ਰੇਲ ਮੰਤਰਾਲਾ
azadi ka amrit mahotsav

ਫਲਾਈ ਐਸ਼ ਪ੍ਰਬੰਧਨ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਰੇਲਵੇ ਅਤੇ ਐੱਨਟੀਪੀਸੀ ਨੋਇਡਾ ਵਿੱਚ ਮੁੱਖ ਹਿੱਸੇਦਾਰਾਂ ਨੂੰ ਇਕੱਠੇ ਲਿਆਏ


ਭਾਰਤ ਨੇ ਵਰ੍ਹੇ 2024-25 ਵਿੱਚ 340 ਮਿਲੀਅਨ ਟਨ ਫਲਾਈ ਐਸ਼ ਪੈਦਾ ਕੀਤਾ, 332 ਮਿਲੀਅਨ ਟਨ ਤੋਂ ਵੱਧ ਦੀ ਸਫਲਤਾਪੂਰਵਕ ਵਰਤੋਂ ਕੀਤੀ

ਫਲਾਈ ਐਸ਼ ਦੀ ਵਰਤੋਂ ਭਾਰਤ ਦੀ ਸਰਕੂਲਰ ਅਰਥਵਿਵਸਥਾ, ਲਾਗਤ-ਪ੍ਰਭਾਵਸ਼ਾਲੀ ਵਿਕਾਸ ਅਤੇ ਵਾਤਾਵਰਣ ਸਥਿਰਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ

2024-25 ਲਈ ਫਲਾਈ ਐਸ਼ ਵਰਤੋਂ ਦੇ ਵੇਰਵੇ: ਸੜਕਾਂ ਅਤੇ ਫਲਾਈਓਵਰ 32%, ਸੀਮਿੰਟ 27%, ਇੱਟਾਂ ਅਤੇ ਟਾਈਲਾਂ 14%, ਬੈਕਫਿਲਿੰਗ 11%, ਖਾਣਾਂ ਭਰਾਈ 10%

ਰੇਲਵੇ ਵੱਲੋਂ ਆਕਰਸ਼ਕ ਮਾਲ ਢੁਆਈ ਦੀਆਂ ਰਿਆਇਤਾਂ ਨਾਲ ਟਿਕਾਊ ਫਲਾਈ ਐਸ਼ ਟ੍ਰਾਂਸਪੋਰਟ ਨੂੰ ਹੁਲਾਰਾ ਮਿਲਿਆ

Posted On: 25 AUG 2025 7:43PM by PIB Chandigarh

ਰੇਲਵੇ ਮੰਤਰਾਲੇ ਅਤੇ ਐੱਨਟੀਪੀਸੀ ਨੇ 25 ਅਗਸਤ 2025 ਨੂੰ ਨੋਇਡਾ ਵਿਖੇ ਪਾਵਰ ਮੈਨੇਜਮੈਂਟ ਇੰਸਟੀਚਿਊਟ ਵਿੱਚ ਫਲਾਈ ਐਸ਼ ਦੀ ਵਰਤੋਂ ਅਤੇ ਟ੍ਰਾਂਸਪੋਰਟੇਸ਼ਨ 'ਤੇ ਇੱਕ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ। ਕਾਨਫਰੰਸ ਵਿੱਚ ਫਲਾਈ ਐਸ਼ ਉਤਪਾਦਕ, ਉਪਭੋਗਤਾ, ਟ੍ਰਾਂਸਪੋਰਟਰ ਅਤੇ ਨੀਤੀ ਨਿਰਮਾਤਾ, ਭਾਰਤ ਵਿੱਚ ਟਿਕਾਊ ਫਲਾਈ ਐਸ਼ ਪ੍ਰਬੰਧਨ ਲਈ ਰਣਨੀਤੀਆਂ 'ਤੇ ਚਰਚਾ ਅਤੇ ਨਿਰਮਾਣ ਲਈ ਇਕੱਠੇ ਮੰਚ ‘ਤੇ ਆਏ।

ਭਾਰਤ ਨੇ 2024-25 ਵਿੱਚ 340.11 ਮਿਲੀਅਨ ਟਨ ਫਲਾਈ ਐਸ਼ ਪੈਦਾ ਕੀਤੀ, ਜਿਸ ਵਿੱਚੋਂ 332.63 ਮਿਲੀਅਨ ਟਨ ਦੀ ਸਫਲਤਾਪੂਰਵਕ ਵਰਤੋਂ ਕੀਤੀ ਗਈ। ਰੇਲਵੇ ਨਾ ਸਿਰਫ਼ ਟ੍ਰਾਂਸਪੋਰਟੇਸ਼ਨ ਦਾ ਇੱਕ ਹਰਿਤ ਅਤੇ ਟਿਕਾਊ ਸਾਧਨ ਪ੍ਰਦਾਨ ਕਰ ਰਿਹਾ ਹੈ, ਸਗੋਂ ਆਕਰਸ਼ਕ ਮਾਲ ਢੁਆਈ ਦੀਆਂ ਰਿਆਇਤਾਂ ਰਾਹੀਂ ਇੱਕ ਕਿਫਾਇਤੀ ਵਿਕਲਪ ਵੀ ਪ੍ਰਦਾਨ ਕਰ ਰਿਹਾ ਹੈ। ਮਹੱਤਵਪੂਰਨ ਵਿਸਥਾਰ ਸੰਭਾਵਨਾਵਾਂ ਦੇ ਨਾਲ, ਰੇਲਵੇ ਇਸ ਰਾਸ਼ਟਰੀ ਮਿਸ਼ਨ ਵਿੱਚ ਹੋਰ ਵੀ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੈ।

 

ਵਿੱਤੀ ਸਾਲ 2024-25 ਦੌਰਾਨ, ਪੈਦਾ ਹੋਈ ਕੁੱਲ ਫਲਾਈ ਐਸ਼ ਦੀ 32% ਸੜਕਾਂ ਅਤੇ ਫਲਾਈਓਵਰਾਂ ਦੇ ਨਿਰਮਾਣ ਵਿੱਚ ਵਰਤੋਂ ਕੀਤੀ ਗਈ, ਇਸ ਤੋਂ ਬਾਅਦ ਸੀਮਿੰਟ ਉਦਯੋਗ ਵਿੱਚ 27% ਅਤੇ ਇੱਟਾਂ ਅਤੇ ਟਾਈਲਾਂ ਦੇ ਨਿਰਮਾਣ ਵਿੱਚ 14% ਵਰਤੋਂ ਕੀਤੀ ਗਈ (ਐੱਨਟੀਪੀਸੀ, 2025)। ਬੈਕਫਿਲਿੰਗ ਅਤੇ ਮਾਈਨ ਫਿਲਿੰਗ ਨੇ ਕ੍ਰਮਵਾਰ ਲਗਭਗ 11% ਅਤੇ 10% ਯੋਗਦਾਨ ਰਿਹਾ। ਖੇਤੀਬਾੜੀ ਖੇਤਰ ਅਤੇ ਰੈਡੀ-ਮਿਕਸ ਕੰਕਰੀਟ (ਆਰਐੱਮਸੀ) ਵਿੱਚ ਇਹ ਵਰਤੋਂ 1% ਤੋਂ 2% ਦੇ ਵਿਚਕਾਰ ਦਰਜ ਕੀਤੀ ਗਈ।

 

ਇਹ ਕਾਨਫਰੰਸ ਸੀਮਿੰਟ ਨਿਰਮਾਣ, ਸੜਕ ਨਿਰਮਾਣ, ਮਾਈਨ ਬੈਕਫਿਲਿੰਗ, ਇੱਟਾਂ ਦੇ ਉਤਪਾਦਨ ਅਤੇ ਹੋਰ ਨਿਰਮਾਣ ਸਮੱਗਰੀ ਵਿੱਚ ਫਲਾਈ ਐਸ਼ ਦੀ ਵਰਤੋਂ ਨੂੰ ਲਾਜ਼ਮੀ ਅਤੇ ਉਤਸ਼ਾਹਿਤ ਕਰਨ ਵਾਲੀਆਂ ਸਰਕਾਰੀ ਨੀਤੀਆਂ ਦੇ ਮੱਦੇਨਜ਼ਰ ਹੋਰ ਵੀ ਮਹੱਤਵਪੂਰਨ ਸੀ। ਇਹ ਪਹਿਲਕਦਮੀਆਂ ਇੱਕ ਸਰਕੂਲਰ ਅਰਥਵਿਵਸਥਾ, ਲਾਗਤ ਕੁਸ਼ਲਤਾ ਅਤੇ ਵਾਤਾਵਰਣ ਸਥਿਰਤਾ ਦੇ ਸਿਧਾਂਤਾਂ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਥਰਮਲ ਪਾਵਰ ਉਤਪਾਦਨ ਦਾ ਇੱਕ ਪ੍ਰਮੁੱਖ ਉਪ-ਉਤਪਾਦ, ਫਲਾਈ ਐਸ਼, ਇੱਕ ਚੁਣੌਤੀ ਅਤੇ ਅਵਸਰ ਦੋਵੇਂ ਪੇਸ਼ ਕਰਦਾ ਹੈ। ਜਦੋਂ ਕਿ ਜਿੱਥੇ ਇਸ ਨੂੰ ਸੁਰੱਖਿਅਤ ਅਤੇ ਟਿਕਾਊ ਢੰਗ ਨਾਲ ਪ੍ਰਬੰਧਿਤ ਕਰਨ ਦੀ ਜ਼ਰੂਰਤ ਹੈ, ਉੱਥੇ ਹੀ ਇਹ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਖੇਤਰਾਂ ਲਈ ਇੱਕ ਕੀਮਤੀ ਸਰੋਤ ਵਜੋਂ ਵੀ ਸ਼ਾਨਦਾਰ ਸਮਰੱਥਾ ਰੱਖਦਾ ਹੈ। ਰੇਲਵੇ ਮੰਤਰਾਲਾ, ਐੱਨਟੀਪੀਸੀ ਅਤੇ ਹੋਰ ਮੁੱਖ ਹਿੱਸੇਦਾਰਾਂ ਦੇ ਸਹਿਯੋਗ ਨਾਲ, ਫਲਾਈ ਐਸ਼ ਦੇ ਵੱਡੇ ਪੱਧਰ 'ਤੇ ਟ੍ਰਾਂਸਪੋਰਟੇਸ਼ਨ ਅਤੇ ਪ੍ਰਭਾਵਸ਼ਾਲੀ ਵਰਤੋਂ ਲਈ ਨਵੀਨਤਾਕਾਰੀ ਸਮਾਧਾਨ ਵਿਕਸਿਤ ਕਰਨ ਲਈ ਵਚਨਬੱਧ ਹੈ।

ਇਹ ਕਾਨਫਰੰਸ ਦੇਸ਼ ਭਰ ਵਿੱਚ ਫਲਾਈ ਐਸ਼ ਦੀ ਟਿਕਾਊ ਵਰਤੋਂ ਲਈ ਭਾਈਵਾਲੀ ਨੂੰ ਉਤਸ਼ਾਹਿਤ ਕਰਨ, ਡੂੰਘਾਈ ਨਾਲ ਸਮਝ ਸਾਂਝੀ ਕਰਨ ਅਤੇ ਇੱਕ ਵਿਆਪਕ ਰੋਡਮੈਪ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵਿਚਾਰ-ਵਟਾਂਦਰੇ ਦੇ ਨਤੀਜੇ ਵਜੋਂ ਲਾਗੂਕਰਨ ਯੋਗ ਰਣਨੀਤੀਆਂ ਸਾਹਮਣੇ ਆਉਣ ਦੀ ਉਮੀਦ ਹੈ ਜੋ ਸਾਫ਼, ਹਰਿਤ ਅਤੇ ਵਧੇਰੇ ਸਰੋਤ-ਕੁਸ਼ਲ ਵਿਕਾਸ ਦੇ ਪੱਖ ਵਿੱਚ ਹੋਣਗੀਆਂ।

 

ਇਸ ਕਾਨਫਰੰਸ ਵਿੱਚ ਬਿਜਲੀ ਮੰਤਰਾਲੇ ਦੇ ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਦੇ ਚੇਅਰਮੈਨ, ਸ਼੍ਰੀ ਘਣਸ਼ਿਆਮ ਪ੍ਰਸਾਦ, ਰੇਲਵੇ ਮੰਤਰਾਲੇ ਦੇ ਮੈਂਬਰ (ਸੰਚਾਲਨ ਅਤੇ ਵਪਾਰ ਵਿਕਾਸ) ਸ਼੍ਰੀ ਹਿਤੇਂਦਰ ਮਲਹੋਤ੍ਰਾ, ਐੱਨਟੀਪੀਸੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਗੁਰਦੀਪ ਸਿੰਘ ਅਤੇ ਬਿਜਲੀ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਪੀਯੂਸ਼ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ। ਇਹ ਪ੍ਰੋਗਰਾਮ ਦਾ ਆਯੋਜਨ ਅਤੇ ਮਾਰਕੀਟਿੰਗ, ਰੇਲਵੇ ਮੰਤਰਾਲੇ ਦੇ ਵਧੀਕ ਮੈਂਬਰ (ਮਾਰਕੀਟਿੰਗ ਅਤੇ ਵਪਾਰ ਵਿਕਾਸ) ਡਾ. ਮਨੋਜ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।

*****

ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ


(Release ID: 2160772)
Read this release in: English , Urdu , Hindi