ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ ਨੇ ਰੋਮ ਵਿੱਚ ਸੀਓਐੱਫਓ 28 ਵਿਖੇ ਜੰਗਲ ਅਤੇ ਲੈਂਡਸਕੇਪ ਬਹਾਲੀ ਪਹਿਲਕਦਮੀਆਂ ਦਾ ਪ੍ਰਦਰਸ਼ਨ ਕੀਤਾ
ਅੰਤਰਰਾਸ਼ਟਰੀ ਸਹਿਯੋਗ ਨੂੰ ਦੇਸ਼-ਪ੍ਰੇਰਿਤ ਲਾਗੂਕਰਨ, ਸਮਰੱਥਾ ਵਿਕਾਸ, ਤਕਨਾਲੋਜੀ ਟ੍ਰਾਂਸਫਰ ਅਤੇ ਜ਼ਮੀਨੀ ਪੱਧਰ 'ਤੇ ਮਾਪਣਯੋਗ ਨਤੀਜਿਆਂ ਦਾ ਸਮਰਥਨ ਕਰਨਾ ਚਾਹੀਦਾ ਹੈ: ਭਾਰਤ
Posted On:
28 SEP 2026 8:21PM by PIB Chandigarh
ਭਾਰਤ ਨੇ 28 ਸਤੰਬਰ ਤੋਂ 2 ਅਕਤੂਬਰ 2026 ਤੱਕ ਰੋਮ ਵਿੱਚ ਆਯੋਜਿਤ ਹੋ ਰਹੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੀ ਜੰਗਲਾਤ ਕਮੇਟੀ (ਸੀਓਐੱਫਓ 28) ਦੇ 28ਵੇਂ ਸੈਸ਼ਨ ਵਿੱਚ ਜੰਗਲ ਅਤੇ ਲੈਂਡਸਕੇਪ ਬਹਾਲੀ ਦੇ ਖੇਤਰ ਵਿੱਚ ਆਪਣੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਟਿਕਾਊ ਜੰਗਲ ਪ੍ਰਬੰਧਨ, ਜਲਵਾਯੂ ਕਾਰਵਾਈ ਅਤੇ ਲਚਕੀਲੇ ਜੰਗਲੀ ਲੈਂਡਸਕੇਪ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਸੀਓਐੱਫਓ 28 ਦੌਰਾਨ ਆਪਣੇ ਬਿਆਨ ਵਿੱਚ, ਭਾਰਤ ਨੇ ਜੰਗਲ ਅਤੇ ਲੈਂਡਸਕੇਪ ਬਹਾਲੀ 'ਤੇ ਐੱਫਏਓ ‘ਤੇ ਫੋਕਸ ਦਾ ਸਵਾਗਤ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟਿਕਾਊ ਵਣ ਪ੍ਰਬੰਧਨ, ਰਾਸ਼ਟਰੀ ਸਥਿਤੀਆਂ ਅਤੇ ਸਥਾਨਕ ਭਾਈਚਾਰਿਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਕੰਮ ਕਰਦੇ ਹੋਏ ਲੈਂਡਸਕੇਪ ਪੱਧਰ 'ਤੇ ਬਹਾਲੀ ਸਮਾਧਾਨ ਲਈ ਇੱਕ ਏਕੀਕ੍ਰਿਤ ਢਾਂਚਾ ਪ੍ਰਦਾਨ ਕਰਦਾ ਹੈ।

ਭਾਰਤ ਨੇ ਆਪਣੇ ਵਣ ਸੰਸਾਧਨਾਂ ਨੂੰ ਵਧਾਉਣ ਵਿੱਚ ਨਿਰੰਤਰ ਪ੍ਰਗਤੀ ਨੂੰ ਉਜਾਗਰ ਕੀਤਾ। ਦੇਸ਼ ਦਾ ਜੰਗਲ ਅਤੇ ਰੁੱਖਾਂ ਦਾ ਰਕਬਾ 82.74 ਮਿਲੀਅਨ ਹੈਕਟੇਅਰ ਹੈ ਜੋ ਇਸ ਦੇ ਭੂਗੋਲਿਕ ਖੇਤਰ ਦਾ 25.17% ਹੈ। ਐੱਫਏਓ ਗਲੋਬਲ ਵਣ ਸੰਸਾਧਨ ਮੁਲਾਂਕਣ 2025 ਵਿੱਚ ਭਾਰਤ ਨੂੰ ਵਣ ਖੇਤਰ ਵਿੱਚ ਵਿਸ਼ਵ ਪੱਧਰ ‘ਤੇ 9ਵੇਂ ਅਤੇ ਸ਼ੁੱਧ ਸਲਾਨਾ ਵਣ ਖੇਤਰ ਵਾਧੇ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ ਰੱਖਿਆ ਗਿਆ ਹੈ। ਜੰਗਲ ਅਤੇ ਰੁੱਖ ਭਾਰਤ ਦੀਆਂ ਜਲਵਾਯੂ ਵਚਨਬੱਧਤਾਵਾਂ ਦਾ ਕੇਂਦਰ ਵੀ ਬਣੇ ਹੋਏ ਹਨ। ਭਾਰਤ ਨੇ ਸਾਲ 2021 ਤੱਕ 2.29 ਬਿਲੀਅਨ ਟਨ CO₂ ਦੇ ਬਰਾਬਰ ਦਾ ਵਾਧੂ ਕਾਰਬਨ ਸਿੰਕ ਸਿਰਜਿਤ ਕੀਤਾ ਹੈ ਅਤੇ 2005 ਦੇ ਪੱਧਰਾਂ ਦੀ ਤੁਲਨਾ ਵਿੱਚ 2035 ਤੱਕ 3.5-4.0 ਬਿਲੀਅਨ ਟਨ CO₂ ਦੇ ਬਰਾਬਰ ਦਾ ਵਾਧੂ ਕਾਰਬਨ ਸਿੰਕ ਸਿਰਜਿਤ ਕਰਨ ਦੇ ਆਪਣੇ ਟੀਚੇ ਨੂੰ ਵਧਾ ਕੇ ਹੋਰ ਉਤਸ਼ਾਹੀ ਬਣਾਇਆ ਹੈ।
ਬਿਆਨ ਵਿੱਚ 2030 ਤੱਕ 2.6 ਕਰੋੜ ਹੈਕਟੇਅਰ ਬੰਜਰ ਅਤੇ ਜੰਗਲਾਂ ਦੀ ਕਟਾਈ ਵਾਲੀ ਜ਼ਮੀਨ ਨੂੰ ਬਹਾਲ ਕਰਨ ਲਈ ਬੌਨ ਚੈਲੇਂਜ ਦੇ ਤਹਿਤ ਭਾਰਤ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਸ ਵਿੱਚੋਂ 2.176 ਕਰੋੜ ਹੈਕਟੇਅਰ ਪਹਿਲਾਂ ਹੀ ਬਹਾਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਮੁੱਖ ਲੈਂਡਸਕੇਪ ਬਹਾਲੀ ਪਹਿਲਕਦਮੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਅਰਾਵਲੀ ਗ੍ਰੀਨ ਵਾੱਲ ਦੇ ਤਹਿਤ ਬਹਾਲੀ ਲਈ ਲਗਭਗ 64.5 ਕਰੋੜ ਹੈਕਟੇਅਰ ਬੰਜਰ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਤੱਟਵਰਤੀ ਲੈਂਡਸਕੇਪਾਂ ਵਿੱਚ, ਮਿਸ਼ਟੀ ਪਹਿਲਕਦਮੀ ਜਲਵਾਯੂ ਲਚਕੀਲੇਪਣ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਰੋਜ਼ੀ-ਰੋਟੀ ਦਾ ਸਮਰਥਨ ਦੇਣ ਦੇ ਨਾਲ-ਨਾਲ ਮੈਂਗ੍ਰੋਵ ਬਹਾਲੀ ਨੂੰ ਅੱਗੇ ਵਧਾ ਰਹੀ ਹੈ। ਭਾਰਤ ਨੇ ਇਹ ਵੀ ਉਜਾਗਰ ਕੀਤਾ ਕਿ ਦੇਸ਼ ਵਿੱਚ ਰਾਮਸਰ ਸਾਈਟਾਂ ਦੀ ਗਿਣਤੀ ਵਧ ਕੇ 101 ਹੋ ਗਈ ਹੈ।

ਦੇਸ਼ ਨੇ 'ਏਕ ਪੇੜ ਮਾਂ ਕੇ ਨਾਮ – ਪਲਾਂਟ4ਮਦਰ ਨੂੰ ਵੀ ਪ੍ਰਦਰਸ਼ਿਤ ਕੀਤਾ, ਜੋ ਕਿ ਇੱਕ ਪੂਰੀ ਸਰਕਾਰ ਅਤੇ ਪੂਰੇ ਸਮਾਜ ਦੀ ਪਹਿਲ ਹੈ, ਜਿਸ ਦੇ ਤਹਿਤ 3.5 ਬਿਲੀਅਨ ਤੋਂ ਵੱਧ ਪੌਦੇ ਲਗਾਏ ਗਏ ਹਨ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਨੂੰ ਦੇਸ਼ ਵੱਲੋਂ ਸੰਚਾਲਿਤ ਲਾਗੂਕਰਨ, ਸਮਰੱਥਾ ਵਿਕਾਸ, ਤਕਨਾਲੋਜੀ ਟ੍ਰਾਂਸਫਰ ਅਤੇ ਜ਼ਮੀਨੀ ਪੱਧਰ 'ਤੇ ਮਾਪਣਯੋਗ ਨਤੀਜਿਆਂ ਦਾ ਸਮਰਥਨ ਕਰਨ ਲਈ ਵਿਸ਼ਵਵਿਆਪੀ ਵਚਨਬੱਧਤਾਵਾਂ ਤੋਂ ਅੱਗੇ ਵਧਣਾ ਚਾਹੀਦਾ ਹੈ। ਇਸ ਨੇ ਵਿਸ਼ੇਸ਼ ਤੌਰ ‘ਤੇ ਪ੍ਰਭਾਵਸ਼ਾਲੀ ਅਤੇ ਟਿਕਾਊ ਵਿੱਤ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਖਾਸ ਕਰਕੇ ਵਿਕਾਸਸ਼ੀਲ ਦੇਸ਼ਾਂ ਲਈ ਅਤੇ ਐੱਫਏਓ ਨੂੰ ਜਲਵਾਯੂ, ਜੈਵ ਵਿਭਿੰਨਤਾ ਅਤੇ ਮਿਸ਼ਰਤ ਵਿੱਤ ਤੱਕ ਪਹੁੰਚ ਬਣਾਉਣ ਲਈ ਸਮਰਥਨ ਨੂੰ ਮਜ਼ਬੂਤ ਕਰਨ ਅਤੇ ਲੰਬੇ ਸਮੇਂ ਦੇ ਬਹਾਲੀ ਪ੍ਰੋਗਰਾਮਾਂ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।
ਭਾਰਤ ਨੇ ਐੱਫਏਓ ਦੇ ਜੰਗਲਾਤ ਕਾਰਜ, ਗਲੋਬਲ ਜੰਗਲ ਟੀਚਿਆਂ ਅਤੇ ਹੋਰ ਅੰਤਰਰਾਸ਼ਟਰੀ ਜੰਗਲ-ਸਬੰਧਿਤ ਪ੍ਰਕਿਰਿਆਵਾਂ ਦਰਮਿਆਨ ਵਧੇਰੇ ਤਾਲਮੇਲ ਦੀ ਵੀ ਮੰਗ ਕੀਤੀ, ਨਾਲ ਹੀ ਗਿਆਨ, ਸਭ ਤੋਂ ਵਧੀਆ ਅਭਿਆਸਾਂ ਅਤੇ ਵਿਆਪਕ ਤੌਰ 'ਤੇ ਲਾਗੂ ਹੱਲਾਂ ਨੂੰ ਸਾਂਝਾ ਕਰਨ ਲਈ ਦੱਖਣ-ਦੱਖਣ ਅਤੇ ਤਿਕੋਣੀ ਸਹਿਯੋਗ ਨੂੰ ਵਧਾਉਣ ਦੀ ਮੰਗ ਕੀਤੀ। ਦੇਸ਼ ਨੇ ਟਿਕਾਊ ਜੰਗਲ ਪ੍ਰਬੰਧਨ ਦੇ ਅਨੁਸਾਰ, ਪ੍ਰਸਤਾਵਿਤ ਸੰਯੁਕਤ ਰਾਸ਼ਟਰ ਦੇ ਜੰਗਲਾਤ ਅਤੇ ਪੁਨਰ ਜੰਗਲਾਤ ਦਹਾਕੇ, 2027-2036 ਨੂੰ ਆਕਾਰ ਦੇਣ ਵਿੱਚ ਐੱਫਏਓ ਅਤੇ ਮੈਂਬਰ ਰਾਜਾਂ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜਿਸਦਾ ਉਦੇਸ਼ ਵਿਗੜਦਿਆਂ ਵਾਤਾਵਰਣ ਪ੍ਰਣਾਲੀਆਂ ਦੀ ਬਹਾਲੀ ਤੋਂ ਲਚਕੀਲੇ, ਉਤਪਾਦਕ ਅਤੇ ਸਮਾਵੇਸ਼ੀ ਜੰਗਲ ਲੈਂਡਸਕੇਪਾਂ ਤੱਕ ਇੱਕ ਸੁਮੇਲ ਨਿਰੰਤਰਤਾ ਬਣਾਉਣਾ ਹੈ।

*****
ਵੀਐੱਮ/ਏਕੇ
(Release ID: 2322145)
ਵਿਜ਼ੀਟਰ ਕਾਊਂਟਰ : 8