ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ: ਭਾਰਤੀ ਪ੍ਰਵੀਨ ਪਵਾਰ ਨੇ ਕੇਂਦਰੀ ਖੋਜ ਸੰਸਥਾ ਕਸੌਲੀ ਦੇ 119ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਭਾਗ ਲਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਭਾਰਤ ਸਰਕਾਰ ਨੇ ਮੁੱਢਲੀ ਸਿਹਤ ਸੰਭਾਲ 'ਤੇ ਵਿਸ਼ੇਸ਼ ਜ਼ੋਰ ਦਿੱਤਾ: ਡਾ: ਭਾਰਤੀ ਪ੍ਰਵੀਨ ਪਵਾਰ
ਕੇਂਦਰੀ ਖੋਜ ਸੰਸਥਾ ਕਸੌਲੀ ਦਾ ਸਿਹਤ ਅਤੇ ਚਕਿਤਸਾ ਦੇ ਖੇਤਰ ਵਿੱਚ ਯੋਗਦਾਨ ਦਾ ਇੱਕ ਲੰਮਾ ਅਤੇ ਮਾਣਮੱਤਾ ਇਤਿਹਾਸ ਰਿਹਾ ਹੈ: ਡਾ: ਭਾਰਤੀ ਪ੍ਰਵੀਨ ਪਵਾਰ
प्रविष्टि तिथि:
09 MAY 2023 5:56PM by PIB Chandigarh
ਕੇਂਦਰੀ ਖੋਜ ਸੰਸਥਾ ਕਸੌਲੀ ਨੇ ਅੱਜ ਆਪਣਾ 119ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ: ਭਾਰਤੀ ਪ੍ਰਵੀਨ ਪਵਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ: ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਇਸ ਸੰਸਥਾ ਦਾ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਦਾ ਲੰਮਾ ਅਤੇ ਮਾਣਮੱਤਾ ਇਤਿਹਾਸ ਹੈ। ਡਾ: ਭਾਰਤੀ ਪ੍ਰਵੀਨ ਪਵਾਰ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹਿਮਾਚਲ ਨੇ ਰਾਸ਼ਟਰੀ ਸੁਰੱਖਿਆ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕੇਂਦਰੀ ਮੰਤਰੀ ਨੇ ਰਾਸ਼ਟਰੀ ਸੁਰੱਖਿਆ ਵਿੱਚ ਯੋਗਦਾਨ ਪਾਉਣ ਵਾਲੀ ਹਿਮਾਚਲ ਦੀ ਦੇਵਭੂਮੀ ਨੂੰ ਆਦਰ ਨਾਲ ਨਮਨ ਕੀਤਾ। ਕੇਂਦਰੀ ਸਿਹਤ ਰਾਜ ਮੰਤਰੀ ਨੇ ਕਿਹਾ ਕਿ ਸੰਸਥਾ ਨੇ ਆਪਣੇ 118 ਸਾਲਾਂ ਤੋਂ ਵੱਧ ਦੇ ਸਫ਼ਰ ਦੌਰਾਨ ਕਈ ਮੀਲ ਪੱਥਰ ਸਥਾਪਿਤ ਕੀਤੇ ਹਨ ਅਤੇ ਸੰਸਥਾ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਲਗਾਤਾਰ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਭਾਰਤ ਸਰਕਾਰ ਦਾ ਇਹ ਸੰਸਥਾਨ ਨਵੀਆਂ-ਨਵੀਆਂ ਬਿਮਾਰੀਆਂ ਲਈ ਵੈਕਸੀਨ ਬਣਾਉਣ ਦੇ ਖੇਤਰ ਵਿੱਚ ਅਧਿਆਪਨ ਅਤੇ ਸਿਖਲਾਈ ਦਾ ਕੇਂਦਰ ਹੈ।


TBV3.jpeg)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ 'ਤੇ ਬੋਲਦਿਆਂ ਡਾ: ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਮੁੱਢਲੀ ਸਿਹਤ 'ਤੇ ਵਿਸ਼ੇਸ਼ ਜ਼ੋਰ ਦੇ ਕੇ ਸਿਹਤ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਦੇ ਉਦੇਸ਼ ਨਾਲ ਮਿਸ਼ਨ ਇੰਦਰਧਨੁਸ਼ ਸ਼ੁਰੂ ਕੀਤਾ ਗਿਆ ਹੈ, ਜੋ ਟੀਬੀ ਸਮੇਤ ਸੱਤ ਰੋਕਥਾਮਯੋਗ ਬਿਮਾਰੀਆਂ ਤੋਂ ਬੱਚਿਆਂ ਨੂੰ ਸੁਰੱਖਿਅਤ ਕਰਨ 'ਤੇ ਕੇਂਦਰਿਤ ਹੈ। ਮੰਤਰੀ ਨੇ ਦੱਸਿਆ ਕਿ ਸਿਹਤ ਮੰਤਰਾਲੇ ਨੇ 2017 ਵਿੱਚ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਸ਼ੁਰੂ ਕੀਤਾ, ਜਿਸਦਾ ਉਦੇਸ਼ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕਰਨਾ ਹੈ, ਜੋ ਰੁਟੀਨ ਟੀਕਾਕਰਨ ਪ੍ਰੋਗਰਾਮਾਂ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਉੱਚ ਜੋਖਮ ਵਾਲੇ ਖੇਤਰਾਂ ਅਤੇ ਜ਼ਿਲ੍ਹਿਆਂ ਵਿੱਚ ਟੀਕਾਕਰਨ ਕਵਰੇਜ ਨੂੰ ਬਿਹਤਰ ਬਣਾਉਣਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇੰਨੇ ਵੱਡੇ ਦੇਸ਼ ਨੂੰ ਟੀਕਾਕਰਨ ਕਰਨ ਦੀ ਸਾਡੀ ਯਾਤਰਾ ਵਿੱਚ ਡਿਜੀਟਲ ਤਕਨੀਕਾਂ ਅਤੇ ਨਵੀਨਤਾਕਾਰੀ ਪਹੁੰਚਾਂ ਦੀ ਵਰਤੋਂ ਨੇ ਦੇਸ਼ ਵਿੱਚ ਟੀਕਾਕਰਨ ਪ੍ਰੋਗਰਾਮ ਦੀ ਕੁਸ਼ਲਤਾ ਅਤੇ ਪ੍ਰਭਾਵ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕੀਤੀ ਹੈ।
ਡਾ: ਭਾਰਤੀ ਪ੍ਰਵੀਨ ਪਵਾਰ ਨੇ ਕਿਹਾ, ਅੱਜ ਸਿਹਤ ਸੰਭਾਲ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਵਿੱਚ ਤਕਨਾਲੋਜੀ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ, ਇਸ ਲਈ ਸਾਡੀ ਸਰਕਾਰ ਵੀ ਸਿਹਤ ਖੇਤਰ ਵਿੱਚ ਡ੍ਰੋਨ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ 'ਤੇ ਧਿਆਨ ਦੇ ਰਹੀ ਹੈ। ਅਸੀਂ ਡਿਜੀਟਲ ਹੈਲਥ ਆਈਡੀ ਰਾਹੀਂ ਦੇਸ਼ ਵਾਸੀਆਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਗੰਭੀਰ ਯਤਨ ਕਰ ਰਹੇ ਹਾਂ ਅਤੇ ਸਾਡੀਆਂ ਰਾਜ ਸਰਕਾਰਾਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ।


ਉਨ੍ਹਾਂ ਨੇ ਦੱਸਿਆ ਕਿ 10 ਕਰੋੜ ਤੋਂ ਵੱਧ ਲੋਕਾਂ ਨੇ ਈ-ਸੰਜੀਵਨੀ ਦੀ ਵਰਤੋਂ ਕਰਦੇ ਹੋਏ ਆਪਣੇ ਘਰ ਬੈਠੇ ਡਾਕਟਰਾਂ ਤੋਂ ਔਨਲਾਈਨ ਸਲਾਹ ਮਸ਼ਵਰਾ ਲਿਆ ਹੈ ਅਤੇ ਡਰੋਨ ਤਕਨਾਲੋਜੀ ਦਵਾਈਆਂ ਦੀ ਡਿਲੀਵਰੀ ਅਤੇ ਟੈਸਟਿੰਗ ਦੇ ਲੌਜਿਸਟਿਕਸ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ। ਇਹ ਯੂਨੀਵਰਸਲ ਹੈਲਥ ਕਵਰੇਜ ਲਈ ਭਾਰਤ ਸਰਕਾਰ ਦੇ ਯਤਨਾਂ ਨੂੰ ਤੇਜ਼ ਕਰੇਗਾ।
ਆਯੁਸ਼ਮਾਨ ਭਾਰਤ ਯੋਜਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਇਲਾਜ ਵਿੱਚ ਹਰ ਸਾਲ ਕਰੋੜਾਂ ਰੁਪਏ ਦੀ ਬਚਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ ਅਤੇ ਹੁਣ ਲਗਭਗ 1,60,000 ਆਯੁਸ਼ਮਾਨ ਭਾਰਤ - ਸਿਹਤ ਅਤੇ ਵੈੱਲਨੈੱਸ ਕੇਂਦਰ ਘਰਾਂ ਦੇ ਨੇੜੇ ਵਿਆਪਕ ਮੁੱਢਲੀ ਸਿਹਤ ਦੇਖਭਾਲ ਪ੍ਰਦਾਨ ਕਰ ਰਹੇ ਹਨ।
ਡਾ: ਭਾਰਤੀ ਪ੍ਰਵੀਨ ਪਵਾਰ ਨੇ ਕਿਹਾ, "ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸ਼ਾਨਦਾਰ ਅਗਵਾਈ ਅਤੇ ਮਾਨਯੋਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਮਨਸੁਖ ਭਾਈ ਮਾਂਡਵੀਆ ਜੀ ਦੀ ਅਗਵਾਈ ਵਿੱਚ ਸਿਹਤ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਯਤਨਾਂ ਨਾਲ, ਅੱਜ ਦੇਸ਼ ਵਿੱਚ ਮੈਡੀਕਲ ਕਾਲਜਾਂ ਅਤੇ ਐੱਮਬੀਬੀਐੱਸ ਦੀਆਂ ਸੀਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਵਿਕਾਸ ਅਤੇ ਤਰੱਕੀ ਵਿੱਚ ਨਵੀਨਤਾ ਅਤੇ ਖੋਜ ਦੇ ਮਹੱਤਵ 'ਤੇ ਵਾਰ-ਵਾਰ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖੋਜ ਨੂੰ ਹੱਲ੍ਹਾਸ਼ੇਰੀ ਦੇਣ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ।
ਕੇਂਦਰੀ ਮੰਤਰੀ ਨੇ ਇਸ ਮੌਕੇ ਕੇਂਦਰੀ ਖੋਜ ਸੰਸਥਾ ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਅਤੇ ਵੱਖ-ਵੱਖ ਪ੍ਰਾਪਤੀਆਂ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ। ਡਾ: ਭਾਰਤੀ ਪ੍ਰਵੀਨ ਪਵਾਰ ਨੇ ਸੀਆਰਆਈ ਦੇ ਵੱਖ-ਵੱਖ ਚੱਲ ਰਹੇ ਪ੍ਰੋਜੈਕਟਾਂ ਅਤੇ ਲੈਬਾਂ ਦਾ ਨਿਰੀਖਣ ਵੀ ਕੀਤਾ।
ਕਰਨਲ ਧਨੀ ਰਾਮ ਸ਼ਾਂਡਿਲਿਆ, ਮਾਨਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਿਹਾ ਕਿ ਸੰਸਥਾ ਵਲੋਂ ਟੀਕਿਆਂ ਦੀ ਖੋਜ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ, "ਸੰਸਥਾਨ ਨੇ ਕੋਵਿਡ ਦੌਰਾਨ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਇਹ ਖੋਜ ਦੇ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਜਾਣੀ ਜਾਂਦੀ ਹੈ।" ਲੋਕ ਨਿਰਮਾਣ, ਯੁਵਕ ਸੇਵਾਵਾਂ ਅਤੇ ਖੇਡਾਂ ਦੇ ਮੰਤਰੀ ਸ਼੍ਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਸੀਆਰਆਈ ਵਲੋਂ ਮਨੁੱਖਤਾ ਦੀ ਬਿਹਤਰੀ ਲਈ ਮੈਡੀਕਲ ਖੇਤਰ ਵਿੱਚ ਕੀਤਾ ਗਿਆ ਕੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਖੋਜ ਦੇ ਖੇਤਰ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਲੋਕਾਂ ਨੂੰ ਲਾਭ ਹੋਵੇਗਾ ਅਤੇ ਦੇਸ਼ ਅਤੇ ਰਾਜ ਦਾ ਵਿਕਾਸ ਹੋਵੇਗਾ।
ਕੇਂਦਰੀ ਖੋਜ ਸੰਸਥਾ ਦੀ ਡਾਇਰੈਕਟਰ ਡਾ: ਡਿੰਪਲ ਕਸਾਨਾ ਨੇ ਦੱਸਿਆ ਕਿ ਖੋਜ ਦੇ ਨਾਲ-ਨਾਲ ਇਹ ਸੰਸਥਾ ਵਿਦਿਆਰਥੀਆਂ ਨੂੰ ਸਿਖਲਾਈ ਵੀ ਪ੍ਰਦਾਨ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਸੀਆਰਆਈ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਕਈ ਪ੍ਰੋਜੈਕਟਾਂ 'ਤੇ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਡੀਪੀਟੀ ਵੈਕਸੀਨ ਦੇ ਨਿਰਮਾਣ ਲਈ ਸੀਜੀਐੱਮਪੀ ਅਨੁਕੂਲ ਸਹੂਲਤ ਵਾਲਾ ਪਹਿਲਾ ਕੇਂਦਰ ਸਰਕਾਰ ਦਾ ਸੰਸਥਾਨ ਬਣ ਗਿਆ ਹੈ ਅਤੇ ਇਸ ਨੇ ਹਾਲ ਹੀ ਵਿੱਚ ਟੀਡੀ ਵੈਕਸੀਨ ਦੇ ਉਤਪਾਦਨ ਲਈ ਵਪਾਰਕ ਲਾਇਸੈਂਸ ਪ੍ਰਾਪਤ ਕੀਤਾ ਹੈ। ਸੰਸਥਾ ਸੱਪ ਦੇ ਡੰਗ, ਡਿਪਥੀਰੀਆ ਅਤੇ ਰੇਬੀਜ਼ ਲਈ ਇਲਾਜ ਸੰਬੰਧੀ ਐਂਟੀਸੇਰਾ ਵੀ ਵਿਕਸਤ ਕਰ ਰਹੀ ਹੈ।
ਇਸ ਮੌਕੇ ਸੰਸਦ ਮੈਂਬਰ ਸ੍ਰੀ ਸੁਰੇਸ਼ ਕੁਮਾਰ ਕਸ਼ਯਪ ਅਤੇ ਕਸੌਲੀ ਤੋਂ ਵਿਧਾਨ ਸਭਾ ਦੇ ਮੈਂਬਰ ਸ੍ਰੀ ਵਿਨੋਦ ਸੁਲਤਾਨਪੁਰੀ ਤੋਂ ਇਲਾਵਾ ਡਾ: ਅਤੁਲ ਗੋਇਲ, ਡੀਜੀਐੱਚਐੱਸ ਅਤੇ ਡਾ: ਅਨਿਲ ਕੁਮਾਰ, ਵਧੀਕ ਡੀਡੀਜੀਏ ਅਤੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਸ ਮੌਕੇ ਰਾਜ ਲੋਕ ਸੰਪਰਕ ਦਫ਼ਤਰ ਹਿਮਾਚਲ ਪ੍ਰਦੇਸ਼ ਦੇ ਕਲਾਕਾਰਾਂ ਨੇ ਪੇਸ਼ਕਾਰੀਆਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਦਾ ਮਨ ਮੋਹ ਲਿਆ |
************
ਆਰਸੀ/ਏਕੇ/ਟੀਕੇ
(रिलीज़ आईडी: 1922971)
आगंतुक पटल : 91
इस विज्ञप्ति को इन भाषाओं में पढ़ें:
English