ਸੈਰ ਸਪਾਟਾ ਮੰਤਰਾਲਾ

ਟੂਰਿਸਟ ਸਥਾਨਾਂ 'ਤੇ ਲਗਾਇਆ ਜਾਵੇਗਾ ਰਾਸ਼ਟਰੀ ਝੰਡਾ: ਸ਼੍ਰੀ ਜੀ ਕਿਸ਼ਨ ਰੈੱਡੀ


"ਭਾਰਤ ਨੂੰ 2024 ਤੱਕ ਟੂਰਿਜ਼ਮ ਤੋਂ 50 ਬਿਲੀਅਨ ਅਮਰੀਕੀ ਡਾਲਰ ਜੀਡੀਪੀ ਯੋਗਦਾਨ, ਵਿਦੇਸ਼ੀ ਮੁਦਰਾ ਕਮਾਈ ਵਿੱਚ 30 ਬਿਲੀਅਨ ਡਾਲਰ ਪ੍ਰਾਪਤ ਹੋਣ ਅਤੇ 15 ਮਿਲੀਅਨ ਵਿਦੇਸ਼ੀ ਆਮਦ ਹੋਣ ਦਾ ਅਨੁਮਾਨ ਹੈ"

"2030 ਤੱਕ ਟੂਰਿਜ਼ਮ ਤੋਂ 250 ਬਿਲੀਅਨ ਡਾਲਰ ਦਾ ਜੀਡੀਪੀ ਯੋਗਦਾਨ, ਟੂਰਿਜ਼ਮ ਸੈਕਟਰ ਵਿੱਚ 137 ਮਿਲੀਅਨ ਨੌਕਰੀਆਂ, ਵਿਦੇਸ਼ੀ ਮੁਦਰਾ ਕਮਾਈ ਵਿੱਚ 56 ਬਿਲੀਅਨ ਡਾਲਰ ਅਤੇ 25 ਮਿਲੀਅਨ ਵਿਦੇਸ਼ੀ ਆਮਦ ਨੂੰ ਪ੍ਰਾਪਤ ਕਰਨ ਦੀ ਉਮੀਦ ਹੈ"

ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੀ ਤਿੰਨ ਦਿਨਾ ਕੌਮੀ ਕਾਨਫਰੰਸ ਅੱਜ ਧਰਮਸ਼ਾਲਾ ਵਿੱਚ ਸਮਾਪਤ ਹੋ ਗਈ

Posted On: 20 SEP 2022 8:14PM by PIB Chandigarh

 ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੀ ਤਿੰਨ ਦਿਨਾ ਰਾਸ਼ਟਰੀ ਕਾਨਫਰੰਸ ਅੱਜ ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੀ ਹਾਜ਼ਰੀ ਵਿੱਚ ਸਮਾਪਤ ਹੋਈ। ਕਾਨਫਰੰਸ ਵਿੱਚ ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਗੋਆ, ਹਰਿਆਣਾ, ਮਿਜ਼ੋਰਮ, ਓਡੀਸ਼ਾ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਸਮੇਤ 12 ਰਾਜਾਂ ਦੇ ਟੂਰਿਜ਼ਮ ਮੰਤਰੀਆਂ ਨੇ ਹਿੱਸਾ ਲਿਆ।

 

 

ਸਮਾਪਤੀ ਭਾਸ਼ਣ ਦੌਰਾਨ, ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਰਾਜਾਂ ਦੇ ਪ੍ਰਤੀਨਿਧੀਆਂ ਅਤੇ ਖੇਤਰ ਦੇ ਪ੍ਰਤੀਨਿਧੀਆਂ ਦਾ ਉਨ੍ਹਾਂ ਦੇ ਕੀਮਤੀ ਸੁਝਾਵਾਂ ਲਈ ਧੰਨਵਾਦ ਕੀਤਾ। ਸ਼੍ਰੀ ਰੈੱਡੀ ਨੇ ਅਪੀਲ ਕੀਤੀ ਕਿ ਸਾਰੇ ਰਾਜ ਟੂਰਿਜ਼ਮ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਸਰਵੋਤਮ ਪਿਰਤਾਂ ਨੂੰ ਸਾਂਝੀਆਂ ਕਰਨ ਅਤੇ ਅਪਣਾਉਣ। ਟੂਰਿਸਟ ਸਥਾਨਾਂ ਨੂੰ ਸੁਧਾਰਨ ਅਤੇ ਉਤਸ਼ਾਹਿਤ ਕਰਨ ਲਈ ਰਾਜਾਂ ਨੂੰ ਵਿਭਿੰਨ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਹਿਤਧਾਰਕਾਂ ਨਾਲ ਰਾਜ ਪੱਧਰ 'ਤੇ ਅਜਿਹੀਆਂ ਕਾਨਫਰੰਸਾਂ ਦਾ ਆਯੋਜਨ ਕਰਨਾ ਚਾਹੀਦਾ ਹੈ।  ਸ੍ਰੀ ਰੈਡੀ ਨੇ ਯੂਥ ਟੂਰਿਜ਼ਮ ਕਲੱਬਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਲੱਬ ਇਸ ਸੈਕਟਰ ਲਈ ਗੇਮ ਚੇਂਜਰ ਬਣ ਸਕਦੇ ਹਨ।

 

 ਸ਼੍ਰੀ ਰੈਡੀ ਨੇ ਇਹ ਵੀ ਦੱਸਿਆ ਕਿ ਟੂਰਿਸਟ ਸਥਾਨਾਂ 'ਤੇ ਰਾਸ਼ਟਰੀ ਝੰਡਾ ਲਗਾਇਆ ਜਾਵੇਗਾ।  ਉਨ੍ਹਾਂ ਰਾਜਾਂ ਅਤੇ ਹਿਤਧਾਰਕਾਂ ਨੂੰ ਸਾਰੇ ਹੋਟਲਾਂ ਅਤੇ ਟੂਰਿਸਟ ਸਥਾਨਾਂ 'ਤੇ ਝੰਡੇ ਲਗਾਉਣ ਦੀ ਅਪੀਲ ਵੀ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਦੂਜੇ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕਰਨ ਲਈ ਸਮੇਂ-ਸਮੇਂ 'ਤੇ ਅਜਿਹੀਆਂ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੇ ਬਹੁਤ ਜਲਦੀ ਲੋੜੀਂਦੇ ਨਤੀਜੇ ਸਾਹਮਣੇ ਆਉਣਗੇ।

 

 

 ਕਾਨਫਰੰਸ ਦੇ ਨਤੀਜਿਆਂ ਬਾਰੇ ਗੱਲ ਕਰਦੇ ਹੋਏ ਸਕੱਤਰ ਟੂਰਿਜ਼ਮ ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਭਾਰਤ ਮੁੱਖ ਤੌਰ 'ਤੇ ਘਰੇਲੂ ਟੂਰਿਜ਼ਮ ਦੁਆਰਾ ਸੰਚਾਲਿਤ ਗਲੋਬਲ ਟੂਰਿਜ਼ਮ ਰਿਕਵਰੀ ਵਿੱਚ ਯੋਗਦਾਨ ਪਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਸਾਰੇ ਪ੍ਰਮੁੱਖ ਟੂਰਿਜ਼ਮ ਸੂਚਕਾਂਕਾਂ ਨੇ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰਾਂ ਜਿਵੇਂ ਕਿ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ, ਹੋਟਲ ਔਕੂਪੈਂਸੀ ਅਤੇ ਸੈਲਾਨੀਆਂ ਦੀ ਸੰਖਿਆ ਵਿੱਚ ਸੁਧਾਰ ਦੇ ਸੰਕੇਤ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਰਾਸ਼ਟਰੀ ਟੂਰਿਜ਼ਮ ਨੀਤੀ ਦਾ ਖਰੜਾ ਭਾਰਤ ਦੇ ਟੂਰਿਜ਼ਮ ਨੂੰ ਪੁਨਰ ਸੁਰਜੀਤ ਕਰਨ ਲਈ ਇੱਕ ਸੰਪੂਰਨ ਵਿਜ਼ਨ ਅਤੇ ਰਣਨੀਤੀ ਨਾਲ ਤਿਆਰ ਕੀਤਾ ਗਿਆ ਹੈ ਅਤੇ 2047 ਵਿੱਚ ਇਸ ਸੈਕਟਰ ਦੁਆਰਾ 1 ਟ੍ਰਿਲੀਅਨ ਅਮਰੀਕੀ ਡਾਲਰ ਪ੍ਰਾਪਤ ਕਰਨ ਦਾ ਲਕਸ਼ ਹੈ। ਇਸ ਪਿਛੋਕੜ ਵਿੱਚ, ਮੰਤਰਾਲਾ ਜ਼ਿੰਮੇਵਾਰ ਅਤੇ ਟਿਕਾਊ ਟੂਰਿਜ਼ਮ ਸਥਾਨਾਂ ਨੂੰ ਵਿਕਸਿਤ ਕਰਨ ਵਿੱਚ ਵੀ ਅਗਵਾਈ ਕਰ ਰਿਹਾ ਹੈ। ਭਾਰਤ ਸਰਕਾਰ ਟੂਰਿਜ਼ਮ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ’ਸ) ਦਾ ਸਮਰਥਨ ਕਰਨਾ ਜਾਰੀ ਰੱਖੇਗੀ ਅਤੇ ਇਸ ਸੈਕਟਰ ਵਿੱਚ ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਦਾ ਲਾਭ ਉਠਾਉਣਾ ਜਾਰੀ ਰੱਖੇਗੀ। ਮਹਾਮਾਰੀ ਦੇ ਕਾਰਨ ਟੂਰਿਜ਼ਮ ਅਰਥਵਿਵਸਥਾ ਨੂੰ ਹੋਏ ਵਿਘਨ ਤੋਂ ਪੂਰੀ ਤਰ੍ਹਾਂ ਉਭਰਨ ਲਈ ਟੂਰਿਜ਼ਮ ਮੰਤਰਾਲੇ ਦੀਆਂ ਚੱਲ ਰਹੀਆਂ ਯੋਜਨਾਵਾਂ ਦੇ ਤਹਿਤ ਵਿਭਿੰਨ ਪਹਿਲਾਂ ਨੂੰ ਮਜ਼ਬੂਤ ​​ਕਰਨ ਦੀ ਯੋਜਨਾ ਹੈ। 

 

 ਸ਼੍ਰੀ ਅਰਵਿੰਦ ਨੇ ਅੱਗੇ ਕਿਹਾ ਕਿ ਭਾਰਤ 2023 ਦੇ ਜੀ-20 ਦੀ ਪ੍ਰਧਾਨਗੀ ਦੌਰਾਨ ਆਪਣੇ ਆਪ ਨੂੰ ਇੱਕ ਪ੍ਰਮੁੱਖ ਟੂਰਿਸਟ ਸਥਾਨ ਵਜੋਂ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਸੀਂ ਉਚਿਤ ਜ਼ੋਰ, ਸਮਰਪਣ ਅਤੇ ਸਾਡੀ ਸੱਭਿਆਚਾਰਕ ਸਮ੍ਰਿਧੀ ਨੂੰ ਯਕੀਨੀ ਬਣਾਉਣ ਲਈ ਦੁਨੀਆ ਦਾ ਸਾਡੇ ਦੇਸ਼ ਵਿੱਚ ਸੁਆਗਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਵੀਜ਼ਾ ਸੁਧਾਰਾਂ, ਯਾਤਰਾ ਦੀ ਅਸਾਨੀ, ਹਵਾਈ ਅੱਡਿਆਂ 'ਤੇ ਯਾਤਰੀਆਂ ਦੇ ਅਨੁਕੂਲ ਇਮੀਗ੍ਰੇਸ਼ਨ ਸੁਵਿਧਾਵਾਂ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਖੁੱਲ੍ਹੇਪਣ ਸਮੇਤ ਜ਼ਰੂਰੀ ਦਖਲਅੰਦਾਜ਼ੀ ਕਰਨ ਦੀ ਯੋਜਨਾ ਬਣਾ ਰਹੇ ਹਾਂ ਅਤੇ ਦੋ ਦਿਨਾਂ ਮੀਟਿੰਗ ਦੌਰਾਨ ਇਨ੍ਹਾਂ ਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ ਗਈ।

 

 

 2024 ਲਈ ਭਾਰਤ ਟੂਰਿਜ਼ਮ ਸੈਕਟਰ ਦੇ ਲਕਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ 2024 ਦੇ ਮੱਧ ਤੱਕ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਵਾਪਸ ਆਉਣ ਦੀ ਕੋਸ਼ਿਸ਼ ਕਰਾਂਗੇ।  ਦੇਸ਼ ਦੇ 2024 ਤੱਕ 50 ਬਿਲੀਅਨ ਡਾਲਰ ਦੀ ਜੀਡੀਪੀ, ਵਿਦੇਸ਼ੀ ਮੁਦਰਾ ਕਮਾਈ ਵਿੱਚ 30 ਬਿਲੀਅਨ ਡਾਲਰ ਦਾ ਯੋਗਦਾਨ ਅਤੇ 2024 ਤੱਕ 15 ਮਿਲੀਅਨ ਵਿਦੇਸ਼ੀ ਆਮਦ ਦਾ ਅਨੁਮਾਨ ਹੈ।

 

 ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਹਾਕੇ ਵਿੱਚ ਭਾਰਤ ਦੇ 7-9% ਸੀਏਜੀਆਰ ਨਾਲ ਵਿਕਾਸ ਕਰਨ ਦਾ ਅਨੁਮਾਨ ਹੈ ਅਤੇ 2030 ਤੱਕ, ਟੂਰਿਜ਼ਮ ਜੀਡੀਪੀ ਵਿੱਚ 250 ਬਿਲੀਅਨ ਡਾਲਰ ਡਾਲਰ ਦਾ ਯੋਗਦਾਨ, ਟੂਰਿਜ਼ਮ ਸੈਕਟਰ ਵਿੱਚ 137 ਮਿਲੀਅਨ ਨੌਕਰੀਆਂ, 56 ਬਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਕਮਾਈ ਅਤੇ 25 ਮਿਲੀਅਨ ਵਿਦੇਸ਼ੀ ਆਮਦ ਦੇ ਪ੍ਰਾਪਤ ਹੋਣ ਦੀ ਉਮੀਦ ਹੈ।

 

 ਅਸੀਂ 2047 ਤੱਕ ਟੂਰਿਜ਼ਮ ਸੈਕਟਰ ਵਿੱਚ ਇੱਕ ਲੀਡਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਲਕਸ਼ਾਂ ਅਤੇ ਪ੍ਰਤੀਬੱਧਤਾਵਾਂ ਦੇ ਅਨੁਸਾਰ ਯੋਜਨਾਵਾਂ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹਾਂ।

 

 

 ਕਾਨਫਰੰਸ ਦੇ ਸਮਾਪਤੀ ਵਾਲੇ ਦਿਨ, ਟੂਰਿਸਟ ਸਥਾਨਾਂ ਦੀ ਮਾਰਕੀਟਿੰਗ ਅਤੇ ਪ੍ਰਚਾਰ ਲਈ ਡਿਜੀਟਲ ਟੈਕਨੋਲੋਜੀ ਦੀ ਭੂਮਿਕਾ, ਭਾਰਤੀ ਪ੍ਰਾਹੁਣਚਾਰੀ ਖੇਤਰ ਵਿੱਚ ਹੋਮਸਟੇਜ਼ ਦੀ ਉੱਭਰ ਰਹੀ ਮਹੱਤਤਾ, ਆਯੁਰਵੈਦ, ਤੰਦਰੁਸਤੀ ਅਤੇ ਮੈਡੀਕਲ ਵੈਲਿਊ ਟ੍ਰੈਵਲ ਅਤੇ ਅੰਤ ਵਿੱਚ ਜੰਗਲ ਅਤੇ ਜੰਗਲੀ ਜੀਵ ਟੂਰਿਜ਼ਮ ਬਾਰੇ ਸੈਸ਼ਨ ਆਯੋਜਿਤ ਕੀਤੇ ਗਏ। ਸਕੱਤਰ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ, ਭਾਰਤ ਸਰਕਾਰ ਸ਼੍ਰੀ ਅਲਕੇਸ਼ ਸ਼ਰਮਾ, ਸਕੱਤਰ ਕੌਸ਼ਲ ਵਿਕਾਸ ਅਤੇ ਉੱਦਮਤਾ, ਭਾਰਤ ਸਰਕਾਰ ਸ਼੍ਰੀ ਰਾਜੇਸ਼ ਅਗਰਵਾਲ, ਜੀ-20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ, ਮੈਂਬਰ ਨੀਤੀ ਆਯੋਗ ਡਾ. ਵਿਨੋਦ ਕੁਮਾਰ ਪਾਲ, ਐਡੀਸ਼ਨਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ਼੍ਰੀ ਲਵ ਅਗਰਵਾਲ, ਸਕੱਤਰ ਟੂਰਿਜ਼ਮ ਸ਼੍ਰੀ ਅਰਵਿੰਦ ਸਿੰਘ, ਡਾਇਰੈਕਟਰ ਜਨਰਲ ਟੂਰਿਜ਼ਮ ਸ਼੍ਰੀ ਜੀ. ਕਮਲਾ ਵਰਧਨ ਰਾਓ ਅਤੇ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

 

 ***********


ਐੱਨਬੀ/ਓਏ



(Release ID: 1861001) Visitor Counter : 134


Read this release in: English , Urdu , Hindi