ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਕੈਬਨਿਟ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੀ ਉੱਪਰੀ ਸੀਮਾ ਨੂੰ ਸੰਸ਼ੋਧਿਤ ਕਰਨ ਤੇ ਐੱਮਐੱਸਐੱਮਈ ਲਈ ਬਾਕੀ ਰਹਿੰਦੇ ਦੋ ਪੈਕੇਜ (ਓ) ਸੰਕਟਗ੍ਰਸਤ ਐੱਮਐੱਸਐੱਮਈ ਲਈ 20,000 ਕਰੋੜ ਰੁਪਏ ਦਾ ਪੈਕੇਜ ਅਤੇ (ਅ) ਫੰਡ ਆਵ੍ ਫੰਡਸ ਜ਼ਰੀਏ 50,000 ਕਰੋੜ ਰੁਪਏ ਦੀ ਪੂੰਜੀ ਲਗਾਉਣ ਦੇ ਤੌਰ-ਤਰੀਕਿਆਂ ਅਤੇ ਰੋਡਮੈਪ ਨੂੰ ਪ੍ਰਵਾਨਗੀ ਦਿੱਤੀ
‘ਆਤਮਨਿਰਭਰ ਭਾਰਤ ਪੈਕੇਜ’ ਜ਼ਰੀਏ ਐੱਮਐੱਸਐੱਮਈ ਸੈਕਟਰ ਵਿੱਚ ਨਵੀਂ ਜਾਨ ਪਾਉਣ ਦਾ ਰਸਤਾ ਤਿਆਰ ਹੋਵੇਗਾ
Posted On:
01 JUN 2020 5:46PM by PIB Chandigarh
ਭਾਰਤ ਸਰਕਾਰ ਨੇ ਦੇਸ਼ ਦੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨੂੰ ਮੁੜ ਸੁਰਜੀਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਦੇ ਕ੍ਰਮ ਵਿੱਚ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੈਬਨਿਟ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ (ਸੀਸੀਈਏ) ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਆਤਮਨਿਰਭਰ ਦੇ ਤਹਿਤ ਬਾਕੀ ਦੋ ਐਲਾਨਾਂ ਦੇ ਪ੍ਰਭਾਵੀ ਲਾਗੂਕਰਨ ਦੇ ਤੌਰ-ਤਰੀਕਿਆਂ ਅਤੇ ਰੋਡ-ਮੈਪ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਨ੍ਹਾਂ ਵਿੱਚ ਸ਼ਾਮਲ ਹਨ:
ਪੈਕੇਜ ਦੇ ਐਲਾਨ ਵਿੱਚ, ਸੂਖਮ ਮੈਨੂਫੈਕਚਰਿੰਗ ਅਤੇ ਸੇਵਾ ਇਕਾਈ (ਮਾਈਕ੍ਰੋ) ਦੀ ਉੱਪਰੀ ਸੀਮਾ ਨੂੰ ਵਧਾ ਕੇ 1 ਕਰੋੜ ਰੁਪਏ ਦਾ ਨਿਵੇਸ਼ ਅਤੇ 5 ਕਰੋੜ ਰੁਪਏ ਦਾ ਟਰਨਓਵਰ ਕੀਤਾ ਗਿਆ ਹੈ। ਛੋਟੀ ਇਕਾਈ ਦੀ ਉੱਪਰੀ ਸੀਮਾ ਨੂੰ ਵਧਾ ਕੇ 10 ਕਰੋੜ ਰੁਪਏ ਦੇ ਨਿਵੇਸ਼ ਅਤੇ 50 ਕਰੋੜ ਰੁਪਏ ਦਾ ਟਰਨਓਵਰ ਕੀਤਾ ਗਿਆ ਹੈ। ਇਸੇ ਤਰ੍ਹਾਂ ਦਰਮਿਆਨੀ ਇਕਾਈ ਦੀ ਸੀਮਾ ਨੂੰ ਵਧਾ ਕੇ 20 ਕਰੋੜ ਰੁਪਏ ਦੇ ਨਿਵੇਸ਼ ਅਤੇ 100 ਕਰੋੜ ਰੁਪਏ ਦਾ ਟਰਨਓਵਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸੰਸ਼ੋਧਨ ਐੱਮਐੱਸਐੱਮਈ ਵਿਕਾਸ ਐਕਟ 2006 ਵਿੱਚ ਲਾਗੂ ਹੋਣ ਦੇ 14 ਸਾਲ ਬਾਅਦ ਕੀਤਾ ਗਿਆ ਹੈ। 13 ਮਈ, 2020 ਨੂੰ ਪੈਕੇਜ ਦੇ ਐਲਾਨ ਤੋਂ ਬਾਅਦ, ਕਈ ਵਫ਼ਦਾਂ ਨੇ ਇਹ ਤੱਥ ਸਾਹਮਣੇ ਰੱਖਿਆ ਕਿ ਐਲਾਨੇ ਸੰਸ਼ੋਧਨ ਅਜੇ ਵੀ ਬਜ਼ਾਰ ਅਤੇ ਕੀਮਤਾਂ ਦੀਆਂ ਸਥਿਤੀਆਂ ਦੇ ਅਨੁਰੂਪ ਨਹੀਂ ਹਨ ਅਤੇ ਉੱਪਰੀ ਸੀਮਾ ਨੂੰ ਹੋਰ ਸੰਸ਼ੋਧਿਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਦਰਮਿਆਨੀਆਂ ਮੈਨੂਫੈਕਚਰਿੰਗ ਅਤੇ ਸੇਵਾ ਇਕਾਈਆਂ ਦੀ ਸੀਮਾ ਨੂੰ ਹੋਰ ਵਧਾਉਣ ਦਾ ਫੈਸਲਾ ਲਿਆ ਗਿਆ। ਹੁਣ ਇਸ ਦੇ ਲਈ 50 ਕਰੋੜ ਰੁਪਏ ਦੇ ਨਿਵੇਸ਼ ਅਤੇ 250 ਕਰੋੜ ਰੁਪਏ ਦੇ ਕਾਰੋਬਾਰ ਦੀ ਉੱਪਰੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਇਹ ਵੀ ਤੈਅ ਕੀਤਾ ਗਿਆ ਹੈ ਕਿ ਨਿਰਯਾਤ ਦੇ ਸੰਦਰਭ ਵਿੱਚ ਕਾਰੋਬਾਰ ਨੂੰ ਐੱਮਐੱਸਐੱਮ ਇਕਾਈਆਂ ਦੀ ਕਿਸੇ ਵੀ ਸ਼੍ਰੇਣੀ ਲਈ ਕਾਰੋਬਾਰ ਦੀ ਸੀਮਾ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਭਾਵੇਂ ਇਹ ਸੂਖਮ, ਲਘੂ ਜਾਂ ਦਰਮਿਆਨੇ, ਕਿਸੇ ਵੀ ਸ਼੍ਰੇਣੀ ਦਾ ਉੱਦਮ ਹੋਵੇ। ਇਹ ਕਾਰੋਬਾਰ ਕਰਨ ਵਿੱਚ ਅਸਾਨੀ ਦੀ ਦਿੱਸ਼ਾ ਵਿੱਚ ਇੱਕ ਹੋਰ ਕਦਮ ਹੈ। ਇਹ ਐੱਮਐੱਸਐੱਮਈ ਖੇਤਰ ਵਿੱਚ ਨਿਵੇਸ਼ ਨੂੰ ਆਕਰਸਿਤ ਕਰਨ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਹੇਠਾਂ ਦਿੱਤੀ ਸਾਰਣੀ ਸੰਸ਼ੋਧਿਤ ਸੀਮਾ ਦੇ ਵੇਰਵੇ ਪ੍ਰਦਾਨ ਕਰਦੀ ਹੈ:
ਸ਼੍ਰੇਣੀ
|
ਪੁਰਾਣਾ ਨਿਵੇਸ਼
|
ਪੁਰਾਣੀ ਟਰਨਓਵਰ
|
ਨਵਾਂ ਨਿਵੇਸ਼
|
ਨਵੀਂ ਟਰਨਓਵਰ
|
ਸੂਖਮ
|
25 ਲੱਖ
|
10 ਲੱਖ
|
1 ਕਰੋੜ
|
5 ਕਰੋੜ
|
ਲਘੂ
|
5 ਕਰੋੜ
|
2 ਕਰੋੜ
|
10 ਕਰੋੜ
|
50 ਕਰੋੜ
|
ਦਰਮਿਆਨੇ
|
10 ਕਰੋੜ
|
5 ਕਰੋੜ
|
50 ਕਰੋੜ
|
250 ਕਰੋੜ
|
• ਐੱਮਐੱਸਐੱਮਈ ਨੂੰ ਸਹਾਇਕ ਕਰਜ਼ੇ ਦੇ ਰੂਪ ਵਿੱਚ ਪੂੰਜੀ ਸਹਾਇਤਾ ਉਪਲੱਬਧ ਕਰਵਾਉਣ ਲਈ 20,000 ਕਰੋੜ ਰੁਪਏ ਦੇ ਪ੍ਰਾਵਧਾਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸੰਕਟ ਵਿੱਚ 2 ਲੱਖ ਐੱਮਐੱਸਐੱਮਈ ਨੂੰ ਮਦਦ ਮਿਲੇਗੀ।
• ਫੰਡ ਆਵ੍ ਫੰਡਸ (ਐੱਫਓਐੱਫ) ਜ਼ਰੀਏ ਐੱਮਐੱਸਐੱਮਈ ਲਈ 50,000 ਕਰੋੜ ਰੁਪਏ ਦੀ ਪੂੰਜੀ ਲਗਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਹ ਐੱਮਐੱਸਐੱਮਈ ਨੂੰ ਸਮਰੱਥਾ ਵਿਸਤਾਰ ਦੇਣ ਲਈ ਇੱਕ ਫ੍ਰੇਮਵਰਕ ਸਥਾਪਿਤ ਕੀਤੀ ਜਾਵੇਗੀ। ਇਸ ਨਾਲ ਉਨ੍ਹਾਂ ਨੂੰ ਖੁਦ ਨੂੰ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕਰਵਾਉਣ ਦਾ ਵੀ ਮੌਕਾ ਮਿਲੇਗਾ।
ਅੱਜ ਦੀ ਪ੍ਰਵਾਨਗੀ ਨਾਲ, ਆਤਮਨਿਰਭਰ ਭਾਰਤ ਦੇ ਪੂਰੇ ਹਿੱਸੇ ਲਈ ਤੌਰ-ਤਰੀਕੇ ਅਤੇ ਰੋਡਮੇਪ ਹੋਂਦ ਵਿੱਚ ਆ ਗਏ ਹਨ। ਇਸ ਨਾਲ ਐੱਮਐੱਸਐੱਮਈ ਖੇਤਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ।
ਕੋਵਿਡ -19 ਮਹਾਮਾਰੀ ਦੇ ਪ੍ਰਕੋਪ ਦੇ ਕ੍ਰਮ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਾਸ਼ਟਰ ਦੇ ਨਿਰਮਾਣ ਵਿੱਚ ਐੱਮਐੱਸਐੱਮਈ ਦੀ ਭੂਮਿਕਾ ਨੂੰ ਮਾਨਤਾ ਦੇਣ ਲਈ ਤਤਪਰਤਾ ਨਾਲ ਅੱਗੇ ਆਏ ਸਨ। ਇਸ ਲੜੀ ਵਿੱਚ, ਆਤਮਨਿਰਭਰ ਭਾਰਤ ਅਭਿਯਾਨ ਤਹਿਤ ਐੱਮਐੱਸਐੱਮਈ ਲਈ ਕਈ ਮਹੱਤਵਪੂਰਨ ਐਲਾਨ ਕੀਤੇ ਗਏ। ਇਸ ਪੈਕੇਜ ਦੇ ਤਹਿਤ, ਐੱਮਐੱਸਐੱਮਈ ਖੇਤਰ ਲਈ, ਨਾ ਸਿਰਫ ਖਾਸੀ ਐਲੋਕੇਸ਼ਨ ਕੀਤੀ ਗਈ, ਬਲਕਿ ਅਰਥਵਿਵਸਥਾ ਦੀ ਮੁੜ ਸੁਰਜੀਤੀ ਲਈ ਉਪਾਵਾਂ ਨੂੰ ਲਾਗੂ ਕਰਨ ਵਿੱਚ ਵੀ ਪ੍ਰਾਥਮਿਕਤਾ ਦਿੱਤੀ ਗਈ। ਐੱਮਐੱਸਐੱਮਈ ਖੇਤਰ ਨੂੰ ਫੌਰੀ ਰਾਹਤ ਦੇਣ ਲਈ ਪੈਕੇਜ ਤਹਿਤ ਕਈ ਐਲਾਨ ਕੀਤੇ ਗਏ। ਇਸ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਐਲਾਨ ਇਸ ਪ੍ਰਕਾਰ ਹਨ:
• ਸੰਚਾਲਨ ਸਬੰਧੀ ਜ਼ਿੰਮੇਵਾਰੀਆਂ ਪੂਰੀਆਂ ਕਰਨ, ਕੱਚਾ ਮਾਲ ਖਰੀਦਣ ਅਤੇ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਐੱਮਐੱਸਐੱਮਈ ਲਈ 3 ਲੱਖ ਕਰੋੜ ਦਾ ਗਿਰਵੀ-ਮੁਕਤ ਆਟੋਮੈਟਿਕ ਕਰਜ਼ੇ।
• ਖੇਤਰ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਐੱਮਐੱਸਐੱਮਈ ਦੀ ਪਰਿਭਾਸ਼ਾ ਵਿੱਚ ਸੰਸ਼ੋਧਨ ;
• ਘਰੇਲੂ ਕੰਪਨੀਆਂ ਨੂੰ ਵਧੇਰੇ ਮੌਕੇ ਪ੍ਰਦਾਨ ਕਰਨ ਲਈ 200 ਕਰੋੜ ਰੁਪਏ ਤੱਕ ਦੀ ਖਰੀਦ ਲਈ ਗਲੋਬਲ ਟੈਂਡਰਾਂ ਦੀ ਆਗਿਆ ਨਹੀਂ,
• ਸਰਕਾਰ ਅਤੇ ਜਨਤਕ ਖੇਤਰ ਦੇ ਉੱਦਮਾਂ ਦੁਆਰਾ 45 ਦਿਨਾਂ ਦੇ ਅੰਦਰ ਐੱਮਐੱਸਐੱਮਈ ਦੇ ਬਕਾਇਆਂ ਦਾ ਭੁਗਤਾਨ ਕਰਨਾ।
ਭਾਰਤ ਸਰਕਾਰ ਇਸ ਦਿਸ਼ਾ ਵਿੱਚ ਹਰ ਜ਼ਰੂਰੀ ਕਦਮ ਉਠਾ ਰਹੀ ਹੈ, ਜਿਸ ਨਾਲ ਇਨ੍ਹਾਂ ਪ੍ਰਮੁੱਖ ਫੈਸਲਿਆਂ ਦਾ ਐੱਮਐੱਸਐੱਮਈ ਨੂੰ ਛੇਤੀ ਤੋਂ ਛੇਤੀ ਲਾਭ ਮਿਲਣਾ ਸੁਨਿਸ਼ਚਿਤ ਹੋ ਸਕੇ। ਇਸ ਸਬੰਧ ਵਿੱਚ ਹੇਠ ਲਿਖੇ ਜ਼ਰੂਰੀ ਨੀਤੀਗਤ ਫੈਸਲੇ ਪਹਿਲਾਂ ਹੀ ਲਏ ਜਾ ਚੁੱਕੇ ਹਨ ਅਤੇ ਲਾਗੂਕਰਨ ਦੀ ਰਣਨੀਤੀ ਨੂੰ ਲਾਗੂ ਕਰ ਦਿੱਤਾ ਗਿਆ ਹੈ।
• ਤਿੰਨ ਲੱਖ ਕਰੋੜ ਰੁਪਏ ਦੇ ਗਿਰਵੀ ਮੁਕਤ ਆਟੋਮੈਟਿਕ ਲੋਨਾਂ ਦੀ ਯੋਜਨਾ ਨੂੰ ਸੀਸੀਈਏ ਦੁਆਰਾ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਰਸਮੀ ਤੌਰ 'ਤੇ ਇਸ ਦੀ ਪੇਸ਼ਕਸ਼ ਕੀਤੀ ਜਾ ਚੁੱਕੀ ਹੈ।
• ਐੱਮਐੱਸਐੱਮਈ ਦੀ ਪਰਿਭਾਸ਼ਾ ਦੀ ਉੱਪਰੀ ਸੀਮਾ ਵਿੱਚ ਸੰਸ਼ੋਧਨ ਦੇ ਤੌਰ-ਤਰੀਕੇ ਤੈਅ ਕਰ ਦਿੱਤੇ ਗਏ ਹਨ, ਜਿਸ ਵਿੱਚ ਐੱਮਐੱਸਐੱਮਈ ਨੂੰ ਆਪਣੀਆਂ ਸਮਰੱਥਾਵਾਂ ਦੇ ਜ਼ਿਆਦਾ ਤੋਂ ਜ਼ਿਆਦਾ ਦੋਹਨ ਦੇ ਅਵਸਰ ਮਿਲਣਗੇ।
• ਇਸੇ ਤਰ੍ਹਾਂ, 200 ਕਰੋੜ ਰੁਪਏ ਤੱਕ ਦੀ ਖਰੀਦ ਲਈ ਲਾਜ਼ਮੀ ਤੌਰ 'ਤੇ ਗਲੋਬਲ ਟੈਂਡਰ ਨਾ ਮੰਗੇ ਜਾਣ ਲਈ ਆਮ ਵਿੱਤੀ ਨਿਯਮਾਂ ਵਿੱਚ ਸੰਸ਼ੋਧਨ ਕੀਤਾ ਗਿਆ ਹੈ। ਨਵੇਂ ਨਿਯਮ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਅਤੇ ਪ੍ਰਭਾਵੀ ਵੀ ਹੋ ਗਏ ਹਨ। ਇਸ ਨਾਲ ਭਾਰਤੀ ਐੱਮਐੱਸਐੱਮਈ ਲਈ ਕਾਰੋਬਾਰ ਦੇ ਨਵੇਂ ਮੌਕੇ ਮਿਲਣਗੇ।
• ਐੱਮਐੱਸਐੱਮਈ ਨੂੰ 45 ਦਿਨ ਦੀ ਸਮਾਂ ਸੀਮਾ ਦੇ ਅੰਦਰ ਅਦਾਇਗੀ ਨੂੰ ਯਕੀਨੀ ਬਣਾਉਣ ਲਈ ਕੈਬਨਿਟ ਸਕੱਤਰ, ਖਰਚ ਸਕੱਤਰ ਅਤੇ ਸਕੱਤਰ, ਐੱਮਐੱਸਐੱਮਈ ਦੇ ਪੱਧਰ 'ਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
• ਐੱਮਐੱਸਐੱਮਈ ‘ਤੇ ਬੋਝ ਘੱਟ ਕਰਨ ਲਈ, ਭਾਰਤੀ ਰਿਜ਼ਰਵ ਬੈਂਕ ਨੇ ਕਰਜ਼ ਅਦਾਇਗੀ ਲਈ ਸਮਾਂ ਸੀਮਾ ਦੀ ਛੂਟ ਵਿੱਚ ਤਿੰਨ ਮਹੀਨਿਆਂ ਦਾ ਹੋਰ ਵਾਧਾ ਦਿੱਤਾ ਹੈ।
ਇਨ੍ਹਾਂ ਸਾਰੇ ਕਦਮਾਂ ਦੇ ਪ੍ਰਬੰਧਨ ਲਈ ਐੱਮਐੱਸਐੱਮਈ ਮੰਤਰਾਲੇ ਦੁਆਰਾ ਇੱਕ ਮਜ਼ਬੂਤ ਆਈਸੀਟੀ ਅਧਾਰਿਤ ਪ੍ਰਣਾਲੀ ‘ਚੈਂਪੀਅਨਸ’ ਲਾਂਚ ਕੀਤੀ ਗਈ ਹੈ। ਇਸ ਪੋਰਟਲ ਨਾਲ ਐੱਮਐੱਸਐੱਮਈ ਨੂੰ ਵਰਤਮਾਨ ਹਾਲਾਤ ਵਿੱਚ ਨਾ ਸਿਰਫ ਮਦਦ ਮਿਲ ਰਹੀ ਹੈ, ਬਲਕਿ ਕਾਰੋਬਾਰ ਦੇ ਨਵੇਂ ਅਵਸਰ ਹਾਸਲ ਕਰਨ ਲਈ ਦਿਸ਼ਾ-ਨਿਰਦੇਸ਼ ਤੇ ਲੰਬੇ ਸਮੇਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨ ਬਣਨ ਵਿੱਚ ਸਹਾਇਤਾ ਵੀ ਮਿਲ ਰਹੀ ਹੈ।
ਐੱਮਐੱਸਐੱਮਈ ਮੰਤਰਾਲਾ, ਐੱਮਐੱਸਐੱਮਈ ਅਤੇ ਉਨ੍ਹਾਂ ਲੋਕਾਂ ਨੂੰ ਜੋ ਉਨ੍ਹਾਂ ‘ਤੇ ਨਿਰਭਰ ਹਨ, ਸਾਰਿਆਂ ਨੂੰ ਸਹਾਇਤਾ ਦੇਣ ਲਈ ਪ੍ਰਤੀਬੱਧ ਹਨ। ਆਤਮਨਿਰਭਰ ਭਾਰਤ ਪੈਕੇਜ ਤਹਿਤ ਕੀਤੇ ਗਏ ਉਪਾਵਾਂ ਦਾ ਲਾਭ ਲੈਣ ਲਈ ਐੱਮਐੱਸਐੱਮਈ ਨੂੰ ਪ੍ਰੋਤਸਾਹਨ ਦੇਣ ਦੀ ਦਿਸ਼ਾ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਿਛੋਕੜ:
ਐੱਮਐੱਸਐੱਮਈ ਦੇ ਨਾਮ ਨਾਲ ਪੁਕਾਰੇ ਜਾਣ ਵਾਲੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਭਾਰਤੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਖਾਮੋਸ਼ੀ ਨਾਲ ਕੰਮ ਕਰ ਰਹੇ 60 ਕਰੋੜ ਤੋਂ ਜ਼ਿਆਦਾ ਐੱਮਐੱਸਐੱਮਈ ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਹ ਛੋਟੇ ਆਰਥਿਕ ਇੰਜਣ 29 ਪ੍ਰਤੀਸ਼ਤ ਦੇ ਅੰਸ਼ਦਾਨ ਨਾਲ ਦੇਸ਼ ਦੀ ਜੀਡੀਪੀ 'ਤੇ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ। ਉਹ ਦੇਸ਼ ਦੇ ਨਿਰਯਾਤ ਵਿੱਚ ਲਗਭਗ ਅੱਧਾ ਯੋਗਦਾਨ ਕਰਦੇ ਹਨ। ਇਸ ਦੇ ਇਲਾਵਾ ਐੱਮਐੱਸਐੱਮਈ ਖੇਤਰ ਵਿੱਚ 11 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ।
*******
ਵੀਆਰਆਰਕੇ/ਐੱਸਐੱਚ
(Release ID: 1628532)
Visitor Counter : 182