ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਇਸ ਨਾਲ ਜੁੜੇ ਹਸਪਤਾਲਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਸ਼੍ਰੀ ਨੱਡਾ ਨੇ ਆਉਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ, ਗੁਣਵੱਤਾ ਅਤੇ ਸਮੇਂ ਸਿਰ ਲਾਗੂਕਰਨ 'ਤੇ ਜ਼ੋਰ ਦਿੱਤਾ

ਕੇਂਦਰੀ ਸਿਹਤ ਮੰਤਰੀ ਨੇ ਐੱਲਐੱਚਐੱਮਸੀ ਅਤੇ ਕੇਐੱਸਸੀਐੱਚ ਵਿਖੇ ਉੱਨਤ ਸਿਮੂਲੇਸ਼ਨ-ਅਧਾਰਿਤ ਸਿਖਲਾਈ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਸਹੂਲਤਾਂ ਦਾ ਦੌਰਾ ਕੀਤਾ; ਮਰੀਜ਼ਾਂ ਦੀ ਸੁਰੱਖਿਆ ਅਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਸਿਮੂਲੇਸ਼ਨ-ਅਧਾਰਿਤ ਸਿਖਲਾਈ ਅਤੇ ਉੱਨਤ ਨਵਜੰਮੇ ਬੱਚਿਆਂ ਦੀ ਦੇਖਭਾਲ ਦੀ ਭੂਮਿਕਾ ਨੂੰ ਉਜਾਗਰ ਕੀਤਾ

Posted On: 28 SEP 2026 6:50PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜੇ.ਪੀ. ਨੱਡਾ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ) ਅਤੇ ਇਸ ਨਾਲ ਜੁੜੇ ਹਸਪਤਾਲਾਂ - ਸ਼੍ਰੀਮਤੀ ਸੁਚੇਤਾ ਕ੍ਰਿਪਲਾਨੀ ਹਸਪਤਾਲ (ਐੱਸਐੱਸਕੇਐੱਚ) ਅਤੇ ਕਲਾਵਤੀ ਸਰਨ ਚਿਲਡਰਨ ਹਸਪਤਾਲ (ਕੇਐੱਸਸੀਐੱਚ) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸਮੀਖਿਆ ਦੌਰਾਨ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ, ਉੱਨਤ ਡਾਇਗਨੌਸਟਿਕ ਸੇਵਾਵਾਂ, ਮੈਡੀਕਲ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਸੀ।

ਸਮੀਖਿਆ ਮੀਟਿੰਗ ਦੌਰਾਨ, ਮੰਤਰੀ ਨੂੰ ਕਲਾਵਤੀ ਸਰਨ ਚਿਲਡਰਨ ਹਸਪਤਾਲ ਦੇ ਚੱਲ ਰਹੇ ਵਿਸਥਾਰ ਕਾਰਜ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਜੈਕਟ ਦਾ ਉਦੇਸ਼ ਹਸਪਤਾਲ ਦੀ ਕੁੱਲ ਬਿਸਤਰਿਆਂ ਦੀ ਸਮਰੱਥਾ ਨੂੰ 394 ਤੋਂ ਵਧਾ ਕੇ 894 ਕਰਨਾ, ਆਈਸੀਯੂ  ਦੀ ਸਮਰੱਥਾ ਨੂੰ 40 ਤੋਂ 200 ਬਿਸਤਰਿਆਂ ਤੱਕ ਵਧਾਉਣਾ ਅਤੇ ਆਪ੍ਰੇਸ਼ਨ ਥੀਏਟਰਾਂ ਦੀ ਗਿਣਤੀ ਨੂੰ 4 ਤੋਂ ਵਧਾ ਕੇ 12 ਕਰਨਾ ਹੈ। ਕੇਐੱਸਸੀਐੱਚ ਕੈਂਪਸ ਵਿੱਚ ਨਿਰਮਾਣ ਕਾਰਜ ਚੱਲ ਰਿਹਾ ਹੈ। ਇਸ ਦਾ ਉਦੇਸ਼ ਤੀਜੇ ਦਰਜੇ ਅਤੇ ਸੁਪਰ-ਸਪੈਸ਼ਲਿਟੀ ਬਾਲ-ਚਿਕਿਤਸਾ ਸਬੰਧੀ ਦੇਖਭਾਲ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਹੀ ਅੰਡਰਗ੍ਰੈਜੁਏਟ, ਪੋਸਟ ਗ੍ਰੈਜੂਏਟ ਅਤੇ ਸੁਪਰ-ਸਪੈਸ਼ਲਿਟੀ ਮੈਡੀਕਲ ਸਿੱਖਿਆ ਅਤੇ ਸਿਖਲਾਈ ਲਈ ਸਮਰੱਥਾ ਦਾ ਵਿਸਤਾਰ ਕਰਨਾ ਹੈ।

ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਜ਼ੋਰ ਦੇ ਦਿੱਤਾ ਕਿ ਐੱਲਐੱਚਐੱਮਸੀ ਅਤੇ ਇਸ ਨਾਲ ਸਬੰਧਿਤ ਹਸਪਤਾਲਾਂ ਵਿੱਚ ਚੱਲ ਰਹੇ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੀ ਯੋਜਨਾ ਮਰੀਜ਼-ਕੇਂਦ੍ਰਿਤ ਅਤੇ ਅਗਾਂਹਵਧੂ ਪਹੁੰਚ ਨਾਲ ਬਣਾਈ ਜਾਣੀ ਚਾਹੀਦੀ ਹੈ, ਜਿਸ ਵਿੱਚ ਬਦਲਦੀਆਂ ਮੈਡੀਕਲ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਜਨਾਬੰਦੀ ਅਤੇ ਡਿਜ਼ਾਈਨਿੰਗ ਕਰਦੇ ਸਮੇਂ ਸਬੰਧਿਤ ਖੇਤਰਾਂ ਵਿੱਚ ਮੋਹਰੀ ਸੰਸਥਾਵਾਂ ਤੋਂ ਮੁਹਾਰਤ ਅਤੇ ਵਧੀਆ ਅਭਿਆਸਾਂ ਦਾ ਲਾਭ ਚੁੱਕਿਆ ਜਾਣਾ ਚਾਹੀਦਾ ਹੈ। ਨਾਲ ਹੀ ਨਿਰਮਾਣ ਦੀ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਪ੍ਰੋਜੈਕਟਾਂ ਦੀ ਸਮੇਂ-ਸੀਮਾ ਦੀ ਸਖ਼ਤੀ ਨਾਲ ਨਿਗਰਾਨੀ ਕਰਨ  'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਮਨਜ਼ੂਰੀ ਅਤੇ ਪ੍ਰਵਾਨਗੀਆਂ ਨਾਲ ਸਬੰਧਿਤ ਮੁੱਦਿਆਂ ਵੱਲ ਸਮੇਂ ਸਿਰ ਧਿਆਨ ਦੇਣ ਦੀ ਮੰਗ ਕੀਤੀ ਜਿਨ੍ਹਾਂ ਲਈ ਮੰਤਰਾਲੇ ਦੀ ਦਖਲਅੰਦਾਜ਼ੀ ਦੀ ਲੋੜ ਹੁੰਦੀ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਨਰਸਾਂ, ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਪੇਸ਼ੇਵਰਾਂ ਦੀ ਭਰਤੀ ਵੀ ਬੁਨਿਆਦੀ ਢਾਂਚੇ ਦੇ ਵਿਸਥਾਰ ਦੇ ਨਾਲ-ਨਾਲ ਅੱਗੇ ਵਧਣੀ ਚਾਹੀਦੀ ਹੈ।

ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਨੇ ਇੱਕ ਵਿਆਪਕ ਮਾਸਟਰ ਪਲਾਨ ਦੇ ਵਿਕਾਸ ਲਈ ਸੱਦਾ ਦਿੱਤਾ ਜਿਸ ਵਿੱਚ ਇੱਕ ਲੰਬੇ ਸਮੇਂ ਦਾ ਸੰਸਥਾਗਤ ਦ੍ਰਿਸ਼ਟੀਕੋਣ ਹੋਵੇ। ਇਸ ਵਿੱਚ ਤੁਰੰਤ ਤਰਜੀਹਾਂ ਨੂੰ ਪੜਾਅਵਾਰ ਵਿਕਾਸ ਅਤੇ ਆਉਣ ਵਾਲੇ ਦਹਾਕਿਆਂ ਲਈ ਇੱਕ ਦ੍ਰਿਸ਼ਟੀਕੋਣ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵੱਡੇ ਪੱਧਰ ਦੇ ਪ੍ਰੋਜੈਕਟਾਂ ਦੀ ਯੋਜਨਾਬੰਦੀ ਅਤੇ ਲਾਗੂਕਰਨ ਵਿੱਚ, ਜਿੱਥੇ ਢੁਕਵਾਂ ਹੋਵੇ, ਨਿੱਜੀ ਖੇਤਰ ਦੀ ਮੁਹਾਰਤ ਅਤੇ ਭਾਈਵਾਲੀ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਨੂੰ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਕਿ ਗੁਣਵੱਤਾ, ਕੁਸ਼ਲਤਾ ਅਤੇ ਮਰੀਜ਼ਾਂ ਦੀ ਦੇਖਭਾਲ ਅਜਿਹੀਆਂ ਸਾਰੀਆਂ ਪਹਿਲਕਦਮੀਆਂ ਦੇ ਕੇਂਦਰ ਵਿੱਚ ਹੋਵੇ।

ਇਸ ਯਾਤਰਾ ਦੌਰਾਨ, ਕੇਂਦਰੀ ਸਿਹਤ ਮੰਤਰੀ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਵਿਖੇ ਅਤਿ-ਆਧੁਨਿਕ ਹੁਨਰ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ। ਇਹ ਇੱਕ ਵਿਆਪਕ ਬਹੁ-ਅਨੁਸ਼ਾਸਨੀ ਸਿਮੂਲੇਸ਼ਨ-ਅਧਾਰਿਤ ਸਿਖਲਾਈ ਸਹੂਲਤ ਹੈ ਜੋ ਇੱਕ ਸੁਰੱਖਿਅਤ ਅਤੇ ਨਿਯੰਤਰਿਤ ਵਾਤਾਵਰਣ ਵਿੱਚ ਵਿਵਹਾਰਕ ਅਤੇ ਕੁਸ਼ਲਤਾ-ਅਧਾਰਿਤ ਸਿਖਲਾਈ ਪ੍ਰਦਾਨ ਕਰਦੀ ਹੈ। ਇਸ ਸਹੂਲਤ ਵਿੱਚ ਆਈਸੀਯੂ, ਸਰਜੀਕਲ ਹੁਨਰ, ਸਿਮੂਲੇਟਿਡ ਓਟੀ, ਪ੍ਰਸੂਤੀ ਵਿਗਿਆਨ ਓਟੀ (Obstetrics OT), ਐੱਨਆਈਸੀਯੂ, ਟ੍ਰੌਮਾ, ਈਐੱਨਟੀ ਅਤੇ ਨੇਤਰ ਵਿਗਿਆਨ ਲਈ ਸਮਰਪਿਤ ਸਿਮੂਲੇਸ਼ਨ ਖੇਤਰ ਹਨ। ਇਸ ਦੇ ਨਾਲ ਹੀ ਪ੍ਰਕਿਰਿਆਤਮਕ ਹੁਨਰ ਸਿਖਲਾਈ ਲਈ ਬ੍ਰੀਫਿੰਗ ਅਤੇ ਡੀਬ੍ਰੀਫਿੰਗ ਖੇਤਰ ਅਤੇ ਟਾਸਕ ਟ੍ਰੇਨਰ ਵੀ ਉਪਲਬਧ ਹਨ।

ਸਕਿੱਲਜ਼ ਲੈਬ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਟ੍ਰੇਨਿੰਗ, ਪ੍ਰਕਿਰਿਆਤਮਕ ਹੁਨਰ ਵਿਕਾਸ, ਫੈਕਲਟੀ ਵਿਕਾਸ, ਬਹੁ-ਅਨੁਸ਼ਾਸਨੀ ਟੀਮ ਸਿਖਲਾਈ ਅਤੇ ਕੁਸ਼ਲਤਾ-ਅਧਾਰਿਤ ਮੁਲਾਂਕਣ ਲਈ ਇੱਕ ਏਕੀਕ੍ਰਿਤ ਪਲੈਟਫਾਰਮ ਪ੍ਰਦਾਨ ਕਰਦੀ ਹੈ। ਇਸ ਸਹੂਲਤ ਵਿੱਚ ਸਿਮੂਲੇਸ਼ਨ-ਅਧਾਰਿਤ ਸਿਖਲਾਈ, ਯੋਜਨਾਬੱਧ ਅਭਿਆਸ ਅਤੇ ਢਾਂਚਾਗਤ ਫੀਡਬੈਕ ਰਾਹੀਂ ਕਲੀਨਿਕਲ ਅਤੇ ਸਰਜੀਕਲ ਯੋਗਤਾ, ਫੈਸਲਾ ਲੈਣ ਦੀ ਸਮਰੱਥਾ, ਟੀਮ ਵਰਕ, ਸੰਚਾਰ ਅਤੇ ਸੰਕਟ-ਪ੍ਰਬੰਧਨ ਹੁਨਰਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ, ਜਦੋਂ ਕਿ ਮਰੀਜ਼ਾਂ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਵਿੱਚ ਵੀ ਯੋਗਦਾਨ ਪਾਉਂਦੇ ਹਨ।

ਮੰਤਰੀ ਨੇ ਕਲਾਵਤੀ ਸਰਨ ਚਿਲਡਰਨ ਹਸਪਤਾਲ ਵਿਖੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਆਗਮੈਂਟੇਡ ਲੈਵਲ III-B ਨਿਓਨੇਟਲ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਉਪਲਬਧ ਉੱਨਤ ਸਹੂਲਤਾਂ ਦੀ ਸਮੀਖਿਆ ਕੀਤੀ।

ਨਿਓਨੇਟੋਲੋਜੀ ਵਿਭਾਗ ਵਿੱਚ 80 ਇੰਟੈਂਸਿਵ ਕੇਅਰ ਬੈੱਡ ਹਨ ਅਤੇ ਇਹ ਸਲਾਨਾ 10,000 ਤੋਂ ਵੱਧ ਜਣੇਪੇ ਅਤੇ 2,500 ਐੱਨਆਈਸੀਯੂ  ਵਿੱਚ ਭਰਤੀ ਹੋਣ ਵਾਲੇ ਨਵਜੰਮੇ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇੱਥੇ ਸਮੁੱਚੀ ਜੀਵਤ ਰਹਿਣ ਦੀ ਦਰ 93 ਪ੍ਰਤੀਸ਼ਤ ਤੋਂ ਵੱਧ ਹੈ। ਨਵਜੰਮੇ ਬੱਚਿਆਂ ਦੀ ਦੇਖਭਾਲ ਦੀ ਇਹ ਸਹੂਲਤ ਉੱਨਤ ਸੇਵਾਵਾਂ ਪ੍ਰਦਾਨ ਕਰਦੀ ਹੈ, ਜਿਨ੍ਹਾਂ ਵਿੱਚ ਹਾਈ-ਫ੍ਰੀਕਵੈਂਸੀ ਔਸਿਲੇਟਰੀ ਵੈਂਟੀਲੇਸ਼ਨ (ਐੱਚਐੱਫਓਵੀ), ਇਨਹੇਲਡ ਨਾਈਟ੍ਰਿਕ ਆਕਸਾਈਡ ਥੈਰੇਪੀ, ਥੈਰੇਪੀਟਿਕ ਹਾਈਪੋਥਰਮੀਆ, ਉੱਨਤ ਨਿਗਰਾਨੀ ਅਤੇ ਸਾਹ ਲੈਣ ਵਿੱਚ ਵਿਆਪਕ ਸਹਾਇਤਾ ਸ਼ਾਮਲ ਹੈ। 

ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਐੱਨਆਈਸੀਯੂ-B ਵਿੱਚ 7 ਐੱਨਆਈਸੀਯੂ ਬਿਸਤਰੇ, 8 ਐੱਚਡੀਯੂ ਬਿਸਤਰੇ, 15 ਕੰਗਾਰੂ ਮਦਰ ਕੇਅਰ (ਕੇਐੱਮਸੀ) ਬਿਸਤਰੇ ਅਤੇ ਮਾਵਾਂ ਲਈ 12 ਬਿਸਤਰੇ ਹਨ। ਪਰਿਵਾਰ-ਏਕੀਕ੍ਰਿਤ ਦੇਖਭਾਲ, ਕੰਗਾਰੂ ਮਦਰ ਕੇਅਰ ਅਤੇ ਬ੍ਰੈਸਟਫੀਡਿੰਗ ਵਿੱਚ ਸਹਾਇਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਸਮੀਖਿਆ ਅਤੇ ਦੌਰੇ ਦੌਰਾਨ ਐੱਲਐੱਚਐੱਮਸੀ ਅਤੇ ਇਸ ਨਾਲ ਸਬੰਧਿਤ ਹਸਪਤਾਲਾਂ ਦੁਆਰਾ ਉੱਨਤ ਮਰੀਜ਼ਾਂ ਦੀ ਦੇਖਭਾਲ, ਮਾਹਰ ਬਾਲ ਅਤੇ ਨਵਜੰਮੇ ਬੱਚਿਆਂ ਦੀਆਂ ਸੇਵਾਵਾਂ, ਮੈਡੀਕਲ ਸਿੱਖਿਆ, ਸਿਮੂਲੇਸ਼ਨ-ਅਧਾਰਿਤ ਸਿਖਲਾਈ ਅਤੇ ਖੋਜ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਿਹਤ ਸੰਭਾਲ ਬੁਨਿਆਦੀ ਢਾਂਚੇ ਦੇ ਨਿਰੰਤਰ ਵਿਸਥਾਰ ਅਤੇ ਆਧੁਨਿਕੀਕਰਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ।

ਸਮੀਖਿਆ ਮੀਟਿੰਗ ਵਿੱਚ ਸ਼੍ਰੀ ਸੁਨੀਲ ਕੁਮਾਰ ਬਰਨਵਾਲ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ); ਡਾ. ਐੱਲ.ਜੀ. ਕ੍ਰਿਸ਼ਣਾ, ਡਾਇਰੈਕਟਰ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ); ਸ਼੍ਰੀਮਤੀ ਜੀ.ਐੱਸ. ਚਿੱਤਰਾ, ਸੰਯੁਕਤ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ; ਅਤੇ ਡਾ. ਹਿਮਾਨੀ ਆਹਲੂਵਾਲੀਆ, ਡਾਇਰੈਕਟਰ, ਲੇਡੀ ਹਾਰਡਿੰਗ ਮੈਡੀਕਲ ਕਾਲਜ (ਐੱਲਐੱਚਐੱਮਸੀ); ਡਾ. ਅਰਵਿੰਦ ਕੁਮਾਰ, ਮੈਡੀਕਲ ਸੁਪਰਡੈਂਟ, ਐੱਲਐੱਚਐੱਮਸੀ; ਡਾ. ਵਿਕਰਮ ਦੱਤਾ, ਮੈਡੀਕਲ ਸੁਪਰਡੈਂਟ, ਐੱਲਐੱਚਐੱਮਸੀ ਅਤੇ ਡਾ. ਸੁਜਾਤਾ ਗੌਤਮ, ਪ੍ਰਿੰਸੀਪਲ, ਐੱਲਐੱਚਐੱਮਸੀ ਸ਼ਾਮਲ ਸਨ।

*****

ਐੱਸਆਰ/ਏਕੇ


(Release ID: 2322137) ਵਿਜ਼ੀਟਰ ਕਾਊਂਟਰ : 7