ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਦਿੱਲੀ- ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੇ ਕਿਨਾਰੇ ‘ਟ੍ਰੀਜ਼ ਫਾਰ ਬੀਜ਼ (ਮਧੂਮੱਖੀਆਂ ਲਈ ਰੁੱਖ)’ ਪੋਲੀਨੇਟਰ ਕੌਰੀਡੋਰਸ (Pollinator Corridors) ਰਾਹੀਂ ਜੈਵ ਵਿਭਿੰਨਤਾ ਨੂੰ ਦੇਵੇਗਾ ਹੁਲਾਰਾ

Posted On: 07 MAY 2026 4:10PM by PIB Chandigarh

ਵਾਤਾਵਰਣ ਦੇ ਅਨੁਕੂਲ ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਹੁਰਾਉਂਦੇ ਹੋਏ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ), ਖੇਤਰੀ ਦਫ਼ਤਰ, ਚੰਡੀਗੜ੍ਹ, ਆਉਣ ਵਾਲੇ ਮੌਨਸੂਨ ਸੈਸ਼ਨ ਦੌਰਾਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਦੇ ਚਿੰਨ੍ਹਿਤ ਹਿੱਸਿਆਂ ‘ਤੇ ਪੋਲੀਨੇਟਰ (ਮਧੂਮੱਖੀ) ਕੌਰੀਡੋਰਸ (pollinator bee corridors) ਦੇ ਵਿਕਾਸ ਦਾ ਕੰਮ ਸ਼ੁਰੂ ਕਰਨ ਜਾ ਰਿਹਾ ਹੈ।

ਇਹ ਪਹਿਲ ਗ੍ਰੀਨ ਹਾਈਵੇਅਜ਼ ਪੌਲਿਸੀ, 2015 ਅਤੇ ਪ੍ਰਵਾਨ ਸਲਾਨਾ ਰੁੱਖ ਲਗਾਉਣ ਦੀ ਕਾਰਜ ਯੋਜਨਾ 2026 -27 ਦੇ ਅਨੁਸਾਰ ਹੈ, ਜੋ ਕਿ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਰੁੱਖ ਲਗਾਉਣ ਦੀਆਂ ਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਐੱਨਐੱਚਏਆਈ ਦੇ ਚੇਅਰਮੈਨ ਦੀ ਕਲਪਨਾ ਦੇ ਤਹਿਤ ਸ਼ੁਰੂ ਕੀਤੇ ਗਏ “ਟ੍ਰੀਜ਼ ਫਾਰ ਬੀਜ਼’ ਅਭਿਆਨ ਦਾ ਉਦੇਸ਼ ਅਜਿਹੀਆਂ ਪੌਦ ਪ੍ਰਜਾਤੀਆਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਮਧੂਮੱਖੀਆਂ ਅਤੇ ਹੋਰ ਪੋਲੀਨੇਟਰਸ ਲਈ ਉਪਯੋਗੀ ਹੋਣ ਅਤੇ ਕਿਸਾਨਾਂ ਦੀ ਫਸਲ ਉਤਪਾਦਨ ਸਮਰੱਥਾ ਵਧਾਉਣ ਵਿੱਚ ਸਹਾਇਕ ਬਣਨ। ਇਸ ਅਧੀਨ ਪ੍ਰਸਤਾਵਿਤ ਕੌਰੀਡੋਰਸ ਵਿੱਚ ਮਧੂਮੱਖੀਆਂ ਦੇ ਅਨੁਕੂਲ ਬਨਸਪਤੀਆਂ ਦੀ ਨਿਰੰਤਰ ਲੜੀ ਵਿਕਸਿਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਅਜਿਹੇ ਫੁੱਲਾਂ ਦੇ ਪੌਦਿਆਂ ਦੀ ਚੋਣ ਕੀਤੀ ਜਾਵੇਗੀ ਜੋ ਪੂਰੇ ਵਰ੍ਹੇ ਮਧੁਰਸ (ਨੈਕਟਰ) ਅਤੇ ਪਰਾਗ ਉਪਲਬਧ ਕਰਵਾਉਂਦੇ ਰਹਿਣ। 

ਪ੍ਰਵਾਨਿਤ ਕੀਤੀ ਕਾਰਜ ਯੋਜਨਾ 2026- 27 ਅਧੀਨ ਪੰਜਾਬ ਅਤੇ ਹਰਿਆਣਾ ਵਿੱਚ ਕੁੱਲ 3,86,653 ਪੌਦੇ ਲਗਾਏ ਜਾਣ ਦਾ ਪ੍ਰਸਤਾਵ ਹੈ, ਜਿਨ੍ਹਾਂ ਵਿੱਚ-

ਪੰਜਾਬ ਵਿੱਚ : 1,48,725 ਪੌਦੇ

ਹਰਿਆਣਾ : 2,37,928 ਪੌਦੇ

ਪੌਦੇ ਲਗਾਉਣ ਦਾ ਕੰਮ ਆਉਣ ਵਾਲੇ ਮੌਨਸੂਨ ਮੌਸਮ ਵਿੱਚ ਕੀਤਾ ਜਾਵੇਗਾ ਤਾਂ ਜੋ ਅਨੁਕੂਲ ਜਲਵਾਯੂ ਸਥਿਤੀਆਂ ਦਾ ਲਾਭ ਲੈਂਦੇ ਹੋਏ ਪੌਦਿਆਂ ਦੇ ਬਿਹਤਰ ਵਾਧੇ ਅਤੇ ਵਧੇਰੇ ਜੀਵਿਤ ਰਹਿਣ ਦੀ ਸੰਭਾਵਨਾ ਨੂੰ ਯਕੀਨੀ ਕੀਤਾ ਜਾ ਸਕੇ। 

 

ਮਧੂਮੱਖੀਆਂ ਅਤੇ ਹੋਰ ਪੌਲੀਨੇਟਰ (ਪਰਾਗਣ ਕਰਨ ਵਾਲਾ) ਖੇਤੀਬਾੜੀ, ਬਾਗਵਾਨੀ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ, ਵਾਤਾਵਰਣ ਸਬੰਧੀ ਅਤੇ ਪ੍ਰਦੂਸ਼ਣ ਸਬੰਧੀ ਵਿਭਿੰਨ ਕਾਰਨਾਂ ਕਰਕੇ ਇਨ੍ਹਾਂ ਦੀ ਸੰਖਿਆ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਲਗਾਏ ਜਾਣ ਵਾਲੇ ਪੌਦੇ, ਉਚਿਤ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਚੋਣ ਅਤੇ ਯੋਜਨਾਬੱਧ ਬਿਜਾਈ ਰਾਹੀਂ ਇਨ੍ਹਾਂ ਦੇ ਲਈ ਅਨੁਕੂਲ ਆਵਾਸ ਤਿਆਰ ਕਰਨ ਦਾ ਇੱਕ ਅਨੋਖਾ ਮੌਕਾ ਪ੍ਰਦਾਨ ਕਰਦਾ ਹੈ। 

 

ਇਸ ਪਹਿਲ ਦੇ ਤਹਿਤ ਹੇਠ ਲਿਖੇ ਹਿੱਸਿਆਂ ਨੂੰ ਲਾਗੂ ਕਰਨ ਲਈ ਚਿੰਨ੍ਹਿਤ ਕੀਤਾ ਗਿਆ ਹੈ- 

ਪੰਜਾਬ: ਭਵਾਨੀਗੜ੍ਹ ਦੇ ਨੇੜੇ ਪਟਿਆਲਾ-ਬਠਿੰਡਾ ਰੋਡ (ਐੱਨਐੱਚ-7) ਦੇ ਜੰਕਸ਼ਨ ਤੋਂ ਭੋਗੀਵਾਲ ਪਿੰਡ ਦੇ ਨੇੜੇ ਲੁਧਿਆਣਾ-ਮਲੇਰਕੋਟਲਾ ਰੋਡ ਦੇ ਜੰਕਸ਼ਨ ਤੱਕ।

ਹਰਿਆਣਾ: ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ, ਪੈਕੇਜ-5 (ਐੱਨਈ-5)।

 

ਇਨ੍ਹਾਂ ਕੌਰੀਡੋਰਸ ਵਿੱਚ ਨਿੰਮ, ਜਾਮਣ, ਅਰਜੁਨ, ਅਮਲਤਾਸ, ਪੀਪਲ, ਕਦੰਬ, ਆਂਵਲਾ ਅਤੇ ਨੀਲੀ ਗੁਲਮੋਹਰ ਵਰਗੀ ਦੇਸ਼ੀ ਅਤੇ ਸਥਾਨਕ ਹਾਲਤਾਂ ਦੇ ਅਨੁਕੂਲ ਪ੍ਰਜਾਤੀਆਂ ਦੇ ਨਾਲ-ਨਾਲ ਮੀਡੀਅਨ ਵਿੱਚ ਢੁੱਕਵੇਂ ਝਾੜੀਦਾਰ ਪੌਦੇ ਲਗਾਏ ਜਾਣਗੇ। ਪੌਦਿਆਂ ਦੀਆਂ ਪ੍ਰਜਾਤੀਆਂ ਦੀ ਚੋਣ ਇਸ ਤਰ੍ਹਾਂ ਕੀਤੀ ਗਈ ਹੈ ਕਿ ਵੱਖ-ਵੱਖ ਮੌਸਮਾਂ ਵਿੱਚ ਕ੍ਰਮਵਾਰ ਫੁੱਲ ਖਿੜਦੇ ਰਹਿਣ ਅਤੇ ਲਗਭਗ ਪੂਰੇ ਵਰ੍ਹੇ ਪਰਾਗਣ ਕਰਨ ਵਾਲਿਆਂ (ਪੋਲੀਨੇਟਰਸ) ਨੂੰ ਫੁੱਲ ਮਿਲਦੇ ਰਹਿਣ।

 

ਵਾਤਾਵਰਣ ਸਬੰਧੀ ਸੰਪਰਕ ਨੂੰ ਮਜ਼ਬੂਤ ​​ਕਰਨ ਲਈ ਲਗਭਗ 500 ਮੀਟਰ ਤੋਂ 1 ਕਿਲੋਮੀਟਰ ਦੇ ਅੰਤਰਾਲ 'ਤੇ, ਫੁੱਲਾਂ ਵਾਲੇ ਰੁੱਖਾਂ ਦੇ ਗੁੱਛੇ ਲਗਾਏ ਜਾਣਗੇ, ਜੋ ਕਿ ਪਰਾਗਣਕਰਤਾਵਾਂ (ਪੋਲੀਨੇਟਰਸ) ਦੀ ਔਸਤ ਭੋਜਨ ਖੋਜ ਸੀਮਾ ਦੇ ਅਨੁਸਾਰ ਹੋਣਗੇ।

 

"ਟ੍ਰੀਜ਼ ਫਾਰ ਬੀਜ਼" ਸਿਰਲੇਖ ਨਾਲ ਚਲਾਈ ਜਾਣ ਵਾਲੀ ਇਸ ਵਿਸ਼ੇਸ਼ ਮੁਹਿੰਮ ਪ੍ਰਵਾਨਿਤ ਸਲਾਨਾ ਰੁੱਖ ਲਗਾਉਣ ਦੀ ਕਾਰਜ ਯੋਜਨਾ ਦੇ 2026-27 ਦੇ ਤਹਿਤ ਬਿਨਾ ਕਿਸੇ ਵਾਧੂ ਵਿੱਤੀ ਬੋਝ ਦੇ ਲਾਗੂ ਕੀਤਾ ਜਾਵੇਗਾ। ਇਸ ਨਾਲ ਮਹੱਤਵਪੂਰਨ ਵਾਤਾਵਰਣ ਲਾਭ ਪ੍ਰਾਪਤ ਹੋਣ, ਜੈਵ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਸੰਭਾਲ ਪ੍ਰਤੀ ਐੱਨਐੱਚਏਆਈ ਦੀ ਵਚਨਬੱਧਤਾ ਹੋਰ ਮਜ਼ਬੂਤ ​​ਹੋਣ ਦੀ ਉਮੀਦ ਹੈ

 

ਐੱਨਐੱਚਏਆਈ ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਸਥਿਰਤਾ ਅਤੇ ਵਾਤਾਵਰਣ ਦੀ ਸੰਭਾਲ ਨੂੰ ਜੋੜਦੇ ਹੋਏ ਨਿਰੰਤਰ ਉਦਾਹਰਣ ਪੇਸ਼ ਕਰ ਰਿਹਾ ਹੈ ਅਤੇ ਵਾਤਾਵਰਣ ਦੇ ਪ੍ਰਤੀ ਜ਼ਿੰਮੇਵਾਰ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰ ਰਿਹਾ ਹੈ। 

*****

ਏਕੇ

 


(Release ID: 2258863) ਵਿਜ਼ੀਟਰ ਕਾਊਂਟਰ : 48
Read this release in: English