ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਐੱਮਪੌਕਸ (MPox) ਨੂੰ ਅੰਤਰਰਾਸ਼ਟਰੀ ਚਿੰਤਾ ਦੇ ਰੂਪ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਦੇ ਮੱਦੇਨਜ਼ਰ ਐੱਮਪੌਕਸ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ
ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕਤਰ ਡਾ. ਪੀ.ਕੇ. ਮਿਸ਼ਰਾ ਨੇ ਐੱਮਪੌਕਸ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ
ਜਲਦੀ ਪਹਿਚਾਣ ਦੇ ਲਈ ਨਿਗਰਾਨੀ ਵਧਾਉਣ ਦੀ ਸਲਾਹ ਦਿੱਤੀ
ਟੈਸਟਿੰਗ ਲੈਬਸ ਨੂੰ ਤਿਆਰ ਰਹਿਣ ਦਾ ਨਿਰਦੇਸ਼
ਬਿਮਾਰੀ ਦੀ ਰੋਕਥਾਮ ਦੇ ਕ੍ਰਮ ਵਿੱਚ ਜਨਤਕ ਸਿਹਤ ਉਪਾਵਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ
Posted On:
18 AUG 2024 7:45PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਐੱਮਪੌਕਸ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਦੀ ਸਲਾਹ ਅਨੁਸਾਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ.ਮਿਸ਼ਰਾ ਨੇ ਦੇਸ਼ ਵਿੱਚ ਐੱਮਪੌਕਸ ਨੂੰ ਲੈ ਕੇ ਤਿਆਰੀਆਂ ਦੀ ਸਥਿਤੀ ਅਤੇ ਜਨਤਕ ਸਿਹਤ ਸਬੰਧੀ ਉਪਾਵਾਂ ਦੀ ਸਮੀਖਿਆ ਦੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਦਿਆਨ ਦੇਣ ਯੋਗ ਗੱਲ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਨੇ ਅਫਰੀਕਾ ਦੇ ਕਈ ਹਿੱਸਿਆਂ ਵਿੱਚ ਇਸ ਦੇ ਵਿਆਪਕ ਪ੍ਰਸਾਰ ਨੂੰ ਦੇਖਦੇ ਹੋਏ 14 ਅਗਸਤ, 2024 ਨੂੰ ਐੱਮਪੌਕਸ ਨੂੰ ਮੁੜ ਤੋਂ ਪਬਲਿਕ ਹੈਲਥ ਐਮਰਜੈਂਸੀ ਆਫ਼ ਇੰਟਰਨੈਸ਼ਨਲ ਕਨਸਰਨ (PHEIC) ਐਲਾਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਇੱਕ ਪਹਿਲੇ ਬਿਆਨ ਦੇ ਅਨੁਸਾਰ, 2022 ਤੋਂ ਆਲਮੀ ਪੱਧਰ ‘ਤੇ 116 ਦੇਸ਼ਾਂ ਤੋਂ ਐੱਮਪੌਕਸ ਦੇ ਕਾਰਨ 99,176 ਮਾਮਲੇ ਅਤੇ 208 ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਦੇ ਬਾਅਦ, ਉਨ੍ਹਾਂ ਨੇ ਦੱਸਿਆ ਹੈ ਕਿ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਐੱਮਪੌਕਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਿਛਲੇ ਸਾਲ, ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਅਤੇ ਇਸ ਸਾਲ ਹੁਣ ਤੱਕ ਦਰਜ ਕੀਤੇ ਗਏ ਮਾਮਲਿਆਂ ਦੀ ਸੰਖਿਆ ਪਿਛਲੇ ਸਾਲ ਦੀ ਕੁੱਲ ਸੰਖਿਆ ਤੋਂ ਅਧਿਕ ਹੋ ਗਈ ਹੈ, ਜਿਸ ਵਿੱਚ 15,600 ਤੋਂ ਅਧਿਕ ਮਾਮਲੇ ਅਤੇ 537 ਮੌਤਾਂ ਸ਼ਾਮਲ ਹਨ। ਵਿਸ਼ਵ ਸਿਹਤ ਸੰਗਠਨ ਦੁਆਰਾ 2022 ਵਿੱਚ ਪਬਲਿਕ ਹੈਲਥ ਐਮਰਜੈਂਸੀ ਆਫ਼ ਇੰਟਰਨੈਸ਼ਨਲ ਕਨਸਰਨ ਨਾਲ ਜੁੜਿਆ ਐਲਾਨ ਕੀਤੇ ਜਾਣ ਦੇ ਬਾਅਦ ਤੋਂ ਭਾਰਤ ਵਿੱਚ 30 ਮਾਮਲੇ ਸਾਹਮਣੇ ਆਏ ਹਨ। ਐੱਮਪੌਕਸ ਦਾ ਆਖਰੀ ਮਾਮਲਾ ਮਾਰਚ 2024 ਵਿੱਚ ਪਤਾ ਚਲਿਆ ਸੀ।
ਉੱਚ ਪੱਧਰੀ ਬੈਠਕ ਵਿੱਚ ਦੱਸਿਆ ਗਿਆ ਕਿ ਹੁਣ ਤੱਕ ਦੇਸ਼ ਵਿੱਚ ਐੱਮਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੌਜੂਦਾ ਮੁਲਾਂਕਣ ਦੇ ਅਨੁਸਾਰ, ਨਿਰੰਤਰ ਸੰਕ੍ਰਮਣ ਦੇ ਨਾਲ ਵੱਡੇ ਪ੍ਰਕੋਪ ਦਾ ਜੋਖਮ ਘੱਟ ਹੈ।
ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਨੂੰ ਦੱਸਿਆ ਗਿਆ ਕਿ ਐੱਮਪੌਕਸ ਸੰਕ੍ਰਮਣ ਆਮ ਤੌਰ ‘ਤੇ ਆਪਣੇ-ਆਪ ਵਿੱਚ 2-4 ਸਪਤਾਹ ਤੱਕ ਚੱਲਣ ਵਾਲਾ ਸੰਕ੍ਰਮਣ ਹੈ; ਐੱਮਪੌਕਸ ਦੇ ਮਰੀਜ਼ ਆਮ ਤੌਰ ‘ਤੇ ਸਪੋਰਟਿਵ ਮੈਡੀਕਲ ਕੇਅਰ ਐਂਡ ਮੈਨੇਜਮੈਂਟ ਨਾਲ ਠੀਕ ਹੋ ਜਾਂਦੇ ਹਨ। ਐੱਮਪੌਕਸ ਨਾਲ ਸੰਕ੍ਰਮਿਤ ਮਰੀਜ਼ ਦੇ ਨਾਲ ਲੰਬੇ ਸਮੇਂ ਤੱਕ ਅਤੇ ਨੇੜੇ ਤੋਂ ਸੰਪਰਕ ਦੇ ਜ਼ਰੀਏ ਇਸ ਦਾ ਸੰਕ੍ਰਮਣ ਹੁੰਦਾ ਹੈ। ਇਹ ਮੁੱਖ ਤੌਰ ‘ਤੇ ਯੌਨ ਮਾਰਗ, ਮਰੀਜ਼ ਦੇ ਸਰੀਰ/ਜ਼ਖਮ ਵਾਲੇ ਤਰਲ ਨਾਲ ਸਿੱਧਾ ਸੰਪਰਕ ਜਾਂ ਸੰਕ੍ਰਮਿਤ ਵਿਅਕਤੀ ਦੇ ਦੂਸ਼ਿਤ ਕੱਪੜਿਆਂ/ਲਿਨਨ (linen) ਰਾਹੀਂ ਹੁੰਦਾ ਹੈ।
ਸਿਹਤ ਸਕੱਤਰ ਨੇ ਦੱਸਿਆ ਕਿ ਪਿਛਲੇ ਇੱਕ ਸਪਤਾਹ ਵਿੱਚ ਹੇਠ ਲਿਖੇ ਕਦਮ ਉਠਾਏ ਜਾ ਚੁੱਕੇ ਹਨ:
-
ਭਾਰਤ ਦੇ ਲਈ ਜ਼ੋਖਮ ਦਾ ਮੁਲਾਂਕਣ ਕਰਨ ਲਈ 12 ਅਗਸਤ, 2024 ਨੂੰ ਨੈਸ਼ਨਲ ਸੈਂਟਰ ਫਾਰ ਡਿਜਿਜ਼ ਕੰਟਰੋਲ (NCDC) ਦੁਆਰਾ ਮਾਹਿਰਾਂ ਦੀ ਇੱਕ ਬੈਠਕ ਬੁਲਾਈ ਗਈ ਸੀ।
-
ਐੱਨਸੀਡੀਸੀ ਦੁਆਰਾ ਪਹਿਲਾਂ ਜਾਰੀ ਕੀਤੇ ਗਏ ਐੱਮਪੌਕਸ ‘ਤੇ ਇੱਕ ਸੰਕ੍ਰਾਮਕ ਰੋਗ (Communicable Disease (CD) ਅਲਰਟ ਨੂੰ ਨਵੇਂ ਘਟਨਾਕ੍ਰਮਾਂ ਦਾ ਪਤਾ ਲਗਾਉਣ ਲਈ ਅੱਪਡੇਟ ਕੀਤਾ ਜਾ ਰਿਹਾ ਹੈ।
-
ਇੰਟਰਨੈਸ਼ਨਲ ਏਅਰਪੋਰਟਸ (Ports of Entry) ‘ਤੇ ਹੈਲਥ ਟੀਮਾਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ ਹੈ।
ਇਹ ਵੀ ਦੱਸਿਆ ਗਿਆ ਕਿ ਅੱਜ ਸਵੇਰੇ ਡਾਇਰੈਕਟਰ ਜਨਰਲ ਹੈਲਥ ਸਰਵਿਸਿਜ਼ (DGHS) ਦੁਆਰਾ 200 ਤੋਂ ਅਧਿਕ ਉਮੀਦਵਾਰਾਂ ਦੇ ਨਾਲ ਇੱਕ ਵੀਡੀਓ ਕਾਨਫਰੰਸ ਬੁਲਾਈ ਗਈ ਸੀ। ਇਸ ਸਬੰਧ ਵਿੱਚ ਰਾਜਾਂ ਵਿੱਚ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (IDSP) ਯੂਨਿਟਾਂ ਅਤੇ ਪੋਰਟਸ ਆਫ ਐਂਟਰੀ ਆਦਿ ਸਹਿਤ ਰਾਜ ਪੱਧਰ ‘ਤੇ ਸਿਹਤ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ।
ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਡਾ. ਪੀ.ਕੇ. ਮਿਸ਼ਰਾ ਨੇ ਨਿਰਦੇਸ਼ ਦਿੱਤਾ ਕਿ ਨਿਗਰਾਨੀ ਵਧਾਈ ਜਾਵੇ ਅਤੇ ਮਾਮਲਿਆਂ ਦਾ ਜਲਦੀ ਪਤਾ ਲਗਾਉਣ ਲਈ ਪ੍ਰਭਾਵੀ ਉਪਾਅ ਕੀਤੇ ਜਾਣ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਛੇਤੀ ਨਿਦਾਨ ਲਈ ਟੈਸਟਿੰਗ ਪ੍ਰਯੋਗਸ਼ਾਲਾਵਾਂ ਦੇ ਨੈੱਟਵਰਕ ਨੂੰ ਤਿਆਰ ਕੀਤਾ ਜਾਣਾ ਚਾਹੀਦਾ ਹੈ। ਮੌਜੂਦਾ ਸਮੇਂ 32 ਲੈਬਸ ਟੈਸਟਿੰਗ ਲਈ ਲੈਸ ਹਨ।
ਡਾ. ਪੀ.ਕੇ. ਮਿਸ਼ਰਾ ਨੇ ਨਿਰਦੇਸ਼ ਦਿੱਤਾ ਕਿ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਪ੍ਰੋਟੋਕਾਲ ਵੱਡੇ ਪੈਮਾਣੇ ‘ਤੇ ਪ੍ਰਸਾਰਿਤ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਹੈਲਥਕੇਅਰ ਪ੍ਰੋਵਾਈਡਰਸ ਦਰਮਿਆਨ ਬਿਮਾਰੀ ਦੇ ਸੰਕੇਤਾਂ ਅਤੇ ਲੱਛਣਾਂ ਬਾਰੇ ਜਾਗਰੂਕਤਾ ਮੁਹਿੰਮ ਅਤੇ ਨਿਗਰਾਨੀ ਪ੍ਰਣਾਲੀ ਨੂੰ ਸਮੇਂ ‘ਤੇ ਸੂਚਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਨੀਤੀ ਦੇ ਮੈਂਬਰ ਡਾ. ਵੀ.ਕੇ. ਪੌਲ, ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਸ਼੍ਰੀ ਅਪੂਰਵ ਚੰਦ੍ਰਾ, ਸਕੱਤਰ (ਸਿਹਤ ਖੋਜ) ਡਾ. ਰਾਜੀਵ ਬਹਿਲ, ਮੈਂਬਰ ਸਕੱਤਰ (ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ) ਸ਼੍ਰੀ ਕ੍ਰਿਸ਼ਨ ਐੱਸ ਵਤਸ, ਸਕੱਤਰ (ਸੂਚਨਾ ਅਤੇ ਪ੍ਰਸਾਰਣ ) ਸ਼੍ਰੀ ਸੰਜੈ ਜਾਜੂ ਅਤੇ ਮਨੋਨੀਤ (designate) ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਹੋਰ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਬੈਠਕ ਵਿੱਚ ਹਿੱਸਾ ਲਿਆ।
************
ਐੱਮਵੀ
(Release ID: 2046785)
Visitor Counter : 41