ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਵਸਾਗਰ, ਅਸਾਮ ‘ਚ ਅਲਾਟਮੈਂਟ ਸਰਟੀਫ਼ਿਕੇਟ ਵੰਡੇ


ਅਸਾਮ ਆਪਣੇ ਸੋਧੇ ਬੁਨਿਆਦੀ ਢਾਂਚੇ ਕਾਰਨ ‘ਆਤਮਨਿਰਭਰ ਭਾਰਤ’ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ: ਪ੍ਰਧਾਨ ਮੰਤਰੀ

Posted On: 23 JAN 2021 1:51PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਸਿਵਸਾਗਰ ‘ਚ ਦੇਸੀ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦੀ ਅਲਾਟਮੈਂਟ ਦੇ ਸਰਟੀਫ਼ਿਕੇਟ ਵੰਡੇ। ਇਸ ਮੌਕੇ ਮੁੱਖ ਮੰਤਰੀ ਅਤੇ ਅਸਾਮ ਸਰਕਾਰ ਦੇ ਮੰਤਰੀ ਅਤੇ ਕੇਂਦਰੀ ਮੰਤਰੀ ਸ਼੍ਰੀ ਰਾਮੇਸਵਰ ਤੇਲੀ ਵੀ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੇ 1 ਲੱਖ ਤੋਂ ਵੱਧ ਸਥਾਨਕ ਪਰਿਵਾਰਾਂ ਨੂੰ ਜ਼ਮੀਨ ਦਾ ਅਧਿਕਾਰ ਮਿਲ ਰਿਹਾ ਹੈ, ਇੰਝ ਸਿਵਸਾਗਰ ਦੇ ਲੋਕਾਂ ਦੇ ਜੀਵਨ ਦੀ ਇੱਕ ਵੱਡੀ ਚਿੰਤਾ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਰੋਹ ਅਸਾਮ ਦੇ ਸਥਾਨਕ ਲੋਕਾਂ ਦੇ ਸਵੈ–ਮਾਣ, ਆਜ਼ਾਦੀ ਤੇ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸਿਵਸਾਗਰ ਦੀ ਅਹਿਮੀਅਤ ਦੀ ਚਰਚਾ ਕੀਤੀ, ਜੋ ਦੇਸ਼ ਲਈ ਕੁਰਬਾਨੀਆਂ ਵਾਸਤੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸਾਮ ਦੇ ਇਤਿਹਾਸ ਵਿੱਚ ਸਿਵਸਾਗਰ ਦੇ ਮਹੱਤਵ ਨੂੰ ਧਿਆਨ ਗੋਚਰੇ ਰੱਖਦਿਆਂ ਸਰਕਾਰ ਸਿਵਸਾਗਰ ਨੂੰ ਦੇਸ਼ ਦੇ 5 ਸਭ ਤੋਂ ਵੱਧ ਪੁਰਾਤੱਤਵ ਸਥਾਨਾਂ ਵਿੱਚ ਸ਼ਾਮਲ ਕਰਨ ਲਈ ਕਦਮ ਚੁੱਕ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਅੱਜ 23 ਜਨਵਰੀ ਨੂੰ ਨੇਤਾਜੀ ਨੂੰ ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ ਮੌਕੇ ‘ਪਰਾਕ੍ਰਮ ਦਿਵਸ’ ਮਨਾ ਦੇ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ। ਅੱਜ ‘ਪਰਾਕ੍ਰਮ ਦਿਵਸ’ ਮੌਕੇ ਨਵੇਂ–ਭਾਰਤ ਦੀ ਉਸਾਰੀ ਲਈ ਪ੍ਰੇਰਣਾ ਦੇ ਜਸ਼ਨ ਮਨਾਉਣ ਵਾਸਤੇ ਦੇਸ਼ ਵਿੱਚ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨੇਤਾਜੀ ਦਾ ਜੋਸ਼ ਤੇ ਬਲੀਦਾਨ ਹਾਲੇ ਵੀ ਸਾਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਭਾਰਤ–ਰਤਨ ਭੂਪੇਨ ਹਜ਼ਾਰਿਕਾ ਦੀਆਂ ਇਨ੍ਹਾਂ ਕਾਵਿ–ਸਤਰਾਂ ਦੇ ਹਵਾਲੇ ਨਾਲ ਜ਼ਮੀਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ

 

“ओ मुर धरित्री आई,

चोरोनोटे डिबा थाई,

खेतियोकोर निस्तार नाई,

माटी बिने ओहोहाई।”

 

ਜਿਸ ਦਾ ਮਤਲਬ ਹੈ ਕਿ ਧਰਤੀ ਮਾਂ, ਮੈਨੂੰ ਆਪਣੇ ਚਰਨਾਂ ਵਿੱਚ ਸਥਾਨ ਦੇ। ਇੱਕ ਕਿਸਾਨ ਤੇਰੇ ਬਗ਼ੈਰ ਕੀ ਕਰੇਗਾ? ਬਿਨਾ ਜ਼ਮੀਨ ਦੇ ਉਹ ਮਜਬੂਰ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ–ਪ੍ਰਾਪਤੀ ਦੇ ਇੰਨੇ ਸਾਲਾਂ ਬਾਅਦ ਵੀ ਅਸਾਮ ‘ਚ ਲੱਖਾਂ ਪਰਿਵਾਰ ਪਹਿਲਾਂ ਜ਼ਮੀਨ ਤੋਂ ਵਾਂਝੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਸੋਨੋਵਾਲ ਸਰਕਾਰ ਸੱਤਾ ‘ਚ ਆਈ, ਤਾਂ 6 ਲੱਖ ਤੋਂ ਵੱਧ ਕਬਾਇਲੀਆਂ ਕੋਲ ਆਪਣੀ ਜ਼ਮੀਨ ਦਾ ਦਾਅਵਾ ਪੇਸ਼ ਕਰਨ ਲਈ ਕੋਈ ਦਸਤਾਵੇਜ਼ ਨਹੀਂ ਸਨ। ੳਨ੍ਹਾਂ ਨਵੀਂ ਜ਼ਮੀਨ ਨੀਤੀ ਤੇ ਅਸਾਮ ਦੇ ਲੋਕਾਂ ਪ੍ਰਤੀ ਪ੍ਰਤੀਬੱਧਤਾ ਲਈ ਸੋਨੋਵਾਲ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਪੱਟੇ ਕਾਰਨ ਅਸਾਮ ਦੇ ਮੂਲ ਨਿਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਗਈ ਹੈ। ਇਸ ਨਾਲ ਲੱਖਾਂ ਲੋਕਾਂ ਦਾ ਜੀਵਨ–ਮਿਆਰ ਬਿਹਤਰ ਬਣਾਉਣ ਲਈ ਰਾਹ ਵੀ ਪੱਧਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਮੀਨ ਦੇ ਅਧਿਕਾਰ ਨਾਲ ਇਨ੍ਹਾਂ ਲਾਭਾਰਥੀਆਂ ਲਈ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ,’ ‘ਕਿਸਾਨ ਕ੍ਰੈਡਿਟ ਕਾਰਡ’, ‘ਫ਼ਸਲ ਬੀਮਾ ਪਾਲਿਸੀ’ ਜਿਹੀਆਂ ਹੋਰ ਬਹੁਤ ਸਾਰੀਆਂ ਯੋਜਨਾਵਾਂ ਦੇ ਲਾਭ ਯਕੀਨੀ ਤੌਰ ‘ਤੇ ਮਿਲ ਸਕਦੇ ਹਨ, ਜਿਹੜੇ ਹੁਣ ਤੱਕ ਉਨ੍ਹਾਂ ਨੂੰ ਕਦੇ ਨਹੀਂ ਮਿਲੇ। ਇੱਥੇ ਹੀ ਬੱਸ ਨਹੀਂ, ਉਹ ਬੈਂਕਾਂ ਤੋਂ ਕਰਜ਼ੇ ਲੈਣ ਦੇ ਵੀ ਯੋਗ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਵਿੱਚ ਕਬਾਇਲੀਆਂ ਦੇ ਤੇਜ਼–ਰਫ਼ਤਾਰ ਵਿਕਾਸ ਤੇ ਸਮਾਜਕ ਸੁਰੱਖਿਆ ਪ੍ਰਤੀ ਸਰਕਾਰ ਸਦਾ ਪ੍ਰਤੀਬੱਧ ਰਹੀ ਹੈ। ਉਨ੍ਹਾਂ ਕਿਹਾ ਕਿ ਆਸਾਮੀ ਭਾਸ਼ਾ ਤੇ ਇਸ ਦੇ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਉਠਾਏ ਗਏ ਹਨ। ਇਸੇ ਤਰ੍ਹਾਂ, ਹਰੇਕ ਭਾਈਚਾਰੇ ਦੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਧਾਰਮਿਕ ਤੇ ਅਧਿਆਤਮਕ ਮਹੱਤਵ ਵਾਲੀਆਂ ਇਤਿਹਾਸਿਕ ਵਸਤਾਂ ਨੂੰ ਸੰਭਾਲਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਾਜਾਇਜ਼ ਕਬਜ਼ੇ ਹਟਵਾਉਣ ਅਤੇ ਕਾਜ਼ੀਰੰਗਾ ਰਾਸ਼ਟਰੀ ਪਾਰਕ ਦੇ ਸੁਧਾਰ ਲਈ ਕਈ ਤੇਜ਼–ਰਫ਼ਤਾਰ ਕਦਮ ਵੀ ਉਠਾਏ ਜਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਆਤਮ–ਨਿਰਭਰ ਭਾਰਤ ਲਈ ਉੱਤਰ–ਪੂਰਬ ਅਤੇ ਅਸਾਮ ਦਾ ਤੇਜ਼–ਰਫ਼ਤਾਰ ਵਿਕਾਸ ਜ਼ਰੂਰੀ ਹੈ। ਆਤਮ–ਨਿਰਭਰ ਅਸਾਮ ਦਾ ਰਾਹ ਅਸਾਮ ਦੇ ਲੋਕਾਂ ਦੇ ਆਤਮ–ਵਿਸ਼ਵਾਸ ਵਿੱਚੋਂ ਦੀ ਲੰਘਦਾ ਹੈ। ਆਤਮ–ਵਿਸ਼ਵਾਸ ਸਿਰਫ਼ ਉਦੋਂ ਪੈਦਾ ਹੁੰਦਾ ਹੈ, ਜਦੋਂ ਬੁਨਿਆਦੀ ਸੁਵਿਧਾਵਾਂ ਉਪਲਬਧ ਹੁੰਦੀਆਂ ਹਨ ਤੇ ਬੁਨਿਆਦੀ ਢਾਂਚਾ ਬਿਹਤਰ ਹੁੰਦਾ ਹੈ। ਪਿਛਲੇ ਸਾਲਾਂ ਦੌਰਾਨ ਅਸਾਮ ਵਿੱਚ ਇਨ੍ਹਾਂ ਦੋਵੇਂ ਮੋਰਚਿਆਂ ਉੱਤੇ ਕਈ ਬੇਮਿਸਾਲ ਕੰਮ ਹੋਏ ਹਨ। ਅਸਾਮ ਵਿੱਚ ਲਗਭਗ 1.75 ਕਰੋੜ ਗ਼ਰੀਬਾਂ ਦੇ ਜਨ–ਧਨ ਬੈਂਕ ਖਾਤੇ ਖੋਲ੍ਹੇ ਗਏ ਹਨ। ਇਨ੍ਹਾਂ ਖਾਤਿਆਂ ਕਾਰਨ ਹੀ ਕੋਰੋਨਾ ਦੇ ਸਮੇਂ ਹਜ਼ਾਰਾਂ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਧਨ ਸਿੱਧਾ ਟ੍ਰਾਂਸਫ਼ਰ ਕੀਤਾ ਗਿਆ ਸੀ। ਅਸਾਮ ਵਿੱਚ ਲਗਭਗ 40 ਫ਼ੀਸਦੀ ਆਬਾਦੀ ‘ਆਯੁਸ਼ਮਾਨ ਭਾਰਤ’ ਯੋਜਨਾ ਦੇ ਘੇਰੇ ਅੰਦਰ ਲਿਆਂਦਾ ਗਿਆ ਹੈ। ਅਸਾਮ ਵਿੱਚ ਪਖਾਨਿਆਂ ਦੀ ਕਵਰੇਜ ਪਿਛਲੇ ਛੇ ਸਾਲਾਂ ਦੌਰਾਨ 38 ਫ਼ੀਸਦੀ ਤੋਂ ਵਧ ਕੇ 100 ਫ਼ੀਸਦੀ ਹੋ ਗਈ ਹੈ। ਪੰਜ ਸਾਲ ਪਹਿਲਾਂ ਸਿਰਫ਼ 50 ਫ਼ੀਸਦੀ ਤੋਂ ਘੱਟ ਪਰਿਵਾਰਾਂ ਕੋਲ ਬਿਜਲੀ ਦੀ ਸੁਵਿਧਾ ਸੀ, ਜੋ ਹੁਣ ਲਗਭਗ 100 ਫ਼ੀਸਦੀ ਪਰਿਵਾਰਾਂ ਤੱਕ ਪੁੱਜ ਚੁੱਕੀ ਹੈ। ਅਸਾਮ ਵਿੱਚ ਜਲ ਜੀਵਨ ਮਿਸ਼ਨ ਅਧੀਨ ਪਿਛਲੇ 1.5 ਸਾਲਾਂ ‘ਚ 2.5 ਲੱਖ ਤੋਂ ਵੱਧ ਘਰਾਂ ਨੂੰ ਪਾਣੀ ਦੇ ਪਾਈਪ–ਯੁਕਤ ਕਨੈਕਸ਼ਨ ਮੁਹੱਈਆ ਕਰਵਾਏ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਵਿਧਾਵਾਂ ਨਾਲ ਮਹਿਲਾਵਾਂ ਨੂੰ ਸਭ ਤੋਂ ਵੱਧ ਲਾਭ ਪੁੱਜਾ ਹੈ। ਉੱਜਵਲਾ ਯੋਜਨਾ ਨੇ 35 ਲੱਖ ਪਰਿਵਾਰਾਂ ਦੇ ਰਸੋਈ ਘਰਾਂ ਵਿੱਚ ਗੈਸ ਕਨੈਕਸ਼ਨ ਲੈ ਆਂਦਾ ਹੈ, ਜਿਨ੍ਹਾਂ ਵਿੱਚੋਂ 4 ਲੱਖ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਹਨ। ਐੱਲਪੀਜੀ ਗੈਸ ਕਵਰੇਜ, ਜਿਹੜੀ ਸਾਲ 2014 ‘ਚ 40 ਫ਼ੀਸਦੀ ਸੀ, ਉਹ 99 ਫ਼ੀਸਦੀ ਹੋ ਚੁੱਕੀ ਹੈ। ਐੱਲਪੀਜੀ ਡਿਸਟ੍ਰੀਬਿਊਟਰਜ਼ ਦੀ ਜੋ ਗਿਣਤੀ 2014 ‘ਚ 330 ਸੀ, ਉਹ ਵਧ ਕੇ ਹੁਣ 576 ਹੋ ਗਈ ਹੈ। ਕੋਰੋਨਾ ਕਾਲ ਦੌਰਾਨ 50 ਲੱਖ ਤੋਂ ਵੱਧ ਮੁਫ਼ਤ ਸਿਲੰਡਰ ਵੰਡੇ ਗਏ ਸਨ। ਉੱਜਵਲਾ ਨੇ ਇਸ ਖੇਤਰ ਦੀਆਂ ਮਹਿਲਾਵਾਂ ਦੇ ਜੀਵਨ ਅਸਾਨ ਬਣਾਏ ਹਨ ਅਤੇ ਨਵੇਂ ਵੰਡ ਕੇਂਦਰਾਂ ਨੇ ਨਵਾਂ ਰੋਜ਼ਗਾਰ ਲਿਆਂਦਾ ਹੈ।

 

ਆਪਣੀ ਸਰਕਾਰ ਦੇ ਮੰਤਰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ’ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਸਾਰੇ ਵਰਗਾਂ ਦੇ ਵਿਕਾਸ ਦਾ ਲਾਭ ਲੈ ਰਹੀ ਹੈ। ਉਨ੍ਹਾਂ ਚਾਏ ਕਬੀਲੇ ਦੀ ਸਥਿਤੀ ਨੂੰ ਉਤਾਂਹ ਚੁੱਕਣ ਲਈ ਉਠਾਏ ਗਏ ਕਈ ਕਦਮਾਂ ਦਾ ਜ਼ਿਕਰ ਕੀਤਾ, ਜਿਸ ਨੂੰ ਲੰਮੇ ਸਮੇਂ ਤੱਕ ਅੱਖੋਂ ਪ੍ਰੋਖੇ ਰੱਖਿਆ ਗਿਆ ਸੀ। ਕਬਾਇਲੀਆਂ ਦੇ ਘਰਾਂ ਵਿੱਚ ਪਖਾਨੇ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ, ਸਿਹਤ ਸੁਵਿਧਾਵਾਂ ਤੇ ਰੋਜ਼ਗਾਰ ਮਿਲ ਰਿਹਾ ਹੈ। ਚਾਏ ਕਬੀਲੇ ਦੇ ਮੈਂਬਰਾਂ ਨੂੰ ਬੈਂਕਿੰਗ ਸੁਵਿਧਾਵਾਂ ਨਾਲ ਜੋੜਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਆਪਣੇ ਖਾਤਿਆਂ ਵਿੱਚ ਵਿਭਿੰਨ ਯੋਜਨਾਵਾਂ ਦੇ ਲਾਭ ਸਿੱਧ ਮਿਲ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਮਜ਼ਦੂਰ ਆਗੂ ਸੰਤੋਸ਼ ਟੋਪਨੋ ਜਿਹੇ ਆਗੂਆਂ ਦੇ ਬੁੱਤ ਸਥਾਪਤ ਕਰਕੇ ਇਸ ਕਬੀਲੇ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੇ ਕਬੀਲਿਆਂ ਨੂੰ ਨਾਲ ਲੈ ਕੇ ਚਲਣ ਦੀ ਨੀਤੀ ਕਾਰਨ ਅਸਾਮ ਦਾ ਹਰੇਕ ਖੇਤਰ ਸ਼ਾਂਤੀ ਤੇ ਪ੍ਰਗਤੀ ਦੇ ਰਾਹ ਉੱਤੇ ਅੱਗੇ ਵਧ ਰਿਹਾ ਹੈ। ਇਤਿਹਾਸਿਕ ਬੋਡੋ ਸਮਝੌਤੇ ਨਾਲ ਅਸਾਮ ਦਾ ਇੱਕ ਵੱਡਾ ਹਿੱਸਾ ਹੁਣ ਸ਼ਾਂਤੀ ਤੇ ਵਿਕਾਸ ਦੇ ਪਥ ਉੱਤੇ ਪਰਤ ਆਇਆ ਹੈ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਸਮਝੌਤੇ ਤੋਂ ਬਾਅਦ ‘ਬੋਡੋਲੈਂਡ ਟੈਰੀਟੋਰੀਅਲ ਕੌਂਸਲ’ ਦੇ ਪ੍ਰਤੀਨਿਧਾਂ ਦੀ ਹਾਲੀਆ ਚੋਣ ਨਾਲ ਵਿਕਾਸ ਦੀ ਇੱਕ ਨਵੀਂ ਮਿਸਾਲ ਕਾਇਮ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਪਿਛਲੇ ਛੇ ਸਾਲਾਂ ਦੌਰਾਨ ਕਨੈਕਟੀਵਿਟੀ ਤੇ ਹੋਰ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਲਈ ਪਿਛਲੇ ਛੇ ਸਾਲਾਂ ਦੌਰਾਨ ਉਠਾਏ ਕਦਮ ਗਿਣਵਾਏ। ਅਸਾਮ ਅਤੇ ਉੱਤਰ–ਪੂਰਬ; ਪੂਰਬੀ ਏਸ਼ੀਆਈ ਦੇਸ਼ਾਂ ਨਾਲ ਭਾਰਤੀ ਕਨੈਕਟੀਵਿਟੀ ਵਿੱਚ ਵਾਧਾ ਕਰਨ ਲਈ ਅਹਿਮ ਹਨ। ਅਸਾਮ ਹੁਦ ਆਪਣੇ ਸੁਧਰੇ ਬੁਨਿਆਦੀ ਢਾਂਚ ਕਾਰਨ ‘ਆਤਮਨਿਰਭਰ ਭਾਰਤ’ ਦੇ ਇੱਕ ਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅਸਾਮ ਦੇ ਪਿੰਡਾਂ ਵਿੱਚ 11 ਹਜ਼ਾਰ ਕਿਲੋਮੀਟਰ ਸੜਕਾਂ, ਡਾ. ਭੁਪੇਨ ਹਜ਼ਾਰਿਕ ਸੇਤੂ, ਬੋਗੀਬੀਲ ਪੁਲ, ਸਰਾਏਘਾਟ ਪੁਲ ਅਤੇ ਹੋਰ ਬਹੁਤ ਸਾਰੇ ਬਣਾਏ ਅਤੇ ਬਣਾਏ ਜਾ ਰਹੇ ਪੁਲਾਂ ਨੇ ਅਸਾਮ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕੀਤਾ ਹੈ।

 

ਇਸ ਤੋਂ ਇਲਾਵਾ ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਮਿਆਂਮਾਰ ਨਾਲ ਜਲ–ਮਾਰਗਾਂ ਦੀ ਕਨੈਕਟੀਵਿਟੀ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਅਸਾਮ ਵਿੱਚ ਰੇਲ ਤੇ ਹਵਾਈ ਕਨੈਕਟੀਵਿਟੀ ਵਿੱਚ ਵਾਧਾ ਹੋਣ ਨਾਲ ਇੱਥੇ ਬਿਹਤਰ ਉਦਯੋਗਿਕ ਤੇ ਰੋਜ਼ਗਾਰ ਦੇ ਮੌਕੇ ਆ ਰਹੇ ਹਨ। ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਨਵਾਂ ਆਧੁਨਿਕ ਟਰਮੀਨਲ ਤੇ ਕਸਟਮ ਕਲੀਅਰੈਂਸ ਸੈਂਟਰ, ਕੋਕਰਾਝਾਰ ‘ਚ ਰੂਪਸੀ ਹਵਾਈ ਅੱਡੇ ਦੇ ਆਧੁਨਿਕੀਕਰਣ, ਬੋਂਗਾਈਗਾਓਂ ‘ਚ ਮਲਟੀ ਮੋਡਲ ਲੌਜਿਸਟਿਕਸ ਹੱਬ ਨਾਲ ਅਸਾਮ ਦੇ ਉਦਯੋਗਿਕ ਵਿਕਾਸ ਨੂੰ ਇੱਕ ਨਵਾਂ ਹੁਲਾਰਾ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਗੈਸ–ਅਧਾਰਿਤ ਅਰਥਵਿਵਸਥਾ ਦੀ ਦਿਸ਼ਾ ਵੱਲ ਲਿਜਾਣ ਵਿੱਚ ਅਸਾਮ ਇੱਕ ਪ੍ਰਮੁੱਖ ਭਾਈਵਾਲ ਹੈ। ਅਸਾਮ ਵਿੱਚ ਤੇਲ ਤੇ ਗੈਸ ਬੁਨਿਆਦੀ ਢਾਂਚੇ ਉੱਤੇ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਗਈ ਹੈ। ਗੁਹਾਟੀ–ਬਰੌਨੀ ਗੈਸ ਪਾਈਪਲਾਈਨ ਉੱਤਰ–ਪੂਰਬ ਅਤੇ ਪੂਰਬੀ ਭਾਰਤ ਵਿਚਾਲੇ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗੀ। ਨੁਮਾਲੀਗੜ੍ਹ ਤੇਲ–ਸੋਧਕ ਕਾਰਖਾਨੇ ਵਿੱਚ ਬਾਇਓ–ਰੀਫ਼ਾਈਨਰੀ ਸੁਵਿਧਾ ਨਾਲ ਵਾਧਾ ਕੀਤਾ ਗਿਆ ਹੈ, ਜੋ ਅਸਾਮ ਨੂੰ ਈਥਾਨੌਲ ਜਿਹੇ ਜੈਵਿਕ–ਈਂਧਣ ਦਾ ਇੱਕ ਪ੍ਰਮੁੱਖ ਨਿਰਮਾਤਾ ਬਣਾਵੇਗਾ। ਪ੍ਰਧਾਨ ਮੰਤਰੀ ਨੇ ਅੰਤ ‘ਚ ਕਿਹਾ ਕਿ ਸਥਾਪਤ ਹੋਣ ਜਾ ਰਹੇ ਏਮਸ ਤੇ ਭਾਰਤੀ ਖੇਤੀ ਖੋਜ ਸੰਸਥਾਨ ਨਾਲ ਇਸ ਖੇਤਰ ਦੇ ਨੌਜਵਾਨਾਂ ਲਈ ਹੋਰ ਨਵੇਂ ਰਾਹ ਖੁੱਲ੍ਹਣਗੇ ਤੇ ਇੰਝ ਇਹ ਸਿਹਤ ਤੇ ਸਿੱਖਿਆ ਦਾ ਧੁਰਾ ਬਣੇਗਾ।

 

https://youtu.be/U-DgyJ1pcWM 

 

*****

 

ਡੀਐੱਸ/ਏਕੇ



(Release ID: 1691599) Visitor Counter : 146