ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਆਈਐੱਚਐੱਮਸੀਐੱਲ ਨੇ ਫਾਸਟੈਗ ਈਕੋਸਿਸਟਮ ਦੇ ਵਿਸਤਾਰ ’ਤੇ ਫਿਨਟੈਕ ਕੰਪਨੀਆਂ ਨਾਲ ਵਰਕਸ਼ਾਪ ਆਯੋਜਿਤ ਕੀਤੀ
Posted On:
25 JUN 2025 6:57PM by PIB Chandigarh
ਫਾਸਟੈਗ ਪ੍ਰਣਾਲੀ ਦੇ ਨਵੀਨਤਾਕਾਰੀ ਇਸਤੇਮਾਲ ਦਾ ਪਤਾ ਲਗਾਉਣ ਦੇ ਲਈ, ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਦੁਆਰਾ ਪ੍ਰਮੋਟ ਕੰਪਨੀ ਇੰਡੀਅਨ ਹਾਈਵੇਅਜ਼ ਐਂਡ ਮੈਨੇਜਮੈਂਟ ਕੰਪਨੀ ਲਿਮਟਿਡ (ਆਈਐੱਚਐੱਮਸੀਐੱਲ) ਦੁਆਰਾ ਨਵੀਂ ਦਿੱਲੀ ਵਿੱਚ ਫਿਨਟੈਕ ਕੰਪਨੀਆਂ ਦੇ ਨਾਲ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ। ਵਰਕਸ਼ਾਪ ਦਾ ਉਦੇਸ਼ ਰੈਗੂਲੇਟਰੀ ਪਾਲਣਾ, ਸ਼ਿਕਾਇਤ ਨਿਵਾਰਣ, ਸੁਰੱਖਿਆ ਅਤੇ ਫਾਸਟੈਗ ਦੇ ਗੈਰ-ਟੋਲ ਇਸਤੇਮਾਲ ਜਿਹੇ ਵਿਭਿੰਨ ਪਹਿਲੂਆਂ ’ਤੇ ਫਿਨਟੈਕ ਖੇਤਰ ਦੇ ਮੋਹਰੀ ਦਿੱਗਜਾਂ ਤੋਂ ਜਾਣਕਾਰੀ ਇਕੱਠੀ ਕਰਨਾ ਸੀ ਤਾਕਿ ਇਸ ਦੇ ਵਿਕਾਸ ਦੇ ਅਗਲੇ ਪੜਾਅ ਦਾ ਸਮਰਥਨ ਕੀਤਾ ਜਾ ਸਕੇ। ਇਸ ਮੌਕੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਅਜੈ ਟਮਟਾ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਉਮਾਸ਼ੰਕਰ, ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਸ਼੍ਰੀ ਐੱਮ ਨਾਗਰਾਜੂ, ਆਰਬੀਆਈ ਦੇ ਈਡੀ ਸ਼੍ਰੀ ਪੀ ਵਾਸੂਦੇਵਨ, ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ, ਐੱਨਐੱਚਏਆਈ, ਆਈਐੱਚਐੱਮਸੀਐੱਲ ਦੇ ਸੀਨੀਅਰ ਅਧਿਕਾਰੀ ਅਤੇ ਫਿਨਟੈਕ ਕੰਪਨੀਆਂ ਦੇ ਨੁਮਾਇੰਦੇ ਮੌਜੂਦ ਸਨ।
ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ, "ਫਾਸਟੈਗ ਈਕੋਸਿਸਟਮ ਵਿੱਚ ਨਾ ਸਿਰਫ਼ ਟੋਲਿੰਗ ਲਈ, ਸਗੋਂ ਪੂਰੇ ਦੇਸ਼ ਵਿੱਚ ਸਹਿਜ ਡਿਜੀਟਲ ਯਾਤਰਾ ਅਨੁਭਵਾਂ ਲਈ ਇੱਕ ਅਧਾਰ ਵਜੋਂ ਅਪਾਰ ਸੰਭਾਵਨਾਵਾਂ ਹਨ। ਫਿਨਟੈਕ ਅਤੇ ਹੋਰ ਹਿਤਧਾਰਕਾਂ ਦੇ ਸਹਿਯੋਗ ਨਾਲ, ਸਾਡਾ ਉਦੇਸ਼ ਫਾਸਟੈਗ ਦੀ ਉਪਯੋਗਿਤਾ ਨੂੰ ਇੱਕ ਮਜ਼ਬੂਤ ਮੰਚ ਵਜੋਂ ਵਧਾਉਣਾ ਹੈ ਜੋ ਉਪਭੋਗਤਾ ਦੀ ਸਹੂਲਤ ਨੂੰ ਵਧਾਏਗਾ, ਆਵਾਜਾਈ ਅਤੇ ਗਤੀਸ਼ੀਲਤਾ ਸੇਵਾਵਾਂ ਨੂੰ ਸੁਚਾਰੂ ਬਣਾਏਗਾ ਅਤੇ ਇਸ ਖੇਤਰ ਵਿੱਚ ਵਧੇਰੇ ਕੁਸ਼ਲਤਾ ਲਿਆਏਗਾ। ਇਸ ਵਰਕਸ਼ਾਪ ਵਿੱਚ ਆਯੋਜਿਤ ਪੇਸ਼ਕਾਰੀਆਂ ਅਤੇ ਚਰਚਾਵਾਂ ਡਿਜੀਟਲ ਤੌਰ 'ਤੇ ਸਸ਼ਕਤ ਰਾਸ਼ਟਰੀ ਰਾਜਮਾਰਗ ਨੈੱਟਵਰਕ ਲਈ ਰਾਹ ਪੱਧਰਾ ਕਰਨਗੀਆਂ ਜਿਸ ਨਾਲ ਦੇਸ਼ ਦੇ ਹਰੇਕ ਯਾਤਰੀ ਨੂੰ ਲਾਭ ਹੋਵੇਗਾ।"
ਆਪਣੇ ਸੰਬੋਧਨ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਸਕੱਤਰ ਸ਼੍ਰੀ ਵੀ ਉਮਾਸ਼ੰਕਰ ਨੇ ਕਿਹਾ, "ਫਿਨਟੈਕ ਭਾਰਤ ਦੇ ਲਈ ਇੱਕ ਉੱਜਵਲ ਸਥਾਨ ਰਿਹਾ ਹੈ ਅਤੇ ਇਸ ਨੇ ਸਾਨੂੰ ਕਈ ਮਾਰਗ-ਦਰਸ਼ਕ ਨਵੀਨਤਾਵਾਂ ਦਿੱਤੀਆਂ ਹਨ, ਜਦਕਿ ਫਾਸਟੈਗ ਨੇ ਦੇਸ਼ ਵਿੱਚ ਇਲੈਕਟ੍ਰੌਨਿਕ ਟੋਲ ਕਲੈਕਸ਼ਨ ਨੂੰ ਬਦਲ ਦਿੱਤਾ ਹੈ। ਇਸ ਵਰਕਸ਼ਾਪ ਦਾ ਸਾਰ ਇਸ ’ਤੇ ਵਿਚਾਰ ਕਰਨਾ ਹੈ ਕਿ ਟੋਲ ਕਲੈਕਸ਼ਨ ਵਿਧੀ ਨੂੰ ਵੇਖਣਾ ਅਤੇ ਸਹਿਯੋਗ ਭਰੇ ਤਰੀਕੇ ਨਾਲ ਇਸ ਨੂੰ ਕੈਸ਼ਲੈੱਸ, ਸੁਵਿਧਾਜਨਕ, ਸਮਾਂਬੱਧ, ਧੋਖਾਧੜੀ-ਮੁਕਤ ਅਤੇ ਗਲਤੀ-ਮੁਕਤ ਟੋਲਿੰਗ ਕਿਵੇਂ ਬਣਾਇਆ ਜਾਵੇ। ਅਸੀਂ ਫਿਨਟੈਕ ਨੂੰ ਨਵੀਨਤਾ ਦੇ ਪ੍ਰੋਵਾਈਡਰ ਵਜੋਂ ਦੇਖਦੇ ਹਾਂ ਅਤੇ ਸਰਕਾਰ ਇੱਕ ਅੰਤਿਮ ਉਤਪਾਦ ਬਣਾਉਣ ਵਿੱਚ ਸੁਵਿਧਾਜਨਕ ਹੋਵੇਗੀ ਜੋ ਸੜਕ ਉਪਭੋਗਿਤਾ ਨੂੰ ਬਿਹਤਰ ਅਨੁਭਵ ਪ੍ਰਦਾਨ ਕਰੇਗੀ।"
ਇਸ ਮੌਕੇ 'ਤੇ ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਨੇ ਕਿਹਾ, "ਅੱਜ ਦੀ ਵਰਕਸ਼ਾਪ ਭਵਿੱਖ ਦੀਆਂ ਨਵੀਨਤਾਵਾਂ ਲਈ ਰਾਹ ਪੱਧਰਾ ਕਰੇਗੀ, ਜੋ ਸਾਨੂੰ ਟੋਲ ਕਲੈਕਸ਼ਨ ਤੋਂ ਪਰ੍ਹੇ ਫਾਸਟੈਗ ਪ੍ਰਣਾਲੀ ਦੇ ਦਾਇਰੇ ਅਤੇ ਉਪਯੋਗਿਤਾ ਨੂੰ ਵਧਾਉਣ ਵਿੱਚ ਮਦਦ ਕਰੇਗੀ। ਇਹ ਭਵਿੱਖ ਦੇ ਸਮਾਧਾਨ ਬਣਾਉਣ ਦਾ ਇੱਕ ਸ਼ਾਨਦਾਰ ਮੌਕਾ ਹੈ ਜੋ ਰਾਸ਼ਟਰੀ ਰਾਜਮਾਰਗ ਉਪਭੋਗਤਾਵਾਂ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰੇਗਾ।"
ਵਰਕਸ਼ਾਪ ਦੇ ਸੰਦਰਭ ਵਿੱਚ ਦੱਸਦੇ ਹੋਏ ਐੱਨਐੱਚਏਆਈ ਦੇ ਮੈਂਬਰ (ਪ੍ਰਸ਼ਾਸਨ) ਸ਼੍ਰੀ ਵਿਸ਼ਾਲ ਚੌਹਾਨ ਨੇ ਕਿਹਾ, "ਫਿਨਟੈੱਕ ਟੈਕਨੋਲੋਜੀ ਅਤੇ ਨਵੀਨਤਾ ਦੀ ਅਗਵਾਈ ਕਰਦਾ ਹੈ ਅਤੇ ਸਾਨੂੰ ਟੋਲ ਕਲੈਕਸ਼ਨ ਪ੍ਰਣਾਲੀ ਅਤੇ ਹੋਰ ਖੇਤਰਾਂ ਨੂੰ ਬਿਹਤਰ ਬਣਾਉਣ ਲਈ ਇਸ ਈਕੋਸਿਸਟਮ ਦਾ ਲਾਭ ਉਠਾਉਣਾ ਚਾਹੀਦਾ ਹੈ। ਅੱਜ ਦੀ ਵਰਕਸ਼ਾਪ ਰਾਸ਼ਟਰੀ ਰਾਜਮਾਰਗਾਂ 'ਤੇ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਨ ਅਤੇ ਉਪਭੋਗਤਾਵਾਂ ਦੇ ਅਨੁਭਵ ਨੂੰ ਵਧਾਉਣ ਦੀ ਦਿਸ਼ਾ ਵੱਲ ਇੱਕ ਕਦਮ ਸਾਬਤ ਹੋਵੇਗੀ।"
ਵਰਕਸ਼ਾਪ ਵਿੱਚ ਉਦਯੋਗ ਅਤੇ ਫਿਨਟੈਕ ਮਾਹਿਰਾਂ ਨਾਲ ਫਾਸਟੈਗ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਵਿਭਿੰਨ ਸੈਸ਼ਨ ਆਯੋਜਿਤ ਕੀਤੇ ਗਏ। ਸੈਸ਼ਨਾਂ ਵਿੱਚ ਵਿਭਿੰਨ ਕੇਂਦ੍ਰਿਤ ਸਮੂਹ ਸ਼ਾਮਲ ਸਨ ਜਿਨ੍ਹਾਂ ਨੇ ਫਾਸਟੈਗ ਨੂੰ ਅਪਣਾਉਣ ਲਈ ਨਵੇਂ ਵਰਤੋਂ ਦੇ ਮਾਮਲਿਆਂ ਜਿਵੇਂ ਕਿ ਫਾਸਟੈਗ ਲੈਣ-ਦੇਣ ਦਾ ਪ੍ਰਬੰਧਨ, ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ, ਪਾਰਕਿੰਗ, ਬੀਮਾ, ਇੱਕ ਢੁਕਵੇਂ ਭੁਗਤਾਨ ਉਪਕਰਣ ਵਜੋਂ ਫਾਸਟੈਗ ਅਤੇ ਹੋਰ ਫਾਸਟੈਗ ਨਵੀਨਤਾਵਾਂ ਲਈ ਇਨੋਵੇਟਿਵ ਵਿਚਾਰ ਪੇਸ਼ ਕੀਤੇ।
ਵਰਕਸ਼ਾਪ ਦਾ ਉਦੇਸ਼ ਫਿਨਟੈਕ ਕੰਪਨੀਆਂ ਵਿੱਚ ਮਲਟੀ-ਲੇਨ ਫ੍ਰੀ ਫਲੋ (ਐੱਮਐੱਲਐੱਫ਼ਐੱਫ਼) ਟੋਲਿੰਗ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਤਾਕਿ ਟੋਲਿੰਗ ਇਨਫ੍ਰਾਸਟ੍ਰਕਚਰ ਦੇ ਇਸ ਟੈਕਨੋਲੋਜੀ-ਅਧਾਰਿਤ ਪਰਿਵਰਤਨ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਐੱਮਐੱਲਐੱਫ਼ਐੱਫ਼ ਟੋਲਿੰਗ ਇੱਕ ਰੁਕਾਵਟ-ਮੁਕਤ ਟੋਲਿੰਗ ਹੈ ਜੋ ਉੱਚ ਪ੍ਰਦਰਸ਼ਨ ਵਾਲੇ ਆਰਐੱਫ਼ਆਈਡੀ ਰੀਡਰਾਂ ਅਤੇ ਏਐੱਨਪੀਆਰ ਕੈਮਰਿਆਂ ਦੁਆਰਾ ਫਾਸਟੈਗ ਅਤੇ ਵਾਹਨ ਰਜਿਸਟ੍ਰੇਸ਼ਨ ਨੰਬਰ (ਵੀਆਰਐੱਨ) ਨੂੰ ਪੜ੍ਹ ਕੇ ਲੈਣ-ਦੇਣ ਨੂੰ ਸਮਰੱਥ ਬਣਾਉਂਦੀ ਹੈ।
ਨੈਸ਼ਨਲ ਇਲੈਕਟ੍ਰਾਨਿਕ ਟੋਲ ਕਲੈਕਸ਼ਨ (ਐੱਨਈਟੀਸੀ) ਫਾਸਟੈਗ ਪ੍ਰੋਗਰਾਮ 98.5 ਪ੍ਰਤੀਸ਼ਤ ਟੋਲ ਭੁਗਤਾਨ ਦੇ ਨਾਲ 1,728 ਟੋਲ ਪਲਾਜ਼ਿਆਂ (1,113 ਰਾਸ਼ਟਰੀ ਰਾਜਮਾਰਗਾਂ, 615 ਰਾਜ ਮਾਰਗਾਂ) 'ਤੇ ਸੰਚਾਲਿਤ ਹੁੰਦਾ ਹੈ। 38 ਤੋਂ ਵੱਧ ਬੈਂਕਾਂ ਨੇ ਡਿਜੀਟਲ ਭੁਗਤਾਨਾਂ ਦਾ ਸਮਰਥਨ ਕਰਦੇ ਹੋਏ 11.04 ਕਰੋੜ ਤੋਂ ਵੱਧ ਫਾਸਟੈਗ ਜਾਰੀ ਕੀਤੇ ਹਨ। ਵਰਕਸ਼ਾਪ ਵਿੱਚ ਉਨ੍ਹਾਂ ਮੁੱਖ ਪਹਿਲੂਆਂ ਬਾਰੇ ਦੱਸਿਆ ਗਿਆ ਹੈ ਜੋ ਫਾਸਟੈਗ ਦੇ ਵਿਕਾਸ ਦੇ ਅਗਲੇ ਪੜਾਅ ਨੂੰ ਆਕਾਰ ਦੇਣ, ਉਪਭੋਗਤਾਵਾਂ ਦੀ ਸਹੂਲਤ ਵਧਾਉਣ ਅਤੇ ਅਤਿ-ਆਧੁਨਿਕ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਕੇ ਚੰਗੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ।
************
ਜੀਡੀਐੱਚ
(Release ID: 2140183)