ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪੀਆਈਬੀ ਚੰਡੀਗੜ੍ਹ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵੇਵਜ਼ 'ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1' 'ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ


"ਕ੍ਰਿਏਟ ਇਨ ਇੰਡੀਆ ਚੈਲੇਂਜ ਵਿੱਚ ਹਿੱਸਾ ਲਓ, ਸਿੱਖੋ, ਯੋਗਦਾਨ ਪਾਓ ਅਤੇ ਸੈਕਟਰ ਵਿੱਚ ਸਕਾਰਾਤਮਕ ਬਦਲਾਅ ਕਰੋ"

Posted On: 28 NOV 2024 7:28PM by PIB Chandigarh


ਪੱਤਰ ਸੂਚਨਾ ਦਫ਼ਤਰ, ਚੰਡੀਗੜ੍ਹ ਨੇ ਸਕੂਲ ਆਫ ਕਮਿਊਨੀਕੇਸ਼ਨ ਸਟੱਡੀਜ਼, ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ 'ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1' ਵਿੱਚ ਜਾਗਰੂਕਤਾ ਵਧਾਉਣ ਅਤੇ ਭਾਗੀਦਾਰੀ ਕਰਨ ਲਈ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ। ਕ੍ਰਿਏਟ ਇਨ ਇੰਡੀਆ ਚੈਲੇਂਜ 27 ਮੁਕਾਬਲਿਆਂ/ਚੁਣੌਤੀਆਂ ਦੀ ਇੱਕ ਲੜੀ ਹੈ, ਜੋ ਕਿ ਵਿਸ਼ਵ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਜ਼), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਵਲੋਂ ਆਯੋਜਿਤ ਕੀਤੇ ਜਾ ਰਹੇ ਆਲਮੀ ਮੀਡੀਆ ਅਤੇ ਮਨੋਰੰਜਨ ਸੰਮੇਲਨ ਦੇ ਹਿੱਸੇ ਵਜੋਂ ਆਯੋਜਿਤ ਕੀਤੇ ਜਾ ਰਹੇ ਹਨ। ਕ੍ਰੀਏਟ ਇਨ ਇੰਡੀਆ ਚੈਲੇਂਜ ਦਾ ਗ੍ਰੈਂਡ ਫਿਨਾਲੇ 5-9 ਫਰਵਰੀ, 2025 ਦੌਰਾਨ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਵੇਵਜ਼ ਦੌਰਾਨ ਆਯੋਜਿਤ ਕੀਤਾ ਜਾਵੇਗਾ।
ਸਮਾਗਮ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਚੇਅਰਪਰਸਨ, ਸਕੂਲ ਆਫ਼ ਕਮਿਊਨੀਕੇਸ਼ਨ ਸਟੱਡੀਜ਼, ਪੰਜਾਬ ਯੂਨੀਵਰਸਿਟੀ ਡਾ. ਭਵਨੀਤ ਭੱਟੀ ਨੇ ਕਿਹਾ, “ਅਜੋਕੇ ਹਾਲਾਤ ਵਿੱਚ, ਸੰਪੂਰਨ ਸਿੱਖਣ ਲਈ ਪ੍ਰੈਕਟੀਕਲ ਸਿਖਲਾਈ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਵਿਦਿਆਰਥੀਆਂ ਨੂੰ ਆਪਣੇ ਕੋਰਸ ਵਿੱਚ ਸਿੱਖੀਆਂ ਗੱਲਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ ਅਤੇ ਦੂਜੇ ਮੀਡੀਆ ਪੇਸ਼ੇਵਰਾਂ ਅਤੇ ਉਦਯੋਗ ਮਾਹਰਾਂ ਨਾਲ ਨੈੱਟਵਰਕ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੀਆਂ ਹਨ।”


ਇਸ ਮੌਕੇ ਮੁੱਖ ਮਹਿਮਾਨ ਪੀਆਈਬੀ ਚੰਡੀਗੜ੍ਹ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਦੀਪ ਜੋਏ ਮੈਮਪਿਲੀ ਨੇ ਵਿਦਿਆਰਥੀਆਂ ਨੂੰ 'ਕ੍ਰਿਏਟ ਇਨ ਇੰਡੀਆ ਚੈਲੇਂਜ' ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਇਹ ਉਨ੍ਹਾਂ ਲਈ ਸਿੱਖਣ, ਐਕਸਪੋਜਰ ਹਾਸਲ ਕਰਨ, ਮੈਂਟਰਸ਼ਿਪ ਪ੍ਰਾਪਤ ਕਰਨ ਅਤੇ ਆਪਣੇ ਪੇਸ਼ੇ ਅਤੇ ਸੈਕਟਰ ਵਿੱਚ ਸਕਾਰਾਤਮਕ ਤਬਦੀਲੀ ਕਰਨ ਦਾ ਬਹੁਤ ਵਧੀਆ ਮੌਕਾ ਹੈ। ਉਨ੍ਹਾਂ ਧਿਆਨ ਦਿਵਾਇਆ ਕਿ ਸਮੁੱਚੇ ਭਾਰਤ ਦੇ ਵਿਦਿਆਰਥੀ ਵੱਖ - ਵੱਖ ਖੇਤਰਾਂ ਜਿਵੇਂ ਕਿ ਐਨੀਮੇਸ਼ਨ, ਗੇਮਿੰਗ, ਕਾਮਿਕਸ, ਫਿਲਮ, ਜਨਰੇਟਿਵ ਏਆਈ, ਪ੍ਰਸਾਰਣ ਅਤੇ ਹੋਰ 27 ਚੁਣੌਤੀਆਂ ਵਿੱਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੇਵਜ਼ ਵਿਦਿਆਰਥੀਆਂ ਅਤੇ ਸ਼ੌਕੀਆ ਸਮੱਗਰੀ ਸਿਰਜਣਹਾਰਾਂ ਨੂੰ ਮੁੱਖ ਧਾਰਾ ਦੇ ਪੇਸ਼ੇਵਰਾਂ ਨਾਲ ਗੱਲਬਾਤ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ, ਇਸ ਤਰ੍ਹਾਂ ਦੋਵਾਂ ਵਿਚਕਾਰ ਪਾੜੇ ਨੂੰ ਦੂਰ ਕਰਦਾ ਹੈ। ਉਨ੍ਹਾਂ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਜੀਵਨ ਦਾ ਕੋਈ ਵੀ ਪਹਿਲੂ ਅਜਿਹਾ ਨਹੀਂ ਹੈ, ਜੋ ਮੀਡੀਆ ਅਤੇ ਸੰਚਾਰ ਤੋਂ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਇਹ ਸੰਮੇਲਨ ਭਾਰਤ ਦੀ 'ਸਾਫਟ ਪਾਵਰ' ਨੂੰ ਵਧਾਉਣ ਅਤੇ ਮੀਡੀਆ ਤੇ ਮਨੋਰੰਜਨ ਖੇਤਰ ਵਿੱਚ ਵਿਕਾਸ, ਸਹਿਯੋਗ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਸਮੱਗਰੀ ਨਿਰਮਾਣ ਨੂੰ ਉਤਸ਼ਾਹਿਤ ਕਰਦਾ ਹੈ।


ਸੰਯੁਕਤ ਡਾਇਰੈਕਟਰ ਦੇ ਸੰਬੋਧਨ ਤੋਂ ਬਾਅਦ ਇੱਕ ਇੰਟਰਐਕਟਿਵ ਸੈਸ਼ਨ ਹੋਇਆ, ਜਿਸ ਵਿੱਚ ਚੈਲੇਂਜ ਅਤੇ ਸੰਮੇਲਨ ਬਾਰੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।


ਇਸ ਮੌਕੇ ਵਿਸ਼ੇਸ਼ ਮਹਿਮਾਨ ਮੀਡੀਆ ਅਤੇ ਕਮਿਊਨੀਕੇਸ਼ਨ ਅਫਸਰ, ਪੀਆਈਬੀ, ਚੰਡੀਗੜ੍ਹ, ਮਿਸ ਵਾਟਿਕਾ ਚੰਦਰਾ ਨੇ ਇੱਕ ਪੇਸ਼ਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੰਮਕਾਜ ਬਾਰੇ ਜਾਣੂ ਕਰਵਾਇਆ। ਹੋਰਨਾਂ ਗੱਲਾਂ ਤੋਂ ਇਲਾਵਾ, ਉਨ੍ਹਾਂ ਆਖਰੀ ਨਾਗਰਿਕ ਤੱਕ ਸੂਚਨਾ ਪਹੁੰਚਾਉਣ ਲਈ ਮੰਤਰਾਲੇ ਦੇ ਵੱਖ-ਵੱਖ ਵਿਭਾਗਾਂ ਵਲੋਂ ਕਰਵਾਏ ਗਏ ਵਿਸ਼ੇਸ਼ ਆਊਟਰੀਚ ਪ੍ਰੋਗਰਾਮਾਂ 'ਤੇ ਜ਼ੋਰ ਦਿੱਤਾ।


ਸਕੂਲ ਆਫ ਕਮਿਊਨੀਕੇਸ਼ਨ ਸਟੱਡੀਜ਼ ਦੀ ਪ੍ਰੋਫੈਸਰ ਅਰਚਨਾ ਆਰ ਸਿੰਘ ਨੇ ਵੀ ਸੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।


ਵੇਵਜ਼ ਸੰਮੇਲਨ ਸਮੁੱਚੇ ਮੀਡੀਆ ਅਤੇ ਮਨੋਰੰਜਨ ਖੇਤਰ ਲਈ ਵਿਸ਼ਵ ਦਾ ਪਹਿਲਾ ਸੁਮੇਲਤਾ ਭਰਪੂਰ ਈਵੈਂਟ ਹੈ। ਇਹ ਭਾਰਤ ਦੀ ਸਾਫਟ ਪਾਵਰ ਨੂੰ ਵਧਾਉਣ ਦੀ ਕਲਪਨਾ ਕਰਦਾ ਹੈ ਅਤੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਸਮੱਗਰੀ ਨਿਰਮਾਣ ਲਈ ਇੱਕ ਹੱਬ ਬਣਾਉਂਦਾ ਹੈ, ਜੋ ਇਸਦੀ ਮਾਰਕੀਟ ਹਿੱਸੇਦਾਰੀ ਨੂੰ ਵਧਾਉਂਦਾ ਹੈ ਅਤੇ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਆਲਮੀ ਨਿਵੇਸ਼ਾਂ ਨੂੰ ਆਕਰਸ਼ਿਤ ਕਰਦਾ ਹੈ। 'ਕ੍ਰਿਏਟ ਇਨ ਇੰਡੀਆ ਚੈਲੇਂਜ: ਸੀਜ਼ਨ 1' ਆਪਣੀ ਕਿਸਮ ਦੀ ਪਹਿਲੀ ਚੁਣੌਤੀ ਹੈ ਜੋ ਤਕਨੀਕ ਪ੍ਰੇਮੀ ਨੌਜਵਾਨਾਂ ਨੂੰ ਫਿਲਮ ਨਿਰਮਾਣ, ਗੇਮਿੰਗ, ਵੀਐੱਫਐਕਸ, ਐਨੀਮੇਸ਼ਨ, ਏਆਈ ਆਰਟ ਅਤੇ ਕਾਮਿਕਸ ਰਚਨਾ ਆਦਿ ਵਰਗੇ ਕਈ ਮੁੱਖ ਖੇਤਰਾਂ ਵਿੱਚ ਮੌਕਿਆਂ ਰਾਹੀਂ ਮੁੱਖ ਧਾਰਾ ਦੇ ਮੀਡੀਆ ਅਤੇ ਉਦਯੋਗ ਵਿੱਚ ਸ਼ਾਮਲ ਹੋਣ ਲਈ ਮੰਚ ਪ੍ਰਦਾਨ ਕਰਦਾ ਹੈ। ਕ੍ਰਿਏਟ ਇਨ ਇੰਡੀਆ ਚੈਲੇਂਜ: ਸੀਜ਼ਨ 1 ਬਾਰੇ ਹੋਰ ਜਾਣਕਾਰੀ ਲਈ, ਤੁਸੀਂ ਵੈੱਬਸਾਈਟ https://wavesindia.org/challenges-2025 'ਤੇ ਜਾ ਸਕਦੇ ਹੋ। 
 

 

****************


ਪੀਆਈਬੀ ਚੰਡੀਗੜ੍ਹ | ਡੀਜੇਐੱਮ/ਵੀਸੀ


(Release ID: 2083333) Visitor Counter : 33


Read this release in: English