ਬਿਜਲੀ ਮੰਤਰਾਲਾ
azadi ka amrit mahotsav

ਸੀਈਏ ਵਿਚਾਰ-ਵਟਾਂਦਰਾ ਪ੍ਰੋਗਰਾਮ: ਭਾਰਤ ਦੇ ਬਿਜਲੀ ਖੇਤਰ ਨੂੰ ਏਆਈ-ਯੋਗ ਬਣਾਉਣਾ (ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ)

Posted On: 14 OCT 2026 7:53PM by PIB Chandigarh

"ਭਾਰਤ ਦੇ ਬਿਜਲੀ ਖੇਤਰ ਨੂੰ ਏਆਈ-ਯੋਗ ਬਣਾਉਣਾ" ਵਿਸ਼ੇ ਅਧੀਨ, ਕੇਂਦਰੀ ਬਿਜਲੀ ਅਥਾਰਟੀ (ਸੀਈਏ) ਨੇ 14 ਅਕਤੂਬਰ 2026 ਨੂੰ ਨਵੀਂ ਦਿੱਲੀ ਦੇ ਮਾਨੇਕਸ਼ਾ ਸੈਂਟਰ ਵਿਖੇ ਆਪਣੇ ਦੋ ਦਿਨਾਂ ਅੰਤਰਰਾਸ਼ਟਰੀ ਸੰਮੇਲਨ-ਅਤੇ-ਪ੍ਰਦਰਸ਼ਨੀ ਦੇ ਪਹਿਲੇ ਦਿਨ ਦਾ ਆਯੋਜਨ ਕੀਤਾ।

 

ਭਾਰਤ ਸਰਕਾਰ ਦੇ ਕੇਂਦਰੀ ਬਿਜਲੀ ਅਤੇ ਸ਼ਹਿਰੀ ਵਿਕਾਸ ਤੇ ਆਵਾਸ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਸਿੱਖਿਆ, ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ, ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇਸ ਮੌਕੇ 'ਤੇ ਆਪਣਾ ਸੰਦੇਸ਼ ਦਿੱਤਾ। ਉਦਘਾਟਨ ਦੌਰਾਨ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਸ਼੍ਰੀਪਾਦ ਯੇਸੋ ਨਾਇਕ; ਕੇਂਦਰੀ ਵਣਜ ਤੇ ਉਦਯੋਗ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ; ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ; ਕੇਂਦਰੀ ਊਰਜਾ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਘਨਸ਼ਿਆਮ ਪ੍ਰਸਾਦ; ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਮਯੰਕ ਤਿਵਾਰੀ ਵੀ ਮੌਜੂਦ ਰਹੇ।

ਉਦਘਾਟਨੀ ਸੈਸ਼ਨ ਨੂੰ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਸੀਈਏ ਦੀ ਲੀਡਰਸ਼ਿਪ ਨੇ ਸੰਬੋਧਨ ਕੀਤਾ। ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਮਯੰਕ ਤਿਵਾਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਉੱਭਰਦੀਆਂ ਚੁਣੌਤੀਆਂ ਅਤੇ ਤਕਨੀਕੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੇ ਬਿਜਲੀ ਖੇਤਰ ਨੂੰ ਅੱਗੇ ਵਧਾਉਣ ਦੇ ਮਹੱਤਵ 'ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ, ਸੀਈਏ ਦੇ ਚੇਅਰਮੈਨ ਸ਼੍ਰੀ ਘਨਸ਼ਿਆਮ ਪ੍ਰਸਾਦ ਨੇ ਸੰਮੇਲਨ ਦਾ ਪਿਛੋਕੜ ਪੇਸ਼ ਕੀਤਾ। ਇਹ ਦੱਸਿਆ ਗਿਆ ਕਿ ਸੀਈਏ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ 54 ਉਤਸ਼ਾਹੀਆਂ/ਬ੍ਰਾਂਡ ਅੰਬੈਸਡਰਾਂ ਦੀ ਇੱਕ ਟੀਮ ਗਠਿਤ ਕੀਤੀ ਹੈ। ਉਹ ਬਿਜਲੀ ਖੇਤਰ ਦੇ ਸਾਰੇ ਖੇਤਰਾਂ ਵਿੱਚ ਇਸ ਨੂੰ ਅੱਗੇ ਵਧਾਉਣਗੇ। ਸਾਰੀਆਂ ਬਿਜਲੀ ਕੰਪਨੀਆਂ ਨੂੰ ਵੀ ਸਮਰਪਿਤ ਏਆਈ ਟੀਮਾਂ ਬਣਾਉਣੀਆਂ ਚਾਹੀਦੀਆਂ ਹਨ।

ਇਸ ਸੈਸ਼ਨ ਵਿੱਚ ਸੀਈਏ ਦੇ 'ਬਿਜਲੀ ਦੁਆਰ ਪੋਰਟਲ' ਦੀ ਸ਼ੁਰੂਆਤ ਅਤੇ ਸੀਈਏ 'ਟ੍ਰਾਂਸਮਿਸ਼ਨ ਪਲਾਨਿੰਗ ਕ੍ਰਾਈਟੀਰੀਆ ਮੈਨੂਅਲ, 2026' ਵੀ ਜਾਰੀ ਕੀਤਾ ਗਿਆ। ਸੈਸ਼ਨ ਦੌਰਾਨ ਸੀਈਏ ਕਰਮਚਾਰੀਆਂ ਲਈ ਪੁਰਸਕਾਰ ਵੀ ਵੰਡੇ ਗਏ, ਜਿਨ੍ਹਾਂ ਵਿੱਚ ਸੀਈਏ ਕਰਮਚਾਰੀਆਂ ਵੱਲੋਂ ਬਿਹਤਰੀਨ ਪ੍ਰਦਰਸ਼ਨ ਅਤੇ ਬੇਮਿਸਾਲ ਯੋਗਦਾਨ ਨੂੰ ਮਾਨਤਾ ਦਿੱਤੀ ਗਈ।

ਇਸ ਪ੍ਰੋਗਰਾਮ ਵਿੱਚ ਬਿਜਲੀ ਖੇਤਰ ਦੇ ਭਾਈਵਾਲਾਂ ਨੂੰ ਇਕੱਠੇ ਲਿਆਂਦਾ ਗਿਆ, ਤਾਂ ਜੋ ਉਤਪਾਦਨ, ਨਿਯਮਾਂ ਨਵਿਆਉਣਯੋਗ ਊਰਜਾ ਏਕੀਕਰਨ, ਟ੍ਰਾਂਸਮਿਸ਼ਨ ਅਤੇ ਵੰਡ ਪ੍ਰਣਾਲੀਆਂ ਵਿੱਚ ਏਆਈ ਦੇ ਅਮਲੀ ਪ੍ਰਯੋਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ। ਪਹਿਲੇ ਦਿਨ ਦੇ ਤਕਨੀਕੀ ਪ੍ਰੋਗਰਾਮ ਵਿੱਚ ਛੇ ਸਮਾਨਾਂਤਰ ਵਿਸ਼ਾ-ਅਧਾਰਿਤ ਚਰਚਾਵਾਂ: ਪਰੰਪਰਾਗਤ ਸਰੋਤਾਂ ਲਈ ਏਆਈ ਰਾਹੀਂ ਉਤਪਾਦਨ ਨੂੰ ਅਨੁਕੂਲ ਬਣਾਉਣਾ; ਏਆਈ ਦੀ ਵਰਤੋਂ ਕਰਕੇ ਨਿਯਾਮਕ ਸੁਧਾਰ; ਇੱਕ ਲਚਕਦਾਰ ਗ੍ਰਿਡ ਲਈ ਏਆਈ-ਸਮਰੱਥ ਨਵਿਆਉਣਯੋਗ ਊਰਜਾ ਏਕੀਕਰਨ; ਏਆਈ ਰਾਹੀਂ ਵੰਡ ਪ੍ਰਣਾਲੀ ਦਾ ਆਧੁਨਿਕੀਕਰਨ; ਏਆਈ ਰਾਹੀਂ ਟ੍ਰਾਂਸਮਿਸ਼ਨ ਆਧੁਨਿਕੀਕਰਨ, ਗ੍ਰਿਡ ਸਥਿਰਤਾ ਅਤੇ ਪ੍ਰਣਾਲੀ ਦੀ ਬਹਾਲੀ; ਅਤੇ ਏਆਈ-ਸਮਰੱਥ ਰੂਫਟਾਪ ਸੋਲਰ, ਮਾਈਕ੍ਰੋਗ੍ਰਿਡ ਅਤੇ ਮਿਨੀ-ਗ੍ਰਿਡ, ਸ਼ਾਮਲ ਸਨ। 

ਪਰੰਪਰਾਗਤ ਊਰਜਾ ਉਤਪਾਦਨ ਬਾਰੇ ਸੈਸ਼ਨ ਵਿੱਚ ਇਹ ਜਾਂਚ ਕੀਤੀ ਗਈ ਕਿ ਏਆਈ ਕਿਸ ਤਰ੍ਹਾਂ ਹੀਟ ਰੇਟ ਅਤੇ ਦਹਿਨ ਅਨੁਕੂਲਨ, ਲਚਕਦਾਰ ਪਲਾਂਟ ਸੰਚਾਲਨ, ਪੂਰਵ-ਅਨੁਮਾਨਿਤ ਰੱਖ-ਰਖਾਅ, ਡਿਜੀਟਲ ਟਵਿਨ, ਸਹਾਇਕ ਬਿਜਲੀ ਅਨੁਕੂਲਨ ਅਤੇ ਨਿਕਾਸ ਨਿਗਰਾਨੀ ਵਿੱਚ ਮਦਦ ਕਰ ਸਕਦਾ ਹੈ। ਇਹ ਪ੍ਰਯੋਗ ਪਲਾਂਟ ਦੀ ਉਪਲਬਧਤਾ ਅਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਸਹਾਇਕ ਹੋ ਸਕਦੇ ਹਨ, ਨਾਲ ਹੀ ਨਵਿਆਉਣਯੋਗ ਊਰਜਾ ਦੇ ਵਿਸਤਾਰ ਦੇ ਨਾਲ-ਨਾਲ ਪਰੰਪਰਾਗਤ ਸਟੇਸ਼ਨਾਂ ਨੂੰ ਬਦਲਦੀਆਂ ਪ੍ਰਣਾਲੀ ਲੋੜਾਂ ਪ੍ਰਤੀ ਵੱਧ ਲਚਕਦਾਰ ਢੰਗ ਨਾਲ ਪ੍ਰਤੀਕਿਰਿਆ ਦੇਣ ਦੇ ਸਮਰੱਥ ਬਣਾ ਸਕਦੇ ਹਨ।

 


 

ਨਿਯਾਮਕ ਸੁਧਾਰਾਂ 'ਤੇ ਚਰਚਾ ਦੌਰਾਨ, ਕੁੱਲ ਮਾਲੀਆ ਲੋੜ ਅਤੇ ਟੈਰਿਫ਼ ਸਬੰਧੀ ਦਸਤਾਵੇਜ਼ਾਂ ਦੀ ਸਮੀਖਿਆ ਕਰਨ, ਪੇਸ਼ਕਾਰੀਆਂ ਦੀ ਪੜਤਾਲ ਕਰਨ, ਨਿਯਾਮਕ ਗਿਆਨ ਨੂੰ ਸੁਚਾਰੂ ਬਣਾਉਣ, ਪਾਲਣਾ ਦੀ ਨਿਗਰਾਨੀ ਕਰਨ ਅਤੇ ਬਾਜ਼ਾਰ ਦੀ ਨਿਗਰਾਨੀ ਵਿੱਚ ਸਹਿਯੋਗ ਦੇਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਐਡਵਾਂਸਡ ਵਿਸ਼ਲੇਸ਼ਣ ਅਤੇ ਡਿਜੀਟਲ ਉਪਕਰਨਾਂ ਦੀ ਵਰਤੋਂ 'ਤੇ ਵਿਚਾਰ ਕੀਤਾ ਗਿਆ। ਚਰਚਾ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਏਆਈ ਮਨੁੱਖੀ-ਨਿਗਰਾਨੀ ਵਾਲੇ ਫ਼ੈਸਲਾ-ਸਹਾਇਤਾ ਉਪਕਰਨ ਵਜੋਂ ਕੰਮ ਕਰ ਸਕਦਾ ਹੈ ਅਤੇ ਇਹ ਕਾਨੂੰਨੀ ਫੈਸਲਿਆਂ, ਕਾਰਜਵਿਧੀ ਨਿਰਪੱਖਤਾ ਜਾਂ ਨਿਯਾਮਕ ਜਵਾਬਦੇਹੀ ਦੀ ਜਗ੍ਹਾ ਨਹੀਂ ਲੈ ਸਕਦਾ।

ਅਕਸ਼ੈ ਊਰਜਾ ਏਕੀਕਰਨ 'ਤੇ ਸੈਸ਼ਨ ਵਿੱਚ ਪਰਿਵਰਤਨਸ਼ੀਲ ਨਵਿਆਉਣਯੋਗ ਉਤਪਾਦਨ ਅਤੇ ਮੰਗ ਦੇ ਏਆਈ-ਆਧਾਰਿਤ ਪੂਰਵ-ਅਨੁਮਾਨ, ਵੰਡੇ ਗਏ ਊਰਜਾ ਸਰੋਤਾਂ ਦੀ ਬਿਹਤਰ ਦਿੱਖ, ਭੰਡਾਰਨ ਅਨੁਕੂਲਨ, ਭੀੜ ਪ੍ਰਬੰਧਨ ਅਤੇ ਵਰਚੁਅਲ ਪਾਵਰ ਪਲਾਂਟਾਂ ਦੇ ਮਾਧਿਅਮ ਨਾਲ ਨਵਿਆਉਣਯੋਗ ਸੰਪਤੀਆਂ ਦੇ ਤਾਲਮੇਲ 'ਤੇ ਚਰਚਾ ਕੀਤੀ ਗਈ। ਇਸ ਦਾ ਮੁੱਖ ਉਦੇਸ਼ ਬਿਹਤਰ ਡੇਟਾ, ਪੂਰਵ-ਅਨੁਮਾਨ ਅਤੇ ਸਰੋਤਾਂ ਦੇ ਤਾਲਮੇਲ ਰਾਹੀਂ ਇੱਕ ਲਚਕਦਾਰ ਅਤੇ ਭਰੋਸੇਯੋਗ ਗ੍ਰਿਡ ਤਿਆਰ ਕਰਨਾ ਸੀ।

 

ਸਮਾਰਟ ਮੀਟਰ, ਨੈੱਟਵਰਕ ਅਤੇ ਸੰਪਤੀ ਡੇਟਾ ਦੀ ਵਧਦੀ ਉਪਲਬਧਤਾ ਦੇ ਸੰਦਰਭ ਵਿੱਚ ਵੰਡ ਪ੍ਰਣਾਲੀਆਂ ਦੇ ਆਧੁਨਿਕੀਕਰਨ 'ਤੇ ਚਰਚਾ ਕੀਤੀ ਗਈ। ਸੰਭਾਵੀ ਪ੍ਰਯੋਗਾਂ ਵਿੱਚ ਮੰਗ ਦੀ ਭਵਿੱਖਬਾਣੀ, ਬਿਜਲੀ ਖ਼ਰੀਦ ਦਾ ਅਨੁਕੂਲਨ, ਵੰਡ ਟ੍ਰਾਂਸਫਾਰਮਰਾਂ ਦਾ ਪੂਰਵ-ਅਨੁਮਾਨਿਤ ਰੱਖ-ਰਖਾਅ, ਬਿਜਲੀ ਕਟੌਤੀ ਦਾ ਪਤਾ ਲਗਾਉਣਾ ਅਤੇ ਖਰਾਬੀ ਵਾਲੀ ਜਗ੍ਹਾ ਦਾ ਨਿਰਧਾਰਨ, ਊਰਜਾ ਲੇਖਾ-ਪੜਤਾਲ, ਨੁਕਸਾਨ ਦਾ ਵਿਸ਼ਲੇਸ਼ਣ, ਬਿਲਿੰਗ ਅਤੇ ਮਾਲੀਆ ਭਰੋਸਾ, ਖ਼ਪਤਕਾਰ ਸੇਵਾਵਾਂ ਅਤੇ ਨਿਯਾਮਕ ਰਿਪੋਰਟਿੰਗ ਸ਼ਾਮਲ ਹਨ। ਇਹ ਪ੍ਰਯੋਗ ਵਧੇਰੇ ਭਰੋਸੇਮੰਦ ਸਪਲਾਈ, ਘੱਟ ਨੁਕਸਾਨ ਅਤੇ ਵਧੇਰੇ ਜ਼ਿੰਮੇਵਾਰ ਖ਼ਪਤਕਾਰ ਸੇਵਾਵਾਂ ਵਿੱਚ ਸਹਾਇਕ ਹੋ ਸਕਦੇ ਹਨ।

ਟ੍ਰਾਂਸਮਿਸ਼ਨ ਆਧੁਨਿਕੀਕਰਨ ਅਤੇ ਗ੍ਰਿਡ ਸਥਿਰਤਾ 'ਤੇ ਹੋਈ ਚਰਚਾ ਵਿੱਚ ਏਆਈ-ਸਮਰੱਥ ਨੈੱਟਵਰਕ ਯੋਜਨਾਬੰਦੀ, ਕੋਰੀਡੋਰ ਅਤੇ ਰਾਈਟ-ਆਫ-ਵੇਅ ਅਨੁਕੂਲਨ, ਡਰੋਨ-ਆਧਾਰਿਤ ਨਿਰੀਖਣ ਅਤੇ ਕੰਪਿਊਟਰ ਵਿਜ਼ਨ, ਭਵਿੱਖਬਾਣੀ ਰੱਖ-ਰਖਾਅ, ਡਿਜੀਟਲ ਟਵਿਨ, ਗਤੀਸ਼ੀਲ ਲਾਈਨ ਰੇਟਿੰਗ, ਭੀੜਭਾੜ ਅਤੇ ਸੰਭਾਵੀ ਸਥਿਤੀਆਂ ਦਾ ਵਿਸ਼ਲੇਸ਼ਣ, ਜੜ੍ਹਤਾ-ਆਧਾਰਿਤ ਪੂਰਵ-ਅਨੁਮਾਨ ਅਤੇ ਪ੍ਰਣਾਲੀ ਬਹਾਲੀ ਦੇ ਨਾਲ-ਨਾਲ ਬਲੈਕ-ਸਟਾਰਟ ਦੀ ਤਿਆਰੀ ਲਈ ਫ਼ੈਸਲਾ-ਸਹਾਇਤਾ ਵਰਗੇ ਵਿਸ਼ਿਆਂ 'ਤੇ ਵਿਚਾਰ ਕੀਤਾ ਗਿਆ। ਭਾਗੀਦਾਰਾਂ ਨੇ ਵਿਆਪਕ ਪੱਧਰ 'ਤੇ ਅਪਣਾਉਣ ਵਿੱਚ ਸਹਾਇਕ ਡੇਟਾ, ਡਿਜੀਟਲ ਬੁਨਿਆਦੀ ਢਾਂਚਾ, ਸਾਈਬਰ ਸੁਰੱਖਿਆ, ਸ਼ਾਸਨ ਅਤੇ ਸਮਰੱਥਾ ਨਿਰਮਾਣ ਨਾਲ ਸਬੰਧਿਤ ਜ਼ਰੂਰਤਾਂ 'ਤੇ ਵੀ ਗੌਰ ਕੀਤਾ।

ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਰੂਫਟਾਪ ਸੋਲਰ, ਮਾਈਕ੍ਰੋਗ੍ਰਿਡ ਅਤੇ ਮਿਨੀਗ੍ਰਿਡ 'ਤੇ ਆਯੋਜਿਤ ਸੈਸ਼ਨ ਵਿੱਚ ਵਿਕੇਂਦਰੀਕ੍ਰਿਤ ਊਰਜਾ ਸਰੋਤਾਂ ਦੀ ਸੂਝਵਾਨ ਯੋਜਨਾਬੰਦੀ ਅਤੇ ਸੰਚਾਲਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਸ ਵਿੱਚ ਰੂਫਟਾਪ ਸੋਲਰ ਦੀ ਪਛਾਣ ਅਤੇ ਆਕਾਰ ਨਿਰਧਾਰਨ, ਫੀਡਰ-ਪੱਧਰ 'ਤੇ ਪੂਰਵ-ਅਨੁਮਾਨ, ਸਵੈ-ਚਾਲਿਤ ਮਾਈਕ੍ਰੋਗ੍ਰਿਡ ਸੰਚਾਲਨ, ਭੰਡਾਰਨ ਅਨੁਕੂਲਨ, ਖੇਤੀਬਾੜੀ-ਫੀਡਰ ਵਿਸ਼ਲੇਸ਼ਣ, ਮੰਗ ਪ੍ਰਤੀਕਿਰਿਆ ਅਤੇ ਰੂਫਟਾਪ ਸੋਲਰ, ਬੈਟਰੀ, ਇਲੈਕਟ੍ਰਿਕ ਵਾਹਨ ਤੇ ਲਚਕਦਾਰ ਖੇਪ ਦਾ ਏਕੀਕਰਨ ਵਰਗੇ ਵਿਸ਼ੇ ਸ਼ਾਮਲ ਸਨ।

ਚਰਚਾਵਾਂ ਦੌਰਾਨ ਇੱਕ ਆਮ ਵਿਸ਼ਾ ਇਹ ਸੀ ਕਿ ਵੱਖਰੇ ਤਕਨਾਲੋਜੀ ਪ੍ਰਦਰਸ਼ਨਾਂ ਤੋਂ ਹਟ ਕੇ ਭਰੋਸੇਯੋਗ ਡੇਟਾ ਅੰਤਰ-ਕਾਰਜਸ਼ੀਲਤਾ, ਢੁੱਕਵੇਂ ਸੁਰੱਖਿਆ ਉਪਾਵਾਂ, ਸੰਸਥਾਗਤ ਸਮਰੱਥਾ ਅਤੇ ਮਾਪਣਯੋਗ ਪ੍ਰਦਰਸ਼ਨ ਸੰਕੇਤਕਾਂ ਵੱਲੋਂ ਸਮਰਥਿਤ, ਤਰਜੀਹ-ਆਧਾਰਿਤ ਅਤੇ ਅਮਲਯੋਗ ਲਾਗੂਕਰਨ ਵੱਲ ਵਧਣਾ ਜ਼ਰੂਰੀ ਹੈ। ਇਸ ਵਿਚਾਰ-ਵਟਾਂਦਰੇ ਦਾ ਉਦੇਸ਼ ਭਾਰਤੀ ਬਿਜਲੀ ਖੇਤਰ ਵਿੱਚ ਏਆਈ ਪ੍ਰਯੋਗਾਂ ਨੂੰ ਜ਼ਿੰਮੇਵਾਰੀ ਨਾਲ ਅਪਣਾਉਣ ਅਤੇ ਉਨ੍ਹਾਂ ਦਾ ਵਿਸਤਾਰ ਕਰਨ ਲਈ ਅਮਲੀ ਮਾਰਗ ਤਿਆਰ ਕਰਨਾ ਹੈ।

ਦੋ ਦਿਨਾਂ ਵਿਚਾਰ-ਵਟਾਂਦਰਾ ਪ੍ਰੋਗਰਾਮ ਦਾ ਆਯੋਜਨ ਸਮੁੱਚੀ ਪਹਿਲਕਦਮੀ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਬਿਜਲੀ ਮੁੱਲ ਲੜੀ ਵਿੱਚ ਏਆਈ ਨੂੰ ਅਪਣਾਉਣ ਲਈ ਇੱਕ ਸੁਮੇਲਪੂਰਨ ਅਤੇ ਨਤੀਜਾ-ਮੁਖੀ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਹੈ, ਜੋ ਕੁਸ਼ਲ ਅਤੇ ਲਚਕਦਾਰ ਬਿਜਲੀ ਸਪਲਾਈ, ਭਰੋਸੇਯੋਗ ਤੇ ਬੁੱਧੀਮਾਨ ਨੈੱਟਵਰਕ, ਜ਼ਿੰਮੇਵਾਰ ਸੰਸਥਾਵਾਂ, ਸੁਰੱਖਿਅਤ ਡਿਜੀਟਲਾਈਜ਼ੇਸ਼ਨ ਅਤੇ ਮਜ਼ਬੂਤ ਘਰੇਲੂ ਉਦਯੋਗਿਕ ਸਮਰੱਥਾ ਦਾ ਸਹਿਯੋਗ ਕਰਦਾ ਹੈ।

***********

ਐੱਨ/ਏਪੀ


(Release ID: 2323940) ਵਿਜ਼ੀਟਰ ਕਾਊਂਟਰ : 9