ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭੂ-ਖੋਜ ਵਿਦਵਾਨਾਂ ਦੀ ਰਾਸ਼ਟਰੀ ਮੀਟਿੰਗ ਵਿੱਚ ਟਿਕਾਊ ਵਿਕਾਸ ਲਈ ਹੱਲ ਲੱਭਣ ਵਿੱਚ ਪ੍ਰਿਥਵੀ ਵਿਗਿਆਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਗਿਆ

Posted On: 27 JUL 2021 5:44PM by PIB Chandigarh

ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਰਾਸ਼ਟਰੀ ਭੂਮੀ ਖੋਜ ਵਿਦਵਾਨਾਂ ਦੀ ਬੈਠਕ (ਨੈਸ਼ਨਲ ਜੀਓ -ਰਿਸਰਚ ਸਕਾਲਰਸ ਮੀਟ- ਐੱਨਜੀਆਰਐੱਸਐੱਮ) ਵਿਖੇ ਧਰਤੀ ਹੇਠਲੇ ਪਾਣੀ, ਗਲੇਸ਼ੀਅਰਾਂ, ਹੋਰ ਜਲ ਸਰੋਤਾਂ, ਜਲਵਾਯੂ ਤਬਦੀਲੀ ਅਤੇ ਇਸ ਦੇ ਹੱਲ, ਵਿਗਿਆਨ ਅਤੇ ਤਕਨਾਲੋਜੀ, ਅਤੇ ਕੁਦਰਤੀ ਖ਼ਤਰਿਆਂ ਨੂੰ ਘੱਟ ਕਰਨ ਦੇ ਅਧਿਐਨ ਵਿੱਚ ਪ੍ਰਿਥਵੀ ਵਿਗਿਆਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।

ਸਥਿਰ ਵਿਕਾਸ ਲਈ ਪ੍ਰਿਥਵੀ ਵਿਗਿਆਨਵਿਸ਼ੇ ਤੇ ਅਧਾਰਤ 5ਵੀਂ ਨੈਸ਼ਨਲ ਜੀਓ-ਰਿਸਰਚ ਸਕਾਲਰਜ਼ ਮੀਟ (ਐੱਨਜੀਆਰਐੱਸਐੱਮ) ਦਾ ਆਯੋਜਨ, ਹਾਲ ਹੀ ਵਿੱਚ ਡੀਐੱਸਟੀ ਦੀ ਇੱਕ ਖੁਦਮੁਖਤਿਆਰੀ ਸੰਸਥਾ, ਵਾਡੀਆ ਇੰਸਟੀਚਿਊਟ ਆਫ਼ ਹਿਮਾਲਿਆਨ ਜੀਓਲੌਜੀ (ਡਬਲਯੂਆਈਐੱਚਜੀ), ਦੇਹਰਾਦੂਨ ਦੁਆਰਾ ਇੱਕ ਵੈਬੀਨਾਰ ਰਾਹੀਂ ਕੀਤਾ ਗਿਆ ਸੀ। ਵੈਬੀਨਾਰ ਵਿੱਚ, ਕੁਦਰਤੀ ਸੰਸਾਧਨ, ਜਲ ਪ੍ਰਬੰਧਨ, ਭੁਚਾਲ, ਮੌਨਸੂਨ, ਜਲਵਾਯੂ ਤਬਦੀਲੀ, ਕੁਦਰਤੀ ਆਫ਼ਤਾਂ, ਨਦੀ ਪ੍ਰਣਾਲੀਆਂ ਆਦਿ ਵਿਸ਼ਿਆਂ ਉੱਤੇ ਵੱਖ ਵੱਖ ਖੋਜਕਰਤਾਵਾਂ ਦੁਆਰਾ ਆਪਣੀਆਂ-ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।

ਇਸ ਦੋ ਰੋਜ਼ਾ ਵੈਬੀਨਾਰ, ਜਿਸ ਵਿੱਚ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ / ਸੰਸਥਾਵਾਂ / ਸੰਗਠਨਾਂ ਦੇ 350 ਭਾਗੀਦਾਰ ਸ਼ਾਮਲ ਹੋਏ, ਵਿੱਚ ਦੇਸ਼ ਭਰ ਦੇ ਉੱਘੇ ਬੁਲਾਰਿਆਂ ਅਤੇ ਖੋਜ ਵਿਦਵਾਨਾਂ ਵੱਲੋਂ ਸੱਦੇ ਗਏ ਕਈ ਭਾਸ਼ਣਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।ਇੰਟਰਐਕਟਿਵ ਸੈਸ਼ਨ ਵਿੱਚ ਉਭਰ ਰਹੇ ਖੋਜਕਰਤਾਵਾਂ ਦੁਆਰਾ ਕਈ ਪ੍ਰਸ਼ਨ ਪੁੱਛੇ ਗਏ।

ਪ੍ਰੋਫੈਸਰ ਸ਼ੈਲੇਸ਼ ਨਾਇਕ, ਚੇਅਰਮੈਨ ਆਰਏਸੀ ਡਬਲਯੂਆਈਐੱਚਜੀ, ਨੇ ਉਨ੍ਹਾਂ ਵਿਭਿੰਨ ਉੱਨਤ ਤਕਨੀਕਾਂ ਬਾਰੇ ਗੱਲ ਕੀਤੀ, ਜਿਨ੍ਹਾਂ ਦੀ ਵਰਤੋਂ ਸਮਾਜ ਦੇ ਸਥਾਈ ਵਿਕਾਸ ਨੂੰ ਕਾਇਮ ਰੱਖਣ ਲਈ ਕੀਤੀ ਜਾ ਸਕਦੀ ਹੈ।

 

ਪ੍ਰੋ. ਸੰਦੀਪ ਵਰਮਾ, ਸਕੱਤਰ ਐੱਸਈਆਰਬੀ ਨੇ ਖੋਜਕਰਤਾਵਾਂ ਲਈ ਅਵਸਰਾਂ ਬਾਰੇ ਵਿਸਤਾਰ ਨਾਲ ਦੱਸਿਆ ਜਦੋਂ ਕਿ ਡਬਲਯੂਆਈਐੱਚਜੀ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਪ੍ਰੋ. ਅਸ਼ੋਕ ਸਾਹਨੀ ਨੇ ਨੌਜਵਾਨ ਖੋਜਕਰਤਾਵਾਂ (ਵਿਦਵਾਨਾਂ) ਨੂੰ ਪ੍ਰੇਰਿਤ ਕੀਤਾ।

ਐੱਨਜੀਆਰਐੱਸਐੱਮ ਦੀ ਸ਼ੁਰੂਆਤ ਸਾਲ 2016 ਵਿੱਚ ਡਬਲਯੂਆਈਐੱਚਜੀ ਦੇ ਇੱਕ ਨਿਯਮਤ ਸਾਲਾਨਾ ਸਮਾਗਮ ਵਜੋਂ ਹੋਈ ਸੀ, ਜਿਸਦਾ ਉਦੇਸ਼ ਨੌਜਵਾਨ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਖੋਜ ਕਾਰਜਾਂ ਵਿੱਚ ਸੁਧਾਰ ਕਰਨ ਲਈ ਉਤਸ਼ਾਹਤ ਕਰਨਾ, ਉਨ੍ਹਾਂ ਨੂੰ ਆਪਣੇ ਖੋਜ ਕਾਰਜ ਸਾਂਝੇ ਕਰਨ, ਹੋਰਨਾਂ ਤੋਂ ਫੀਡਬੈਕ ਪ੍ਰਾਪਤ ਕਰਨ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੋਧਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ। ਇਹ ਪ੍ਰੋਗਰਾਮ ਉਨ੍ਹਾਂ ਨੂੰ ਉੱਘੇ ਭੂ-ਵਿਗਿਆਨਕਾਂ ਨਾਲ ਗੱਲਬਾਤ ਕਰਨ ਅਤੇ ਜੀਓ-ਸਾਇੰਟਫਿਕ ਰਿਸਰਚ ਦੇ ਨਵੀਨਤਮ ਰੁਝਾਨਾਂ ਨੂੰ ਸਮਝਣ ਦਾ ਅਵਸਰ ਵੀ ਪ੍ਰਦਾਨ ਕਰਦਾ ਹੈ।

**********

 

ਐੱਸਐੱਨਸੀ / ਟੀਐੱਮ / ਆਰਆਰ



(Release ID: 1739847) Visitor Counter : 99


Read this release in: English , Hindi