ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਂਧਰਾ ਪ੍ਰਦੇਸ਼ ਦੇ ਪੱਤਰਕਾਰਾਂ ਦੇ ਵਫ਼ਦ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ਼ ਦਾ ਦੌਰਾ


ਪੱਤਰਕਾਰਾਂ ਨੇ ਅਟਾਰੀ-ਵਾਹਗਾ ਜੇਸੀਪੀ ਬੀਟਿੰਗ ਰੀਟਰੀਟ ਸਮਾਰੋਹ ਵਿੱਚ ਭਾਗ ਲਿਆ

Posted On: 08 DEC 2024 7:02PM by PIB Chandigarh

ਆਂਧਰਾ ਪ੍ਰਦੇਸ਼ ਦੇ ਪੱਤਰਕਾਰਾਂ ਦਾ ਇੱਕ ਵਫ਼ਦ "ਏਕ ਭਾਰਤ ਸ੍ਰੇਸ਼ਠ ਭਾਰਤ" ਪ੍ਰੋਗਰਾਮ ਤਹਿਤ ਪੰਜਾਬ ਦੇ ਦੌਰੇ 'ਤੇ ਹੈ। ਆਪਣੇ ਦੌਰੇ ਦੇ ਅੰਤਿਮ ਪੜਾਅ ਤਹਿਤ ਪੱਤਰਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਜਲ੍ਹਿਆਂਵਾਲਾ ਬਾਗ਼ ਅਤੇ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਦਾ ਦੌਰਾ ਕੀਤਾ। ਵਫ਼ਦ ਨੇ ਅਟਾਰੀ-ਵਾਹਗਾ ਸੰਯੁਕਤ ਚੈੱਕ ਪੋਸਟ (ਜੇਸੀਪੀ) ਵਿਖੇ ਬੀਟਿੰਗ ਰੀਟਰੀਟ ਸਮਾਰੋਹ ਵਿੱਚ ਵੀ ਹਿੱਸਾ ਲਿਆ।

ਆਂਧਰਾ ਪ੍ਰਦੇਸ਼ ਦੇ ਪੱਤਰਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਜਿਸ ਨੂੰ ਗੋਲਡਨ ਟੈਂਪਲ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਆਏ ਪੱਤਰਕਾਰਾਂ ਨੇ ਸੇਵਾ ਭਾਵਨਾ ਅਤੇ ਸਿੱਖੀ ਦੀ ਭਾਵਨਾ ਬਾਰੇ ਜਾਣਿਆ।

ਇਸੇ ਤਰ੍ਹਾਂ ਭਾਰਤ-ਪਾਕਿਸਤਾਨ ਸਰਹੱਦ 'ਤੇ ਅਟਾਰੀ-ਵਾਹਗਾ ਜੇਸੀਪੀ ਵਿਖੇ ਬੀਟਿੰਗ ਰੀਟਰੀਟ ਸਮਾਰੋਹ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਦੇਸ਼ ਭਗਤੀ ਦੀ ਭਾਵਨਾ ਦੇਖਣ ਆਏ ਪੱਤਰਕਾਰਾਂ ਲਈ ਇੱਕ ਵਿਲੱਖਣ ਅਨੁਭਵ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀਐੱਸਐੱਫ ਮਿਊਜ਼ੀਅਮ ਦਾ ਦੌਰਾ ਕੀਤਾ, ਜਿੱਥੇ ਪਾਕਿਸਤਾਨ ਨਾਲ ਲੱਗਦੀ 553 ਕਿੱਲੋਮੀਟਰ ਲੰਬੀ ਸਰਹੱਦ ਦੀ ਸੁਰੱਖਿਆ ਲਈ ਕੀਤੇ ਗਏ ਜੰਗੀ ਅਤੇ ਰੁਟੀਨ ਆਪਰੇਸ਼ਨਾਂ ਨੂੰ ਤਸਵੀਰਾਂ ਅਤੇ ਆਡੀਓ-ਵਿਜ਼ੂਅਲ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਪੱਤਰਕਾਰਾਂ ਵੱਲੋਂ ਪਾਰਟੀਸ਼ਨ ਮਿਊਜ਼ੀਅਮ,ਅੰਮ੍ਰਿਤਸਰ ਦਾ ਵੀ ਦੌਰਾ ਕੀਤਾ ਗਿਆ, ਜਿਸ ਵਿੱਚ ਦੇਸ਼ ਦੀ ਵੰਡ ਦੌਰਾਨ ਲੋਕਾਂ ਨੂੰ ਦਰਪੇਸ਼ ਖੌਫ਼ਨਾਕ ਘਟਨਾਵਾਂ ਨੂੰ ਕਈ ਇਤਿਹਾਸਕ ਸਬੂਤਾਂ ਅਤੇ ਆਡੀਓ-ਵਿਜ਼ੂਅਲ ਪੇਸ਼ਕਾਰੀਆਂ ਰਾਹੀਂ ਦਿਖਾਇਆ ਗਿਆ ਹੈ। ਜਲ੍ਹਿਆਂਵਾਲਾ ਬਾਗ਼ ਵਿਖੇ ਆਜ਼ਾਦੀ ਦੀ ਲੜਾਈ ਦੌਰਾਨ ਵਾਪਰੀ ਭਿਆਨਕ ਘਟਨਾ ਦੇ ਪੀੜਤਾਂ ਵਿੱਚੋਂ ਇੱਕ ਦੇ ਪੜਪੋਤੇ ਸ਼੍ਰੀ ਦੀਪਕ ਸੇਠ ਨੇ ਪੱਤਰਕਾਰਾਂ ਨੂੰ ਇਸ ਥਾਂ ਦੇ ਇਤਿਹਾਸ ਬਾਰੇ ਦੱਸਿਆ।

ਜ਼ਿਕਰਯੋਗ ਹੈ ਕਿ ਪੱਤਰਕਾਰਾਂ ਦੇ ਇਸ ਵਫ਼ਦ ਵਿੱਚ ਆਂਧਰਾ ਪ੍ਰਦੇਸ਼ ਦੀਆਂ ਪ੍ਰਮੁੱਖ ਅਖ਼ਬਾਰਾਂ ਦਿ ਹਿੰਦੂ, ਸਾਕਸ਼ੀ, ਆਂਧਰਾ ਜਯੋਤੀ, ਈਨਾਡੂ, ਦਿ ਹੰਸ ਇੰਡੀਆ, ਰਹਿਨੁਮਾ ਈ-ਡੇਕਨ, ਵਿਸ਼ਾਲਾਂਧਰ ਅਤੇ ਪ੍ਰਜਾਸ਼ਕਤੀ ਦੇ ਅੱਠ ਪੱਤਰਕਾਰ ਸ਼ਾਮਲ ਹਨ।

ਪੱਤਰਕਾਰਾਂ ਨੇ ਕਿਹਾ ਕਿ ਪੰਜਾਬ ਦਾ ਦੌਰਾ ਉਨ੍ਹਾਂ ਲਈ ਸ਼ਾਨਦਾਰ ਤਜਰਬਾ ਰਿਹਾ ਹੈ। ਦੌਰੇ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਇਸ ਖੇਤਰ ਵਿੱਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਇਸ ਦੌਰਾਨ ਸ਼੍ਰੀ ਰਮੇਸ਼ ਚੰਦਰ, ਸਹਾਇਕ ਨਿਰਦੇਸ਼ਕ (ਸੀਬੀਸੀ, ਵਿਜੇਵਾੜਾ) ਅਤੇ ਡਾ. ਵਿਕਰਮ ਸਿੰਘ, ਮੀਡੀਆ ਅਤੇ ਸੰਚਾਰ ਅਧਿਕਾਰੀ, ਪ੍ਰੈਸ ਸੂਚਨਾ ਬਿਊਰੋ, ਜਲੰਧਰ ਵੀ ਟੀਮ ਦਾ ਹਿੱਸਾ ਸਨ।

************

ਰਮੇਸ਼ ਚੰਦਰ, ਏਡੀ/ਵਿਕਰਮ ਸਿੰਘ ਪੀਆਈਬੀ, ਜਲੰਧਰ


(Release ID: 2082263) ਵਿਜ਼ੀਟਰ ਕਾਊਂਟਰ : 69
Read this release in: English