ਗ੍ਰਹਿ ਮੰਤਰਾਲਾ
azadi ka amrit mahotsav

ਪੰਜਾਬ ਵਿੱਚ 30 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਮਰਦਮਸ਼ੁਮਾਰੀ 2027 ਦਾ ਪਹਿਲਾ ਪੜਾਅ

Posted On: 24 APR 2026 4:31PM by PIB Chandigarh

ਮਰਦਮਸ਼ੁਮਾਰੀ 2027 ਦੇ ਪੜਾਅ-I (ਹਾਊਸਲਿਸਟਿੰਗ ਅਤੇ ਹਾਊਸਿੰਗ ਸੈਂਸਸ) ਅਤੇ ਸਵੈ-ਗਣਨਾ ਦੀ ਸ਼ੁਰੂਆਤ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਮੀਡੀਆ ਨੂੰ ਜਾਣਕਾਰੀ ਦੇਣ ਲਈ, ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਜਨਗਣਨਾ ਸੰਚਾਲਨ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ. ਨਵਜੋਤ ਖੋਸਾ, ਆਈ..ਐੱਸ. ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਬੰਧਕੀ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ, ਆਈ..ਐੱਸ. ਵੱਲੋਂ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਗਈ। ਭਾਰਤ ਵਿੱਚ ਮਰਦਮਸ਼ੁਮਾਰੀ, ਜਨਗਣਨਾ ਐਕਟ, 1948 ਅਤੇ ਜਨਗਣਨਾ ਨਿਯਮ, 1990 ਦੀਆਂ ਵਿਵਸਥਾਵਾਂ ਤਹਿਤ ਕੀਤੀ ਜਾਂਦੀ ਹੈ। ਮਰਦਮਸ਼ੁਮਾਰੀ 2027 ਭਾਰਤ ਵਿੱਚ 16ਵੀਂ ਅਤੇ ਆਜ਼ਾਦੀ ਤੋਂ ਬਾਅਦ ਅੱਠਵੀਂ ਮਰਦਮਸ਼ੁਮਾਰੀ ਹੋਵੇਗੀ। ਪਿਛਲੀ ਮਰਦਮਸ਼ੁਮਾਰੀ 2011 ਵਿੱਚ ਕੀਤੀ ਗਈ ਸੀ, ਜਦੋਂ ਕਿ 2021 ਦੀ ਮਰਦਮਸ਼ੁਮਾਰੀ ਨੂੰ ਕੋਵਿਡ-19 ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।

ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਗਈ ਕਿ ਮਰਦਮਸ਼ੁਮਾਰੀ ਦਾ ਡੇਟਾ ਸਮਾਜਿਕ-ਆਰਥਿਕ ਅਤੇ ਜਨਸੰਖਿਆ ਸਬੰਧੀ ਜਾਣਕਾਰੀ ਦੇ ਇੱਕ ਵਿਆਪਕ ਸਰੋਤ ਵਜੋਂ ਕੰਮ ਕਰਦਾ ਹੈ ਅਤੇ ਵਿਕਾਸ ਯੋਜਨਾਬੰਦੀ, ਭਲਾਈ ਸਕੀਮਾਂ ਉਲੀਕਣ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਮਰਦਮਸ਼ੁਮਾਰੀ 2027 ਦੋ ਪੜਾਵਾਂ ਵਿੱਚ ਕਰਵਾਈ ਜਾਵੇਗੀ। ਪੜਾਅ-I, ਜਿਸ ਵਿੱਚ 30 ਅਪ੍ਰੈਲ, 2026 ਤੋਂ 14 ਮਈ, 2026 ਤੱਕ ਸਵੈ-ਗਣਨਾ ਅਤੇ ਇਸ ਤੋਂ ਬਾਅਦ 15 ਮਈ, 2026 ਤੋਂ 13 ਜੂਨ, 2026 ਤੱਕ ਘਰ-ਘਰ ਜਾ ਕੇ ਜਨਗਣਨਾ ਸ਼ਾਮਲ ਹੈ ਅਤੇ ਪੜਾਅ-II ਆਬਾਦੀ ਗਣਨਾ 9 ਫਰਵਰੀ, 2027 ਤੋਂ 28 ਫਰਵਰੀ, 2027 ਤੱਕ ਨਿਰਧਾਰਤ ਹੈ। ਪੜਾਅ-I ਦਾ ਧਿਆਨ ਰਿਹਾਇਸ਼ ਦੀ ਸਥਿਤੀ, ਸਹੂਲਤਾਂ ਅਤੇ ਸੰਪਤੀਆਂ 'ਤੇ ਰਹੇਗਾ ਅਤੇ ਇਹ ਆਬਾਦੀ ਗਣਨਾ ਪੜਾਅ ਲਈ ਆਧਾਰ ਦਾ ਕੰਮ ਕਰੇਗਾ।

ਡਾ. ਨਵਜੋਤ ਖੋਸਾ ਨੇ ਦੱਸਿਆ ਕਿ ਮਰਦਮਸ਼ੁਮਾਰੀ 2027 ਪਹਿਲੀ ਵਾਰ ਡਿਜੀਟਲ ਮੋਡ ਵਿੱਚ ਮੋਬਾਈਲ ਐਪਲੀਕੇਸ਼ਨ ਦੇ ਨਾਲ-ਨਾਲ ਆਨਲਾਈਨ ਪੋਰਟਲ (https://se.census.gov.in) ਰਾਹੀਂ ਸਵੈ-ਗਣਨਾ ਸ਼ੁਰੂ ਕਰਨ ਦੇ ਨਾਲ ਆਯੋਜਿਤ ਕੀਤੀ ਜਾਵੇਗੀ। ਲੋਕ ਨਿਰਧਾਰਤ ਸਮੇਂ ਦੌਰਾਨ ਆਪਣੇ ਵੇਰਵੇ ਭਰ ਕੇ ਜਮ੍ਹਾਂ ਕਰਨ 'ਤੇ ਇੱਕ ਵਿਲੱਖਣ ਸਵੈ-ਗਣਨਾ ਹਵਾਲਾ ਆਈਡੀ ਪ੍ਰਾਪਤ ਕਰਨਗੇ, ਜਿਸ ਨੂੰ ਖੇਤਰੀ ਤਸਦੀਕ ਦੌਰਾਨ ਗਣਨਾ ਕਰਨ ਵਾਲੇ ਕਰਮਚਾਰੀ ਨਾਲ ਸਾਂਝਾ ਕੀਤਾ ਜਾਵੇਗਾ। ਜਨਗਣਨਾ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ ਰਾਹੀਂ ਰੀਅਲ ਟਾਇਮ ਮਾਨੀਟਰਿੰਗ ਕੀਤੀ ਜਾਵੇਗੀ ਅਤੇ ਮਕਾਨ ਸੂਚੀਕਰਨ ਬਲਾਕ ਬਣਾਉਣ ਲਈ ਵੈੱਬ-ਆਧਾਰਿਤ ਮੈਪਿੰਗ ਦੀ ਵਰਤੋਂ ਕੀਤੀ ਗਈ ਹੈ।

ਸ੍ਰੀ ਮਨਜੀਤ ਬਰਾੜ, ਜਨਗਣਨਾ ਦੇ ਸਟੇਟ ਨੋਡਲ ਅਫ਼ਸਰ, ਨੇ ਸੂਚਿਤ ਕੀਤਾ ਕਿ ਵਿਆਪਕ ਪ੍ਰਬੰਧਕੀ ਇੰਤਜ਼ਾਮ ਕੀਤੇ ਗਏ ਹਨ। ਇਹਨਾਂ ਵਿੱਚ ਪੂਰੇ ਸੂਬੇ ਵਿੱਚ ਮਕਾਨ ਸੂਚੀਕਰਨ ਬਲਾਕ ਬਣਾਉਣਾ ਅਤੇ ਅੰਦਾਜ਼ਨ 67,000 ਗਣਨਾ ਕਰਨ ਵਾਲੇ ਕਰਮਚਾਰੀਆਂ ਅਤੇ ਸੁਪਰਵਾਈਜ਼ਰਾਂ (ਰਿਜ਼ਰਵ ਸਮੇਤ) ਦੀ ਨਿਯੁਕਤੀ ਸ਼ਾਮਲ ਹੈ। ਉਹਨਾਂ ਅੱਗੇ ਕਿਹਾ ਕਿ ਮਰਦਮਸ਼ੁਮਾਰੀ ਕਾਮਿਆਂ ਦੀ ਸਿਖਲਾਈ ਇੱਕ ਵਿਵਸਥਿਤ ਅਤੇ ਪੜਾਅਵਾਰ ਤਰੀਕੇ ਨਾਲ ਕੀਤੀ ਗਈ ਹੈ। ਪੰਜਾਬ ਵਿੱਚ 52 ਮਾਸਟਰ ਟਰੇਨਰਾਂ (ਸੂਬੇ ਤੋਂ 36 ਅਤੇ ਡੀਸੀਓ, ਪੰਜਾਬ ਤੋਂ 16) ਅਤੇ 932 ਫੀਲਡ ਟਰੇਨਰਾਂ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਹੋ ਚੁੱਕੀ ਹੈ। ਗਣਨਾ ਕਰਨ ਵਾਲੇ ਕਰਮਚਾਰੀਆਂ ਅਤੇ ਸੁਪਰਵਾਈਜ਼ਰਾਂ ਦੀ ਸਿਖਲਾਈ 16 ਅਪ੍ਰੈਲ ਤੋਂ 9 ਮਈ, 2026 ਤੱਕ ਸੂਬੇ ਭਰ ਦੇ ਵੱਖ-ਵੱਖ ਸਥਾਨਾਂ 'ਤੇ ਚੱਲ ਰਹੀ ਹੈ, ਜੋ ਮਰਦਮਸ਼ੁਮਾਰੀ ਦੇ ਕੰਮ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਤਿਆਰੀ ਨੂੰ ਯਕੀਨੀ ਬਣਾਉਂਦੀ ਹੈ।

ਮੀਡੀਆ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਮੀਡੀਆ ਲੋਕਤੰਤਰ ਦਾ ਇੱਕ ਅਹਿਮ ਥੰਮ੍ਹ ਹੈ। ਮੀਡੀਆ ਨੂੰ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ, ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਗਲਤ ਜਾਣਕਾਰੀ, ਖਾਸ ਕਰਕੇ ਡਿਜੀਟਲ ਗਣਨਾ ਅਤੇ ਡੇਟਾ ਦੀ ਗੁਪਤਤਾ ਨਾਲ ਸਬੰਧਤ ਭੁਲੇਖਿਆਂ ਨੂੰ ਦੂਰ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਗਈ ਸੀ। ਵਸਨੀਕਾਂ ਨੂੰ ਮਰਦਮਸ਼ੁਮਾਰੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ, ਸਹੀ ਜਾਣਕਾਰੀ ਪ੍ਰਦਾਨ ਕਰਨ ਅਤੇ ਗਣਨਾ ਕਰਨ ਵਾਲਿਆਂ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਹ ਦੁਹਰਾਇਆ ਗਿਆ ਕਿ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਇਸਦੀ ਵਰਤੋਂ ਸਿਰਫ਼ ਅੰਕੜਾਗਤ ਉਦੇਸ਼ਾਂ ਲਈ ਹੀ ਕੀਤੀ ਜਾਵੇਗੀ।

ਮਰਦਮਸ਼ੁਮਾਰੀ 2027 ਲਈ ਇੱਕ ਕੌਮੀ ਟੋਲ-ਫ੍ਰੀ ਹੈਲਪਲਾਈਨ ਨੰਬਰ (1855) ਪੰਜਾਬ ਵਿੱਚ 30.04.2026 ਤੋਂ ਲੋਕਾਂ ਨੂੰ ਸਵੈ-ਗਣਨਾ, ਮਕਾਨ ਸੂਚੀਕਰਨ ਮੁਹਿੰਮਾਂ ਅਤੇ ਸ਼ਿਕਾਇਤ ਨਿਵਾਰਣ ਨਾਲ ਸਬੰਧਤ ਸਵਾਲਾਂ ਵਿੱਚ ਸਹਾਇਤਾ ਕਰਨ ਲਈ ਚਾਲੂ ਰਹੇਗਾ।

 

*************

 


(Release ID: 2255315) ਵਿਜ਼ੀਟਰ ਕਾਊਂਟਰ : 206
Read this release in: English