ਉਪ ਰਾਸ਼ਟਰਪਤੀ ਸਕੱਤਰੇਤ
ਨੇਤਰਦਾਨ ਬਾਰੇ ਮਿੱਥਾਂ ਤੇ ਝੂਠੇ ਵਿਸ਼ਵਾਸ ਨਕਾਰੋ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਜਾਗਰੂਕਤਾ ਪੈਦਾ ਕਰਨ ਲਈ ਉੱਘੀਆਂ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਕੇ ਹਰੇਕ ਰਾਜ ਵਿੱਚ ਭਾਰੀ ਮਲਟੀਮੀਡੀਆ ਮੁਹਿੰਮਾਂ ਸ਼ੁਰੂ ਕਰਨ ਦਾ ਸੱਦਾ ਦਿੱਤਾ
‘ਸ਼ੇਅਰ ਤੇ ਕੇਅਰ’ ਭਾਰਤੀ ਫ਼ਲਸਫ਼ੇ ਦਾ ਧੁਰਾ ਹੈ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਦੇਸ਼ ਭਰ ’ਚ ਅੱਖਾਂ ਦੀ ਦੇਖਭਾਲ਼ ਲਈ ਰੋਕਥਾਮ ਤੇ ਉਪਚਾਰ ਵਾਲੀ ਬਹੁ–ਪੱਖੀ ਨੀਤੀ ਉਲੀਕਣ ਦੀ ਲੋੜ ’ਤੇ ਜ਼ੋਰ ਦਿੱਤਾ
ਉਪ ਰਾਸ਼ਟਰਪਤੀ ਨੇ 36ਵੇਂ ਰਾਸ਼ਟਰੀ ਨੇਤਰਦਾਨ ਪੰਦਰਵਾੜ੍ਹਾ ਜਸ਼ਨਾਂ ’ਚ ਵਰਚੁਅਲੀ ਹਿੱਸਾ ਲਿਆ
Posted On:
07 SEP 2021 7:31PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਨੇਤਰਦਾਨ ਬਾਰੇ ਮਿੱਥਾਂ ਤੇ ਝੂਠੇ ਵਿਸ਼ਵਾਸਾਂ ਨੂੰ ਨਕਾਰਨ ਦਾ ਸੱਦਾ ਦਿੰਦਿਆਂ ਸੁਝਾਅ ਦਿੱਤਾ ਕਿ ਲੋਕਾਂ ’ਚ ਜਾਗਰੂਕਤਾ ਵਧਾਉਣ ਲਈ ਮਸ਼ਹੂਰ ਹਸਤੀਆਂ ਤੇ ਆਇਕਨਾਂ ਨੂੰ ਸ਼ਾਮਲ ਕਰ ਕੇ ਹਰੇਕ ਰਾਜ ਵਿੱਚ ਸਥਾਨਕ ਭਾਸ਼ਾਵਾਂ ’ਚ ਵੱਡੇ ਪੱਧਰ ’ਤੇ ਮਲਟੀਮੀਡੀਆ ਮੁਹਿੰਮ ਸ਼ੁਰੂ ਕੀਤੀ ਜਾਵੇ।
ਉਪ ਰਾਸ਼ਟਰਪਤੀ ਨੇ 36ਵੇਂ ਰਾਸ਼ਟਰੀ ਨੇਤਰਦਾਨ ਪਖਵਾੜਾ ਸਮਾਰੋਹ ’ਚ ਬੋਲਦਿਆਂ, ਡੋਨਰ ਕੌਰਨੀਆ ਟਿਸ਼ੂ ਦੀ ਮੰਗ ਤੇ ਸਪਲਾਈ ਵਿਚਾਲੇ ਭਾਰੀ ਫ਼ਰਕ ਉੱਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਹੈ ਕਿ ਟ੍ਰਾਂਸਪਲਾਂਟ ਲਈ ਡੋਨਰ ਕੌਰਨੀਆ ਟਿਸ਼ੂ ਦੀ ਕਮੀ ਕਾਰਨ ਬਹੁਤ ਸਾਰੇ ਲੋਕ ਕੌਰਨੀਅਲ ਬਲਾਈਂਡਨੈੱਸ ਤੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਇਹ ਸਮ਼ ਦੀ ਮੰਗ ਹੈ ਕਿ ਲੋਕਾਂ ’ਚ ਨੇਤਰਦਾਨ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਈ ਜਾਵੇ।
ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਦੇਖਦਿਆਂ ਕਿ ਬਹੁਤ ਸਾਰੇ ਲੋਕ ਮਿੱਥਾਂ ਅਤੇ ਗਲਤ ਵਿਸ਼ਵਾਸਾਂ ਕਾਰਨ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਦਾਨ ਕਰਨ ਲਈ ਅੱਗੇ ਨਹੀਂ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਨੇਕ ਕਾਰਜ ਕੋਰਨੀਅਲ ਬਲਾਈਂਡ ਲੋਕਾਂ ਨੂੰ ਦੇਖਣ ਵਿੱਚ ਸਹਾਇਤਾ ਕਰੇਗਾ ਤਾਂ ਜੋ ਉਹ ਇਸ ਸੁੰਦਰ ਸੰਸਾਰ ਨੂੰ ਦੁਬਾਰਾ ਵੇਖ ਸਕਣ। ਉਨ੍ਹਾਂ ਕਿਹਾ ਕਿ ਜੇ ਅਸੀਂ ਸਾਰੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਕਰੀਏ, ਤਾਂ ਅਸੀਂ ਕੋਰਨੀਅਲ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਸਾਰੇ ਮਰੀਜ਼ਾਂ ਦਾ ਇਲਾਜ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਾਪਤੀਯੋਗ ਟੀਚਾ ਹੈ। ਇਸ ਲਈ, ਸਾਨੂੰ ਇਸ ਨੂੰ ਪੂਰਾ ਕਰਨ ਲਈ ਅਣਥੱਕ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਪ ਰਾਸ਼ਟਰਪਤੀ ਨੇ ਡੋਨਰ ਟਿਸ਼ੂਆਂ ਦੀ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਦੂਰ ਕਰਨ ਲਈ ਇੱਕ ਢਾਂਚਾਗਤ ਆਈ-ਬੈਂਕਿੰਗ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ, ਟਿਸ਼ੂ ਦਾਨ ਕਰਨ ਵਾਲਿਆਂ ਲਈ ਸੁਵਿਧਾਜਨਕ ਪ੍ਰਬੰਧ ਪ੍ਰਦਾਨ ਕਰਨ ਅਤੇ ਬਰਾਬਰ ਵੰਡ ਪ੍ਰਣਾਲੀ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ।
ਇਹ ਦੁਹਰਾਉਂਦਿਆਂ ਕਿ 'ਸ਼ੇਅਰ ਐਂਡ ਕੇਅਰ' ਭਾਰਤੀ ਫ਼ਲਸਫ਼ੇ ਦਾ ਮੂਲ ਸਿਧਾਂਤ ਹੈ, ਉਨ੍ਹਾਂ ਕਿਹਾ, "ਸਾਡੀ ਸੰਸਕ੍ਰਿਤੀ ਇੱਕ ਸੱਭਿਆਚਾਰ ਹੈ ਜਿੱਥੇ ਸ਼ਿਬੀ ਅਤੇ ਦਧੀਚੀ ਜਿਹੇ ਰਾਜਿਆਂ ਅਤੇ ਰਿਸ਼ੀਆਂ ਨੇ ਆਪਣੇ ਸਰੀਰ ਦਾਨ ਕੀਤੇ ਸਨ। ਇਹ ਉਦਾਹਰਣਾਂ ਸਾਡੇ ਸਮਾਜ ਦੀਆਂ ਬੁਨਿਆਦੀ ਕੀਮਤਾਂ, ਆਦਰਸ਼ਾਂ ਅਤੇ ਸੰਸਕਾਰਾਂ ਦੁਆਲੇ ਬਣੀਆਂ ਹਨ।" ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਅੰਗ ਦਾਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਕਦਰਾਂ ਕੀਮਤਾਂ ਅਤੇ ਕਹਾਣੀਆਂ ਨੂੰ ਆਧੁਨਿਕ ਸੰਦਰਭ ਵਿੱਚ ਪਰਿਭਾਸ਼ਤ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ,"ਅੰਗ ਦਾਨ ਨਾ ਸਿਰਫ ਇੱਕ ਵਿਅਕਤੀ ਨੂੰ ਵਧੇਰੇ ਸੰਪੂਰਨ ਜੀਵਨ ਜੀਉਣ ਵਿੱਚ ਸਹਾਇਤਾ ਕਰਦਾ ਹੈ, ਸਗੋਂ ਦੂਜਿਆਂ ਲਈ ਸਮਾਜ ਦੀ ਬਿਹਤਰੀ ਵਾਸਤੇ ਕੰਮ ਕਰਨ ਦੀ ਇੱਕ ਮਿਸਾਲ ਵੀ ਪੇਸ਼ ਕਰਦਾ ਹੈ।"
ਸ਼੍ਰੀ ਨਾਇਡੂ ਨੇ ਕਿਹਾ ਕਿ ਮਹਾਮਾਰੀ ਕਾਰਨ ਕੌਰਨੀਅਲ ਰਿਕਵਰੀ 'ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਕੌਰਨੀਅਲ ਟ੍ਰਾਂਸਪਲਾਂਟੇਸ਼ਨ ਲਈ ਲੋੜੀਂਦੇ ਟਿਸ਼ੂਆਂ ਦੀ ਘਾਟ ਅਤੇ ਬੈਕਲਾਗ ਕੇਸਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟਿਸ਼ੂ ਉਪਲਬਧਤਾ ’ਚ ਸੰਕਟ ਨੂੰ ਦੂਰ ਕਰਨ ਲਈ ਲੰਮੇ ਸਮੇਂ ਤੱਕ ਸੁਰੱਖਿਆ ਜਿਹੇ ਨਵੀਨ ਉਪਾਅ ਤੇ ਬਦਲਵੀਂਆਂ ਮੈਡੀਕਲ ਸਰਜਰੀ ਪ੍ਰਕਿਰਿਆਵਾਂ ਉੱਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਡੋਨਰ ਟਿਸ਼ੂ ਦੀ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਕੋਵਿਡ-19 ਬਾਰੇ ਸਾਡੀ ਸਮਝ ਵਿੱਚ ਸੁਧਾਰ ਹੋਇਆ ਹੈ, ਸਾਨੂੰ ਅੱਖਾਂ ਦੇ ਬੈਂਕਿੰਗ ਅਤੇ ਟਿਸ਼ੂ ਮੁੜ ਪ੍ਰਾਪਤ ਕਰਨ ਸਬੰਧੀ ਦਿਸ਼ਾ ਨਿਰਦੇਸ਼ ਸੋਧਣ ਦੀ ਜ਼ਰੂਰਤ ਹੈ।
ਮੋਤੀਆਬਿੰਦ, ਗਲੂਕੋਮਾ (ਕਾਲਾ ਮੋਤੀਆ) ਅਤੇ ਹੋਰ ਨੇਤਰ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਅੱਖਾਂ ਦੀ ਦੇਖਭਾਲ਼ ਦੀਆਂ ਸਹੂਲਤਾਂ ਨੂੰ ਵਧਾਉਣ ਦੀ ਮੰਗ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਭਰ ਵਿੱਚ ਅੱਖਾਂ ਦੇ ਰੋਗਾਂ ਦੀ ਰੋਕਥਾਮ ਅਤੇ ਇਲਾਜ ਨੂੰ ਮਜ਼ਬੂਤ ਕਰਨ ਲਈ ਇੱਕ ਬਹੁਪੱਖੀ ਰਣਨੀਤੀ ਤਿਆਰ ਕਰਨ ਦੀ ਫੌਰੀ ਲੋੜ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਸੇਵਾਵਾਂ ਗ੍ਰਾਮੀਣ ਖੇਤਰਾਂ, ਖਾਸ ਕਰਕੇ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਉਪਲਬਧ ਹਨ। ਪੰਚਾਇਤੀ ਰਾਜ ਸੰਸਥਾਵਾਂ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਵਿਆਪਕ ਅੱਖਾਂ ਦੀ ਦੇਖਭਾਲ਼ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਨੂੰ ਵਧਾਉਣ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਗ੍ਰਾਮੀਣ ਆਬਾਦੀ ਦਾ ਇੱਕ ਵੱਡਾ ਹਿੱਸਾ ਅੱਖਾਂ ਦੀ ਮਿਆਰੀ ਦੇਖਭਾਲ਼ ਤੋਂ ਵਾਂਝਾ ਹੈ, ਉਨ੍ਹਾਂ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਦਾ ਬਹੁਤ ਜ਼ਿਆਦਾ ਖਰਚਾ ਨਹੀਂ ਚੁੱਕ ਸਕਦੇ। ਇਸ ਲਈ, ਸਾਨੂੰ ਆਪਣੇ ਜਨਤਕ ਖੇਤਰ ਦੇ ਅੱਖਾਂ ਦੀ ਦੇਖਭਾਲ਼ ਦੇ ਹਸਪਤਾਲਾਂ ਨੂੰ ਮਿਆਰੀ ਇਲਾਜ ਪ੍ਰਦਾਨ ਕਰਨ ਲਈ ਨਵੀਨਤਮ ਟੈਕਨੋਲੋਜੀਆਂ ਨਾਲ ਲੈਸ ਕਰਨਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਕੌਰਨੀਅਲ ਨੇਤਰਹੀਣਤਾ ਤੋਂ ਪ੍ਰਭਾਵਿਤ ਹਜ਼ਾਰਾਂ ਲੋਕਾਂ ਨੂੰ ਪਿਛਲੇ ਪੰਜ ਦਹਾਕਿਆਂ ਵਿੱਚ ਦੁਬਾਰਾ ਦੇਖਣ ਦੀ ਸ਼ਕਤੀ ਦੇ ਕੇ ਉਨ੍ਹਾਂ ਨੂੰ ਸ਼ਕਤੀ ਦੇਣ ਲਈ ਨੈਸ਼ਨਲ ਆਈ ਬੈਂਕ ਟੀਮ ਦੀ ਸ਼ਲਾਘਾ ਕੀਤੀ।
ਇਸ ਵਰਚੁਅਲ ਸਮਾਰੋਹ ਵਿੱਚ, ਪ੍ਰੋ. ਰਣਦੀਪ ਗੁਲੇਰੀਆ, ਡਾਇਰੈਕਟਰ, ਏਮਸ, ਨਵੀਂ ਦਿੱਲੀ, ਪ੍ਰੋ. ਜੀਵਨ ਐੱਸ ਟਿਟੀਯਾਲ, ਮੁਖੀ, ਆਰਪੀ ਸੈਂਟਰ ਫਾਰ ਓਫਥਾਲਮਿਕ ਸਾਇੰਸਜ਼, ਏਮਸ, ਨਵੀਂ ਦਿੱਲੀ, ਪ੍ਰੋ. ਰਾਧਿਕਾ ਟੰਡਨ, ਸਹਿ-ਚੇਅਰਮੈਨ, ਨੈਸ਼ਨਲ ਆਈ ਬੈਂਕ, ਪ੍ਰੋ. ਨਮਰਤਾ ਸ਼ਰਮਾ, ਇੰਚਾਰਜ, ਨੈਸ਼ਨਲ ਆਈ ਬੈਂਕ, ਪ੍ਰੋ. ਐੱਮ. ਵਨਥੀ, ਆਫ਼ੀਸਰ-ਇਨਚਾਰਜ, ਨੈਸ਼ਨਲ ਆਈ ਬੈਂਕ, ਡਾ. ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਫੈਕਲਟੀ ਅਤੇ ਸਟਾਫ਼, ਏਮਸ ਦੇ ਨਾਲ-ਨਾਲ ਦਾਨੀ ਪਰਿਵਾਰਾਂ ਅਤੇ ਗ਼ੈਰ–ਸਰਕਾਰੀ ਸੰਗਠਨਾਂ ਅਤੇ ਆਈ–ਬੈਂਕਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ।
*****
ਐੱਮਐੱਸ/ਆਰਕੇ
(Release ID: 1752998)
Visitor Counter : 236