Posted On:
19 NOV 2026 11:36AM by PIB Chandigarh
ਐੱਨਐੱਚ-64 (ਨਵਾਂ ਐੱਨਐੱਚ-07) ਦੇ ਪਟਿਆਲਾ ਬਾਈਪਾਸ ਸੈਕਸ਼ਨ 'ਤੇ, ਸੈਕਸ਼ਨ ਦੇ ਖੱਬੇ ਪਾਸੇ (LHS) ਭਾਖੜਾ ਮੇਨ ਲਾਈਨ ਨਹਿਰ 'ਤੇ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਬ੍ਰਿਜ ਅੱਜ ਸਵੇਰੇ ਲਗਭਗ 6:00 ਵਜੇ ਢਹਿ ਗਿਆ। ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਐੱਨਐੱਚਏਆਈ (NHAI) ਦੀ ਘਟਨਾ ਪ੍ਰਬੰਧਨ ਟੀਮ ਨੇ ਸਥਿਤੀ 'ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਸੜਕ ਵਰਤੋਂਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਵਾਜਾਈ ਨੂੰ ਸਰਵਿਸ ਰੋਡ ਵੱਲ ਮੋੜ ਦਿੱਤਾ। ਤੁਰੰਤ ਸੁਰੱਖਿਆ ਉਪਾਅ ਵਜੋਂ, ਵਾਹਨਾਂ ਦੀ ਆਵਾਜਾਈ ਨੂੰ ਸੁਚੇਤ ਕਰਨ ਅਤੇ ਨਿਯਮਤ ਕਰਨ ਲਈ ਟ੍ਰੈਫਿਕ ਪੁਲਿਸ ਵੱਲੋਂ ਬੈਰੀਕੇਡਿੰਗ ਕਰਨ ਦੇ ਨਾਲ-ਨਾਲ ਘਟਨਾ ਸਥਾਨ 'ਤੇ ਰੋਡ ਸੇਫਟੀ ਮਾਰਸ਼ਲ ਤਾਇਨਾਤ ਕੀਤੇ ਗਏ ਹਨ। ਪ੍ਰਭਾਵਿਤ ਖੇਤਰ ਨੂੰ ਸੁਰੱਖਿਅਤ ਕਰਨ ਲਈ ਢਹੇ ਹੋਏ ਹਿੱਸੇ ਦੇ ਆਲੇ-ਦੁਆਲੇ ਢੁਕਵੇਂ ਸਾਈਨੇਜ (ਸੰਕੇਤਕ) ਅਤੇ ਰੋਸ਼ਨੀ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਨੁਕਸਾਨੇ ਗਏ ਪੁਲ 'ਤੇ ਆਵਾਜਾਈ ਬਹਾਲ ਕਰਨ ਲਈ, ਐੱਨਐੱਚਏਆਈ 60 ਮੀਟਰ ਸਪੈਨ ਵਾਲੇ ਬੇਲੀ ਬ੍ਰਿਜ (Bailey bridge) ਦਾ ਪ੍ਰਬੰਧ ਕਰ ਰਿਹਾ ਹੈ, ਜਿਸ ਦੀ ਵਰਤੋਂ ਮੂਲ ਰੂਪ ਵਿੱਚ ਵੱਲ੍ਹਾ (ਅੰਮ੍ਰਿਤਸਰ) ਵਿਖੇ ਆਵਾਜਾਈ ਦੇ ਬਦਲਵੇਂ ਪ੍ਰਬੰਧ (ਡਾਇਵਰਸ਼ਨ) ਲਈ ਕੀਤੀ ਜਾਣੀ ਸੀ। ਬੇਲੀ ਬ੍ਰਿਜ ਰਾਹੀਂ ਆਵਾਜਾਈ ਦੀ ਬਹਾਲੀ ਅਗਲੇ 3-4 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ।
ਐੱਨਐੱਚਏਆਈ ਨੇ ਪੁਲ ਢਹਿਣ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸੁਧਾਰਾਤਮਕ ਉਪਾਅ ਸੁਝਾਉਣ ਵਾਸਤੇ ਇੱਕ ਮਾਹਿਰ ਕਮੇਟੀ ਦਾ ਗਠਨ ਵੀ ਕੀਤਾ ਹੈ।
ਚਾਰ-ਮਾਰਗੀ ਪਟਿਆਲਾ ਬਾਈਪਾਸ ਸੈਕਸ਼ਨ ਇਸ ਸਮੇਂ ਐੱਨਐੱਚਏਆਈ ਦੇ ਥੋੜ੍ਹੇ ਸਮੇਂ ਦੇ ਰੱਖ-ਰਖਾਵ ਦੇ ਇਕਰਾਰਨਾਮੇ (Short-Term Maintenance Contract) ਅਧੀਨ ਹੈ ਅਤੇ ਇਸ ਨੂੰ 2018 ਵਿੱਚ ਐੱਨਐੱਚਏਆਈ ਨੂੰ ਸੌਂਪਿਆ ਗਿਆ ਸੀ। ਚਾਰ-ਮਾਰਗੀ ਬਣਾਉਣ ਦਾ ਕੰਮ ਪੀਡਬਲਯੂ.ਡੀ. (PWD) ਪੰਜਾਬ ਦੀ ਨਿਗਰਾਨੀ ਹੇਠ ਬੀਆਰਓ (BRO) ਵੱਲੋਂ ਕੀਤਾ ਗਿਆ ਸੀ।
ਐੱਨਐੱਚਏਆਈ ਸੜਕ ਵਰਤੋਂਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪ੍ਰਭਾਵਿਤ ਹਿੱਸੇ ਵਿੱਚ ਆਵਾਜਾਈ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਦੀ ਸਹੂਲਤ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਿਹਾ ਹੈ।
*************