਾਨੂੰ ਲੱਗੇਗਾ, ਤੁਸੀਂ ਇਕੱਲੇ ਹੋ, ਤੁਸੀਂ ਸਮਝ ਲੈਣਾ ਮੈਂ ਤੁਹਾਡੇ ਨਾਲ ਖੜ੍ਹਾ ਹਾਂ। ਇਸੇ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਆਪ ਸਭ ਜਨ ਜਦੋਂ ਨਵੇਂ ਜੀਵਨ ਵੱਲ ਅੱਗੇ ਵਧ ਰਹੇ ਹਨ, ਤੁਹਾਡੇ ਮਾਤਾ-ਪਿਤਾ ਦੇ ਸਾਰੇ ਸੁਪਨੇ ਤੁਸੀਂ ਪੂਰੇ ਕਰੋ, ਤੁਸੀਂ ਜੋ ਕੁਝ ਪਾਇਆ ਹੈ, ਉਸ ਨੂੰ ਸਮਾਜ ਦੀ ਸ਼ਕਤੀ ਬਣਾਉਣ ਵਿੱਚ ਸਮਰਪਿਤ ਕਰ ਦਿਓ, ਤੁਸੀਂ ਵੀ ਵਧੋਗੇ, ਦੇਸ਼ ਵੀ ਵਧੇਗਾ, ਤੁਹਾਡਾ ਪਰਿਵਾਰ ਵੀ ਮਾਣ ਨਾਲ ਭਰ ਜਾਵੇਗਾ। ਇਸੇ ਭਾਵਨਾ ਨਾਲ ਤੁਹਾਨੂੰ ਸਭ ਨੂੰ ਇਸ ਵਿਸ਼ੇਸ਼ ਮੌਕੇ ’ਤੇ ਅੱਜ ਮੈਂ ਹੁਣੇ ਦੇਖ ਰਿਹਾ ਸੀ ਟੀਵੀ ’ਤੇ ਕਈ ਆਈਟੀਆਈਜ਼ ਵਿੱਚ ਸਭ ਨੌਜਵਾਨ ਬੈਠੇ ਹੋਏ ਹਨ, ਮੈਂ ਤੁਹਾਨੂੰ, ਉਨ੍ਹਾਂ ਨੂੰ, ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਨਾਲ ਬੋਲੋ- 

ਭਾਰਤ ਮਾਤਾ ਦੀ ਜੈ! 

ਭਾਰਤ ਮਾਤਾ ਦੀ ਜੈ!

 ਭਾਰਤ ਮਾਤਾ ਦੀ ਜੈ!

 ਭਾਰਤ ਮਾਤਾ ਦੀ ਜੈ! 

ਬਹੁਤ-ਬਹੁਤ ਧੰਨਵਾਦ!

***

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ


(Release ID: 2340516) ਵਿਜ਼ੀਟਰ ਕਾਊਂਟਰ : 3