ਵਿੱਤ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਲਆਈਸੀ ਦੀ 'ਬੀਮਾ ਸਖੀ ਯੋਜਨਾ' ਦੀ ਸ਼ੁਰੂਆਤ ਕੀਤੀ
ਪ੍ਰਧਾਨ ਮੰਤਰੀ ਨੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦੇ ਮੁੱਖ ਕੈਂਪਸ ਦਾ ਨੀਂਹ ਪੱਥਰ ਰੱਖਿਆ
ਸਾਡੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਮਹਿਲਾ ਸਸ਼ਕਤੀਕਰਣ ਲਈ ਬੇਮਿਸਾਲ ਕਦਮ ਚੁੱਕੇ ਹਨ: ਪ੍ਰਧਾਨ ਮੰਤਰੀ
ਭਾਰਤ ਅੱਜ ਸਾਲ 2047 ਤੱਕ ਵਿਕਸਿਤ ਬਣਨ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ: ਪ੍ਰਧਾਨ ਮੰਤਰੀ
ਮਹਿਲਾ ਸਸ਼ਕਤੀਕਰਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅੱਗੇ ਵਧਣ ਦੇ ਭਰਪੂਰ ਮੌਕੇ ਮਿਲਣ ਅਤੇ ਉਨ੍ਹਾਂ ਦੇ ਰਾਹ ਦੀ ਹਰ ਰੁਕਾਵਟ ਦੂਰ ਕੀਤੀ ਜਾਵੇ: ਪ੍ਰਧਾਨ ਮੰਤਰੀ
ਲੱਖਾਂ ਧੀਆਂ ਨੂੰ ਬੀਮਾ ਸਖੀਆਂ ਬਣਾਉਣ ਦੀ ਮੁਹਿੰਮ ਅੱਜ ਸ਼ੁਰੂ ਕੀਤੀ ਗਈ ਹੈ: ਪ੍ਰਧਾਨ ਮੰਤਰੀ
Posted On:
09 DEC 2024 8:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਪਾਨੀਪਤ ਵਿੱਚ ਮਹਿਲਾ ਸਸ਼ਕਤੀਕਰਣ ਅਤੇ ਵਿੱਤੀ ਸਮਾਵੇਸ਼ ਲਈ ਆਪਣੀ ਵਚਨਬੱਧਤਾ ਦੇ ਤਹਿਤ ਜੀਵਨ ਬੀਮਾ ਨਿਗਮ ਦੀ ‘ਬੀਮਾ ਸਖੀ ਯੋਜਨਾ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦੇ ਮੇਨ ਕੈਂਪਸ ਦਾ ਨੀਂਹ ਪੱਥਰ ਵੀ ਰੱਖਿਆ। ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਮਹਿਲਾ ਸਸ਼ਕਤੀਕਰਣ ਵੱਲ ਇੱਕ ਹੋਰ ਮਜ਼ਬੂਤ ਕਦਮ ਚੁੱਕ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮਹੀਨੇ ਦਾ 9ਵਾਂ ਦਿਨ ਵਿਸ਼ੇਸ਼ ਹੈ ਕਿਉਂਕਿ ਸਾਡੇ ਧਰਮ ਗ੍ਰੰਥਾਂ ਵਿੱਚ 9 ਨੰਬਰ ਨੂੰ ਸ਼ੁਭ ਮੰਨਿਆ ਗਿਆ ਹੈ ਅਤੇ ਨਵ ਦੁਰਗਾ ਦੇ ਨੌਂ ਰੂਪਾਂ ਨਾਲ ਜੁੜਿਆ ਹੋਇਆ ਹੈ, ਜਿਸਦੀ ਨਵਰਾਤਰੀ ਦੌਰਾਨ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਨਾਰੀ ਸ਼ਕਤੀ ਦੀ ਪੂਜਾ ਦਾ ਦਿਨ ਹੈ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 9 ਦਸੰਬਰ ਨੂੰ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ ਸੀ ਅਤੇ ਅੱਜ ਜਦੋਂ ਦੇਸ਼ ਸੰਵਿਧਾਨ ਦੇ 75 ਸਾਲ ਪੂਰੇ ਕਰ ਰਿਹਾ ਸੀ, ਇਹ ਤਾਰੀਖ ਸਾਨੂੰ ਬਰਾਬਰੀ ਅਤੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦੀ ਹੈ।
ਦੁਨੀਆ ਨੂੰ ਨੈਤਿਕਤਾ ਅਤੇ ਧਰਮ ਦਾ ਗਿਆਨ ਦੇਣ ਵਾਲੀ ਮਹਾਨ ਧਰਤੀ ਵਜੋਂ ਹਰਿਆਣਾ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਮੋਦੀ ਨੇ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਇਸ ਸਮੇਂ ਕੁਰੂਕਸ਼ੇਤਰ ਵਿੱਚ ਅੰਤਰਰਾਸ਼ਟਰੀ ਗੀਤਾ ਜਯੰਤੀ ਮਹੋਤਸਵ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਗੀਤਾ ਦੀ ਧਰਤੀ ਨੂੰ ਨਮਨ ਕੀਤਾ ਅਤੇ ਹਰਿਆਣਾ ਦੇ ਸਾਰੇ ਦੇਸ਼ਭਗਤ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ 'ਏਕ ਹੈਂ ਤੋ ਸੇਫ ਹੈਂ' ਦੇ ਮੰਤਰ ਨੂੰ ਅਪਣਾਉਣ ਲਈ ਹਰਿਆਣਾ ਦੇ ਲੋਕਾਂ ਦੀ ਸ਼ਲਾਘਾ ਕੀਤੀ, ਜੋ ਪੂਰੇ ਦੇਸ਼ ਲਈ ਇੱਕ ਮਿਸਾਲ ਬਣ ਗਿਆ ਹੈ।
ਹਰਿਆਣਾ ਨਾਲ ਆਪਣੇ ਅਟੁੱਟ ਰਿਸ਼ਤੇ ਅਤੇ ਲਗਾਵ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਗਾਤਾਰ ਤੀਜੀ ਵਾਰ ਉਨ੍ਹਾਂ ਨੂੰ ਸੱਤਾ ਵਿੱਚ ਚੁਣਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਬਣੀ ਸੂਬਾ ਸਰਕਾਰ ਦੀ ਹਰ ਪਾਸਿਓਂ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੇ ਦੇਖਿਆ ਹੈ ਕਿ ਜਿਸ ਤਰ੍ਹਾਂ ਸਰਕਾਰ ਬਣਨ ਤੋਂ ਬਾਅਦ ਇੱਥੇ ਹਜ਼ਾਰਾਂ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਤੋਂ ਬਿਨਾਂ ਪੱਕੀ ਨੌਕਰੀਆਂ ਮਿਲੀਆਂ ਹਨ। ਹਰਿਆਣਾ ਦੀਆਂ ਮਹਿਲਾਵਾਂ ਦਾ ਧੰਨਵਾਦ ਕਰਦੇ ਹੋਏ ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੇ ਬੀਮਾ ਸਖੀ ਯੋਜਨਾ ਸ਼ੁਰੂ ਕੀਤੀ ਹੈ, ਜੋ ਦੇਸ਼ ਦੀਆਂ ਮਹਿਲਾਵਾਂ ਨੂੰ ਰੋਜ਼ਗਾਰ ਪ੍ਰਦਾਨ ਕਰਦੀ ਹੈ ਅਤੇ ਇਸਦੇ ਲਈ ਸਾਰਿਆਂ ਨੂੰ ਵਧਾਈ ਦਿੱਤੀ।
ਕੁਝ ਸਾਲ ਪਹਿਲਾਂ ਪਾਨੀਪਤ ਤੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਆਪਣੇ ਵਿਸ਼ੇਸ਼ ਸਨਮਾਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਇਸ ਦਾ ਹਰਿਆਣਾ ਦੇ ਨਾਲ-ਨਾਲ ਪੂਰੇ ਦੇਸ਼ ਵਿੱਚ ਸਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਕੇਵਲ ਹਰਿਆਣਾ ਵਿੱਚ ਹੀ ਪਿਛਲੇ ਦਹਾਕੇ ਵਿਚ ਹਜ਼ਾਰਾਂ ਧੀਆਂ ਦੀ ਜਾਨ ਬਚਾਈ ਗਈ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਹੁਣ ਇੱਕ ਦਹਾਕੇ ਬਾਅਦ ਭੈਣਾਂ ਅਤੇ ਧੀਆਂ ਲਈ ਬੀਮਾ ਸਖੀ ਯੋਜਨਾ ਪਾਨੀਪਤ ਦੀ ਇਸ ਧਰਤੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਨੀਪਤ ਨਾਰੀ ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ।
ਇਹ ਉਜਾਗਰ ਕਰਦੇ ਹੋਏ ਕਿ ਭਾਰਤ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ, ਹਰ ਵਰਗ ਅਤੇ ਖੇਤਰ ਦੀ ਊਰਜਾ ਨੇ ਭਾਰਤ ਨੂੰ ਇਸ ਉਚਾਈ ਤੱਕ ਪਹੁੰਚਾਇਆ ਹੈ। ਉਸਨੇ ਅੱਗੇ ਕਿਹਾ ਕਿ ਹਾਲਾਂਕਿ, 2047 ਤੱਕ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪ੍ਰਾਪਤ ਕਰਨ ਲਈ, ਭਾਰਤ ਨੂੰ ਊਰਜਾ ਦੇ ਕਈ ਨਵੇਂ ਸਰੋਤਾਂ ਦੀ ਲੋੜ ਹੈ। ਉੱਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬੀ ਭਾਰਤ ਇੱਕ ਅਜਿਹਾ ਸਰੋਤ ਹੈ, ਜੋ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਰੂਪ ਵਿੱਚ ਭਾਰਤ ਦੀ ਮਹਿਲਾ ਸ਼ਕਤੀ, ਬੀਮਾ ਸਖੀ, ਬੈਂਕ ਸਖੀ, ਕ੍ਰਿਸ਼ੀ ਸਖੀ ਊਰਜਾ ਦਾ ਇੱਕ ਹੋਰ ਮਹੱਤਵਪੂਰਨ ਸਰੋਤ ਹੈ, ਜੋ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮਹਿਲਾਵਾਂ ਦੇ ਸਸ਼ਕਤੀਕਰਣ ਲਈ ਭਰਪੂਰ ਮੌਕਿਆਂ ਨੂੰ ਯਕੀਨੀ ਬਣਾਉਣਾ ਅਤੇ ਹਰ ਰੁਕਾਵਟ ਨੂੰ ਦੂਰ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਦਾ ਸਸ਼ਕਤੀਕਰਣ ਹੋਇਆ ਤਾਂ ਦੇਸ਼ ਲਈ ਮੌਕਿਆਂ ਦੇ ਨਵੇਂ ਦਰਵਾਜ਼ੇ ਖੁੱਲ੍ਹੇ ਹਨ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਸਰਕਾਰ ਨੇ ਮਹਿਲਾਵਾਂ ਲਈ ਬਹੁਤ ਸਾਰੀਆਂ ਨੌਕਰੀਆਂ ਖੋਲ੍ਹੀਆਂ ਹਨ, ਜੋ ਕਿ ਮਹਿਲਾਵਾਂ ਲਈ ਵਰਜਿਤ ਸਨ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਭਾਰਤ ਦੀਆਂ ਬੇਟੀਆਂ ਨੂੰ ਫੌਜ ਦੀਆਂ ਅਗਲੀਆਂ ਕਤਾਰਾਂ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਡੀ ਗਿਣਤੀ ਵਿੱਚ ਭਾਰਤ ਦੀਆਂ ਬੇਟੀਆਂ ਲੜਾਕੂ ਪਾਇਲਟ ਬਣ ਰਹੀਆਂ ਹਨ, ਪੁਲਿਸ ਵਿੱਚ ਭਰਤੀ ਹੋ ਰਹੀਆਂ ਹਨ ਅਤੇ ਕਾਰਪੋਰੇਟ ਕੰਪਨੀਆਂ ਦੀ ਅਗਵਾਈ ਵੀ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਦੇਸ਼ ਵਿੱਚ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀਆਂ 1200 ਉਤਪਾਦਕ ਐਸੋਸੀਏਸ਼ਨਾਂ ਜਾਂ ਸਹਿਕਾਰੀ ਸਭਾਵਾਂ ਹਨ, ਜਿਨ੍ਹਾਂ ਦੀ ਅਗਵਾਈ ਮਹਿਲਾਵਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੜਕੀਆਂ ਖੇਡਾਂ ਤੋਂ ਲੈ ਕੇ ਪੜ੍ਹਾਈ ਤੱਕ ਹਰ ਖੇਤਰ ਵਿੱਚ ਅੱਗੇ ਵਧ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਜਣੇਪਾ ਛੁੱਟੀ ਵਧਾ ਕੇ 26 ਹਫ਼ਤਿਆਂ ਤੱਕ ਕਰਨ ਨਾਲ ਲੱਖਾਂ ਧੀਆਂ ਨੂੰ ਵੀ ਲਾਭ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਸ਼ੁਰੂ ਕੀਤੇ ਗਏ ਬੀਮਾ ਸਖੀ ਪ੍ਰੋਗਰਾਮ ਦੀ ਨੀਂਹ ਵੀ ਸਾਲਾਂ ਦੀ ਸਖ਼ਤ ਮਿਹਨਤ ਅਤੇ ਤਪੱਸਿਆ 'ਤੇ ਆਧਾਰਿਤ ਸੀ। ਆਜ਼ਾਦੀ ਦੇ 6 ਦਹਾਕਿਆਂ ਬਾਅਦ ਵੀ ਜ਼ਿਆਦਾਤਰ ਮਹਿਲਾਵਾਂ ਕੋਲ ਬੈਂਕ ਖਾਤਿਆਂ ਦੀ ਘਾਟ ਹੋਣ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਮੁੱਚੀ ਬੈਂਕਿੰਗ ਪ੍ਰਣਾਲੀ ਤੋਂ ਵੱਖ ਕਰ ਦਿੱਤਾ ਗਿਆ ਹੈ। ਜਨ ਧਨ ਯੋਜਨਾ ਦੇ ਤਹਿਤ 30 ਕਰੋੜ ਮਹਿਲਾਵਾਂ ਦੇ ਖਾਤਿਆਂ 'ਤੇ ਮਾਣ ਜ਼ਾਹਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੈਸ ਸਬਸਿਡੀ ਵਰਗੀਆਂ ਸਬਸਿਡੀਆਂ ਪਰਿਵਾਰ ਦੇ ਜ਼ਿੰਮੇਵਾਰ ਹੱਥਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਮਹਿਲਾਵਾਂ ਲਈ ਜਨ ਧਨ ਖਾਤੇ ਖੋਲ੍ਹੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਨ ਧਨ ਯੋਜਨਾ ਨੇ ਕਿਸਾਨ ਕਲਿਆਣ ਨਿਧੀ, ਸੁਕੰਨਿਆ ਸਮ੍ਰਿਧੀ ਯੋਜਨਾ, ਆਪਣੇ ਘਰ ਬਣਾਉਣ ਲਈ ਫੰਡ, ਹਲਵਾਈਆਂ ਲਈ ਦੁਕਾਨਾਂ ਸਥਾਪਤ ਕਰਨ ਲਈ ਫੰਡ, ਮੁਦਰਾ ਯੋਜਨਾ ਅਤੇ ਹੋਰ ਵਰਗੀਆਂ ਯੋਜਨਾਵਾਂ ਤੋਂ ਪੈਸੇ ਦੇ ਟ੍ਰਾਂਸਫਰ ਨੂੰ ਯਕੀਨੀ ਬਣਾਉਣ ਵਿੱਚ ਵੀ ਮਦਦ ਕੀਤੀ ਹੈ।
ਹਰ ਪਿੰਡ ਵਿੱਚ ਬੈਂਕਿੰਗ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਹਿਲਾਵਾਂ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਦੇ ਬੈਂਕ ਖਾਤੇ ਵੀ ਨਹੀਂ ਸਨ, ਉਹ ਹੁਣ ਪਿੰਡ ਵਾਸੀਆਂ ਨੂੰ ਬੈਂਕ ਸਖੀ ਵਜੋਂ ਬੈਂਕਾਂ ਨਾਲ ਜੋੜ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਬੈਂਕ ਸਖੀਆਂ ਨੇ ਲੋਕਾਂ ਨੂੰ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਬੈਂਕ ਵਿੱਚ ਪੈਸੇ ਕਿਵੇਂ ਬਚਾਉਣੇ ਹਨ, ਕਰਜ਼ਾ ਕਿਵੇਂ ਲੈਣਾ ਹੈ ਅਤੇ ਅਜਿਹੀਆਂ ਲੱਖਾਂ ਬੈਂਕ ਸਖੀਆਂ ਅੱਜ ਹਰ ਪਿੰਡ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ।
ਇਹ ਯਾਦ ਕਰਦੇ ਹੋਏ ਕਿ ਭਾਰਤ ਦੀਆਂ ਮਹਿਲਾਵਾਂ ਦਾ ਪਹਿਲਾਂ ਬੀਮਾ ਨਹੀਂ ਕੀਤਾ ਗਿਆ ਸੀ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅੱਜ ਲੱਖਾਂ ਮਹਿਲਾ ਬੀਮਾ ਏਜੰਟ ਜਾਂ ਬੀਮਾ ਸਖੀ ਬਣਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਮਹਿਲਾਵਾਂ ਬੀਮਾ ਵਰਗੇ ਖੇਤਰਾਂ ਦੇ ਵਿਸਤਾਰ ਦੀ ਅਗਵਾਈ ਕਰਨਗੀਆਂ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬੀਮਾ ਸਖੀ ਯੋਜਨਾ ਤਹਿਤ 2 ਲੱਖ ਮਹਿਲਾਵਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੜਕੀਆਂ ਨੇ 10ਵੀਂ ਜਮਾਤ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਬੀਮਾ ਸਖੀ ਯੋਜਨਾ ਤਹਿਤ ਤਿੰਨ ਸਾਲਾਂ ਲਈ ਵਿੱਤੀ ਮਦਦ ਦਿੱਤੀ ਜਾਵੇਗੀ। ਬੀਮਾ ਖੇਤਰ ਨਾਲ ਸਬੰਧਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਜੋ ਇਹ ਦਰਸਾਉਂਦਾ ਹੈ ਕਿ ਇੱਕ ਐੱਲਆਈਸੀ ਏਜੰਟ ਹਰ ਮਹੀਨੇ ਔਸਤਨ 15 ਹਜ਼ਾਰ ਰੁਪਏ ਕਮਾਉਂਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸਾਡੀਆਂ ਬੀਮਾ ਸਖੀਆਂ ਹਰ ਸਾਲ 1.75 ਲੱਖ ਰੁਪਏ ਤੋਂ ਵਧ ਦੀ ਕਮਾਈ ਕਰਨਗੀਆਂ ਜਿਸ ਨਾਲ ਪਰਿਵਾਰ ਨੂੰ ਵਾਧੂ ਆਮਦਨ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਮਾ ਸਾਖੀ ਦਾ ਯੋਗਦਾਨ ਸਿਰਫ਼ ਪੈਸਾ ਕਮਾਉਣ ਨਾਲੋਂ ਕਿਤੇ ਵਧ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੰਤਮ ਟੀਚਾ ‘ਸਭ ਲਈ ਬੀਮਾ’ ਹੈ। ਉਨ੍ਹਾਂ ਅੱਗੇ ਕਿਹਾ ਕਿ ਸਮਾਜਿਕ ਸੁਰੱਖਿਆ ਲਈ ਅਤੇ ਗਰੀਬੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਇਹ ਜ਼ਰੂਰੀ ਹੈ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਬੀਮਾ ਸਖੀਆਂ ਸਭ ਲਈ ਬੀਮਾ ਦੇ ਮਿਸ਼ਨ ਨੂੰ ਮਜ਼ਬੂਤ ਕਰਨਗੀਆਂ।
ਇਹ ਰੇਖਾਂਕਿਤ ਕਰਦੇ ਹੋਏ ਕਿ ਜਦੋਂ ਕਿਸੇ ਵਿਅਕਤੀ ਦਾ ਬੀਮਾ ਕੀਤਾ ਜਾਂਦਾ ਹੈ, ਤਾਂ ਲਾਭ ਬਹੁਤ ਜ਼ਿਆਦਾ ਹੁੰਦਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਤਹਿਤ ਬਹੁਤ ਘੱਟ ਪ੍ਰੀਮੀਅਮ 'ਤੇ 2 ਲੱਖ ਰੁਪਏ ਦਾ ਬੀਮਾ ਮੁਹੱਈਆ ਕਰਵਾਇਆ ਜਾਂਦਾ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਦੇਸ਼ ਦੇ 20 ਕਰੋੜ ਤੋਂ ਵਧ ਲੋਕ ਜੋ ਕਦੇ ਬੀਮੇ ਬਾਰੇ ਸੋਚ ਵੀ ਨਹੀਂ ਸਕਦੇ ਸਨ, ਉਨ੍ਹਾਂ ਦਾ ਬੀਮਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਯੋਜਨਾਵਾਂ ਤਹਿਤ ਹੁਣ ਤੱਕ ਕਰੀਬ 20 ਹਜ਼ਾਰ ਕਰੋੜ ਰੁਪਏ ਦੀ ਦਾਅਵਾ ਰਾਸ਼ੀ ਦਿੱਤੀ ਜਾ ਚੁੱਕੀ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਬੀਮਾ ਸਖੀਆਂ ਦੇਸ਼ ਦੇ ਬਹੁਤ ਸਾਰੇ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਕਵਰ ਪ੍ਰਦਾਨ ਕਰਨ ਲਈ ਕੰਮ ਕਰੇਗੀ, ਜੋ ਇੱਕ ਤਰ੍ਹਾਂ ਨਾਲ ਪੁੰਨ ਦਾ ਕੰਮ ਹੈ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਪਿਛਲੇ 10 ਸਾਲਾਂ ਵਿੱਚ ਭਾਰਤ ਵਿੱਚ ਪੇਂਡੂ ਮਹਿਲਾਵਾਂ ਲਈ ਬਣਾਈਆਂ ਗਈਆਂ ਕ੍ਰਾਂਤੀਕਾਰੀ ਨੀਤੀਆਂ ਦੇ ਨਾਲ-ਨਾਲ ਲਏ ਗਏ ਨੀਤੀਗਤ ਫੈਸਲਿਆਂ ਨੂੰ ਅਸਲ ਵਿੱਚ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਬੀਮਾ ਸਖੀ, ਬੈਂਕ ਸਖੀ, ਕ੍ਰਿਸ਼ੀ ਸਖੀ, ਪਸ਼ੂ ਸਖੀ, ਡਰੋਨ ਦੀਦੀ, ਲਖਪਤੀ ਦੀਦੀ ਸੁਣਨ ਵਿੱਚ ਸਧਾਰਨ ਅਤੇ ਆਮ ਲਗਦਾ ਹੈ, ਪਰ ਉਹ ਭਾਰਤ ਦੀ ਕਿਸਮਤ ਨੂੰ ਬਦਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਸਵੈ ਸਹਾਇਤਾ ਸਮੂਹ ਮੁਹਿੰਮ ਨੇ, ਜੋ ਮਹਿਲਾ ਸਸ਼ਕਤੀਕਰਣ ਕੀਤਾ ਹੈ, ਉਹ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗਾ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਪੇਂਡੂ ਆਰਥਿਕਤਾ ਵਿੱਚ ਬਦਲਾਅ ਲਿਆਉਣ ਲਈ ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਇੱਕ ਵੱਡਾ ਮਾਧਿਅਮ ਬਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਭਰ ਵਿੱਚ 10 ਕਰੋੜ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਪਿਛਲੇ ਦਹਾਕੇ ਵਿੱਚ ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ 8 ਲੱਖ ਕਰੋੜ ਰੁਪਏ ਤੋਂ ਵਧ ਦੀ ਮਦਦ ਦਿੱਤੀ ਗਈ ਹੈ।
ਦੇਸ਼ ਭਰ ਵਿੱਚ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਦੀ ਭੂਮਿਕਾ ਅਤੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਹ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾਉਣ ਲਈ ਕੰਮ ਕਰ ਰਹੀਆਂ ਹਨ। ਇਸ ਨਾਲ ਹਰ ਸਮਾਜ, ਵਰਗ ਅਤੇ ਪਰਿਵਾਰ ਦੀਆਂ ਮਹਿਲਾਵਾਂ ਜੁੜੀਆਂ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਹਰ ਮਹਿਲਾ ਨੂੰ ਮੌਕੇ ਮਿਲ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਦੀ ਲਹਿਰ ਸਮਾਜਿਕ ਸਦਭਾਵਨਾ ਅਤੇ ਸਮਾਜਿਕ ਨਿਆਂ ਨੂੰ ਵੀ ਮਜ਼ਬੂਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸਵੈ-ਸਹਾਇਤਾ ਸਮੂਹ ਨਾ ਸਿਰਫ਼ ਇੱਕ ਮਹਿਲਾ ਦੀ ਆਮਦਨ ਵਿੱਚ ਵਾਧਾ ਕਰ ਰਹੇ ਹਨ, ਬਲਕਿ ਇੱਕ ਪਰਿਵਾਰ ਅਤੇ ਪੂਰੇ ਪਿੰਡ ਦਾ ਭਰੋਸਾ ਵੀ ਵਧਾ ਰਹੇ ਹਨ। ਉਨ੍ਹਾਂ ਸਾਰਿਆਂ ਵੱਲੋਂ ਕੀਤੇ ਜਾ ਰਹੇ ਚੰਗੇ ਕੰਮ ਦੀ ਸ਼ਲਾਘਾ ਕੀਤੀ।
ਸ਼੍ਰੀ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ 3 ਕਰੋੜ ਲਖਪਤੀ ਦੀਦੀਆਂ ਬਣਾਉਣ ਦੇ ਆਪਣੇ ਐਲਾਨ ਨੂੰ ਵੀ ਦੁਹਰਾਇਆ ਅਤੇ ਹੁਣ ਤੱਕ ਦੇਸ਼ ਭਰ ਵਿੱਚ 1 ਕਰੋੜ 15 ਲੱਖ ਤੋਂ ਵਧ ਲਖਪਤੀ ਦੀਦੀਆਂ ਬਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਮਹਿਲਾਵਾਂ ਹਰ ਸਾਲ ਇੱਕ ਲੱਖ ਰੁਪਏ ਤੋਂ ਵਧ ਕਮਾਉਣ ਲੱਗ ਪਈਆਂ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਲਖਪਤੀ ਦੀਦੀ ਮੁਹਿੰਮ ਨੂੰ ਸਰਕਾਰ ਦੀ ਨਮੋ ਡਰੋਨ ਦੀਦੀ ਯੋਜਨਾ ਤੋਂ ਵੀ ਬਹੁਤ ਲੋੜੀਂਦਾ ਸਮਰਥਨ ਮਿਲ ਰਿਹਾ ਹੈ, ਜਿਸ ਦੀ ਹਰਿਆਣਾ ਵਿੱਚ ਵੀ ਚਰਚਾ ਹੈ। ਸ਼੍ਰੀ ਮੋਦੀ ਨੇ ਹਰਿਆਣਾ ਦੀ ਇੱਕ ਨਮੋ ਡਰੋਨ ਦੀਦੀ ਦਾ ਬਿਰਤਾਂਤ ਸੁਣਾਇਆ ਅਤੇ ਕਿਹਾ ਕਿ ਇਹ ਯੋਜਨਾ ਖੇਤੀਬਾੜੀ ਅਤੇ ਮਹਿਲਾਵਾਂ ਦੇ ਜੀਵਨ ਨੂੰ ਬਦਲ ਰਹੀ ਹੈ।
ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਦੇਸ਼ ਵਿੱਚ ਆਧੁਨਿਕ ਖੇਤੀ ਅਤੇ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹਜ਼ਾਰਾਂ ਕ੍ਰਿਸ਼ੀ ਸਖੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 70 ਹਜ਼ਾਰ ਦੇ ਕਰੀਬ ਕ੍ਰਿਸ਼ੀ ਸਾਖੀਆਂ ਪਹਿਲਾਂ ਹੀ ਸਰਟੀਫਿਕੇਟ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਇਹ ਕ੍ਰਿਸ਼ੀ ਸਾਖੀਆਂ ਹਰ ਸਾਲ 60 ਹਜ਼ਾਰ ਰੁਪਏ ਤੋਂ ਵਧ ਕਮਾਈ ਕਰਨ ਦੀ ਸਮਰੱਥਾ ਰੱਖਦੀਆਂ ਹਨ। ਪਸ਼ੂ ਸਖੀਆਂ ਬਾਰੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ 1.25 ਲੱਖ ਤੋਂ ਵਧ ਪਸ਼ੂ ਸਖੀਆਂ ਪਸ਼ੂ ਪਾਲਣ ਬਾਰੇ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਰੋਜ਼ਗਾਰ ਦਾ ਸਾਧਨ ਨਹੀਂ ਹਨ ਬਲਕਿ ਮਨੁੱਖਤਾ ਦੀ ਮਹਾਨ ਸੇਵਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਸਖੀਆਂ ਨਾ ਸਿਰਫ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਨੂੰ ਬਚਾਉਣ ਦਾ ਕੰਮ ਕਰ ਰਹੀਆਂ ਹਨ, ਬਲਕਿ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਫੈਲਾ ਕੇ ਮਿੱਟੀ ਅਤੇ ਸਾਡੇ ਕਿਸਾਨਾਂ ਦੀ ਸੇਵਾ ਵੀ ਕਰ ਰਹੀਆਂ ਹਨ। ਇਸੇ ਤਰ੍ਹਾਂ ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਪਸ਼ੂ ਸਖੀਆਂ ਪਸ਼ੂ-ਪੰਛੀਆਂ ਦੀ ਸੇਵਾ ਕਰਕੇ ਮਨੁੱਖਤਾ ਦੀ ਸੇਵਾ ਦਾ ਪੁੰਨ ਦਾ ਕੰਮ ਕਰ ਰਹੀਆਂ ਹਨ।
ਦੇਸ਼ ਦੀਆਂ ਭੈਣਾਂ ਅਤੇ ਮਾਵਾਂ ਤੋਂ ਮਿਲੇ ਪਿਆਰ ਅਤੇ ਸਨੇਹ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ 12 ਕਰੋੜ ਤੋਂ ਵਧ ਪਖਾਨੇ ਬਣਾਏ ਹਨ, ਜਿਸ ਨਾਲ ਬਹੁਤ ਸਾਰੀਆਂ ਮਹਿਲਾਵਾਂ ਦੀ ਮਦਦ ਹੋਈ ਹੈ, ਜਿਨ੍ਹਾਂ ਦੇ ਘਰਾਂ ਵਿੱਚ ਪਖਾਨੇ ਨਹੀਂ ਹਨ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਉਨ੍ਹਾਂ ਕਰੋੜਾਂ ਮਹਿਲਾਵਾਂ ਨੂੰ ਮੁਫ਼ਤ ਗੈਸ ਸਿਲੰਡਰ ਕੁਨੈਕਸ਼ਨ ਦਿੱਤੇ ਗਏ ਸਨ, ਜਿਨ੍ਹਾਂ ਕੋਲ ਗੈਸ ਕੁਨੈਕਸ਼ਨ ਨਹੀਂ ਸਨ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਕੋਲ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਨਹੀਂ ਸਨ, ਉਨ੍ਹਾਂ ਨੂੰ ਨਵੇਂ ਕੁਨੈਕਸ਼ਨ ਦਿੱਤੇ ਗਏ ਅਤੇ ਕੱਚੇ ਘਰਾਂ ਨੂੰ ਵੀ ਪੱਕਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਮਹਿਲਾਵਾਂ ਲਈ 33 ਪ੍ਰਤੀਸ਼ਤ ਰਾਖਵੇਂਕਰਨ ਨੂੰ ਯਕੀਨੀ ਬਣਾਉਣ ਵਾਲਾ ਕਾਨੂੰਨ ਵੀ ਲਾਗੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਦਾ ਆਸ਼ੀਰਵਾਦ ਤਾਂ ਹੀ ਮਿਲਦਾ ਹੈ, ਜਦੋਂ ਅਜਿਹੇ ਇਮਾਨਦਾਰ ਯਤਨ ਸਹੀ ਨੀਅਤ ਨਾਲ ਕੀਤੇ ਜਾਣ।
ਉਨ੍ਹਾਂ ਦੀ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਹਿਲੇ ਦੋ ਕਾਰਜਕਾਲਾਂ ਵਿੱਚ, ਹਰਿਆਣਾ ਦੇ ਕਿਸਾਨਾਂ ਨੂੰ ਐੱਮਐੱਸਪੀ ਦੇ ਰੂਪ ਵਿੱਚ 1.25 ਲੱਖ ਕਰੋੜ ਰੁਪਏ ਤੋਂ ਵਧ ਪ੍ਰਾਪਤ ਹੋਏ, ਜਦਕਿ ਸਰਕਾਰ ਦੇ ਗਠਨ ਤੋਂ ਬਾਅਦ ਹਰਿਆਣਾ ਦੀ ਸਰਕਾਰ ਨੇ ਤੀਜੀ ਵਾਰ ਝੋਨਾ, ਬਾਜਰਾ ਅਤੇ ਮੂੰਗੀ ਦੇ ਕਿਸਾਨਾਂ ਨੂੰ ਐੱਮਐੱਸਪੀ ਵਜੋਂ 14 ਹਜ਼ਾਰ ਕਰੋੜ ਰੁਪਏ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੋਕਾ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ 800 ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਵੀ ਦਿੱਤੀ ਗਈ ਹੈ। ਹਰਿਆਣਾ ਨੂੰ ਹਰੀ ਕ੍ਰਾਂਤੀ ਦਾ ਆਗੂ ਬਣਾਉਣ ਵਿੱਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹੁਣ 21ਵੀਂ ਸਦੀ ਵਿੱਚ ਹਰਿਆਣਾ ਨੂੰ ਬਾਗਬਾਨੀ ਦੇ ਖੇਤਰ ਵਿੱਚ ਮੋਹਰੀ ਬਣਾਉਣ ਵਿੱਚ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਦੀ ਭੂਮਿਕਾ ਜ਼ਰੂਰੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਨੌਜਵਾਨਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਸ਼੍ਰੀ ਮੋਦੀ ਨੇ ਹਰਿਆਣਾ ਦੀਆਂ ਮਹਿਲਾਵਾਂ ਨੂੰ ਭਰੋਸਾ ਦਿਵਾਇਆ ਕਿ ਸੂਬੇ ਦਾ ਤੇਜ਼ੀ ਨਾਲ ਵਿਕਾਸ ਹੋਵੇਗਾ ਅਤੇ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਆਪਣੇ ਤੀਜੇ ਕਾਰਜਕਾਲ ਵਿੱਚ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰਨਗੀਆਂ। ਉਨ੍ਹਾਂ ਭਰੋਸਾ ਜਤਾਇਆ ਕਿ ਹਰਿਆਣਾ ਵਿੱਚ ਮਹਿਲਾ ਸ਼ਕਤੀ ਦੀ ਭੂਮਿਕਾ ਮਜ਼ਬੂਤ ਹੁੰਦੀ ਰਹੇਗੀ।
ਇਸ ਸਮਾਗਮ ਵਿੱਚ ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਅ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰੀ ਸ਼੍ਰੀ ਮਨੋਹਰ ਲਾਲ, ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਆਪਣੇ ਸੁਆਗਤੀ ਭਾਸ਼ਣ ਵਿੱਚ ਸ਼੍ਰੀਮਤੀ ਸੀਤਾਰਮਣ ਨੇ ਜੀਵਨ ਬੀਮਾ ਨਿਗਮ (ਐੱਲਆਈਸੀ) ਦੁਆਰਾ ਬੀਮਾ ਖੇਤਰ ਵਿੱਚ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐੱਲਆਈਸੀ ਨੇ 2017 ਤੋਂ ਇੱਕ ਲੰਬਾ ਸਫਰ ਤੈਅ ਕੀਤਾ ਹੈ, ਜਦੋਂ 6 ਲੱਖ ਮਹਿਲਾ ਏਜੰਟ ਸਨ, ਜੋ ਹੁਣ 2023 ਵਿੱਚ 7.45 ਲੱਖ ਏਜੰਟ ਹੋ ਗਏ ਹਨ।
ਬੀਮਾ ਏਜੰਟਾਂ ਦੇ ਪੁਰਸ਼-ਮਹਿਲਾ ਅਨੁਪਾਤ ਦੀ ਤੁਲਨਾ ਕਰਦੇ ਹੋਏ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਹਰੇਕ 100 ਬੀਮਾ ਏਜੰਟਾਂ ਵਿੱਚੋਂ 28 ਮਹਿਲਾ ਏਜੰਟ ਹਨ ਅਤੇ ਪ੍ਰਧਾਨ ਮੰਤਰੀ ਦੁਆਰਾ ਅੱਜ ਸ਼ੁਰੂ ਕੀਤੀ ਗਈ ਬੀਮਾ ਸਖੀ ਯੋਜਨਾ ਮਹਿਲਾਵਾਂ ਦੀ ਭਾਗੀਦਾਰੀ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗੀ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ, “ਬੀਮਾ ਸਖੀ ਪ੍ਰੋਗਰਾਮ, ਜਿਸ ਨੂੰ ਪ੍ਰਧਾਨ ਮੰਤਰੀ ਨੇ ਅੱਜ ਲਾਂਚ ਕੀਤਾ ਹੈ, ਨੂੰ ਮਹਿਲਾ ਕਰੀਅਰ ਏਜੰਟ ਪ੍ਰੋਗਰਾਮ ਵੀ ਕਿਹਾ ਜਾਂਦਾ ਹੈ। ਇਸ ਪਹਿਲ ਦੇ ਤਹਿਤ 25,000 ਮਹਿਲਾਵਾਂ ਨੂੰ ਬੀਮਾ ਸਖੀ ਦੇ ਰੂਪ ਵਿੱਚ ਨਿਯੁਕਤ ਕੀਤਾ ਜਾਵੇਗਾ।”
ਇਸ ਪਹਿਲ ਵਿੱਚ ਹਿੱਸਾ ਲੈਣ ਲਈ 18 ਤੋਂ 70 ਵਰ੍ਹੇ ਦੀ ਉਮਰ ਦੀਆਂ ਉਹ ਮਹਿਲਾਵਆਂ ਅਪਲਾਈ ਕਰ ਸਕਦੀਆਂ ਹਨ ਜਿਨ੍ਹਾਂ ਨੇ 10ਵੀਂ ਕਲਾਸ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਹੋਵੇ।
ਉਨ੍ਹਾਂ ਨੇ ਕਿਹਾ, “ਹਰੇਕ ਬੀਮਾ ਸਖੀ ਨੂੰ ਪਹਿਲੇ ਵਰ੍ਹੇ 7,000 ਰੁਪਏ ਦੂਸਰੇ ਵਰ੍ਹੇ 6,000 ਰੁਪਏ ਅਤੇ ਤੀਸਰੇ ਵਰ੍ਹੇ 5,000 ਰੁਪਏ ਦਾ ਮਾਸਿਕ ਵਜ਼ੀਫਾ ਮਿਲੇਗਾ। ਇਹ ਵਜ਼ੀਫਾ ਮੂਲ ਸਹਾਇਤਾ ਭੱਤੇ ਵਜੋਂ ਕੰਮ ਕਰਦਾ ਹੈ। ਇਸ ਦੇ ਤਹਿਤ, ਮਹਿਲਾ ਏਜੰਟ ਆਪਣੀਆਂ ਬੀਮਾ ਪਾਲਿਸੀਆਂ ਦੇ ਅਧਾਰ ’ਤੇ ਕਮੀਸ਼ਨ ਕਮਾ ਸਕਦੀਆਂ ਹਨ, ਅਤੇ ਉਨ੍ਹਾਂ ਦੁਆਰਾ ਕੀਤੇ ਗਏ ਬਿਜ਼ਨਿਸ ਦੇ ਅਨੁਪਾਤ ਵਿੱਚ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।”
ਇਸ ਨਾਲ ਮਹਿਲਾਵਾਂ ਨੂੰ ਆਪਣੇ ਪ੍ਰਦਰਸ਼ਨ ਦੇ ਅਧਾਰ ‘ਤੇ ਆਪਣੀ ਆਮਦਨ ਵਿੱਚ ਜ਼ਿਕਰਯੋਗ ਵਾਧਾ ਕਰਨ ਦਾ ਅਵਸਰ ਮਿਲਦਾ ਹੈ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵਜ਼ੀਫੇ ਤੋਂ ਇਲਾਵਾ ਬੀਮਾ ਸਖੀਆਂ ਨੂੰ ਉਨ੍ਹਾਂ ਦੁਆਰਾ ਪ੍ਰਾਪਤ ਬੀਮਾ ਪਾਲਿਸੀਆਂ ਦੇ ਅਧਾਰ ’ਤੇ ਕਮੀਸ਼ਨ ਵੀ ਮਿਲੇਗਾ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਲਕਸ਼ ਅਗਲੇ ਤਿੰਨ ਵਰ੍ਹਿਆਂ ਵਿੱਚ 2 ਲੱਖ ਬੀਮਾ ਸਖੀਆਂ ਦੀ ਭਰਤੀ ਕਰਨਾ ਹੈ; ਇਸ ਤੋਂ ਇਲਾਵਾ 18 ਤੋਂ 70 ਵਰ੍ਹੇ ਦੀਆਂ ਮਹਿਲਾਵਾਂ ਇਸ ਪ੍ਰੋਗਰਾਮ ਦੇ ਤਹਿਤ ਅਪਲਾਈ ਕਰ ਸਕਦੀਆਂ ਹਨ।
ਪਿਛੋਕੜ
ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੀ 'ਬੀਮਾ ਸਖੀ ਯੋਜਨਾ' ਪਹਿਲਕਦਮੀ 18-70 ਸਾਲ ਦੀ ਉਮਰ ਦੀਆਂ ਦਸਵੀਂ ਜਮਾਤ ਪਾਸ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਤਿਆਰ ਕੀਤੀ ਗਈ ਹੈ। ਉਹ ਵਿੱਤੀ ਸਾਖਰਤਾ ਅਤੇ ਬੀਮਾ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੇ ਤਿੰਨ ਸਾਲਾਂ ਲਈ ਵਿਸ਼ੇਸ਼ ਸਿਖਲਾਈ ਅਤੇ ਵਜ਼ੀਫ਼ਾ ਪ੍ਰਾਪਤ ਕਰਨਗੀਆਂ। ਸਿਖਲਾਈ ਤੋਂ ਬਾਅਦ, ਉਹ ਐੱਲਆਈਸੀ ਏਜੰਟ ਵਜੋਂ ਸੇਵਾ ਕਰ ਸਕਦੀਆਂ ਹਨ ਅਤੇ ਗ੍ਰੈਜੂਏਟ ਬੀਮਾ ਸਖੀਆਂ ਨੂੰ ਐੱਲਆਈਸੀ ਵਿੱਚ ਵਿਕਾਸ ਅਫਸਰ ਦੀਆਂ ਭੂਮਿਕਾਵਾਂ ਲਈ ਵਿਚਾਰੇ ਜਾਣ ਲਈ ਯੋਗਤਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।
ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਦਾ ਮੁੱਖ ਕੈਂਪਸ ਅਤੇ 495 ਏਕੜ ਵਿੱਚ ਫੈਲੇ ਛੇ ਖੇਤਰੀ ਖੋਜ ਕੇਂਦਰ, 700 ਕਰੋੜ ਰੁਪਏ ਤੋਂ ਵਧ ਦੀ ਲਾਗਤ ਨਾਲ ਸਥਾਪਿਤ ਕੀਤੇ ਜਾਣਗੇ। ਯੂਨੀਵਰਸਿਟੀ ਕੋਲ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪੜ੍ਹਾਈ ਲਈ ਬਾਗਬਾਨੀ ਦਾ ਇੱਕ ਕਾਲਜ ਅਤੇ 10 ਬਾਗਬਾਨੀ ਵਿਸ਼ਿਆਂ ਨੂੰ ਕਵਰ ਕਰਨ ਵਾਲੇ ਪੰਜ ਸਕੂਲ ਹੋਣਗੇ। ਇਹ ਬਾਗਬਾਨੀ ਟੈਕਨੋਲੋਜੀ ਦੇ ਵਿਕਾਸ ਲਈ ਫਸਲੀ ਵਿਭਿੰਨਤਾ ਅਤੇ ਵਿਸ਼ਵ ਪੱਧਰੀ ਖੋਜ ਲਈ ਕੰਮ ਕਰੇਗਾ।
***************
ਐੱਨਬੀ/ਕੇਐੱਮਐੱਨ
(Release ID: 2082689)
Visitor Counter : 9