ਵਣਜ ਤੇ ਉਦਯੋਗ ਮੰਤਰਾਲਾ
ਏਪੀਡਾ ਨੇ ਗੰਗਟੋਕ ਵਿੱਚ ਸਿੱਕਿਮ ਆਰਗੈਨਿਕ ਕਨਕਲੇਵ-ਕਮ-ਅੰਤਰਰਾਸ਼ਟਰੀ ਖਰੀਦਦਾਰ-ਵਿਕ੍ਰੇਤਾ ਸੰਮੇਲਨ ਦਾ ਆਯੋਜਨ ਕੀਤਾ
ਕਨਕਲੇਵ ਵਿੱਚ, ਸਿੱਕਿਮ ਦੇ ਜੈਵਿਕ ਉਤਪਾਦਾਂ ਦੀ ਸਪਲਾਈ ਚੇਨ ਅਤੇ ਨਿਰਯਾਤ ਤਿਆਰੀ ਬਾਰੇ ਜਾਣਕਾਰੀ ਰਿਪੋਰਟ ਜਾਰੀ ਕੀਤੀ ਗਈ
Posted On:
28 FEB 2026 12:56PM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (APEDA) ਨੇ ਸਿੱਕਿਮ ਸਰਕਾਰ ਦੇ ਸਹਿਯੋਗ ਨਾਲ ਅਤੇ IFOAM-ਏਸ਼ੀਆ ਨਾਲ ਮਿਲ ਕੇ, ਸਿੱਕਿਮ ਦੇ ਗੰਗਟੋਕ ਵਿੱਚ ਸਿੱਕਿਮ ਆਰਗੈਨਿਕ ਕਨਕਲੇਵ-ਕਮ-ਅੰਤਰਰਾਸ਼ਟਰੀ ਖਰੀਦਦਾਰ-ਵਿਕ੍ਰੇਤਾ ਸੰਮੇਲਨ (IBSM) ਦਾ ਆਯੋਜਨ ਕੀਤਾ।
ਕਨਕਲੇਵ ਦੌਰਾਨ, "ਸਿੱਕਿਮ ਵਿੱਚ ਜੈਵਿਕ ਖੇਤੀ ਉਤਪਾਦਾਂ ਲਈ ਸਪਲਾਈ ਚੇਨ ਅਤੇ ਨਿਰਯਾਤ ਤਿਆਰੀ 'ਤੇ ਅਧਿਐਨ" ਸਿਰਲੇਖ ਵਾਲੀ ਇੱਕ ਜਾਣਕਾਰੀ ਰਿਪੋਰਟ ਜਾਰੀ ਕੀਤੀ ਗਈ। NICDC ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ (NLDSL) ਦੁਆਰਾ ਤਿਆਰ ਕੀਤੀ ਗਈ ਇਹ ਰਿਪੋਰਟ, ਬਿਹਤਰ ਬੁਨਿਆਦੀ ਢਾਂਚੇ, ਸੁਚਾਰੂ ਪ੍ਰਕਿਰਿਆਵਾਂ, ਉੱਨਤ ਇੱਕਤਰਤਾ, ਪਾਰਦਰਸ਼ੀ ਮੁੱਲ ਨਿਰਧਾਰਣ ਅਤੇ ਰਣਨੀਤਕ ਮਾਰਕਿਟ ਸਥਿਤੀ ਦੁਆਰਾ ਸਿੱਕਿਮ ਦੀ ਜੈਵਿਕ ਨਿਰਯਾਤ ਵਾਤਾਵਰਣ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਰੋਡਮੈਪ ਦੀ ਪੇਸ਼ ਕਰਦੀ ਹੈ। ਇਹ ਰਿਪੋਰਟ ਸਥਿਰਤਾ, ਪਤਾ ਲਗਾਉਣ ਦੀ ਸਮਰੱਥਾ ਅਤੇ ਕਿਸਾਨ-ਕੇਂਦ੍ਰਿਤ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਨਿਰਯਾਤ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ ਦੇ ਉਪਾਵਾਂ ਦੀ ਪਛਾਣ ਕਰਦੀ ਹੈ।
ਇਸ ਸਮਾਗਮ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮਹੱਤਵਪੂਰਨ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿੱਚ ਦੱਖਣੀ ਕੋਰੀਆ, ਯੂਏਈ, ਮੰਗੋਲੀਆ, ਸਾਊਦੀ ਅਰਬ, ਓਮਾਨ, ਸਿੰਗਾਪੁਰ, ਨਾਰਵੇ, ਕੁਵੈਤ ਅਤੇ ਯੂਨਾਈਟਿਡ ਕਿੰਗਡਮ ਸਮੇਤ 17 ਦੇਸ਼ਾਂ ਦੇ ਲਗਭਗ 40 ਖਰੀਦਦਾਰ ਸ਼ਾਮਲ ਹੋਏ। NCEL, Basillia Organics, Flex Foods ਅਤੇ Nexton ਸਮੇਤ ਲਗਭਗ 20 ਪ੍ਰਮੁੱਖ ਭਾਰਤੀ ਨਿਰਯਾਤਕਾਂ ਨੇ ਸਿੱਕਿਮ ਦੇ ਲਗਭਗ 100 ਕਿਸਾਨ ਉਤਪਾਦਕ ਸੰਗਠਨਾਂ (FPOs/FPCs) ਨਾਲ ਇੱਕ ਢਾਂਚਾਗਤ ਖਰੀਦਦਾਰ-ਵਿਕ੍ਰੇਤਾ ਮੀਟਿੰਗ ਵਿੱਚ ਹਿੱਸਾ ਲਿਆ। ਇਸ ਗੱਲਬਾਤ ਦਾ ਤਾਲਮੇਲ ਸਿੱਕਿਮ ਸਰਕਾਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਅਤੇ ਸਿੱਕਿਮ ਜੈਵਿਕ ਖੇਤੀ ਵਿਕਾਸ ਏਜੰਸੀ (SOFDA) ਦੁਆਰਾ ਕੀਤਾ ਗਿਆ ਸੀ।
ਉਦਘਾਟਨੀ ਸੈਸ਼ਨ ਵਿੱਚ ਸਿੱਕਿਮ ਸਰਕਾਰ ਦੇ ਖੇਤੀਬਾੜੀ ਮੰਤਰੀ, ਸ਼੍ਰੀ ਪੂਰਨ ਕੁਮਾਰ ਗੁਰੂੰਗ; APEDA ਦੇ ਚੇਅਰਮੈਨ, ਸ਼੍ਰੀ ਅਭਿਸ਼ੇਕ ਦੇਵ; ਸਿੱਕਿਮ ਸਰਕਾਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ, ਸ਼੍ਰੀ ਜਿਗਮੀ ਦੋਰਜੀ ਭੂਟੀਆ; IFOAM ਆਰਗੈਨਿਕਸ ਏਸ਼ੀਆ ਦੇ ਕਾਰਜਕਾਰੀ ਨਿਰਦੇਸ਼ਕ, ਸੁਸ਼੍ਰੀ ਜੈਨਿਫਰ ਐੱਚ. ਚਾਂਗ ਦੇ ਨਾਲ-ਨਾਲ APEDA, ਸਿੱਕਿਮ ਸਰਕਾਰ ਅਤੇ ਜੈਵਿਕ ਅਤੇ ਨਿਰਯਾਤ ਖੇਤਰ ਦੇ ਹੋਰ ਸੀਨੀਅਰ ਪਤਵੰਤੇ ਅਤੇ ਅਧਿਕਾਰੀ ਮੌਜੂਦ ਸਨ।
ਲਗਭਗ 12 ਪ੍ਰਦਰਸ਼ਕਾਂ ਵਾਲੀ ਇੱਕ ਪ੍ਰਦਰਸ਼ਨੀ ਵਿੱਚ ਸਿੱਕਿਮ ਦੇ ਪ੍ਰਮਾਣਿਤ ਜੈਵਿਕ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵੱਡੀ ਇਲਾਇਚੀ, GI-ਟੈਗਡ ਪ੍ਰਾਪਤ ਡੱਲੇ ਖੁਰਸਾਨੀ, ਸਿੱਕਿਮ ਮੈਂਡਾਰਿਨ, ਬਕਵ੍ਹੀਟ (Buckwheat), ਹਲਦੀ ਅਤੇ ਆਰਚਿਡ ਸ਼ਾਮਲ ਸਨ। ਇਸ ਪ੍ਰਦਰਸ਼ਨੀ ਨੇ ਰਾਜ ਦੇ ਵਿਭਿੰਨ ਅਤੇ ਨਿਰਯਾਤ-ਤਿਆਰ ਜੈਵਿਕ ਉਤਪਾਦਾਂ ਨੂੰ ਉਜਾਗਰ ਕੀਤਾ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਨੂੰ ਆਕਰਸ਼ਿਤ ਕੀਤਾ।
ਸਿੱਕਿਮ 2016 ਵਿੱਚ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਜੈਵਿਕ ਰਾਜ ਬਣਿਆ, ਜਿਸ ਨੇ ਇਸ ਦੇ ਉਤਪਾਦਾਂ ਨੂੰ APEDA ਦੇ ਨਿਰਯਾਤ ਪ੍ਰਮਾਣੀਕਰਣ ਪ੍ਰਣਾਲੀ ਦੇ ਤਹਿਤ ਮਾਨਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ। ਜੈਵਿਕ ਖੇਤੀਬਾੜੀ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਰਾਜ ਨੂੰ 2018 ਵਿੱਚ ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੁਆਰਾ ਫਿਊਚਰ ਪੌਲਿਸੀ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨੈਸ਼ਨਲ ਪ੍ਰੋਗਰਾਮ ਫਾਰ ਆਰਗੈਨਿਕ ਪ੍ਰੋਡਕਸ਼ਨ (NPOP) ਦੇ 8ਵੇਂ ਐਡੀਸ਼ਨ ਬਾਰੇ ਹਿਤਧਾਰਕਾਂ ਨੂੰ ਜਾਗਰੂਕ ਕਰਨ ਲਈ ਇੱਕ ਤਕਨੀਕੀ ਸੈਸ਼ਨ ਵੀ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅਪਡੇਟ ਕੀਤੇ ਨਿਯਮਾਂ ਅਤੇ ਲੇਬਲਿੰਗ ਜ਼ਰੂਰਤਾਂ ਨੂੰ ਸ਼ਾਮਲ ਕੀਤਾ ਗਿਆ। ਇਸ ਸੈਸ਼ਨ ਦਾ ਉਦੇਸ਼ ਨਿਰਯਾਤਕਾਂ, ਐੱਫਪੀਓ ਅਤੇ ਪ੍ਰਮਾਣੀਕਰਣ ਸੰਸਥਾਵਾਂ ਦਰਮਿਆਨ ਅਨੁਪਾਲਣਾ ਮਿਆਰਾਂ, ਟ੍ਰੇਸੇਬਿਲਟੀ ਮਾਪਦੰਡਾਂ ਅਤੇ ਅੰਤਰਰਾਸ਼ਟਰੀ ਸਮਾਨਤਾ ਜ਼ਰੂਰਤਾਂ ਬਾਰੇ ਜਾਗਰੂਕਤਾ ਵਧਾਉਣਾ ਸੀ, ਜਿਸ ਨਾਲ ਆਲਮੀ ਜੈਵਿਕ ਵਪਾਰ ਵਿੱਚ ਭਾਰਤ ਦੀ ਭਰੋਸੇਯੋਗਤਾ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਸ ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਅੰਤਰਰਾਸ਼ਟਰੀ ਖਰੀਦਦਾਰਾਂ ਅਤੇ ਨਿਰਯਾਤਕਾਂ ਦੁਆਰਾ ਸਿੱਕਿਮ ਦੇ ਉੱਚ-ਸਮਰੱਥਾ ਵਾਲੇ ਜੈਵਿਕ ਉਤਪਾਦਨ ਕੇਂਦਰਾਂ ਦੇ ਖੇਤਰੀ ਦੌਰੇ ਸ਼ਾਮਲ ਹਨ। ਇਨ੍ਹਾਂ ਦੌਰਿਆਂ ਦਾ ਉਦੇਸ਼ ਪ੍ਰਮਾਣਿਤ ਜੈਵਿਕ ਖੇਤੀ ਅਭਿਆਸਾਂ, ਟ੍ਰੇਸੇਬਿਲਟੀ ਪ੍ਰਣਾਲੀਆਂ, ਫਸਲ ਦੀ ਵਾਢੀ ਤੋਂ ਬਾਅਦ ਹੈਂਡਲਿੰਗ ਅਤੇ ਵੈਲਿਊ ਐਡੀਸ਼ਨ ਦੀਆਂ ਪ੍ਰਕਿਰਿਆਵਾਂ ਦਾ ਪ੍ਰਤੱਖ ਸੰਪਰਕ ਪ੍ਰਦਾਨ ਕਰਨਾ ਹੈ। ਕਿਸਾਨਾਂ ਅਤੇ ਐੱਫਪੀਓ ਨਾਲ ਗੱਲਬਾਤ ਤੋਂ ਫਾਰਮ-ਟੂ-ਮਾਰਕਿਟ ਲਿੰਕੇਜ ਨੂੰ ਮਜ਼ਬੂਤ ਕਰਨ ਅਤੇ ਸਿੱਕਿਮ ਦੇ ਗੁਣਵੱਤਾ ਮਿਆਰਾਂ ਅਤੇ ਨਿਰਯਾਤ ਦੀ ਤਿਆਰੀ ਵਿੱਚ ਖਰੀਦਦਾਰਾਂ ਦਾ ਵਿਸ਼ਵਾਸ ਵਧਾਉਣ ਦੀ ਉਮੀਦ ਹੈ।
ਆਰਗੈਨਿਕ ਕਨਕਲੇਵ-ਕਮ-ਆਈਬੀਐੱਸਐੱਮ ਵਰਗੀਆਂ ਪਹਿਲਕਦਮੀਆਂ ਰਾਹੀਂ, ਏਪੀਡਾ ਜੈਵਿਕ ਨਿਰਯਾਤ ਨੂੰ ਉਤਸ਼ਾਹਿਤ ਕਰਨਾ, ਬਜ਼ਾਰ ਪਹੁੰਚ ਦਾ ਵਿਸਤਾਰ ਕਰਨਾ, ਐੱਫਪੀਓ ਅਤੇ ਨਿਰਯਾਤਕਾਂ ਵਿਚਕਾਰ ਸਮਰੱਥਾ ਨਿਰਮਾਣ ਕਰਨਾ ਅਤੇ ਸਿੱਕਿਮ ਨੂੰ ਭਾਰਤ ਦੇ ਵਧ ਰਹੇ ਜੈਵਿਕ ਨਿਰਯਾਤ ਖੇਤਰ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਜੋਂ ਸਥਾਪਿਤ ਕਰਨਾ ਜਾਰੀ ਰੱਖਦਾ ਹੈ।
************
ਅਭਿਸ਼ੇਕ ਦਿਆਲ/ਸ਼ਬੀਰ ਆਜ਼ਾਦ/ਅਨੁਸ਼ਕਾ ਪਾਂਡੇ/ਏਕੇ
(Release ID: 2234224)
ਵਿਜ਼ੀਟਰ ਕਾਊਂਟਰ : 34