ਖੇਤੀਬਾੜੀ ਮੰਤਰਾਲਾ
ਐਗਰੀਵਿਜ਼ਨ–2026 ਦੇ 10ਵੇਂ ਰਾਸ਼ਟਰੀ ਸੰਮੇਲਨ ਦਾ ਨਵੀਂ ਦਿੱਲੀ ਵਿੱਚ ਆਯੋਜਨ
ਭਾਰਤੀ ਖੇਤੀਬਾੜੀ ਨੂੰ ਉਤਪਾਦਨ-ਕੇਂਦਰਿਤ ਦ੍ਰਿਸ਼ਟੀਕੋਣ ਤੋਂ ਅੱਗੇ ਵਧ ਕੇ ਖੇਤੀ-ਖੁਰਾਕ ਮੁੱਲ ਲੜੀਆਂ ਵੱਲ ਅੱਗੇ ਵਧਣਾ ਚਾਹੀਦਾ ਹੈ: ਡਾ. ਐੱਮ. ਐੱਲ. ਜਾਟ
Posted On:
13 OCT 2026 6:04PM by PIB Chandigarh
ਐਗਰੀਵਿਜ਼ਨ ਦਾ 10ਵਾਂ ਰਾਸ਼ਟਰੀ ਸੰਮੇਲਨ–2026, 13–14 ਅਕਤੂਬਰ ਨੂੰ ਨਵੀਂ ਦਿੱਲੀ ਸਥਿਤ ਆਈਸੀਏਆਰ-ਐਨਏਐਸਸੀ ਕੰਪਲੈਕਸ, ਪੂਸਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਸੰਮੇਲਨ ਐਗਰੀਵਿਜ਼ਨ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਖੇਤੀਬਾੜੀ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਐਗਰੀਵਿਜ਼ਨ ਦੇ ਦਸਵੇਂ ਰਾਸ਼ਟਰੀ ਸੰਮੇਲਨ ਵਜੋਂ ਇਹ ਸਮਾਗਮ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਿਸ ਵਿੱਚ ਖੇਤੀਬਾੜੀ ਖੇਤਰ ਨਾਲ ਜੁੜੇ ਵੱਖ-ਵੱਖ ਹਿੱਤਧਾਰਕ ਇੱਕ ਸਾਂਝੇ ਮੰਚ 'ਤੇ ਇਕੱਠੇ ਹੋਏ ਹਨ। ਇਸ ਸੰਮੇਲਨ ਵਿੱਚ 25 ਰਾਜਾਂ ਦੇ ਖੇਤੀਬਾੜੀ ਅਤੇ ਸਹਾਇਕ ਵਿਗਿਆਨਾਂ ਨਾਲ ਸਬੰਧਤ ਲਗਭਗ 450 ਵਿਦਿਆਰਥੀ ਭਾਗ ਲੈ ਰਹੇ ਹਨ। ਇਨ੍ਹਾਂ ਦੇ ਨਾਲ ਪ੍ਰਸਿੱਧ ਬੁਲਾਰੇ, ਵਿਗਿਆਨੀ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਸੀਨੀਅਰ ਅਧਿਕਾਰੀ, ਖੇਤੀਬਾੜੀ ਉੱਦਮੀ ਅਤੇ ਕਿਸਾਨ ਵੀ ਸ਼ਾਮਲ ਹਨ।

ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਮਹਾਨਿਰਦੇਸ਼ਕ ਡਾ. ਐੱਮ. ਐੱਲ. ਜਾਟ ਮੌਜੂਦ ਰਹੇ। ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਸਿੱਖਿਆ) ਡਾ. ਵਾਈ. ਐੱਸ. ਮਲਿਕ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀ, ਇੰਫਾਲ ਦੇ ਵਾਈਸ ਚਾਂਸਲਰ ਡਾ. ਅਨੁਪਮ ਮਿਸ਼ਰਾ ਅਤੇ ਰਾਣੀ ਲਕਸ਼ਮੀਬਾਈ ਕੇਂਦਰੀ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏ. ਕੇ. ਸਿੰਘ ਸ਼ਾਮਲ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਐੱਮ. ਐੱਲ. ਜਾਟ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤੀ ਖੇਤੀਬਾੜੀ ਨੂੰ ਸਿਰਫ਼ ਉਤਪਾਦਨ-ਕੇਂਦਰਿਤ ਪਹੁੰਚ ਤੱਕ ਸੀਮਿਤ ਰੱਖਣ ਦੀ ਬਜਾਏ, ਇਸ ਨੂੰ ਵਿਆਪਕ ਖੇਤੀ-ਖੁਰਾਕ ਪ੍ਰਣਾਲੀ ਅਤੇ ਮੁੱਲ ਲੜੀ ਦੇ ਨਜ਼ਰੀਏ ਤੋਂ ਅੱਗੇ ਵਧਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਬਜ਼ਾਰ ਖੋਜ ਅਤੇ ਬਜ਼ਾਰ ਨਾਲ ਸਬੰਧਿਤ ਜਾਣਕਾਰੀ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਖੇਤੀਬਾੜੀ ਉਤਪਾਦਨ ਨੂੰ ਬਜ਼ਾਰ ਦੀ ਮੰਗ ਦੇ ਅਨੁਸਾਰ ਢਾਲਣ ਅਤੇ ਕਿਸਾਨਾਂ ਦੀ ਆਮਦਨ ਤੇ ਮੁਨਾਫ਼ੇ ਵਿੱਚ ਵਾਧਾ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀਬਾੜੀ ਉਤਪਾਦਨ ਨੂੰ ਮੰਡੀਕਰਣ ਅਤੇ ਮੁੱਲ ਵਾਧੇ ਨਾਲ ਜੋੜਨ ਦੀ ਲੋੜ ਬਾਰੇ ਵੀ ਚਾਨਣਾ ਪਾਇਆ।
ਡਾ. ਅਨੁਪਮ ਮਿਸ਼ਰਾ ਅਤੇ ਡਾ. ਏ. ਕੇ. ਸਿੰਘ ਨੇ ਐਗਰੀਵਿਜ਼ਨ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਖੇਤੀਬਾੜੀ ਖੇਤਰ ਵਿੱਚ ਉੱਦਮਤਾ, ਨਵੀਨਤਾ ਅਤੇ ਰੁਜ਼ਗਾਰ ਸਿਰਜਣ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਅਧਿਆਪਨ, ਖੋਜ ਅਤੇ ਖੇਤੀਬਾੜੀ ਪ੍ਰਸਾਰ ਦੇ ਖੇਤਰਾਂ ਵਿੱਚ ਉਪਲਬਧ ਮੌਕਿਆਂ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ।

ਇਹ ਸੰਮੇਲਨ ਵਿਦਿਆਰਥੀਆਂ, ਪ੍ਰਸਿੱਧ ਵਿਗਿਆਨੀਆਂ, ਸੀਨੀਅਰ ਅਧਿਕਾਰੀਆਂ, ਉੱਦਮੀਆਂ ਅਤੇ ਕਿਸਾਨਾਂ ਵਿਚਕਾਰ ਸਾਰਥਕ ਸੰਵਾਦ ਸਥਾਪਿਤ ਕਰਨ ਦੇ ਨਾਲ-ਨਾਲ ਖੇਤੀਬਾੜੀ ਮੁੱਲ ਲੜੀ ਨਾਲ ਜੁੜੇ ਵੱਖ-ਵੱਖ ਪੱਖਾਂ ਦੇ ਵਿਚਾਰਾਂ ਅਤੇ ਤਜਰਬਿਆਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰ ਰਿਹਾ ਹੈ। ਇਸ ਸੰਮੇਲਨ ਵਿੱਚ ਖੇਤੀਬਾੜੀ ਸਿੱਖਿਆ, ਤਕਨੀਕੀ ਤਬਦੀਲੀ, ਖੋਜ, ਬਜ਼ਾਰ-ਮੁਖੀ ਖੇਤੀਬਾੜੀ, ਉੱਦਮਤਾ ਅਤੇ ਕਿਸਾਨ-ਕੇਂਦਰਿਤ ਵਿਕਾਸ ਵਰਗੇ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
************
ਐੱਸਐੱਸ/ਐੱਮਐੱਸ/ਬਲਜੀਤ
(Release ID: 2323958)
ਵਿਜ਼ੀਟਰ ਕਾਊਂਟਰ : 7