ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਭੋਪਾਲ ਵਿੱਚ ਗੋਪਾਲਕ ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਨਿਆਂ ਸੰਹਿਤਾ ‘ਤੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ


ਸ਼੍ਰੀ ਅਮਿਤ ਸ਼ਾਹ ਉੱਜੈਨ ਵਿੱਚ ₹255 ਕਰੋੜ ਦੀ ਲਾਗਤ ਨਾਲ 3 ਲੱਖ ਲੀਟਰ ਪ੍ਰਤੀ ਦਿਨ ਸਮਰੱਥਾ ਵਾਲੇ ਮਿਲਕ ਪ੍ਰੋਸੈੱਸਿੰਗ ਪਲਾਂਟ ਦਾ ਡਿਜੀਟਲ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਣਗੇ

ਭੋਪਾਲ ਵਿੱਚ ₹16.5 ਕਰੋੜ ਦੀ ਲਾਗਤ ਨਾਲ 40 ਹਜ਼ਾਰ ਲੀਟਰ ਪ੍ਰਤੀ ਦਿਨ ਸਮਰੱਥਾ ਵਾਲੇ ਪ੍ਰੋਡਕਟ ਡੇਅਰੀ ਪਲਾਂਟ ਅਤੇ ₹12.42 ਕਰੋੜ ਦੀ ਅਤਿ-ਆਧੁਨਿਕ ਰਾਜ ਪੱਧਰੀ ਕੇਂਦਰੀ ਪ੍ਰਯੋਗਸ਼ਾਲਾ ਦਾ ਉਦਘਾਟਨ ਹੋਵੇਗਾ

ਸ਼ਿਵਪੁਰੀ ਵਿੱਚ ₹6.5 ਕਰੋੜ ਦੀ ਲਾਗਤ ਨਾਲ ਮਿਨੀ ਡੇਅਰੀ ਪਲਾਂਟ ਦੇ ਮਜ਼ਬੂਤੀਕਰਣ ਕਾਰਜ ਦਾ ਵੀ ਡਿਜੀਟਲ ਮਾਧਿਅਮ ਰਾਹੀਂ ਲੋਕਅਰਪਣ ਹੋਵੇਗਾ

ਭੋਪਾਲ ਅਤੇ ਇੰਦੌਰ ਦੁੱਧ ਸੰਘ ਦੇ ਮੈਂਬਰਾਂ ਨੂੰ ਸਿੰਗਲ ਕਲਿੱਕ ਰਾਹੀਂ ਬੋਨਸ ਅਤੇ ਗਊਸ਼ਾਲਾਵਾਂ ਨੂੰ ਸਹਾਇਤਾ ਰਾਸ਼ੀ ਦੀ ਹੋਵੇਗੀ ਵੰਡ

ਦੁੱਧ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਕੁੱਲ ₹15.10 ਕਰੋੜ ਦੇ ਲਾਭਾਂਸ਼ ਦੀ ਵੰਡ; ਗੋਪਾਲਕ ਦੀਦੀਆਂ ਦਾ ਵੀ ਹੋਵੇਗਾ ਸਨਮਾਨ

Posted On: 02 OCT 2026 10:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ  ਨਰੇਂਦਰ ਮੋਦੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ  ਅਮਿਤ ਸ਼ਾਹ ਦੀ ਅਗਵਾਈ ਹੇਠ ਦੇਸ਼ ਦੇ ਸਹਿਕਾਰਤਾ ਖੇਤਰ ਨੂੰ ਮਜ਼ਬੂਤ, ਆਧੁਨਿਕ ਅਤੇ ਆਤਮਨਿਰਭਰ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਸਹਿਕਾਰੀ ਸੰਸਥਾਵਾਂ ਨੂੰ ਪੇਂਡੂ ਅਰਥਵਿਵਸਥਾ ਅਤੇ ਕਿਸਾਨਾਂ ਦੀ ਖੁਸ਼ਹਾਲੀ ਦਾ ਪ੍ਰਭਾਵਸ਼ਾਲੀ ਸਾਧਨ ਬਣਾਉਣ ਦੇ ਨਾਲ-ਨਾਲ ਡੇਅਰੀ ਸਹਿਕਾਰਤਾ ਰਾਹੀਂ ਪਸ਼ੂ ਪਾਲਕਾਂ, ਦੁੱਧ ਉਤਪਾਦਕਾਂ ਅਤੇ ਖਾਸ ਤੌਰ ‘ਤੇ ਮਹਿਲਾ ਮੈਂਬਰਾਂ ਦੀ ਆਮਦਨ ਅਤੇ ਆਰਥਿਕ ਭਾਗੀਦਾਰੀ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

ਇਸੇ ਦਿਸ਼ਾ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 3 ਅਕਤੂਬਰ 2026 ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਸਥਿਤ ਦੁਸ਼ਹਿਰਾ ਮੈਦਾਨ ਵਿੱਚ ਆਯੋਜਿਤ ਗੋਪਾਲਕ ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਨਯਾਯ ਸੰਹਿਤਾ ‘ਤੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸ ਮੌਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਵੀ ਮੌਜੂਦ ਰਹਿਣਗੇ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ  ਅਮਿਤ ਸ਼ਾਹ ਨਿਆਂ ਸੰਹਿਤਾ ‘ਤੇ ਆਯੋਜਿਤ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਨਵੀਂ ਨਯਾਯ ਸੰਹਿਤਾ ਨੂੰ ਲਾਗੂ ਕਰਨ ਵਿੱਚ ਮੱਧ ਪ੍ਰਦੇਸ਼ ਪੁਲਿਸ ਦੀਆਂ ਉਪਲਬਧੀਆਂ ਨਾਲ ਸਬੰਧਿਤ ਪ੍ਰਦਰਸ਼ਨੀ ਦੇ ਵੱਖ-ਵੱਖ ਭਾਗਾਂ ਦਾ ਵੀ ਦੌਰਾ ਕਰਨਗੇ।

ਪ੍ਰੋਗਰਾਮ ਦੌਰਾਨ ਭੋਪਾਲ ਵਿੱਚ ‘ਮੋਰਵਨ ਪ੍ਰੋਜੈਕਟ’ ਦੇ ਤਹਿਤ ਨਗਰ ਵਨ ਵਿਕਸਿਤ ਕਰਨ ਲਈ ਕ੍ਰਿਭਕੋ ਅਤੇ ਮੱਧ ਪ੍ਰਦੇਸ਼ ਰਾਜ ਜੈਵ ਵਿਭਿੰਨਤਾ ਬੋਰਡ (MP State Biodiversity Board) ਵਿਚਕਾਰ ਸਮਝੌਤਾ ਪੱਤਰ (ਐਮਓਯੂ) ਦਾ ਅਦਾਨ-ਪ੍ਰਦਾਨ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ  ਅਮਿਤ ਸ਼ਾਹ ਡੇਅਰੀ ਅਤੇ ਸਹਿਕਾਰਤਾ ਖੇਤਰ ਨਾਲ ਜੁੜੀਆਂ ਵੱਖ-ਵੱਖ ਮਹੱਤਵਪੂਰਨ ਪਰਿਯੋਜਨਾਵਾਂ ਦਾ ਭੂਮੀ ਪੂਜਨ ਅਤੇ ਲੋਕਅਰਪਣ ਕਰਨਗੇ ਅਤੇ ਵੱਖ-ਵੱਖ ਲਾਭਾਂ ਦੀ ਵੰਡ ਕਰਨਗੇ।

ਇਸ ਮੌਕੇ ਸ਼੍ਰੀ  ਅਮਿਤ ਸ਼ਾਹ ਉੱਜੈਨ ਵਿੱਚ ₹255 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣ ਵਾਲੇ 3 ਲੱਖ ਲੀਟਰ ਪ੍ਰਤੀ ਦਿਨ ਸਮਰੱਥਾ ਵਾਲੇ ਮਿਲਕ ਪ੍ਰੋਸੈੱਸਿੰਗ ਪਲਾਂਟ ਦਾ ਡਿਜੀਟਲ ਮਾਧਿਅਮ ਰਾਹੀਂ ਭੂਮੀ ਪੂਜਨ ਕਰਨਗੇ। ਇਸ ਦੇ ਨਾਲ ਹੀ ਭੋਪਾਲ ਵਿੱਚ ₹16.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ 40 ਹਜ਼ਾਰ ਲੀਟਰ ਪ੍ਰਤੀ ਦਿਨ ਸਮਰੱਥਾ ਵਾਲੇ ਪ੍ਰੋਡਕਟ ਡੇਅਰੀ ਪਲਾਂਟ ਦਾ ਲੋਕਅਰਪਣ ਕੀਤਾ ਜਾਵੇਗਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਭੋਪਾਲ ਵਿੱਚ ₹12.42 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗਈ ਅਤਿ-ਆਧੁਨਿਕ ਰਾਜ ਪੱਧਰੀ ਕੇਂਦਰੀ ਪ੍ਰਯੋਗਸ਼ਾਲਾ ਦਾ ਵੀ ਲੋਕਅਰਪਣ ਕਰਨਗੇ। ਇਸ ਤੋਂ ਇਲਾਵਾ ਸ਼ਿਵਪੁਰੀ ਵਿੱਚ ₹6.5 ਕਰੋੜ ਦੀ ਲਾਗਤ ਨਾਲ ਮਿਨੀ ਡੇਅਰੀ ਪਲਾਂਟ ਦੇ ਮਜ਼ਬੂਤੀਕਰਣ ਕਾਰਜ ਦਾ ਡਿਜੀਟਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਇਹ ਪਰਿਯੋਜਨਾਵਾਂ ਮੱਧ ਪ੍ਰਦੇਸ਼ ਵਿੱਚ ਮਿਲਕ ਪ੍ਰੋਸੈੱਸਿੰਗ ਸਮਰੱਥਾ ਅਤੇ ਡੇਅਰੀ ਖੇਤਰ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪਹਿਲਕਦਮੀਆਂ ਹਨ।

ਪ੍ਰੋਗਰਾਮ ਦੌਰਾਨ ਭੋਪਾਲ ਅਤੇ ਇੰਦੌਰ ਦੁੱਧ ਸੰਘ ਦੇ ਮੈਂਬਰਾਂ ਨੂੰ ਸਿੰਗਲ ਕਲਿੱਕ ਰਾਹੀਂ ਬੋਨਸ ਵੰਡਿਆ ਜਾਵੇਗਾ। ਇਸ ਦੇ ਨਾਲ ਹੀ ਗਊਸ਼ਾਲਾਵਾਂ ਨੂੰ ਵੀ ਸਿੰਗਲ ਕਲਿੱਕ ਰਾਹੀਂ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਦੁੱਧ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਮੈਂਬਰਾਂ ਨੂੰ ਕੁੱਲ ₹15.10 ਕਰੋੜ ਦਾ ਲਾਭਾਅੰਸ਼ ਵੰਡਿਆ ਜਾਵੇਗਾ।

ਗੋਪਾਲਕ ਸੰਮੇਲਨ ਵਿੱਚ ਮਹਿਲਾ ਪਸ਼ੂ ਪਾਲਕਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ‘ਗੋਪਾਲਕ ਦੀਦੀਆਂ’ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾ. ਭੀਮਰਾਓ ਅੰਬੇਡਕਰ ਕਾਮਧੇਨੂ ਯੋਜਨਾ ਦੇ ਤਹਿਤ ਦੋ ਮਨਜ਼ੂਰੀ ਪੱਤਰ ਵੀ ਵੰਡੇ ਜਾਣਗੇ।

 

************

ਏਕੇ/ਏਕੇ


(Release ID: 2320886) ਵਿਜ਼ੀਟਰ ਕਾਊਂਟਰ : 2