ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ “ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ” ਵਿਸ਼ੇ ’ਤੇ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ
ਭਾਰਤ ਇਹ ਦਿਖਾ ਰਿਹਾ ਹੈ ਕਿ ਵਿਕਾਸ ਅਤੇ ਵਾਤਾਵਰਣ ਸਥਿਰਤਾ ਕਿਵੇਂ ਨਾਲ-ਨਾਲ ਚੱਲ ਸਕਦੇ ਹਨ: ਪ੍ਰਧਾਨ ਮੰਤਰੀ
ਅਕਸਰ, ਕਾਰਬਨ ਨਿਕਾਸੀ ਦੀ ਜ਼ਿੰਮੇਵਾਰੀ ਵਿਕਾਸਸ਼ੀਲ ਦੇਸ਼ਾਂ ’ਤੇ ਗਲਤ ਢੰਗ ਨਾਲ ਰੱਖੀ ਜਾ ਰਹੀ ਹੈ; ਹਾਲਾਂਕਿ, ਇਤਿਹਾਸਕ ਸੱਚਾਈ ਇਹ ਹੈ ਕਿ ਅੱਜ ਵੀ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿੱਚ ਭਾਰਤ ਦਾ ਯੋਗਦਾਨ ਆਲਮੀ ਔਸਤ ਦੇ ਅੱਧੇ ਤੋਂ ਵੀ ਘੱਟ ਹੈ: ਪ੍ਰਧਾਨ ਮੰਤਰੀ
ਪਿਛਲੇ 12 ਸਾਲਾਂ ਵਿੱਚ, ਭਾਰਤ ਨੇ ਵਾਤਾਵਰਣ ਨਾਲ ਜੁੜੇ ਹਰ ਖੇਤਰ ਵਿੱਚ ਅਸਾਧਾਰਨ ਤਰੱਕੀ ਕੀਤੀ ਹੈ; ਸਾਡਾ ਮੁੱਖ ਧਿਆਨ ਅਖੁੱਟ ਊਰਜਾ ’ਤੇ ਰਿਹਾ ਹੈ; ਇਸ ਨੇ ਵਾਤਾਵਰਣ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ: ਪ੍ਰਧਾਨ ਮੰਤਰੀ
ਜੀ-20 ਦੇਸ਼ਾਂ ਵਿੱਚ, ਭਾਰਤ ਇਕੱਲਾ ਅਜਿਹਾ ਦੇਸ਼ ਹੈ ਜਿਸ ਨੇ ਪੈਰਿਸ ਵਿੱਚ ਆਯੋਜਿਤ ਕੌਪ-21 ਸਿਖਰ ਸੰਮੇਲਨ ਵਿੱਚ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਹੈ: ਪ੍ਰਧਾਨ ਮੰਤਰੀ
ਸਾਡਾ ਵਿਕਾਸ ਤੇਜ਼ ਅਤੇ ਟਿਕਾਊ ਦੋਵੇਂ ਹਨ: ਪ੍ਰਧਾਨ ਮੰਤਰੀ
Posted On:
19 SEP 2026 1:51PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 'ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ' ਵਿਸ਼ੇ ’ਤੇ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕੁਦਰਤ ਨਾਲ ਰਾਸ਼ਟਰ ਦੇ ਡੂੰਘੇ ਇਤਿਹਾਸਕ ਸਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਕਿਸ ਤਰ੍ਹਾਂ ਪੁਰਾਣਾ ਸੱਭਿਆਚਾਰਕ ਗਿਆਨ ਆਧੁਨਿਕ ਜਲਵਾਯੂ ਹੱਲਾਂ ਵਿੱਚ ਸਹਾਇਕ ਹੈ ਅਤੇ ਵਿਸ਼ਵਵਿਆਪੀ ਸਮੂਹਿਕ ਕਾਰਵਾਈ ਨੂੰ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਇਸ ਮਹੱਤਵਪੂਰਨ ਮਿਸ਼ਨ ਨੂੰ ਦ੍ਰਿੜ੍ਹਤਾ ਨਾਲ ਅੱਗੇ ਵਧਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਸ਼ਲਾਘਾ ਕੀਤੀ ਅਤੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਹੁਣ ਆਧੁਨਿਕ ਜਲਵਾਯੂ ਚੁਣੌਤੀਆਂ ਦਾ ਹੱਲ ਪ੍ਰਦਾਨ ਕਰ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਕਾਰਬਨ ਫੁੱਟਪ੍ਰਿੰਟ ਬਾਰੇ ਗਲੋਬਲ ਪੱਧਰ ’ਤੇ ਫੈਲੀ ਗਲਤ ਧਾਰਨਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਨਾਜਾਇਜ਼ ਤੌਰ ’ਤੇ ਦੋਸ਼ੀ ਠਹਿਰਾਇਆ ਜਾਂਦਾ ਹੈ, ਜਦੋਂ ਕਿ ਵਿਕਸਤ ਦੇਸ਼ ਪ੍ਰਤੀ ਵਿਅਕਤੀ ਭਾਰਤ ਦੀ ਤੁਲਨਾ ਵਿੱਚ ਛੇ ਗੁਣਾ ਵੱਧ ਕਾਰਬਨ ਨਿਕਾਸੀ ਕਰਦੇ ਹਨ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਦੇਸ਼ ਇਸ ਇਤਿਹਾਸਕ ਸੱਚਾਈ ਨੂੰ ਸਥਾਪਤ ਕਰਨ ਅਤੇ ਆਪਣੀਆਂ ਰਵਾਇਤੀ ਵਾਤਾਵਰਣਕ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਅੰਤਰਰਾਸ਼ਟਰੀ ਮੰਚ ਦੀ ਵਰਤੋਂ ਕਰਦਾ ਹੈ। ਉਨ੍ਹਾਂ ਨੇ ਕੌਪ-21 ਵਿੱਚ “ਕਨਵੀਨੀਐਂਟ ਐਕਸ਼ਨ - ਕੰਟੀਨਿਊਟੀ ਫਾਰ ਚੇਂਜ” ਪੁਸਤਕ ਦੇ ਰਿਲੀਜ਼ ਅਤੇ ਵਨ ਸਨ, ਵਨ ਵਰਲਡ, ਵਨ ਗ੍ਰਿਡ, ਇੰਟਰਨੈਸ਼ਨਲ ਸੋਲਰ ਅਲਾਇੰਸ, ਸੀਡੀਆਰਆਈ, ਗਲੋਬਲ ਬਾਇਓਫਿਊਲ ਅਲਾਇੰਸ ਅਤੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਵਰਗੇ ਮੰਚ ਦੇ ਨਿਰਮਾਣ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਦੁਨੀਆ ਨੂੰ ਨਾਲ ਲੈ ਕੇ ਵਾਤਾਵਰਣ ਦੀ ਸੰਭਾਲ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਾਂ।”
ਪ੍ਰਧਾਨ ਮੰਤਰੀ ਨੇ ਪੁਰਾਣੇ ਦਰਸ਼ਨ ਨੂੰ ਆਧੁਨਿਕ ਅਮਲ ਨਾਲ ਜੋੜਦਿਆਂ ਪਿਛਲੇ ਕਈ ਸਾਲਾਂ ਵਿੱਚ ਵਾਤਾਵਰਣ ਦੇ ਸਾਰੇ ਖੇਤਰਾਂ ਵਿੱਚ ਹੋਈ ਅਸਾਧਾਰਨ ਤਰੱਕੀ ਦਾ ਵਿਸਤਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਖ਼ਾਸ ਤੌਰ ’ਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਕੀਤੇ ਗਏ ਵਿਆਪਕ ਰਣਨੀਤਕ ਬਦਲਾਅ ਬਾਰੇ ਦੱਸਿਆ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਜੀ-20 ਵਿੱਚ ਦੇਸ਼ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ ਕਿਉਂਕਿ ਉਸ ਨੇ ਕੌਪ-21 ਦੀਆਂ ਵਚਨਬੱਧਤਾਵਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਲਿਆ ਹੈ ਅਤੇ ਗੈਰ-ਜੀਵਾਸ਼ਮ ਈਂਧਣ ਅਤੇ ਸੌਰ ਊਰਜਾ ਸਮਰੱਥਾ ਵਿੱਚ ਗਲੋਬਲ ਮਿਆਰ ਸਥਾਪਤ ਕੀਤੇ ਹਨ। ਸ਼੍ਰੀ ਮੋਦੀ ਨੇ ਕਿਹਾ, “ਹਰ ਪੈਮਾਨੇ ’ਤੇ ਭਾਰਤ ਦਾ ਪ੍ਰਦਰਸ਼ਨ ਅੱਜ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਹੈ।”
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਚੱਲ ਰਹੀ ਸੌਰ ਊਰਜਾ ਕ੍ਰਾਂਤੀ ਦੇ ਠੋਸ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਬਾਰਾਂ ਸਾਲ ਪਹਿਲਾਂ ਸਿਰਫ਼ 2 ਗੀਗਾਵਾਟ ਸਮਰੱਥਾ ਤੋਂ ਵਧ ਕੇ ਅੱਜ ਇਹ 160 ਗੀਗਾਵਾਟ ਤੋਂ ਵੱਧ ਹੋ ਗਈ ਹੈ। ਇਹ ਪ੍ਰਾਪਤੀ 'ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ' ਕਾਰਨ ਸੰਭਵ ਹੋਈ ਹੈ। ਇਸ ਤਹਿਤ 50 ਲੱਖ ਤੋਂ ਵੱਧ ਘਰਾਂ ਨੂੰ ਸੌਰ ਊਰਜਾ ਨਾਲ ਜੋੜਿਆ ਗਿਆ ਹੈ ਅਤੇ ਹਰੇਕ ਘਰ ਨੂੰ 80,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 'ਕੁਸੁਮ ਯੋਜਨਾ' ਤਹਿਤ 30 ਲੱਖ ਕਿਸਾਨਾਂ ਨੂੰ ਸੌਰ ਪੰਪ ਮਿਲੇ ਹਨ, ਜਦੋਂ ਕਿ ਪੂਰੇ ਹੋ ਚੁੱਕੇ 'ਵਨ ਨੇਸ਼ਨ-ਵਨ ਗ੍ਰਿਡ' ਪ੍ਰੋਜੈਕਟ ਨਾਲ 200 ਮਿਲੀਅਨ ਟਨ ਕਾਰਬਨ ਨਿਕਾਸੀ ਘੱਟ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਘਰਾਂ ਨੂੰ ਹੀ ਸੌਰ ਊਰਜਾ ਉਤਪਾਦਨ ਦਾ ਕੇਂਦਰ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ।”
ਪ੍ਰਧਾਨ ਮੰਤਰੀ ਨੇ ਸਾਫ਼ ਊਰਜਾ ਦੇ ਖੇਤਰ ਵਿੱਚ ਹੋਈ ਵਿਆਪਕ ਤਰੱਕੀ ਦਾ ਵਿਸਤਾਰ ਕਰਦਿਆਂ ਪੌਣ ਊਰਜਾ ਸਮਰੱਥਾ ਵਿੱਚ ਤਿੰਨ ਗੁਣਾ ਵਾਧਾ, ਜਲ-ਬਿਜਲੀ ਪ੍ਰੋਜੈਕਟਾਂ ਦੇ ਮਹੱਤਵਪੂਰਨ ਵਿਸਤਾਰ ਅਤੇ ਪਰਮਾਣੂ ਊਰਜਾ ਉਤਪਾਦਨ ’ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕਰਨ ਬਾਰੇ ਦੱਸਿਆ। ਇਹ ਖੇਤਰ ਹੁਣ ਨਿੱਜੀ ਕੰਪਨੀਆਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਂਝੇ ਯਤਨਾਂ ਨਾਲ ਦੇਸ਼ ਦੀ ਗੈਰ-ਜੀਵਾਸ਼ਮ ਊਰਜਾ ਸਮਰੱਥਾ ਲਗਭਗ ਚਾਰ ਗੁਣਾ ਵਧ ਗਈ ਹੈ, ਨਾਲ ਹੀ ਕੋਲਾ ਗੈਸੀਫਿਕੇਸ਼ਨ ਵਰਗੀਆਂ ਸਾਫ਼ ਤਕਨੀਕਾਂ ਨੂੰ ਵੀ ਹੁਲਾਰਾ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਨੇ ਸਾਫ਼ ਊਰਜਾ ਦੇ ਹੋਰ ਖੇਤਰਾਂ ਵਿੱਚ ਵੀ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ।”
ਪ੍ਰਧਾਨ ਮੰਤਰੀ ਨੇ ਮਾਣ ਨਾਲ ਆਧੁਨਿਕ ਸਾਫ਼ ਆਵਾਜਾਈ ਦੇ ਯੁੱਗ ਦੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਸ਼ੁਰੂਆਤ ਦਾ ਐਲਾਨ ਕੀਤਾ। ਇਹ ਦੁਨੀਆ ਦੀ ਸਭ ਤੋਂ ਲੰਬੀ ਟ੍ਰੇਨ ਹੈ। ਉਨ੍ਹਾਂ ਨੇ ਇਸ ਤਕਨੀਕੀ ਵਿਕਾਸ ਨੂੰ ਹਰੀ ਆਵਾਜਾਈ ਦੇ ਭਵਿੱਖ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “ਇਹ ਸਾਫ਼ ਆਵਾਜਾਈ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ।”
ਪ੍ਰਧਾਨ ਮੰਤਰੀ ਨੇ ਵਾਤਾਵਰਣ ਦੇ ਅਨੁਕੂਲ ਵਾਹਨਾਂ ਦੀ ਵਿਆਪਕ ਵਰਤੋਂ ਦਾ ਵੇਰਵਾ ਦਿੰਦਿਆਂ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਿੱਚ ਹੈਰਾਨ ਕਰਨ ਵਾਲੇ 950 ਗੁਣਾ ਵਾਧੇ ਦਾ ਜ਼ਿਕਰ ਕੀਤਾ। 2014 ਤੋਂ ਪਹਿਲਾਂ ਇਨ੍ਹਾਂ ਦੀ ਵਿਕਰੀ ਤਿੰਨ ਹਜ਼ਾਰ ਤੋਂ ਵੀ ਘੱਟ ਸੀ, ਜੋ ਪਿਛਲੇ ਸਾਲ ਵਧ ਕੇ ਲਗਭਗ 25 ਲੱਖ ਹੋ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ ’ਤੇ ਆਧੁਨਿਕ ਫਾਸਟੈਗ ਪ੍ਰਣਾਲੀ ਨੇ ਟੋਲ ਬੂਥਾਂ ’ਤੇ ਉਡੀਕ ਸਮੇਂ ਨੂੰ ਘਟਾ ਕੇ ਈਂਧਣ ਦੀ ਬਰਬਾਦੀ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਇਲੈਕਟ੍ਰਿਕ ਵਾਹਨ ਕ੍ਰਾਂਤੀ ਦੇ ਇਸ ਮੌਕੇ ਨੂੰ ਪੂਰੀ ਤਰ੍ਹਾਂ ਅਪਣਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਜਨਤਕ ਆਵਾਜਾਈ ਬੁਨਿਆਦੀ ਢਾਂਚੇ ਦੇ ਵਿਆਪਕ ਆਧੁਨਿਕੀਕਰਨ ਦਾ ਜ਼ਿਕਰ ਕਰਦਿਆਂ 2014 ਦੇ ਸਿਰਫ਼ ਪੰਜ ਸ਼ਹਿਰਾਂ ਵਿੱਚ ਫੈਲੇ 250 ਕਿਲੋਮੀਟਰ ਦੇ ਮੈਟਰੋ ਨੈੱਟਵਰਕ ਦੀ ਤੁਲਨਾ ਅੱਜ ਦੇ 20 ਤੋਂ ਵੱਧ ਸ਼ਹਿਰਾਂ ਵਿੱਚ ਸੰਚਾਲਿਤ ਵਿਸ਼ਾਲ ਪ੍ਰਣਾਲੀ ਨਾਲ ਕੀਤੀ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਉਨ੍ਹਾਂ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਕੋਲ ਇੱਕ ਹਜ਼ਾਰ ਕਿਲੋਮੀਟਰ ਤੋਂ ਵੱਧ ਦਾ ਮੈਟਰੋ ਨੈੱਟਵਰਕ ਹੈ।”
ਪ੍ਰਧਾਨ ਮੰਤਰੀ ਨੇ ਭਾਰੀ ਮਾਲ ਢੋਆ-ਢੁਆਈ ਦੇ ਵਾਤਾਵਰਣ-ਅਨੁਕੂਲ ਬਦਲਾਅ ’ਤੇ ਜ਼ੋਰ ਦਿੰਦਿਆਂ ਦੱਸਿਆ ਕਿ ਰੇਲਵੇ ਦੇ ਲਗਭਗ ਪੂਰੇ ਬਿਜਲੀਕਰਨ ਨਾਲ ਕਰੋੜਾਂ ਲੀਟਰ ਡੀਜ਼ਲ ਦੀ ਖਪਤ ਘੱਟ ਹੋਈ ਹੈ। ਉਨ੍ਹਾਂ ਨੇ ਨਵੇਂ ਬਣੇ 3,000 ਕਿਲੋਮੀਟਰ ਲੰਬੇ ਸਮਰਪਿਤ ਮਾਲ ਢੁਆਈ ਕੌਰੀਡੋਰ ਦੇ ਵਿਆਪਕ ਵਾਤਾਵਰਣਕ ਲਾਭਾਂ ਬਾਰੇ ਦੱਸਿਆ ਜਿਸ ਵਿੱਚ ਇਤਿਹਾਸਕ ਡਬਲ-ਸਟੈਕ ਕੰਟੇਨਰ ਟ੍ਰੇਨਾਂ ਪ੍ਰਤੀ ਯਾਤਰਾ ਸੈਂਕੜੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਦੀ ਥਾਂ ਲੈ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਨਾਲ ਵਾਤਾਵਰਣ ਨੂੰ ਕਿੰਨਾ ਲਾਭ ਹੋ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਵਾਤਾਵਰਣ ਦੇ ਅਨੁਕੂਲ ਆਵਾਜਾਈ ਦੇ ਬਦਲਵੇਂ ਸਾਧਨਾਂ ਵੱਲ ਇਸ਼ਾਰਾ ਕਰਦਿਆਂ ਦੇਸ਼ ਭਰ ਵਿੱਚ ਲਗਭਗ 5,000 ਕਿਲੋਮੀਟਰ ਅੰਦਰੂਨੀ ਜਲਮਾਰਗਾਂ ਦੇ ਸੰਚਾਲਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਾਰਗਾਂ ’ਤੇ ਚੱਲਣ ਵਾਲਾ ਇੱਕ ਮਿਆਰੀ ਅੰਦਰੂਨੀ ਜਹਾਜ਼ ਦਰਜਨਾਂ ਟਰੱਕਾਂ ਦੇ ਬਰਾਬਰ ਭਾਰ ਢੋਅ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ, “ਇਹ ਵੀ ਵਾਤਾਵਰਣ ਦੀ ਸੰਭਾਲ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਇਨ੍ਹਾਂ ਆਵਾਜਾਈ ਪ੍ਰਣਾਲੀਆਂ ਦੇ ਸਮੂਹਿਕ ਪ੍ਰਭਾਵ ਦਾ ਸਾਰ ਦਿੰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੂਰੇ ਆਵਾਜਾਈ ਖੇਤਰ ਵਿੱਚ ਆਏ ਵਿਆਪਕ ਬਦਲਾਅ ਦੇਸ਼ ਦੀ ਸੰਤੁਲਿਤ ਵਿਕਾਸ ਯਾਤਰਾ ਦਾ ਅਟੱਲ ਸਬੂਤ ਹਨ। ਉਨ੍ਹਾਂ ਨੇ ਕਿਹਾ ਕਿ ਤੇਜ਼ ਤਰੱਕੀ ਵਾਤਾਵਰਣ ਦੀ ਸੰਭਾਲ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡਾ ਵਿਕਾਸ ਤੇਜ਼ ਹੋਣ ਦੇ ਨਾਲ-ਨਾਲ ਟਿਕਾਊ ਵੀ ਹੈ।”
ਪ੍ਰਧਾਨ ਮੰਤਰੀ ਨੇ ਜਲ ਸੰਭਾਲ ਵਿੱਚ ਬੇਮਿਸਾਲ ਜਨ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ 'ਕੈਚ ਦ ਰੇਨ' ਮੁਹਿੰਮ ਤਹਿਤ 70,000 ਤੋਂ ਵੱਧ ਅੰਮ੍ਰਿਤ ਸਰੋਵਰਾਂ ਅਤੇ 1.5 ਕਰੋੜ ਮੀਂਹ ਦੇ ਪਾਣੀ ਦੀ ਸੰਭਾਲ ਵਾਲੇ ਢੰਚਿਆਂ ਦੇ ਨਿਰਮਾਣ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਤੇ 'ਹਰ ਬੂੰਦ, ਵਧੇਰੇ ਫ਼ਸਲ' ਤਹਿਤ ਆਧੁਨਿਕ ਸਿੰਚਾਈ ਤਕਨੀਕਾਂ 2 ਕਰੋੜ ਤੋਂ ਵੱਧ ਕਿਸਾਨਾਂ ਲਈ ਪਾਣੀ ਬਚਾ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਵਿੱਚ ਜਲ ਸੰਭਾਲ ’ਤੇ ਬੇਮਿਸਾਲ ਕੰਮ ਕੀਤਾ ਜਾ ਰਿਹਾ ਹੈ।”
ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਦੀ ਦੁਨੀਆ ਵਿੱਚ ਵਧ ਰਹੀ ਵਰਤੋਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਪਾਣੀ ਦੀ ਘੱਟ ਖਪਤ ਵਾਲੇ ਸ਼੍ਰੀ ਅੰਨ ਦੀ ਖੇਤੀ ਨੂੰ ਹੁਲਾਰਾ ਦੇਣ ਨਾਲ ਘਰੇਲੂ ਉਤਪਾਦਨ ਵਿੱਚ ਵਾਧਾ ਹੋਇਆ ਹੈ ਅਤੇ ਨਿਰਯਾਤ ਵਧ ਕੇ 1.5 ਲੱਖ ਟਨ ਹੋ ਗਿਆ ਹੈ, ਜਿਸ ਨਾਲ ਆਰਥਿਕ ਮੌਕੇ ਪੈਦਾ ਹੋਏ ਹਨ ਅਤੇ ਪਾਣੀ ਦੀ ਸੰਭਾਲ ਵੀ ਹੋਈ ਹੈ। ਉਨ੍ਹਾਂ ਨੇ ਇਨ੍ਹਾਂ ਅਣਥੱਕ ਰਾਸ਼ਟਰੀ ਯਤਨਾਂ ਦਾ ਸਿਹਰਾ 2023 ਨੂੰ ਅੰਤਰਰਾਸ਼ਟਰੀ ਸ਼੍ਰੀ ਅੰਨ ਵਰ੍ਹੇ ਵਜੋਂ ਮਨਾਉਣ ਦੀ ਪ੍ਰੇਰਨਾ ਨੂੰ ਦਿੱਤਾ। ਸ਼੍ਰੀ ਮੋਦੀ ਨੇ ਕਿਹਾ, “ਇਸ ਮਾਡਲ ਕਰਕੇ ਹੀ ਦੁਨੀਆ ਵੀ ਸਾਡੇ ਨਾਲ ਜੁੜ ਰਹੀ ਹੈ।”
ਪ੍ਰਧਾਨ ਮੰਤਰੀ ਨੇ ਵਾਤਾਵਰਣ ਅਨੁਕੂਲ ਖੇਤੀ ਦੇ ਵਿਆਪਕ ਪੱਧਰ ’ਤੇ ਜ਼ੋਰ ਦਿੰਦਿਆਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ ਤਹਿਤ 12.5 ਲੱਖ ਹੈਕਟੇਅਰ ਵਿੱਚ ਫੈਲੇ 24,000 ਕੁਦਰਤੀ ਖੇਤੀ ਸਮੂਹਾਂ ਦੀ ਸਥਾਪਨਾ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਜਲਵਾਯੂ ਦੇ ਅਨੁਕੂਲ 3,000 ਫ਼ਸਲਾਂ ਦੇ ਸਫ਼ਲ ਵਿਕਾਸ ਅਤੇ ਰਾਸ਼ਟਰੀ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ ਖੇਤੀ-ਜੰਗਲਾਤ ਦੇ ਰਣਨੀਤਕ ਪ੍ਰੋਤਸਾਹਨ ਬਾਰੇ ਵੀ ਦੱਸਿਆ। ਸ਼੍ਰੀ ਮੋਦੀ ਨੇ ਕਿਹਾ, “ਖੇਤੀ-ਜੰਗਲਾਤ ਨੂੰ ਹੁਲਾਰਾ ਦੇ ਕੇ ਅਸੀਂ ਕਾਰਬਨ ਫੁੱਟਪ੍ਰਿੰਟ ਨੂੰ ਵੀ ਘੱਟ ਕਰ ਰਹੇ ਹਾਂ।”
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਾਤਾਵਰਣ ਨਾਲ ਜੁੜੇ ਯਤਨਾਂ ਦੀ ਵਿਆਪਕਤਾ ਨੂੰ ਦਰਸਾਉਂਦਿਆਂ ਦੱਸਿਆ ਕਿ ਪਿਛਲੇ 12 ਸਾਲਾਂ ਵਿੱਚ ਸੰਘਣੇ ਜੰਗਲ ਖੇਤਰ ਵਿੱਚ 22 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ‘ਏਕ ਪੇੜ ਮਾਂ ਕੇ ਨਾਮ’ ਦੀ ਸ਼ਲਾਘਾ ਕੀਤੀ। ਇਹ ਮੁਹਿੰਮ ਨਾਗਰਿਕਾਂ ਨੂੰ ਲਗਾਤਾਰ ਦੇਸ਼ ਵਿਆਪੀ ਮੁਹਿੰਮ ਰਾਹੀਂ ਕਰੋੜਾਂ ਰੁੱਖ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਪਲਾਸਟਿਕ ਪ੍ਰਦੂਸ਼ਣ ਦੀ ਗੰਭੀਰ ਚੁਣੌਤੀ ਦਾ ਜ਼ਿਕਰ ਕਰਦਿਆਂ ਸਿੰਗਲ-ਯੂਜ਼ ਪਲਾਸਟਿਕ ’ਤੇ ਰਾਸ਼ਟਰੀ ਪਾਬੰਦੀ ਅਤੇ ਹਜ਼ਾਰਾਂ ਟਨ ਰੋਜ਼ਾਨਾ ਕਚਰੇ ਨੂੰ ਘਟਾਉਣ, ਮੁੜ ਵਰਤੋਂ ਕਰਨ ਅਤੇ ਰੀਸਾਈਕਲਿੰਗ ’ਤੇ ਆਧਾਰਿਤ ਸਰਕੂਲਰ ਇਕੌਨਮੀ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਨੂੰ ਦੁਹਰਾਇਆ। ਉਨ੍ਹਾਂ ਨੇ 'ਵੇਸਟ ਟੂ ਵੈਲਥ' ਮਾਡਲ ਰਾਹੀਂ ਗ੍ਰਾਮੀਣ ਜੈਵਿਕ ਕਚਰੇ ਨੂੰ ਕੀਮਤੀ ਸਰੋਤਾਂ ਵਿੱਚ ਤਬਦੀਲ ਕਰਨ ਦੀ ਇੱਕ ਪ੍ਰਮੁੱਖ ਉਦਾਹਰਣ ਵਜੋਂ ਗੋਬਰਧਨ ਯੋਜਨਾ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਸਾਡਾ ਯਤਨ ਹੈ ਕਿ ਕਚਰੇ ਨੂੰ ਸਮੱਸਿਆ ਵਜੋਂ ਦੇਖਣ ਦੀ ਬਜਾਏ, ਉਸ ਨੂੰ ਸਰੋਤ ਬਣਾਇਆ ਜਾਵੇ।”
ਪ੍ਰਧਾਨ ਮੰਤਰੀ ਨੇ ਦੇਸ਼ ਦੀ ਵਾਤਾਵਰਣਕ ਪ੍ਰਾਪਤੀਆਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਠੋਸ ਅੰਕੜੇ ਸਿਰਫ਼ ਘਰੇਲੂ ਤਰੱਕੀ ਨਾਲੋਂ ਕਿਤੇ ਵੱਧ ਦਰਸ਼ਾਉਂਦੇ ਹਨ। ਉਨ੍ਹਾਂ ਨੇ ਦੇਸ਼ ਦੇ ਵਿਕਾਸ ਨਾਲ ਜੁੜੇ ਅੰਕੜਿਆਂ ਨੂੰ ਪੂਰੀ ਮਨੁੱਖੀ ਜਾਤੀ ਦੀ ਹੋਂਦ ਅਤੇ ਖੁਸ਼ਹਾਲੀ ਵਿੱਚ ਮਹੱਤਵਪੂਰਨ ਅਤੇ ਸਿੱਧੇ ਯੋਗਦਾਨ ਵਜੋਂ ਪੇਸ਼ ਕੀਤਾ। ਸ਼੍ਰੀ ਮੋਦੀ ਨੇ ਕਿਹਾ, “ਇਹ ਅੰਕੜੇ ਮਨੁੱਖਤਾ ਦੇ ਭਵਿੱਖ ਵਿੱਚ ਭਾਰਤ ਦੇ ਯੋਗਦਾਨ ਨੂੰ ਵੀ ਦਰਸਾਉਂਦੇ ਹਨ।”
ਪ੍ਰਧਾਨ ਮੰਤਰੀ ਨੇ ਧਰਤੀ ਅਤੇ ਇਸ ਦੇ ਵਸਨੀਕਾਂ ਵਿਚਕਾਰ ਡੂੰਘੇ ਸਬੰਧ ’ਤੇ ਜ਼ੋਰ ਦਿੱਤਾ। ਇਹ ਸਬੰਧ ਇਨ੍ਹਾਂ ਜ਼ਿੰਮੇਵਾਰ ਕੰਮਾਂ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ਆਸ਼ਾਵਾਦੀ ਲਹਿਜ਼ੇ ਵਿੱਚ ਕੀਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਸੰਮੇਲਨ ਦੀਆਂ ਚਰਚਾਵਾਂ ਵਿੱਚੋਂ ਨਵੇਂ ਹੱਲ ਨਿਕਲਣਗੇ। ਉਨ੍ਹਾਂ ਨੇ ਆਖ਼ਿਰ ਵਿੱਚ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਵੀ ਇੱਕ ਜ਼ਿੰਮੇਵਾਰ ਅਤੇ ਟਿਕਾਊ ਭਵਿੱਖ ਦੇ ਨਿਰਮਾਣ ਲਈ ਕੰਮ ਕਰ ਰਿਹਾ ਹੈ।”
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2312703)
ਵਿਜ਼ੀਟਰ ਕਾਊਂਟਰ : 6
Read this release in:
Telugu
,
Kannada
,
Malayalam
,
Marathi
,
Assamese
,
Odia
,
English
,
Urdu
,
हिन्दी
,
Manipuri
,
Bengali
,
Gujarati
,
Tamil