ਟੈਕਸਟਾਈਲ ਮੰਤਰਾਲਾ
ਕੇਂਦਰੀ ਸਿਲਕ ਬੋਰਡ ਨੇ ਹੁਸ਼ਿਆਰਪੁਰ ਦੇ ਪਿੰਡ ਰਾਜਵਾਲ ਵਿੱਚ ਐੱਮਆਰਐੱਮਏ 2.0 ਤਹਿਤ ਤਕਨਾਲੋਜੀ ਪ੍ਰਦਰਸ਼ਨੀ ਪ੍ਰੋਗਰਾਮ ਕਰਵਾਇਆ
Posted On:
13 AUG 2026 3:44PM by PIB Chandigarh
ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਅਧੀਨ ਆਉਂਦੇ ਕੇਂਦਰੀ ਸਿਲਕ ਬੋਰਡ (ਸੀਐੱਸਬੀ) ਨੇ ਆਪਣੀ ਪ੍ਰਮੁੱਖ ਮੁਹਿੰਮ ‘ਮੇਰਾ ਰੇਸ਼ਮ ਮੇਰਾ ਅਭਿਮਾਨ’ (ਐੱਮਆਰਐੱਮਏ) 2.0 ਤਹਿਤ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਜਵਾਲ ਵਿੱਚ ਤਕਨਾਲੋਜੀ ਪ੍ਰਦਰਸ਼ਨੀ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਸੀਐੱਸਆਰਐਂਡਟੀਆਈ ਪੰਪੋਰ ਦੇ ਅਧੀਨ ਸੀਐੱਸਬੀ-ਖੇਤਰੀ ਰੇਸ਼ਮ ਖੋਜ ਕੇਂਦਰ (ਆਰਐੱਸਆਰਐੱਸ) ਮੀਰਾਂ ਸਾਹਿਬ, ਜੰਮੂ ਵੱਲੋਂ ਬਾਗਬਾਨੀ ਵਿਭਾਗ, ਹੁਸ਼ਿਆਰਪੁਰ ਦੇ ਸੈਰੀਕਲਚਰ (ਰੇਸ਼ਮ ਪਾਲਣ) ਵਿੰਗ ਦੇ ਸਹਿਯੋਗ ਨਾਲ ਉਲੀਕਿਆ ਗਿਆ।
ਇਸ ਪ੍ਰੋਗਰਾਮ ਵਿੱਚ ਅਗਾਂਹਵਧੂ ਰੇਸ਼ਮ ਪਾਲਕਾਂ ਸਮੇਤ ਤਕਰੀਬਨ 35 ਕਿਸਾਨਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਮਕਸਦ ਰੇਸ਼ਮ ਪਾਲਣ ਦੀਆਂ ਸੁਧਰੀਆਂ ਤਕਨੀਕਾਂ ਦਾ ਪਸਾਰ ਕਰਨਾ ਅਤੇ ਰੇਸ਼ਮ ਦੇ ਕੀੜਿਆਂ ਦੀ ਸਿਹਤ, ਕੋਕੂਨ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਲਈ ਵਿਗਿਆਨਕ ਤਰੀਕੇ ਅਪਣਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ ਸੀ।

ਪ੍ਰੋਗਰਾਮ ਦਾ ਅਹਿਮ ਹਿੱਸਾ ਰੇਸ਼ਮ ਦੇ ਕੀੜੇ ਪਾਲਣ ਅਤੇ ਤੂਤ ਦੇ ਪ੍ਰਬੰਧਨ ਦੇ ਸੁਧਰੇ ਤਰੀਕਿਆਂ ਬਾਰੇ ਤਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਸੀ। ਸੀਐੱਸਬੀ-ਸੀਐੱਸਆਰਐਂਡਟੀਆਈ ਪੰਪੋਰ (ਆਰਐੱਸਆਰਐੱਸ ਮੀਰਾਂ ਸਾਹਿਬ, ਜੰਮੂ) ਦੇ ਵਿਗਿਆਨੀ-ਬੀ ਡਾ. ਰੁਬੀਆ ਬੁਖਾਰੀ ਨੇ ਵਿਗਿਆਨਕ ਤਰੀਕੇ ਨਾਲ ਰੇਸ਼ਮ ਦੇ ਕੀੜੇ ਪਾਲਣ, ਉਨ੍ਹਾਂ ਦੀ ਖੁਰਾਕ ਦੇ ਪ੍ਰਬੰਧਨ, ਬੈੱਡ (ਕੀੜਿਆਂ ਦੇ ਬੈਠਣ ਵਾਲੀ ਥਾਂ) ਦੀ ਸਫ਼ਾਈ, ਵਾਤਾਵਰਣ ਪ੍ਰਬੰਧਨ, ਸਾਫ਼-ਸਫ਼ਾਈ, ਬਿਮਾਰੀਆਂ ਤੋਂ ਬਚਾਅ ਤੇ ਪ੍ਰਬੰਧਨ ਅਤੇ ਕੋਕੂਨ ਦੀ ਗੁਣਵੱਤਾ ਸੁਧਾਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦਾ ਅਮਲੀ ਪ੍ਰਦਰਸ਼ਨ ਕੀਤਾ। ਕਿਸਾਨਾਂ ਨੂੰ ਤੂਤ ਦੇ ਸਹੀ ਪ੍ਰਬੰਧਨ, ਜਿਸ ਵਿੱਚ ਵੇਲੇ ’ਤੇ ਛੰਗਾਈ ਅਤੇ ਮਿਆਰੀ ਪੱਤਿਆਂ ਦੀ ਸਹੀ ਵਰਤੋਂ ਸ਼ਾਮਲ ਹੈ, ਬਾਰੇ ਵੀ ਸਮਝਾਇਆ ਗਿਆ।
ਰੇਸ਼ਮ ਦੇ ਕੀੜੇ ਪਾਲਣ ਵਿੱਚ ਬਚਾਅ ਅਤੇ ਸਾਫ਼-ਸਫ਼ਾਈ ਦੇ ਤਰੀਕਿਆਂ ’ਤੇ ਖਾਸ ਜ਼ੋਰ ਦਿੱਤਾ ਗਿਆ, ਜਿਸ ਵਿੱਚ ਬੈੱਡ ਦੀ ਬਾਕਾਇਦਾ ਸਫ਼ਾਈ, ਢੁਕਵਾਂ ਤਾਪਮਾਨ ਅਤੇ ਨਮੀ ਬਣਾਈ ਰੱਖਣਾ, ਕੀੜੇ ਪਾਲਣ ਵਾਲੀ ਥਾਂ ਦੀ ਸਫ਼ਾਈ ਅਤੇ ਬਿਮਾਰੀ ਦੇ ਲੱਛਣਾਂ ਦੀ ਜਲਦੀ ਪਛਾਣ ਕਰਨਾ ਸ਼ਾਮਲ ਸੀ। ਸਿਹਤਮੰਦ ਕੀੜੇ ਪਾਲਣ ਅਤੇ ਵਧੀਆ ਕੁਆਲਿਟੀ ਦੇ ਕੋਕੂਨ ਪ੍ਰਾਪਤ ਕਰਨ ਲਈ ਸਮੇਂ ਸਿਰ ਸਹੀ ਖੁਰਾਕ ਦੇਣ ਅਤੇ ਪਾਲਣ-ਪੋਸ਼ਣ ਦੇ ਸਹੀ ਪ੍ਰਬੰਧ ਦੀ ਅਹਿਮੀਅਤ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।
ਪ੍ਰੋਗਰਾਮ ਦੇ ਹਿੱਸੇ ਵਜੋਂ, ਤੂਤ ਦੀ ਸਮੇਂ ਸਿਰ ਅਤੇ ਸਹੀ ਛੰਗਾਈ ਤੇ ਖੇਤਾਂ ਦੇ ਹੋਰ ਜ਼ਰੂਰੀ ਕੰਮਾਂ ਨੂੰ ਸੌਖਾ ਬਣਾਉਣ ਲਈ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ ਛੰਗਾਈ ਕਰਨ ਵਾਲੀਆਂ ਆਰੀਆਂ ਵੰਡੀਆਂ ਗਈਆਂ। ਕਿਸਾਨਾਂ ਨੂੰ ਤੂਤ ਦੇ ਬੂਟਿਆਂ ਨੂੰ ਸਿਹਤਮੰਦ ਰੱਖਣ ਅਤੇ ਰੇਸ਼ਮ ਦੇ ਕੀੜੇ ਪਾਲਣ ਲਈ ਵਧੀਆ ਪੱਤਿਆਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਸਮੇਂ ਸਿਰ ਛੰਗਾਈ ਕਰਨ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਅਤੇ ਵਿਗਿਆਨੀਆਂ ਵਿਚਾਲੇ ਇੱਕ ਵਿਚਾਰ-ਵਟਾਂਦਰਾ ਸੈਸ਼ਨ ਵੀ ਹੋਇਆ, ਜਿਸ ਦੌਰਾਨ ਕਿਸਾਨਾਂ ਨੇ ਆਪਣੇ ਖੇਤਰੀ ਤਜਰਬੇ ਸਾਂਝੇ ਕੀਤੇ ਅਤੇ ਰੇਸ਼ਮ ਦੇ ਕੀੜੇ ਪਾਲਣ, ਤੂਤ ਦੀ ਖੇਤੀ, ਬਿਮਾਰੀਆਂ ਦੇ ਪ੍ਰਬੰਧਨ ਅਤੇ ਪੈਦਾਵਾਰ ਵਧਾਉਣ ਨਾਲ ਸਬੰਧਤ ਸਵਾਲ ਪੁੱਛੇ। ਸੀਐੱਸਬੀ ਦੇ ਵਿਗਿਆਨੀਆਂ ਅਤੇ ਸੈਰੀਕਲਚਰ ਵਿੰਗ ਦੇ ਅਧਿਕਾਰੀਆਂ ਨੇ ਲੋੜ ਮੁਤਾਬਕ ਤਕਨੀਕੀ ਸੇਧ ਦਿੰਦੇ ਹੋਏ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ।
ਇਹ ਪ੍ਰੋਗਰਾਮ ਵਿਗਿਆਨੀ-ਬੀ ਡਾ. ਰੁਬੀਆ ਬੁਖਾਰੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਸਟੇਟ ਨੋਡਲ ਅਫ਼ਸਰ ਸ਼੍ਰੀ ਦਲਬੀਰ ਸਿੰਘ ਅਤੇ ਜ਼ਿਲ੍ਹਾ ਨੋਡਲ ਅਫ਼ਸਰ, ਹੁਸ਼ਿਆਰਪੁਰ ਸ਼੍ਰੀ ਬਲਵਿੰਦਰ ਸਿੰਘ ਨੇ ਸਹਿਯੋਗ ਦਿੱਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਉੱਘੇ ਅਗਾਂਹਵਧੂ ਕਿਸਾਨ ਅਤੇ ਸਰਪੰਚ ਸ਼੍ਰੀ ਮਨਿੰਦਰ ਪਾਲ ਸਿੰਘ ਅਤੇ ਸ਼੍ਰੀ ਇੰਦਰਜੀਤ ਸਿੰਘ ਨੇ ਬਤੌਰ ਮਹਿਮਾਨ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਸੈਰੀਕਲਚਰ ਪ੍ਰਮੋਸ਼ਨ ਅਫ਼ਸਰ ਸ਼੍ਰੀ ਕਰਮਜੀਤ ਸਿੰਘ ਅਤੇ ਸੀਐੱਸਬੀ-ਆਰਐੱਸਆਰਐੱਸ ਜੰਮੂ ਦੇ ਸੀਨੀਅਰ ਤਕਨੀਕੀ ਸਹਾਇਕ ਸ਼੍ਰੀ ਸਰਬਜੀਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਰੇਸ਼ਮ ਪਾਲਣ ਦੇ ਵਿਕਾਸ ਦੇ ਵੱਖ-ਵੱਖ ਪਹਿਲੂਆਂ ’ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਪ੍ਰੋਗਰਾਮ ਦੀ ਸਮਾਪਤੀ ਐੱਮਆਰਐੱਮਏ 2.0 ਤਹਿਤ ਵਿਗਿਆਨਕ, ਸਾਫ਼-ਸੁਥਰੇ ਅਤੇ ਟਿਕਾਊ ਰੇਸ਼ਮ ਪਾਲਣ ਦੇ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨਾਲ ਹੋਈ। ਇਸ ਦਾ ਮੁੱਖ ਟੀਚਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਰੇਸ਼ਮ ਪਾਲਕ ਭਾਈਚਾਰੇ ਦੀ ਪੈਦਾਵਾਰ, ਕੋਕੂਨ ਦੀ ਗੁਣਵੱਤਾ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਲਈ ਸੁਧਰੀਆਂ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
***********
(Release ID: 2298889)
ਵਿਜ਼ੀਟਰ ਕਾਊਂਟਰ : 37