ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਲਈ ਸਾਰੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਨਿਰੰਤਰ ਚੌਕਸੀ ਦੇ ਮਹੱਤਵ ਨੂੰ ਦੁਹਰਾਇਆ
ਮਹਾਮਾਰੀ ਦਾ ਮੁਕਾਬਲਾ ਕਰਨ ਲਈ ਰਾਜ ਅਤੇ ਕੇਂਦਰ ਮਿਲ ਕੇ ਕੰਮ ਕਰਨ: ਪ੍ਰਧਾਨ ਮੰਤਰੀ
ਅਸੀਂ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਨਾਜ਼ੁਕ ਪੜਾਅ ਵਿੱਚ ਹਾਂ; ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ: ਪ੍ਰਧਾਨ ਮੰਤਰੀ
ਮੁੱਖ ਮੰਤਰੀਆਂ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦੇ ਪ੍ਰਭਾਵ ਦੀ ਪ੍ਰਸ਼ੰਸਾ ਕੀਤੀ
Posted On:
20 MAR 2020 7:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਗੱਲਬਾਤ ਕੀਤੀ।
ਚੁਣੌਤੀ ਨਾਲ ਮਿਲਕੇ ਨਜਿੱਠਣਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੀ ਚੁਣੌਤੀ ਸਾਰੇ ਰਾਜਾਂ ਲਈ ਸਾਂਝੀ ਹੈ ਅਤੇ ਉਨ੍ਹਾਂ ਨੇ ਕੇਂਦਰ ਅਤੇ ਸਾਰੇ ਰਾਜਾਂ ਦੇ ਮਿਲਕੇ ਕੰਮ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਨਾਗਰਿਕਾਂ ਦੀ ਭਾਗੀਦਾਰੀ ਜ਼ਰੂਰੀ ਹੈ ਲੇਕਿਨ ਘਬਰਾਹਟ ਤੋਂ ਬਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਕਿ ਵਾਇਰਸ ਦੇ ਕਈ ਦੇਸ਼ਾਂ ਵਿੱਚ ਫੈਲਣ ਦੇ ਆਲਮੀ ਸੰਦਰਭ ‘ਚ ਨਿਰੰਤਰ ਚੌਕਸੀ ਬਹੁਤ ਹੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਗਲੇ ਤਿੰਨ-ਚਾਰ ਹਫਤੇ ਬਹੁਤ ਹੀ ਨਾਜ਼ੁਕ ਹਨ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ "ਸਮਾਜਿਕ ਦੂਰੀ" ਸਭ ਤੋਂ ਮਹੱਤਵਪੂਰਨ ਕਦਮ ਹੈ। ਉਨ੍ਹਾਂ ਮੁੱਖ ਮੰਤਰੀਆਂ ਨੂੰ ਇਸ ਦਾ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਦੀ ਬੇਨਤੀ ਕੀਤੀ।
ਹੁਣ ਤੱਕ ਚੁੱਕੇ ਗਏ ਕਦਮ
ਭਾਰਤ ਸਰਕਾਰ ਦੀ ਸਿਹਤ ਸਕੱਤਰ, ਸ਼ੁਸ੍ਰੀ ਪ੍ਰੀਤੀ ਸੂਦਨ ਨੇ ਹੁਣ ਤੱਕ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਸੂਚਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਪ੍ਰਧਾਨ ਮੰਤਰੀ ਨੇ ਨਿਜੀ ਤੌਰ ‘ਤੇ ਹੁਣ ਤੱਕ ਕੀਤੇ ਗਏ ਯਤਨਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ ਰਾਜਾਂ ਨਾਲ ਚਲ ਰਹੇ ਸਹਿਯੋਗ, ਅੰਤਰਰਾਸ਼ਟਰੀ ਯਾਤਰੀਆਂ ਦੀ ਮਾਨੀਟ੍ਰਿੰਗ ਇਸ ਬਿਮਾਰੀ ਦੇ ਫੈਲਣ ਉੱਤੇ ਭਾਈਚਾਰਕ ਨਿਗਰਾਨੀ ਰੱਖਣ, ਟੈਸਟਿੰਗ ਸੁਵਿਧਾਵਾਂ ਦੇ ਲੌਜਿਸਟਿਕਸ, ਯਾਤਰਾ ਪਾਬੰਦੀਆਂ ਅਤੇ ਵਿਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਬਾਰੇ ਜਾਣਕਾਰੀ ਦਿੱਤੀ। ।
ਆਈਸੀਐੱਮਆਰ ਦੇ ਡਾਇਰੈਕਟਰ ਜਨਰਲ, ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਭਾਰਤ ਇਸ ਵੇਲੇ ਇਸ ਬਿਮਾਰੀ ਦੇ ਫੈਲਾਅ ਦੇ ਦੂਜੇ ਪੜਾਅ ਵਿੱਚ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਇਸ ਵੇਲੇ ਪੜਾਅ-3 ਦੀ ਟਰਾਂਸਮਿਸ਼ਨ ਦੇ ਜੋਖਮ ਨੂੰ ਘਟਾਉਣ ਲਈ ਕਾਰਵਾਈ ਕਰਨ ਦੀ ਖਿੜਕੀ ਵਿੱਚ ਹੈ। ਉਨ੍ਹਾਂ ਸਿਹਤ ਸੁਵਿਧਾਵਾਂ ਦੀ ਢੁਕਵੀਂ ਵਰਤੋਂ ਦੇ ਮਹੱਤਵ ਬਾਰੇ ਦੱਸਿਆ ਅਤੇ ਕੁਆਰੰਟੀਨ ਸੁਵਿਧਾਵਾਂ ਅਤੇ ਆਈਸੋਲੇਸ਼ਨ ਵਾਰਡਾਂ ਨੂੰ ਵਧਾਉਣ 'ਤੇ ਫੋਕਸ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਮੁੱਖ ਮੰਤਰੀਆਂ ਨੇ ਕਿਹਾ
ਮੁੱਖ ਮੰਤਰੀਆਂ ਨੇ ਕੋਵਿਡ-19 ਨਾਲ ਨਜਿੱਠਣ ਲਈ ਕੇਂਦਰ ਵੱਲੋਂ ਰਾਜਾਂ ਨੂੰ ਦਿੱਤੀ ਜਾ ਰਹੀ ਮਦਦ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਵਿੱਚ ਦਿੱਤੇ ਸੰਦੇਸ਼ ਦੇ ਪ੍ਰਭਾਵ ਦੀ ਪ੍ਰਸ਼ੰਸਾ ਕੀਤੀ।
ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਅਤੇ ਹੋਰਨਾਂ ਨੂੰ ਹੁਣ ਤੱਕ ਕੀਤੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਆਪਣੀਆਂ ਪੇਸ਼ਕਾਰੀਆਂ ਦੌਰਾਨ ਉਨ੍ਹਾਂ ਨੇ ਬੇਨਤੀ ਕੀਤੀ ਕਿ ਟੈਸਟਿੰਗ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾਵੇ, ਨਾਜ਼ੁਕ ਵਰਗਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇ, ਰਾਜਾਂ ਨੂੰ 2020-21 ਲਈ ਵਿੱਤੀ ਮਦਦ ਜਲਦੀ ਦਿੱਤੀ ਜਾਵੇ ਅਤੇ ਵੱਡੀ ਸੰਖਿਆ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਅਤੇ ਹਸਪਤਾਲ ਵੀ ਨਾਲ ਜੋੜੇ ਜਾਣ।
ਸਾਰੇ ਮੁੱਖ ਮੰਤਰੀਆਂ ਨੇ ਆਪਣੀ ਪੂਰੀ ਮਦਦ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਾਰੇ ਰਾਜ ਭਾਰਤ ਸਰਕਾਰ ਨਾਲ ਮਿਲਕੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਕੰਮ ਕਰਨਗੇ।
ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਸਮਰਥਨ ਦਾ ਭਰੋਸਾ ਦਿਵਾਇਆ
ਪ੍ਰਧਾਨ ਮੰਤਰੀ ਨੇ ਰਾਜਾਂ ਵੱਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ ਅਨੁਭਵ ਸਾਂਝੇ ਕਰਨ ਅਤੇ ਸੁਝਾਅ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਿਹਤ ਸੰਭਾਲ਼ ਵਰਕਰਾਂ ਦੀ ਸਮਰੱਥਾ ਵਿੱਚ ਵਾਧਾ ਕਰਨ ਦੀ ਹੰਗਾਮੀ ਜ਼ਰੂਰਤ ਬਾਰੇ ਗੱਲ ਕੀਤੀ ਅਤੇ ਨਾਲ ਹੀ ਸਿਹਤ ਸੰਭਾਲ਼ ਢਾਂਚੇ ਵਿੱਚ ਤੇਜ਼ੀ ਲਿਆਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਮੁੱਖ ਮੰਤਰੀ ਆਪਣੇ ਰਾਜਾਂ ਵਿੱਚ ਵਪਾਰ ਸੰਸਥਾਵਾਂ ਨਾਲ ਵੀਡੀਓ ਕਾਨਫਰੰਸ ਕਰਕੇ ਬਲੈਕ ਮਾਰਕਿਟਿੰਗ ਰੋਕਣ ਅਤੇ ਕੀਮਤਾਂ ਵਿੱਚ ਹੋ ਗ਼ੈਰ-ਜ਼ਰੂਰੀ ਵਾਧੇ ਉੱਤੇ ਕਾਬੂ ਪਾਉਣ ਲਈ ਚਰਚਾ ਕਰਨ। ਉਨ੍ਹਾਂ ਮੁੱਖ ਮੰਤਰੀਆਂ ਨੂੰ ਤਾਕੀਦ ਕੀਤੀ ਕਿ ਉਹ ਜਿੱਥੇ ਜ਼ਰੂਰੀ ਹੋਵੇ ਪ੍ਰੇਰਣਾ ਦੀ ਤਾਕਤ ਦੀ ਵਰਤੋਂ ਕਰਨ ਤੋਂ ਇਲਾਵਾ ਕਾਨੂੰਨੀ ਪ੍ਰਾਵਧਾਨਾਂ ਦੀ ਮਦਦ ਵੀ ਲੈਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਾਇਮ ਕੀਤੀ ਗਈ ਕੋਵਿਡ-19 ਆਰਥਿਕ ਟਾਸਕ ਫੋਰਸ ਆਰਥਿਕ ਚੁਣੌਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਢੁਕਵੀਂ ਰਣਨੀਤੀ ਤਿਆਰ ਕਰੇਗੀ। ਉਨ੍ਹਾਂ ਮੁੱਖ ਮੰਤਰੀਆਂ ਨੂੰ ਤਾਕੀਦ ਕੀਤੀ ਕਿ ਇਹ ਸੁਨਿਸ਼ਚਿਤ ਕਰਨ ਕਿ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਸਾਰੀਆਂ ਸਲਾਹਾਂ ਉੱਤੇ ਅਮਲ ਕੀਤਾ ਜਾਵੇ ਤਾਕਿ ਨਾਗਰਿਕਾਂ ਦੀ ਸੁਰੱਖਿਆ ਸੁਨਿਸ਼ਚਿਤ ਹੋਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਲੜਨ ਦੇ ਮਾਮਲੇ ਵਿੱਚ ਸਾਡੇ ਸਾਂਝੇ ਯਤਨਾਂ ‘ਚ ਕੋਈ ਢਿੱਲ ਨਾ ਰਹੇ।
******
ਵੀਆਰਆਰਕੇ/ ਕੇਪੀ
(Release ID: 1607449)
Visitor Counter : 189