ਪ੍ਰਮਾਣੂ ਊਰਜਾ ਵਿਭਾਗ
azadi ka amrit mahotsav

ਹੋਮੀ ਭਾਭਾ ਕੈਂਸਰ ਹਸਪਤਾਲ ਵੱਲੋਂ ਉੱਤਰੀ ਭਾਰਤ ਦੇ 1,000 ਪਰਿਵਾਰਾਂ ਦਾ ਮੁਲਾਂਕਣ; ਲਗਭਗ 30% ਵਿੱਚ ਖ਼ਾਨਦਾਨੀ ਕੈਂਸਰ ਦੇ ਵਧੇ ਹੋਏ ਖ਼ਤਰੇ ਨਾਲ ਜੁੜੇ ਜੈਨੇਟਿਕ ਬਦਲਾਅ ਮਿਲੇ


ਜੈਨੇਟਿਕ ਬਦਲਾਵਾਂ ਵਿੱਚੋਂ ਪਛਾਣੇ ਗਏ ਲਗਭਗ 95% ਛਾਤੀ ਅਤੇ ਅੰਡਕੋਸ਼ ਦੇ ਕੈਂਸਰ ਨਾਲ ਸਬੰਧਤ ਸਨ।

Posted On: 14 OCT 2026 1:03PM by PIB Chandigarh

ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ (HBCH&RC), ਨਿਊ ਚੰਡੀਗੜ੍ਹ ਦੀ ‘ਕੈਂਸਰ ਜੈਨੇਟਿਕਸ ਕਲੀਨਿਕ’ ਵਿੱਚ ਜਾਂਚੇ ਗਏ ਉੱਤਰੀ ਭਾਰਤ ਦੇ ਕੈਂਸਰ-ਪ੍ਰਭਾਵਿਤ 1,000 ਪਰਿਵਾਰਾਂ ਵਿੱਚੋਂ ਲਗਭਗ 30% ਪਰਿਵਾਰਾਂ ਵਿੱਚ ਅਜਿਹੇ ਜੈਨੇਟਿਕ ਬਦਲਾਅ ਪਾਏ ਗਏ ਹਨ, ਜੋ ਜੈਨੇਟਿਕਸ ਕੈਂਸਰ ਦੇ ਵਧੇ ਹੋਏ ਖ਼ਤਰੇ ਨਾਲ ਜੁੜੇ ਹੋਏ ਹਨ।

ਜਨਵਰੀ 2025 ਵਿੱਚ ਸ਼ੁਰੂ ਕੀਤੀ ਗਈ ਹਸਪਤਾਲ ਦੀ ਵਿਸ਼ੇਸ਼ ਕੈਂਸਰ ਜੈਨੇਟਿਕਸ ਕਲੀਨਿਕ ਵੱਲੋਂ ਹੁਣ ਤੱਕ ਉੱਤਰੀ ਭਾਰਤ ਦੇ 1,000 ਤੋਂ ਵੱਧ ਪਰਿਵਾਰਾਂ ਦਾ ਮੁਲਾਂਕਣ ਅਤੇ ਕਾਊਂਸਲਿੰਗ ਕੀਤੀ ਗਈ ਹੈ। ਇਸ ਦਾ ਉਦੇਸ਼ ਅਜਿਹੇ ਵਿਅਕਤੀਆਂ ਦੀ ਪਛਾਣ ਕਰਨਾ ਹੈ, ਜਿਨ੍ਹਾਂ ਵਿੱਚ ਲੱਛਣ ਸਾਹਮਣੇ ਆਉਣ ਤੋਂ ਪਹਿਲਾਂ ਹੀ ਖ਼ਾਨਦਾਨੀ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ। ਕਲੀਨਿਕ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੈਂਸਰ ਦੀ ਜਲਦੀ ਪਛਾਣ, ਰੋਕਥਾਮ ਅਤੇ ਵਿਅਕਤੀਗਤ ਇਲਾਜ ਬਾਰੇ ਮਾਰਗਦਰਸ਼ਨ ਵੀ ਪ੍ਰਦਾਨ ਕਰਦੀ ਹੈ। HBCH&RC ਪੰਜਾਬ, ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਅਧੀਨ ਟਾਟਾ ਮੈਮੋਰੀਅਲ ਸੈਂਟਰ ਦੀ ਇੱਕ ਇਕਾਈ ਹੈ।

ਹਸਪਤਾਲ ਦੇ ਅੰਕੜਿਆਂ ਅਨੁਸਾਰ, ਕਾਊਂਸਲਿੰਗ ਪ੍ਰਾਪਤ ਕਰਨ ਵਾਲੇ 1,000 ਪਰਿਵਾਰਾਂ ਵਿੱਚੋਂ ਹੁਣ ਤੱਕ ਕੈਂਸਰ ਨਾਲ ਪ੍ਰਭਾਵਿਤ 912 ਮੁੱਖ ਮਰੀਜ਼ਾਂ (ਇੰਡੈਕਸ ਪੇਸ਼ੈਂਟਸ) ਦੀ ਜੈਨੇਟਿਕ ਜਾਂਚ ਕੀਤੀ ਜਾ ਚੁੱਕੀ ਹੈ। ਇਹ ਉਹ ਮਰੀਜ਼ ਹੁੰਦੇ ਹਨ, ਜਿਨ੍ਹਾਂ ਦੇ ਮਾਮਲੇ ਰਾਹੀਂ ਪਰਿਵਾਰ ਵਿੱਚ ਸੰਭਾਵਿਤ ਖ਼ਾਨਦਾਨੀ ਬਿਮਾਰੀ ਦੀ ਪਛਾਣ ਕਰਨ ਲਈ ਕਲੀਨਿਕ ਦਾ ਧਿਆਨ ਇਸ ਪਾਸੇ ਜਾਂਦਾ ਹੈ। ਜਾਂਚ ਦੌਰਾਨ ਲਗਭਗ 30% ਮਾਮਲਿਆਂ ਵਿੱਚ ਜੈਨੇਟਿਕ ਬਦਲਾਅ ਪਾਏ ਗਏ। ਜੈਨੇਟਿਕ ਮਿਊਟੇਸ਼ਨ ਦਾ ਅਰਥ ਜੈਨੇਟਿਕ ਕੋਡ ਵਿੱਚ ਅਜਿਹਾ ਬਦਲਾਅ ਹੈ, ਜੋ ਖ਼ਾਨਦਾਨੀ ਕੈਂਸਰ ਦੇ ਖ਼ਤਰੇ ਨਾਲ ਜੁੜਿਆ ਹੋ ਸਕਦਾ ਹੈ।

ਹਸਪਤਾਲ ਦੇ ਜੈਨੇਟਿਕ ਮਾਹਿਰਾਂ ਅਨੁਸਾਰ, ਪਛਾਣੇ ਗਏ ਜੈਨੇਟਿਕ ਬਦਲਾਵਾਂ ਵਿੱਚੋਂ ਲਗਭਗ 95% ਛਾਤੀ ਅਤੇ ਅੰਡਕੋਸ਼ ਦੇ ਕੈਂਸਰ ਨਾਲ ਸਬੰਧਤ ਸਨ। ਇਸ ਤੋਂ ਇਲਾਵਾ, ਖ਼ਤਰੇ ਦੀ ਸੰਭਾਵਨਾ ਵਾਲੇ 132 ਖ਼ੂਨ ਦੇ ਰਿਸ਼ਤੇਦਾਰਾਂ, ਜਿਨ੍ਹਾਂ ਵਿੱਚ ਭੈਣ-ਭਰਾ, ਮਾਤਾ-ਪਿਤਾ ਅਤੇ ਬੱਚੇ ਸ਼ਾਮਲ ਹਨ, ਦੀ ਵੀ ਜਾਂਚ ਕੀਤੀ ਗਈ। ਇਸ ਨਾਲ ਪਰਿਵਾਰ-ਵਿਸ਼ੇਸ਼ ਖ਼ਾਨਦਾਨੀ ਕੈਂਸਰ ਦੇ ਖ਼ਤਰੇ ਦੀ ਪਛਾਣ ਕਰਨ ਅਤੇ ਜਲਦੀ ਜਾਂਚ, ਰੋਕਥਾਮ ਵਾਲੀ ਦੇਖਭਾਲ ਅਤੇ ਸਮੇਂ ਸਿਰ ਫਾਲੋ-ਅੱਪ ਦੀ ਯੋਜਨਾ ਬਣਾਉਣ ਵਿੱਚ ਮਦਦ ਮਿਲੀ।

ਹਸਪਤਾਲ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਨੇ ਕਿਹਾ, “ਜੈਨੇਟਿਕ ਜਾਂਚ ਆਮ ਤੌਰ ’ਤੇ ਇੱਕ ਸਧਾਰਨ ਖ਼ੂਨ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ। ਡਾਕਟਰੀ ਲੋੜ ਅਨੁਸਾਰ ਇਸ ਵਿੱਚ 26 ਤੋਂ 84 ਜੀਨਾਂ ਦੀ ਜਾਂਚ ਕੀਤੀ ਜਾਂਦੀ ਹੈ। ਜਾਂਚ ਦੇ ਨਤੀਜਿਆਂ ਨਾਲ ਇਲਾਜ ਕਰਨ ਵਾਲੇ ਕੈਂਸਰ ਮਾਹਿਰ ਇਹ ਮੁਲਾਂਕਣ ਕਰ ਸਕਦੇ ਹਨ ਕਿ ਮਰੀਜ਼ ਵਿੱਚ ਅਜਿਹਾ ਖ਼ਾਨਦਾਨੀ ਜੈਨੇਟਿਕ ਬਦਲਾਅ ਮੌਜੂਦ ਹੈ ਜਾਂ ਨਹੀਂ, ਜੋ ਕੁਝ ਖ਼ਾਸ ਕਿਸਮਾਂ ਦੇ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਇਹ ਜਾਣਕਾਰੀ ਵਿਅਕਤੀਗਤ ਇਲਾਜ ਦੇ ਫ਼ੈਸਲੇ ਲੈਣ, ਵਧੇਰੇ ਨਿਗਰਾਨੀ, ਰੋਕਥਾਮ ਦੇ ਉਪਾਵਾਂ ਅਤੇ ਲੋੜ ਪੈਣ ’ਤੇ ਖ਼ਤਰਾ ਘਟਾਉਣ ਲਈ ਸਰਜਰੀ ਦੀ ਯੋਜਨਾ ਬਣਾਉਣ ਵਿੱਚ ਮਦਦਗਾਰ ਹੋ ਸਕਦੀ ਹੈ। ਇਸ ਨਾਲ ਅਜਿਹੇ ਰਿਸ਼ਤੇਦਾਰਾਂ ਦੀ ਪਛਾਣ ਕਰਨ ਵਿੱਚ ਵੀ ਮਦਦ ਮਿਲਦੀ ਹੈ, ਜਿਨ੍ਹਾਂ ਨੂੰ ਜੈਨੇਟਿਕ ਜਾਂਚ ਅਤੇ ਨਿਯਮਿਤ ਸਕ੍ਰੀਨਿੰਗ ਤੋਂ ਲਾਭ ਹੋ ਸਕਦਾ ਹੈ।”

ਇਹ ਕਲੀਨਿਕ ਜੈਨੇਟਿਕ ਕਾਊਂਸਲਰ ਹਾਸ਼ਿਮੇ ਇਸਮਾਈਲ, ਰੇਡੀਏਸ਼ਨ ਔਂਕੋਲੋਜਿਸਟ ਡਾ. ਪ੍ਰਗਿਆਤ ਠਾਕੁਰ ਅਤੇ ਮੈਡੀਕਲ ਔਂਕੋਲੋਜੀ ਵਿਭਾਗ ਦੀ ਮੁਖੀ ਡਾ. ਸੀਮਾ ਗੁਲੀਆ ਦੀ ਨਿਗਰਾਨੀ ਹੇਠ ਚਲਾਈ ਜਾ ਰਹੀ ਹੈ।

ਡਾ. ਗੁਲੀਆ ਨੇ ਕਿਹਾ, “ਜੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਕੈਂਸਰ ਹੋਇਆ ਹੋਵੇ, ਖ਼ਾਸ ਕਰਕੇ ਇੱਕੋ ਕਿਸਮ ਦਾ ਜਾਂ ਆਪਸ ਵਿੱਚ ਸਬੰਧਤ ਕੈਂਸਰ, ਜਾਂ ਕਿਸੇ ਵਿਅਕਤੀ ਨੂੰ ਅਸਧਾਰਨ ਤੌਰ ’ਤੇ ਘੱਟ ਉਮਰ ਵਿੱਚ ਕੈਂਸਰ ਹੋ ਜਾਵੇ, ਤਾਂ ਉਸ ਨੂੰ ਜੈਨੇਟਿਕ ਕਾਊਂਸਲਿੰਗ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਪਰਿਵਾਰ ਵਿੱਚ ਕੈਂਸਰ ਦਾ ਇਤਿਹਾਸ ਨਾ ਹੋਣ ਦੇ ਬਾਵਜੂਦ ਵੀ ਖ਼ਾਨਦਾਨੀ ਜਾਂ ਜੈਨੇਟਿਕ ਕੈਂਸਰ ਦਾ ਸ਼ੱਕ ਹੋ ਸਕਦਾ ਹੈ। ਅਜਿਹਾ ਉਸ ਵੇਲੇ ਹੋ ਸਕਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਕੈਂਸਰ ਲਈ ਆਮ ਤੌਰ ’ਤੇ ਉਮੀਦ ਕੀਤੀ ਜਾਣ ਵਾਲੀ ਉਮਰ ਤੋਂ ਕਾਫ਼ੀ ਘੱਟ ਉਮਰ ਵਿੱਚ ਕੈਂਸਰ ਹੋ ਜਾਵੇ; ਦੋਵੇਂ ਛਾਤੀਆਂ ਵਰਗੇ ਜੋੜੇ ਅੰਗਾਂ ਵਿੱਚ ਕੈਂਸਰ ਹੋਵੇ; ਵੱਖ-ਵੱਖ ਅੰਗਾਂ ਵਿੱਚ ਇੱਕ ਤੋਂ ਵੱਧ ਮੁੱਢਲੇ ਕੈਂਸਰ ਵਿਕਸਿਤ ਹੋਣ; ਜਾਂ ਖ਼ਾਨਦਾਨੀ ਕੈਂਸਰ ਸਿੰਡਰੋਮ ਦੇ ਸੰਕੇਤ ਦਿਖਾਈ ਦੇਣ। ਇਨ੍ਹਾਂ ਸੰਕੇਤਾਂ ਵਿੱਚ ਪੌਲੀਪਸ, ਸਿਸਟ, ਮਟਰ ਦੇ ਦਾਣੇ ਦੇ ਆਕਾਰ ਦੀਆਂ ਛੋਟੀਆਂ ਗੰਢਾਂ ਜਾਂ ਚਮੜੀ ਜਾਂ ਅੱਖਾਂ ’ਤੇ ਰੰਗਦਾਰ ਧੱਬੇ ਸ਼ਾਮਲ ਹੋ ਸਕਦੇ ਹਨ। ਮਰੀਜ਼ ਦੇ ਡਾਕਟਰੀ ਅਤੇ ਪਰਿਵਾਰਕ ਇਤਿਹਾਸ ਦੇ ਆਧਾਰ ’ਤੇ ਛਾਤੀ, ਅੰਡਕੋਸ਼, ਪਾਚਨ ਪ੍ਰਣਾਲੀ, ਪ੍ਰੋਸਟੇਟ ਅਤੇ ਹੋਰ ਕੈਂਸਰਾਂ ਵਾਲੇ ਕੁਝ ਮਰੀਜ਼ਾਂ ਲਈ ਜੈਨੇਟਿਕ ਕਾਊਂਸਲਿੰਗ ਲਾਭਦਾਇਕ ਹੋ ਸਕਦੀ ਹੈ।”

ਡਾ. ਗੁਲੀਆ ਨੇ ਅੱਗੇ ਦੱਸਿਆ ਕਿ HBCH&RC ਪੰਜਾਬ ਨੇ ਆਪਣੇ ਸੰਗਰੂਰ ਕੇਂਦਰ ਵਿੱਚ ਵੀ ਕੈਂਸਰ ਜੈਨੇਟਿਕਸ ਕਲੀਨਿਕ ਸ਼ੁਰੂ ਕਰ ਦਿੱਤੀ ਹੈ ਅਤੇ ਹਸਪਤਾਲ ਵਿੱਚ ਹੀ ਜੈਨੇਟਿਕ ਜਾਂਚ ਦੀ ਸਹੂਲਤ ਸਥਾਪਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਸਮੇਂ ਜਾਂਚ ਲਈ ਨਮੂਨੇ ਟਾਟਾ ਮੈਮੋਰੀਅਲ ਸੈਂਟਰ, ਮੁੰਬਈ ਭੇਜੇ ਜਾਂਦੇ ਹਨ।

*************

ਆਰਐੱਨ


(Release ID: 2323316) ਵਿਜ਼ੀਟਰ ਕਾਊਂਟਰ : 10
Read this release in: English