ਵਿੱਤ ਮੰਤਰਾਲਾ
ਨਾਬਾਰਡ ਨੇ ਮਨਾਇਆ 45ਵਾਂ ਸਥਾਪਨਾ ਦਿਵਸ, ਹਰਿਆਣਾ ਵਿੱਚ ਗ੍ਰਾਮੀਣ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਈ
प्रविष्टि तिथि:
21 JUL 2026 3:34PM by PIB Chandigarh
ਨਾਬਾਰਡ ਹਰਿਆਣਾ ਖੇਤਰੀ ਦਫ਼ਤਰ ਨੇ 21 ਜੁਲਾਈ 2026 ਨੂੰ ਹਰਿਆਣਾ ਸਰਕਾਰ, ਭਾਰਤੀ ਰਿਜ਼ਰਵ ਬੈਂਕ, ਬੈਂਕਾਂ, ਸਹਿਕਾਰੀ ਸੰਸਥਾਵਾਂ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਅਤੇ ਵਿਕਾਸ ਭਾਗੀਦਾਰ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਨਾਬਾਰਡ ਦਾ 45ਵਾਂ ਸਥਾਪਨਾ ਦਿਵਸ ਮਨਾਇਆ।
ਇਸ ਪ੍ਰੋਗਰਾਮ ਵਿੱਚ ਸ਼੍ਰੀ ਅਨੁਰਾਗ ਰਸਤੋਗੀ, ਮੁੱਖ ਸਕੱਤਰ, ਹਰਿਆਣਾ ਸਰਕਾਰ ਨੇ ਆਪਣੀ ਮੌਜੂਦਗੀ ਨਾਲ ਸਮਾਰੋਹ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਨਾਬਾਰਡ ਨੂੰ ਰਾਸ਼ਟਰ ਦੀਆਂ 44 ਵਰ੍ਹਿਆਂ ਦੀਆਂ ਸਮਰਪਿਤ ਸੇਵਾਵਾਂ ਪੂਰੀਆਂ ਕਰਨ ‘ਤੇ ਵਧਾਈ ਦਿੱਤੀ ਅਤੇ ਖੇਤੀਬਾੜੀ ਵਿਕਾਸ, ਵਿੱਤੀ ਸਮਾਵੇਸ਼ਨ, ਸੰਸਥਾ ਨਿਰਮਾਣ ਅਤੇ ਟਿਕਾਊ ਆਜੀਵਿਕਾ ਦੇ ਵਾਧੇ ਰਾਹੀਂ ਗ੍ਰਾਮੀਣ ਭਾਰਤ ਦੇ ਕਾਇਆਕਲਪ ਵਿੱਚ ਇਸ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਾਬਾਰਡ ਨੂੰ ਹਰਿਆਣਾ ਦਾ ਇੱਕ ਭਰੋਸੇਯੋਗ ਵਿਕਾਸ ਭਾਗੀਦਾਰ ਦੱਸਿਆ ਅਤੇ ਗ੍ਰਾਮੀਣ ਬੁਨਿਆਦੀ ਢਾਂਚੇ, ਕਿਸਾਨ ਸੰਸਥਾਵਾਂ, ਸਹਿਕਾਰੀ ਸਭਾਵਾਂ ਅਤੇ ਭਾਈਚਾਰਕ-ਅਧਾਰਿਤ ਵਿਕਾਸ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਸ ਦੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ।
ਮੁੱਖ ਸਕੱਤਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗ੍ਰਾਮੀਣ ਹਰਿਆਣਾ ਦੇ ਕਾਇਆਕਲਪ ਲਈ ਸਰਕਾਰੀ ਏਜੰਸੀਆਂ, ਵਿੱਤੀ ਸੰਸਥਾਵਾਂ ਅਤੇ ਜ਼ਮੀਨੀ ਪੱਧਰ ਦੇ ਸੰਗਠਨਾਂ ਨੂੰ ਸ਼ਾਮਲ ਕਰਦਿਆਂ ਇੱਕ ਸਾਂਝਾ ਦ੍ਰਿਸ਼ਟੀਕੋਣ ਅਪਣਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ‘ਵਿਕਸਿਤ ਭਾਰਤ @ 2047’ ਦੀ ਪਰਿਕਲਪਨਾ ਦੇ ਅਨੁਕੂਲ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ, ਆਜੀਵਿਕਾ ਦੇ ਮੌਕੇ ਵਧਾਉਣ, ਗ੍ਰਾਮੀਣ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਮਰੱਥ ਬਣਾਉਣ ਅਤੇ ਲਚਕੀਲੇ ਗ੍ਰਾਮੀਣ ਭਾਈਚਾਰਿਆਂ ਦੇ ਨਿਰਮਾਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਸਾਲ 2026 ਨੂੰ ਅੰਤਰਰਾਸ਼ਟਰੀ ਮਹਿਲਾ ਕਿਸਾਨ ਵਰ੍ਹਾ ਐਲਾਨੇ ਜਾਣ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਸੰਸਥਾਗਤ ਵਿੱਤ, ਤਕਨਾਲੋਜੀ, ਹੁਨਰ ਵਿਕਾਸ, ਮਾਰਕਿਟਾਂ ਅਤੇ ਲੀਡਰਸ਼ਿਪ ਦੇ ਮੌਕਿਆਂ ਤੱਕ ਵਧੇਰੇ ਪਹੁੰਚ ਯਕੀਨੀ ਬਣਾ ਕੇ ਖੇਤੀਬਾੜੀ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਪਛਾਣਨ ਅਤੇ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਨਾਬਾਰਡ ਰਾਜ ਵਿੱਚ ਮਹਿਲਾ-ਅਗਵਾਈ ਵਾਲੇ ਵਿਕਾਸ ਨੂੰ ਅੱਗੇ ਵਧਾਉਣ ਅਤੇ ਸਮਾਵੇਸ਼ੀ ਅਤੇ ਟਿਕਾਊ ਗ੍ਰਾਮੀਣ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣਾ ਜਾਰੀ ਰੱਖੇਗਾ।
ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀਮਤੀ ਨਿਵੇਦਿਤਾ ਤਿਵਾਰੀ, ਚੀਫ ਡਾਇਰੈਕਟਰ ਜਨਰਲ, ਨਾਬਾਰਡ ਹਰਿਆਣਾ ਖੇਤਰੀ ਦਫ਼ਤਰ ਨੇ ਹਰਿਆਣਾ ਵਿੱਚ ਗ੍ਰਾਮੀਣ ਵਿਕਾਸ ਖੇਤਰ ਨਾਲ ਨਾਬਾਰਡ ਦੀ ਡੂੰਘੀ ਸ਼ਮੂਲੀਅਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗ੍ਰਾਮੀਣ ਬੁਨਿਆਦੀ ਢਾਂਚਾ ਵਿਕਾਸ ਫੰਡ (RIDF) ਦੇ ਤਹਿਤ, ਨਾਬਾਰਡ ਨੇ ਹਰਿਆਣਾ ਲਈ ਲਗਭਗ 15,056 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਅਤੇ 6,175 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ਹੈ, ਜਿਸ ਨਾਲ ਗ੍ਰਾਮੀਣ ਸੰਪਰਕ, ਸਿੰਚਾਈ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਅਤੇ ਸਮੁੱਚੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਨਾਬਾਰਡ ਨੇ 710 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ) ਦੇ ਕੰਪਿਊਟਰੀਕਰਣ ਅਤੇ ਡਿਜੀਟਲੀਕਰਣ ਅਤੇ ਰਾਜ ਭਰ ਵਿੱਚ 131 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਵਾਧੇ ਰਾਹੀਂ ਗ੍ਰਾਮੀਣ ਸੰਸਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਐੱਫਪੀਓ ਨੇ 63,369 ਤੋਂ ਵੱਧ ਕਿਸਾਨਾਂ ਨੂੰ ਸੰਗਠਿਤ ਕੀਤਾ ਹੈ, ਜਿਨ੍ਹਾਂ ਵਿੱਚ 14,017 ਮਹਿਲਾ ਮੈਂਬਰ ਸ਼ਾਮਲ ਹਨ, ਜਿਸ ਨਾਲ ਕਿਸਾਨਾਂ ਨੂੰ ਮਾਰਕਿਟਾਂ, ਤਕਨਾਲੋਜੀ ਅਤੇ ਮੁੱਲ ਲੜੀਆਂ ਤੱਕ ਪਹੁੰਚ ਬਿਹਤਰ ਬਣਾਉਣ ਵਿੱਚ ਮਦਦ ਮਿਲੀ ਹੈ।
ਚੀਫ ਡਾਇਰੈਕਟਰ ਜਨਰਲ ਨੇ ਹੁਨਰ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਨਾਬਾਰਡ ਦੇ ਯਤਨਾਂ ਨੂੰ ਰੇਖਾਂਕਿਤ ਕੀਤਾ, ਜਿਨ੍ਹਾਂ ਨਾਲ 2022-23 ਤੋਂ ਹੁਣ ਤੱਕ 5,010 ਤੋਂ ਵੱਧ ਮਹਿਲਾਵਾਂ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਨੇ ਡੇਅਰੀ ਪਾਲਣ, ਫੂਡ ਪ੍ਰੋਸੈੱਸਿੰਗ, ਮਸ਼ਰੂਮ ਦੀ ਖੇਤੀ, ਦਸਤਕਾਰੀ, ਸਿਲਾਈ ਅਤੇ ਹੋਰ ਗ੍ਰਾਮੀਣ ਉੱਦਮਾਂ ਵਿੱਚ ਟਿਕਾਊ ਆਜੀਵਿਕਾ ਦੇ ਮੌਕੇ ਪੈਦਾ ਕੀਤੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ 28 ਐੱਫਪੀਓ ਨੂੰ ਕੁੱਲ 11.12 ਕਰੋੜ ਰੁਪਏ ਦੀ ਲੋਨ ਸਹਾਇਤਾ ਨਾਲ ਲੋਨ ਨਾਲ ਜੋੜਿਆ ਗਿਆ ਹੈ, ਜਦੋਂ ਕਿ ਨੌਂ ਐੱਫਪੀਓ ਨੂੰ 60.38 ਲੱਖ ਰੁਪਏ ਦੀ ਇਕੁਇਟੀ ਗ੍ਰਾਂਟ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਨਾਬਾਰਡ ਨੇ ਵਾਟਰਸ਼ੈੱਡ ਵਿਕਾਸ, ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ, ਮਾਈਕ੍ਰੋ-ਸਿੰਚਾਈ, ਝੋਨੇ ਦੀ ਸਿੱਧੀ ਬੀਜਾਈ (ਡੀਐੱਸਆਰ), ਸਬਜ਼ੀ ਕਲੱਸਟਰ ਵਾਧੇ ਅਤੇ ਕਿਸਾਨਾਂ ਦੀ ਆਮਦਨ ਅਤੇ ਟਿਕਾਊਪਣ ਨੂੰ ਵਧਾਉਣ ਦੇ ਉਦੇਸ਼ ਨਾਲ ਹੋਰ ਨਵੀਨਤਾਕਾਰੀ ਦਖਲਅੰਦਾਜ਼ੀਆਂ ਰਾਹੀਂ ਜਲਵਾਯੂ-ਅਨੁਕੂਲ ਖੇਤੀਬਾੜੀ ਨੂੰ ਵੀ ਉਤਸ਼ਾਹਿਤ ਕੀਤਾ ਹੈ।
ਚੀਫ ਡਾਇਰੈਕਟਰ ਜਨਰਲ ਨੇ ਹਰਿਆਣਾ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ, ਗ੍ਰਾਮੀਣ ਸੰਸਥਾਵਾਂ ਨੂੰ ਮਜ਼ਬੂਤ ਕਰਨ, ਮਹਿਲਾ-ਅਗਵਾਈ ਵਾਲੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਦਾ ਸਮਰਥਨ ਕਰਨ ਦੇ ਪ੍ਰਤੀ ਨਾਬਾਰਡ ਦੀ ਵਚਨਬੱਧਤਾ ਨੂੰ ਦੁਹਰਾਇਆ।
ਸਮਾਰੋਹ ਦੌਰਾਨ, ਰਾਜ ਵਿੱਚ ਨਾਬਾਰਡ ਦੁਆਰਾ ਸਮਰਥਿਤ ਵੱਖ-ਵੱਖ ਦਖਲਅੰਦਾਜ਼ੀਆਂ ਦੀਆਂ ਪ੍ਰਮੁੱਖ ਵਿਕਾਸਾਤਮਕ ਪਹਿਲਕਦਮੀਆਂ, ਉਪਲਬਧੀਆਂ ਅਤੇ ਪ੍ਰਭਾਵ ਨੂੰ ਦਰਸਾਉਣ ਵਾਲੀ ਇੱਕ ਕੌਫ਼ੀ ਟੇਬਲ ਬੁੱਕ ਦਾ ਉਦਘਾਟਨ ਕੀਤਾ ਗਿਆ। ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਗਤੀਵਿਧੀਆਂ ਦੇ ਕਰਜ਼ਾ ਪ੍ਰਬੰਧਨ, ਪ੍ਰੋਜੈਕਟ ਮੁਲਾਂਕਣ ਅਤੇ ਫੰਡਿੰਗ ਵਿੱਚ ਬੈਂਕਾਂ ਅਤੇ ਹੋਰ ਹਿਤਧਾਰਕਾਂ ਲਈ ਸੰਦਰਭ ਵਜੋਂ ਕੰਮ ਕਰਨ ਲਈ ਇੱਕ ਯੂਨਿਟ ਕੋਸਟ ਬੁੱਕ ਵੀ ਜਾਰੀ ਕੀਤੀ ਗਈ।
ਗ੍ਰਾਮੀਣ ਵਿਕਾਸ ਅਤੇ ਸੰਸਥਾ ਨਿਰਮਾਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ, ਪ੍ਰੋਗਰਾਮ ਦੌਰਾਨ ਚੁਣੀਆਂ ਗਈਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ (ਪੈਕਸ), ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (ਡੀਸੀਸੀਬੀ), ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਸ਼ਿਲਪਕਾਰਾਂ ਅਤੇ ਮਹਿਲਾ ਕਿਸਾਨ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਸ਼ਿਲਪਕਾਰਾਂ, ਐੱਫਪੀਓ ਅਤੇ ਓਐੱਫਪੀਓ ਦੁਆਰਾ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ ਉਤਪਾਦਾਂ, ਪ੍ਰੋਸੈੱਸਡ ਫੂਡ ਪ੍ਰੋਡਕਟਸ, ਦਸਤਕਾਰੀ ਅਤੇ ਹੋਰ ਵੈਲਿਊ ਐਡਿਟ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜੋ ਗ੍ਰਾਮੀਣ ਉਤਪਾਦਕ ਸਮੂਹਾਂ ਦੀਆਂ ਵਧਦੀਆਂ ਉੱਦਮੀ ਸਮਰੱਥਾਵਾਂ ਨੂੰ ਦਰਸਾਉਂਦਾ ਹੈ। ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਮਹਿਲਾ ਕਿਸਾਨ ਵਰ੍ਹੇ 2026 ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ ਗਿਆ, ਜਿਸ ਵਿੱਚ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਖੇਤਰਾਂ ਵਿੱਚ ਮਹਿਲਾਵਾਂ ਦੀ ਅਗਵਾਈ, ਉੱਦਮਤਾ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ‘ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਗਿਆ।
**************
ਏਕੇ/ਆਰਐੱਨ
(रिलीज़ आईडी: 2287097)
आगंतुक पटल : 3
इस विज्ञप्ति को इन भाषाओं में पढ़ें:
English