ਪ੍ਰਧਾਨ ਮੰਤਰੀ ਦਫਤਰ
ਅਟਲ ਜਲ ਯੋਜਨਾ, ਲਾਂਚ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
25 DEC 2019 2:18PM by PIB Chandigarh
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਰਾਜਨਾਥ ਸਿੰਘ ਜੀ, ਸ਼੍ਰੀ ਗਜੇਂਦਰ ਸ਼ੇਖਾਵਤ ਜੀ, ਹੋਰ ਮਹਾਨੁਭਾਵ ਅਤੇ ਇੱਥੇ ਹਾਜ਼ਰ ਦੇਵੀਓ ਅਤੇ ਸੱਜਣੋਂ !
ਦੇਸ਼ ਭਰ ਦੇ ਅਨੇਕ ਕੌਮਨ ਸਰਵਿਸ ਸੈਂਟਰਾਂ ਤੋਂ ਆਏ ਹਜ਼ਾਰਾਂ ਲੋਕ, ਖਾਸ ਕਰਕੇ ਪਿੰਡਾਂ ਦੇ ਪੰਚ-ਸਰਪੰਚ ਵੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਹਨ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ, ਉੱਥੋਂ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀ, ਵਣ ਮੰਤਰੀ ਸ਼੍ਰੀ ਗੋਵਿੰਦ ਸਿੰਘ ਠਾਕੁਰ ਜੀ, ਸਾਂਸਦ ਰਾਮ ਸਵਰੂਪ ਸ਼ਰਮਾ ਜੀ ਵੀ ਤਕਨੀਕ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹਨ।
ਉਨ੍ਹਾਂ ਦੇ ਨਾਲ ਅਟਲ ਜੀ ਦੇ ਪਿਆਰੇ ਪਿੰਡ ਤੋਂ ਵੀ ਕੁਝ ਲੋਕ ਜੁੜੇ ਹੋਏ ਹਨ।
ਮੈਂ ਤੁਹਾਡਾ ਸਾਰਿਆਂ ਦਾ ਵੀ ਸੁਆਗਤ ਕਰਦਾ ਹਾਂ, ਅਭਿਨੰਦਨ ਕਰਦਾ ਹਾਂ।
ਅੱਜ ਇਸ ਮੰਚ ਤੋਂ ਸਭ ਤੋਂ ਪਹਿਲਾਂ ਮੈਂ ਦੇਸ਼ ਦੇ ਲੋਕਾਂ ਨੂੰ, ਦੁਨੀਆ ਨੂੰ, ਕ੍ਰਿਸਮਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
Merry Christmas!!!
ਅੱਜ ਭਾਰਤ ਦੇ ਦੋ-ਦੋ ਰਤਨਾਂ, ਸਾਡੇ ਸਾਰਿਆਂ ਦੀ ਸ਼ਰਧਾ ਦੇ ਪਾਤਰ ਅਟਲ ਜੀ ਅਤੇ ਮਹਾਮਨਾ ਮਦਨ ਮੋਹਨ ਮਾਲਵੀਯ ਜੀ ਦਾ ਜਨਮਦਿਵਸ ਵੀ ਹੈ।
ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਦੇਸ਼ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਮੈਨੂੰ ਦੱਸਿਆ ਗਿਆ ਹੈ ਕਿ ਪ੍ਰੀਣੀ ਵਿੱਚ ਅੱਜ ਅਟਲ ਜੀ ਦੀ ਯਾਦ ਵਿੱਚ ਹਵਨ ਹੋਇਆ ਹੈ, ਕੁਝ ਹੋਰ ਪ੍ਰੋਗਰਾਮ ਵੀ ਹੋਏ ਹਨ।
ਸਾਥੀਓ,
ਅੱਜ ਦੇਸ਼ ਲਈ ਬਹੁਤ ਮਹੱਤਵਪੂਰਨ ਇੱਕ ਵੱਡੇ ਪ੍ਰੋਜੈਕਟ ਦਾ ਨਾਮ ਅਟਲ ਜੀ ਨੂੰ ਸਮਰਪਿਤ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਨੂੰ ਲੱਦਾਖ ਅਤੇ ਜੰਮੂ ਕਸ਼ਮੀਰ ਨਾਲ ਜੋੜਨ ਵਾਲੀ, ਮਨਾਲੀ ਨੂੰ ਲੇਹ ਨਾਲ ਜੋੜਨ ਵਾਲੀ, ਰੋਹਤਾਂਗ ਟਨਲ, ਹੁਣ ਅਟਲ ਟਨਲ ਦੇ ਨਾਮ ਨਾਲ ਜਾਣੀ ਜਾਵੇਗੀ।
ਹਿਮਾਚਲ ਦੇ ਲੋਕਾਂ ਨੂੰ, ਪ੍ਰੀਣੀ ਦੇ ਲੋਕਾਂ ਨੂੰ ਇਹ ਸਰਕਾਰ ਵੱਲੋਂ ਅਟਲ ਜੀ ਦੇ ਜਨਮਦਿਨ ’ਤੇ ਇੱਕ ਛੋਟਾ ਜਿਹਾ ਉਪਹਾਰ ਹੈ।
ਇਹ ਅਟਲ ਜੀ ਹੀ ਸਨ, ਜਿਨ੍ਹਾਂ ਨੇ ਇਸ ਟਨਲ ਦੇ ਮਹੱਤਵ ਨੂੰ ਸਮਝਿਆ ਅਤੇ ਇਸ ਦੇ ਨਿਰਮਾਣ ਦਾ ਮਾਰਗ ਬਣਾਇਆ ਸੀ।
ਅਟਲ ਜੀ ਦੇ ਨਾਮ ’ਤੇ ਇਸ ਟਨਲ ਦਾ ਨਾਮਕਰਨ ਹੋਣਾ, ਹਿਮਾਚਲ ਦੇ ਪ੍ਰਤੀ ਉਨ੍ਹਾਂ ਦੇ ਲਗਾਅ ਅਤੇ ਅਟਲ ਜੀ ਦੇ ਪ੍ਰਤੀ ਆਪ ਸਾਰਿਆਂ ਦੇ ਆਦਰ ਅਤੇ ਅਸੀਮ ਪਿਆਰ ਦਾ ਵੀ ਪ੍ਰਤੀਕ ਹੈ।
ਸਾਥੀਓ,
ਪਾਣੀ ਦਾ ਵਿਸ਼ਾ ਅਟਲ ਜੀ ਦੇ ਲਈ ਮਹੱਤਵਪੂਰਨ ਸੀ, ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ।
ਪਾਣੀ ਨੂੰ ਲੈ ਕੇ ਉਨ੍ਹਾਂ ਦਾ ਵਿਜ਼ਨ, ਸਾਨੂੰ ਅੱਜ ਵੀ ਪ੍ਰੇਰਣਾ ਦਿੰਦਾ ਹੈ।
ਅਟਲ ਜਲ ਯੋਜਨਾ ਹੋਵੇ ਜਾਂ ਫਿਰ ਜਲ ਜੀਵਨ ਮਿਸ਼ਨ ਨਾਲ ਜੁੜੀਆਂ ਗਾਈਡਲਾਈਨਸ, ਇਹ 2024 ਤੱਕ ਦੇਸ਼ ਦੇ ਹਰ ਘਰ ਤੱਕ ਜਲ ਪਹੁੰਚਾਉਣ ਦੇ ਸੰਕਲਪ ਨੂੰ ਸਿੱਧ ਕਰਨ ਵਿੱਚ ਇੱਕ ਵੱਡਾ ਕਦਮ ਹਨ।
ਸਾਥੀਓ,
ਇਹ ਪਾਣੀ ਹੀ ਤਾਂ ਹੈ ਜੋ ਘਰ, ਖੇਤ ਅਤੇ ਉਦਯੋਗ, ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ।
ਅਤੇ ਸਾਡੇ ਇੱਥੇ ਪਾਣੀ ਦੇ ਸਰੋਤਾਂ ਦੀ ਕੀ ਸਥਿਤੀ ਹੈ ਇਹ ਕਿਸੇ ਤੋਂ ਛੁਪੀ ਨਹੀਂ ਹੈ।
ਪਾਣੀ ਦਾ ਇਹ ਸੰਕਟ ਇੱਕ ਪਰਿਵਾਰ ਦੇ ਰੂਪ ਵਿੱਚ ਇੱਕ ਨਾਗਰਿਕ ਦੇ ਰੂਪ ਵਿੱਚ ਸਾਡੇ ਲਈ ਚਿੰਤਾਜਨਕ ਤਾਂ ਹੈ ਹੀ, ਇੱਕ ਦੇਸ਼ ਦੇ ਰੂਪ ਵਿੱਚ ਵੀ ਇਹ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ।
ਨਿਊ ਇੰਡੀਆ ਨੂੰ ਸਾਨੂੰ ਜਲ ਸੰਕਟ ਦੀ ਹਰ ਸਥਿਤੀ ਨਾਲ ਨਿਪਟਣ ਲਈ ਤਿਆਰ ਕਰਨਾ ਹੈ।
ਇਸ ਦੇ ਲਈ ਅਸੀਂ ਪੰਜ ਪੱਧਰਾਂ ’ਤੇ ਇੱਕਠੇ ਕੰਮ ਕਰ ਰਹੇ ਹਾਂ।
ਪਹਿਲਾ – ਪਾਣੀ ਨਾਲ ਜੁੜੇ ਜੋ ਡਿਪਾਰਟਮੈਂਟ ਹਨ,ਅਸੀਂ ਉਨ੍ਹਾਂ ਦੇ Silos ਨੂੰ ਤੋੜਿਆ ।
ਦੂਜਾ – ਭਾਰਤ ਜਿਹੇ ਵਿਵਿਧਤਾ ਭਰੇ ਦੇਸ਼ ਵਿੱਚ ਅਸੀਂ ਹਰ ਖੇਤਰ ਦੀ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ ਯੋਜਨਾਵਾਂ ਦਾ ਸਰੂਪ ਤੈਅ ਕਰਨ ’ਤੇ ਜ਼ੋਰ ਦਿੱਤਾ।
ਤੀਜਾ – ਜੋ ਪਾਣੀ ਉਪਲੱਬਧ ਹੁੰਦਾ ਹੈ, ਉਸ ਦੇ ਸਹੀ ਭੰਡਾਰਨ ਅਤੇ ਵੰਡ ’ਤੇ ਧਿਆਨ ਦਿੱਤਾ।
ਚੌਥਾ – ਪਾਣੀ ਦੀ ਇੱਕ-ਇੱਕ ਬੂੰਦ ਦਾ ਇਸਤੇਮਾਲ ਹੋਵੇ, ਪਾਣੀ ਦੀ recycling ਹੋਵੇ, ਇਸ ਨੂੰ ਯੋਜਨਾਵਾਂ ਵਿੱਚ ਪ੍ਰਾਥਮਿਕਤਾ ਦਿੱਤੀ ।
ਅਤੇ
ਪੰਜਵਾਂ – ਸਭ ਤੋਂ ਮਹੱਤਵਪੂਰਨ – ਜਾਗਰੂਕਤਾ ਅਤੇ ਜਨ ਭਾਗੀਦਾਰੀ।
ਸਾਥੀਓ,
ਚੋਣਾਂ ਤੋਂ ਪਹਿਲਾਂ ਜਦੋਂ ਅਸੀਂ ਪਾਣੀ ਲਈ ਸਮਰਪਿਤ ਇੱਕ ਜਲ ਸ਼ਕਤੀ ਮੰਤਰਾਲੇ ਦੀ ਗੱਲ ਕੀਤੀ ਸੀ, ਤਾਂ ਕੁਝ ਲੋਕਾਂ ਨੂੰ ਲਗਿਆ ਕਿ ਇਹ ਕੈਸਾ ਵਾਅਦਾ ਹੈ।
ਲੇਕਿਨ ਬਹੁਤ ਘੱਟ ਲੋਕਾਂ ਨੇ ਇਸ ਗੱਲ ’ਤੇ ਗੌਰ ਕੀਤਾ ਕਿ ਕਿਉਂ ਇਸ ਦੀ ਜ਼ਰੂਰਤ ਸੀ।
ਸਾਥੀਓ,
ਵਰ੍ਹਿਆਂ ਤੋਂ ਸਾਡੇ ਇੱਥੇ ਪਾਣੀ ਨਾਲ ਜੁੜੇ ਵਿਸ਼ੇ, ਚਾਹੇ Resources ਹੋਣ, Conservation ਹੋਵੇ, Management ਹੋਵੇ, ਤਮਾਮ ਅਪਰੇਸ਼ਨ ਅਤੇ ਕੰਮ ਅਲੱਗ-ਅਲੱਗ ਡਿਪਾਰਟਮੈਂਟਾਂ ਅਤੇ ਮੰਤਰਾਲਿਆਂ ਵਿੱਚ ਰਹੇ।
ਯਾਨੀ ਇੱਕ ਤਰ੍ਹਾਂ ਨਾਲ ਕਹੋ ਤਾਂ ਜਿਸ Silos ਦੀ ਮੈਂ ਗੱਲ ਕਰਦਾ ਹਾਂ, ਉਸ ਦਾ ਇਹ ਬਿਹਤਰੀਨ ਉਦਾਹਰਣ ਸੀ।
ਇਸ ਵਜ੍ਹਾ ਨਾਲ ਕਿਤੇ ਰਾਜ ਅਤੇ ਕੇਂਦਰ ਸਰਕਾਰ ਵਿੱਚ, ਕਿਤੇ ਕੇਂਦਰ ਸਰਕਾਰ ਦੇ ਅਲੱਗ-ਅਲ਼ੱਗ ਮੰਤਰਾਲਿਆਂ ਵਿੱਚ, ਕਿਤੇ ਅਲੱਗ-ਅਲੱਗ ਵਿਭਾਗਾਂ ਅਤੇ ਮੰਤਰਾਲਿਆਂ ਦਰਮਿਆਨ ਅਕਸਰ ਵਿਵਾਦ ਹੁੰਦਾ ਰਹਿੰਦਾ ਸੀ, ਕੁਝ ਨਾ ਕੁਝ ਦਿੱਕਤਾਂ ਆਉਂਦੀਆਂ ਰਹਿੰਦੀਆਂ ਸਨ।
ਇਸ ਦਾ ਨੁਕਸਾਨ ਇਹ ਹੋਇਆ ਕਿ ਪਾਣੀ ਜਿਹੀਆਂ ਮੂਲ ਜ਼ਰੂਰਤਾਂ ਲਈ ਜੋ Holistic Approach ਹੋਣੀ ਚਾਹੀਦੀ ਸੀ, ਉਹ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਅਪਣਾਈ ਨਹੀਂ ਜਾ ਸਕੀ।
ਜਲ ਸ਼ਕਤੀ ਮੰਤਰਾਲੇ ਨੇ ਇਸ Compartmentalized Approach ਤੋਂ ਪਾਣੀ ਨੂੰ ਬਾਹਰ ਕੱਢਿਆ ਅਤੇ Comprehensive Approach ’ਤੇ ਬਲ ਦਿੱਤਾ।
ਇਸ ਮਾਨਸੂਨ ਵਿੱਚ ਅਸੀਂ ਦੇਖਿਆ ਹੈ ਕਿ ਸਮਾਜ ਵੱਲੋਂ, ਜਲ ਸ਼ਕਤੀ ਮੰਤਰਾਲਾ ਵੱਲੋਂ Water Conservation ਲਈ ਕਿਵੇਂ ਵਿਆਪਕ ਪ੍ਰਯਤਨ ਹੋਏ ਹਨ।
ਸਾਥੀਓ,
ਜਿਸ ਖੇਤਰੀ ਵਿਵਿਧਤਾ ਦੀ ਗੱਲ ਮੈਂ ਕੀਤੀ, ਉਹ ਪਾਣੀ ਨਾਲ ਜੁੜੇ ਪ੍ਰੋਜੈਕਟਾਂ ਲਈ ਬਹੁਤ ਮਹੱਤਵਪੂਰਨ ਹੈ।
ਸਾਡੇ ਇੱਥੇ ਤਾਂ ਕਿਹਾ ਜਾਂਦਾ ਹੈ ਕਿ ਹਰ ਕੋਹ ’ਤੇ ਪਾਣੀ ਬਦਲ ਜਾਂਦਾ ਹੈ।
ਹੁਣ ਜੋ ਦੇਸ਼ ਇੰਨ੍ਹਾਂ ਵਿਵਿਧ ਹੋਵੇ, ਇੰਨਾ ਵਿਸਤ੍ਰਿਤ ਹੋਵੇ, ਉੱਥੇ ਪਾਣੀ ਜਿਹੇ ਵਿਸ਼ੇ ਲਈ ਸਾਨੂੰ ਹਰ ਖੇਤਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਅੱਗੇ ਵਧਣਾ ਹੋਵੇਗਾ।
ਇਸੇ ਸੋਚ ਨੇ ਅਟਲ ਜਲ ਯੋਜਨਾ ਦਾ ਅਧਾਰ ਤੈਅ ਕੀਤਾ ਹੈ।
ਯਾਨੀ ਇੱਕ ਪਾਸੇ ਜਲ ਜੀਵਨ ਮਿਸ਼ਨ ਹੈ, ਜੋ ਹਰ ਘਰ ਤੱਕ ਪਾਈਪ ਤੋਂ ਜਲ ਪਹੁੰਚਾਉਣ ਦਾ ਕੰਮ ਕਰੇਗਾ ਅਤੇ ਦੂਜੇ ਪਾਸੇ ਅਟਲ ਯੋਜਨਾ ਹੈ, ਜੋ ਉਨ੍ਹਾਂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇਵੇਗੀ ਜਿੱਥੇ ਗਰਾਊਂਡਵਾਟਰ ਬਹੁਤ ਨੀਚੇ ਹੈ।
ਇਸ ਯੋਜਨਾ ਨਾਲ ਮਹਾਰਾਸ਼ਟਰ, ਹਰਿਆਣਾ, ਕਰਨਾਟਕ, ਰਾਜਸਥਾਨ, ਯੂਪੀ, ਐੱਮਪੀ ਅਤੇ ਗੁਜਰਾਤ, ਇਨ੍ਹਾਂ ਸੱਤ ਰਾਜਾਂ ਦੇ ਭੂਜਲ ਨੂੰ ਉੱਪਰ ਉਠਾਉਣ ਵਿੱਚ ਬਹੁਤ ਮਦਦ ਮਿਲੇਗੀ।
ਇਨ੍ਹਾਂ ਸੱਤ ਰਾਜਾਂ ਦੇ 78 ਜ਼ਿਲ੍ਹਿਆਂ ਵਿੱਚ, 8,300 ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਵਿੱਚ ਭੂਜਲ ਦਾ ਪੱਧਰ ਚਿੰਤਾਜਨਕ ਸਥਿਤੀ ਵਿੱਚ ਹੈ।
ਇਸ ਦਾ ਕੀ ਖਮਿਆਜਾ ਉੱਥੋਂ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ, ਉਹ ਇਸ ਸਮੇਂ ਸਾਡੇ ਨਾਲ ਲਾਈਵ ਜੁੜੇ ਹੋਏ ਸਾਥੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ।
ਇਨ੍ਹਾਂ ਖੇਤਰਾਂ ਦੇ ਕਿਸਾਨਾਂ ਦੀਆਂ, ਪਸ਼ੂਪਾਲਕਾਂ ਦੀਆਂ, ਛੋਟੇ-ਛੋਟੇ ਉੱਦਮੀਆਂ ਦੀਆਂ, ਉੱਥੋਂ ਦੀਆਂ ਮਹਿਲਾਵਾਂ ਦੀਆਂ ਦਿੱਕਤਾਂ ਕਿਸੇ ਤੋਂ ਛੁਪੀਆਂ ਹੋਈਆਂ ਨਹੀਂ ਹਨ।
ਸਾਥੀਓ,
ਲੋਕਾਂ ਨੂੰ ਇਨ੍ਹਾਂ ਦਿੱਕਤਾਂ ਤੋਂ ਮੁਕਤੀ ਮਿਲੇ, ਜਲ ਪੱਧਰ ਵਿੱਚ ਸੁਧਾਰ ਹੋਵੇ, ਇਸ ਦੇ ਲਈ ਸਾਨੂੰ ਜਾਗਰੂਕਤਾ ਅਭਿਯਾਨ ਚਲਾਉਣੇ ਹੋਣਗੇ, ਆਰਟੀਫੀਸ਼ਲ ਇੰਟੈਲੀਜੈਂਸ, ਇੰਟਰਨੈੱਟ ਆਵ੍ ਥਿੰਗਸ ਅਤੇ ਜ਼ਰੂਰੀ ਡੇਟਾ ਨੂੰ ਜੋੜਨਾ ਪਵੇਗਾ।
ਅਤੇ ਸਭ ਤੋਂ ਪ੍ਰਮੁੱਖ ਗੱਲ, ਸਾਨੂੰ ਜਲ ਸੁਰੱਖਿਆ ਅਤੇ ਸੰਵਰਧਨ ’ਤੇ ਬਲ ਦੇਣਾ ਹੋਵੇਗਾ ਤਾਕਿ ਪਾਣੀ ਦੀ ਇੱਕ-ਇੱਕ ਬੂੰਦ ਦਾ ਉਚਿਤ ਉਪਯੋਗ ਹੋਵੇ ।
ਆਖਿਰ, ਇਹ ਹੋਵੇਗਾ ਕਿਵੇਂ?
ਇਸ ਟੀਮ ਦੀ ਅਗਵਾਈ ਕੌਣ ਕਰੇਗਾ?
ਅਫਸਰ, ਕਰਮਚਾਰੀ, ਬਿਊਰੋਕ੍ਰੈਟ?
ਨਹੀਂ।
ਇਸ ਦੇ ਲਈ ਸਾਨੂੰ ਉਨ੍ਹਾਂ ਲੋਕਾਂ ਤੱਕ ਜਾਣਾ ਹੋਵੇਗਾ, ਉਨ੍ਹਾਂ ਲੋਕਾਂ ਨੂੰ ਜੋੜਨਾ ਹੋਵੇਗਾ, ਜੋ ਪਾਣੀ ਦਾ ਇਸਤੇਮਾਲ ਕਰਦੇ ਹਨ, ਜੋ ਪਾਣੀ ਦੇ ਸੰਕਟ ਤੋਂ ਪ੍ਰਭਾਵਿਤ ਹਨ ।
ਇਸ ਦੇ ਲਈ ਸਾਨੂੰ ਆਪਣੀਆਂ ਉਨ੍ਹਾਂ ਮਾਤਾਵਾਂ-ਭੈਣਾਂ ਦੇ ਪਾਸ ਜਾਣਾ ਹੋਵੇਗਾ ਜੋ ਘਰਾਂ ਦੀਆਂ ਅਸਲੀ ਮੁਖੀ ਹੁੰਦੀਆਂ ਹਨ। ਘਰਾਂ ਵਿੱਚ ਪਾਣੀ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਹੋਵੇ, ਜਿੱਥੋਂ ਤੱਕ ਸੰਭਵ ਹੋਵੇ Recycle ਕੀਤੇ ਪਾਣੀ ਨਾਲ ਕੰਮ ਚਲਾਇਆ ਜਾਵੇ, ਇਹ ਅਨੁਸ਼ਾਸਨ ਘਰਾਂ ਦੇ ਅੰਦਰ ਲਿਆਉਣਾ ਹੀ ਹੋਵੇਗਾ।
ਇਸ ਦੇ ਲਈ ਸਾਨੂੰ ਕਿਸਾਨਾਂ ਦੇ ਪਾਸ ਵੀ ਜਾਣਾ ਹੋਵੇਗਾ।
ਸਾਡੀ ਖੇਤੀ ਭੂਜਲ ਨਾਲ ਸਿੰਚਾਈ ’ਤੇ ਬਹੁਤ ਅਧਿਕ ਨਿਰਭਰ ਹੈ।
ਲੇਕਿਨ ਇਹ ਵੀ ਸੱਚ ਹੈ ਕਿ ਸਾਡੇ ਸਿੰਚਾਈ ਦੇ ਪੁਰਾਣੇ ਤੌਰ-ਤਰੀਕਿਆਂ ਨਾਲ ਬਹੁਤ ਸਾਰਾ ਪਾਣੀ ਬਰਬਾਦ ਹੋ ਜਾਂਦਾ ਹੈ।
ਇਸ ਦੇ ਇਲਾਵਾ ਗੰਨਾ ਹੋਵੇ, ਝੋਨਾ ਹੋਵੇ, ਬਹੁਤ ਸਾਰੀਆਂ ਅਜਿਹੀਆਂ ਫਸਲਾਂ ਵੀ ਹਨ ਜੋ ਬਹੁਤ ਜ਼ਿਆਦਾ ਪਾਣੀ ਚਾਹੁੰਦੀਆਂ ਹਨ।
ਇਸ ਤਰ੍ਹਾਂ ਦੀਆਂ ਫਸਲਾਂ, ਜਿੱਥੇ ਹੁੰਦੀਆਂ ਹਨ, ਉੱਥੇ ਕਈ ਵਾਰ ਇਹ ਦੇਖਿਆ ਗਿਆ ਹੈ ਕਿ ਇਨ੍ਹਾਂ ਥਾਵਾਂ ’ਤੇ ਭੂਜਲ ਦਾ ਪੱਧਰ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ।
ਇਸ ਸਥਿਤੀ ਨੂੰ ਬਦਲਣ ਲਈ ਸਾਨੂੰ ਕਿਸਾਨਾਂ ਨੂੰ ਵਰਖਾ ਜਲ ਦੇ ਭੰਡਾਰਨ ਲਈ, ਵਿਕਲਪਿਕ ਫਸਲਾਂ ਲਈ ਜਾਗਰੂਕ ਕਰਨਾ ਹੋਵੇਗਾ, ਜ਼ਿਆਦਾ ਤੋਂ ਜ਼ਿਆਦਾ ਮਾਈਕ੍ਰੋ ਇਰੀਗੇਸ਼ਨ ਵੱਲ ਵੱਧਣਾ ਹੋਵੇਗਾ, ਸਾਨੂੰ Per Drop More Crop ਨੂੰ ਹੁਲਾਰਾ ਦੇਣਾ ਹੋਵੇਗਾ।
ਸਾਥੀਓ,
ਜਦੋਂ ਅਸੀਂ ਘਰ ਲਈ ਕੁਝ ਖਰਚ ਕਰਦੇ ਹਾਂ, ਤਾਂ ਆਪਣੀ ਆਮਦਨ ਅਤੇ ਬੈਂਕ ਬੈਲੰਸ ਵੀ ਦੇਖਦੇ ਹਾਂ, ਆਪਣਾ ਬਜਟ ਬਣਾਉਂਦੇ ਹਾਂ । ਇੰਜ ਹੀ ਜਿੱਥੇ ਪਾਣੀ ਘੱਟ ਹੈ, ਉੱਥੇ ਪਿੰਡ ਦੇ ਲੋਕਾਂ ਨੂੰ ਵਾਟਰ ਬਜਟ ਬਣਾਉਣ ਦੇ ਲਈ, ਉਸ ਅਧਾਰ ’ਤੇ ਫਸਲ ਉਗਾਉਣ ਲਈ ਸਾਨੂੰ ਪ੍ਰੋਤਸਾਹਿਤ ਕਰਨਾ ਹੋਵੇਗਾ ।
ਅਤੇ ਇੱਥੇ ਹੁਣੇ ਪਿੰਡਾਂ ਤੋਂ ਜੋ ਲੋਕ ਆਏ ਹਨ, ਜੋ ਸਾਡੇ ਨਾਲ ਲਾਈਵ ਜੁੜੇ ਹਨ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਟਲ ਜਲ ਯੋਜਨਾ ਵਿੱਚ ਸਭ ਤੋਂ ਵੱਡੀ ਜ਼ਿੰਮੇਦਾਰੀ ਤੁਹਾਡੀ ਹੀ ਹੈ।
ਤੁਸੀਂ ਜਿਨ੍ਹਾ ਵਧੀਆ ਕੰਮ ਕਰੋਗੇ, ਉਸ ਨਾਲ ਪਿੰਡ ਦਾ ਤਾਂ ਭਲਾ ਹੋਵੇਗਾ ਹੀ, ਗ੍ਰਾਮ ਪੰਚਾਇਤਾਂ ਦਾ ਵੀ ਭਲਾ ਹੋਵੇਗਾ ।
ਅਟਲ ਜਲ ਯੋਜਨਾ ਵਿੱਚ ਇਸ ਲਈ ਇਹ ਵੀ ਪ੍ਰਾਵਧਾਨ ਕੀਤਾ ਗਿਆ ਹੈ ਕਿ ਜੋ ਗ੍ਰਾਮ ਪੰਚਾਇਤਾਂ ਪਾਣੀ ਲਈ ਬਿਹਤਰੀਨ ਕੰਮ ਕਰਨਗੀਆਂ, ਉਨ੍ਹਾਂ ਨੂੰ ਹੋਰ ਜ਼ਿਆਦਾ ਰਾਸ਼ੀ ਦਿੱਤੀ ਜਾਵੇਗੀ, ਤਾਕਿ ਉਹ ਹੋਰ ਚੰਗਾ ਕੰਮ ਕਰ ਸਕਣ।
ਮੇਰੇ ਸਰਪੰਚ ਭਾਈਓ ਅਤੇ ਭੈਣੋਂ,
ਤੁਹਾਡੀ ਮਿਹਨਤ, ਤੁਹਾਡੀ ਸਖ਼ਤ ਮਿਹਨਤ, ਤੁਹਾਡੀ ਭਾਗੀਦਾਰੀ, ਦੇਸ਼ ਦੇ ਹਰ ਘਰ ਤੱਕ ਜਲ ਪਹੁੰਚਾਉਣ ਲਈ ਬਹੁਤ ਮਹੱਤਵਪੂਰਨ ਹੈ।
ਮੈਂ ਅਟਲ ਜਲ ਯੋਜਨਾ ਨਾਲ ਜੁੜੇ ਸਾਰੇ 8,300 ਸਰਪੰਚਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਸਫ਼ਲਤਾ ਨਾ ਸਿਰਫ਼ ਅਟਲ ਜਲ ਯੋਜਨਾ ਨੂੰ ਸਫ਼ਲ ਬਣਾਏਗੀ ਬਲਕਿ ਜਲ ਜੀਵਨ ਮਿਸ਼ਨ ਨੂੰ ਵੀ ਮਜ਼ਬੂਤੀ ਦੇਵੇਗੀ।
ਕਿਵੇਂ?
ਇਹ ਤੁਹਾਡਾ ਜਾਣਨਾ ਵੀ ਬਹੁਤ ਜ਼ਰੂਰੀ ਹੈ।
ਇਹ ਦੇਸ਼ ਦੇ ਹਰੇਕ ਨਾਗਰਿਕ ਨੂੰ ਵੀ ਜਾਣਨਾ ਜ਼ਰੂਰੀ ਹੈ।
ਸਾਥੀਓ,
ਆਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਅੱਜ ਦੇਸ਼ ਦੇ 3 ਕਰੋੜ ਘਰਾਂ ਵਿੱਚ ਹੀ ਨਲਕੇ ਤੋਂ ਜਲ ਪਹੁੰਚਦਾ ਹੈ।
ਸੋਚੋ,
18 ਕਰੋੜ ਗ੍ਰਾਮੀਣ ਘਰਾਂ ਵਿੱਚੋਂ ਸਿਰਫ਼ 3 ਕਰੋੜ ਘਰਾਂ ਵਿੱਚ।
70 ਸਾਲ ਵਿੱਚ ਇੰਨਾ ਹੀ ਹੋ ਸਕਿਆ ਸੀ।
ਹੁਣ ਅਸੀਂ ਅਗਲੇ ਪੰਜ ਸਾਲ ਵਿੱਚ 15 ਕਰੋੜ ਘਰਾਂ ਤੱਕ ਪੀਣ ਦਾ ਸਾਫ਼ ਪਾਣੀ, ਪਾਈਪ ਰਾਹੀਂ ਪਹੁੰਚਾਉਣਾ ਹੈ।
ਇਸ ਦੇ ਲਈ ਅਗਲੇ ਪੰਜ ਵਰ੍ਹਿਆਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਸਾਢੇ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰਨ ਜਾ ਰਹੀਆਂ ਹਨ ।
ਨਿਸ਼ਚਿਤ ਰੂਪ ਨਾਲ ਇਹ ਸੰਕਲਪ ਵਿਰਾਟ ਹੈ, ਲੇਕਿਨ ਸਾਡੇ ਕੋਲ ਸਫ਼ਲ ਹੋਣ ਦੇ ਇਲਾਵਾ ਕੋਈ ਵਿਕਲਪ ਨਹੀਂ ਹੈ, ਸਾਨੂੰ ਸਫ਼ਲ ਹੋਣਾ ਹੀ ਹੈ।
ਅਜਿਹੇ ਵਿੱਚ ਸਾਡੀ ਪ੍ਰਤੀਬੱਧਤਾ ਜ਼ਮੀਨ ’ਤੇ, ਦੇਸ਼ ਦੇ ਪਿੰਡ-ਪਿੰਡ ਵਿੱਚ ਦਿਸਣੀ ਬਹੁਤ ਜ਼ਰੂਰੀ ਹੈ।
ਅੱਜ ਜੋ ਜਲ ਜੀਵਨ ਮਿਸ਼ਨ ਦੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਉਹ ਇਸ ਵਿੱਚ ਸਾਡੀ ਮਦਦ ਕਰਨ ਵਾਲੀਆਂ ਹਨ।
ਸਾਥੀਓ,
ਜਲ ਜੀਵਨ ਮਿਸ਼ਨ ਦਾ ਇਹ ਅਭਿਯਾਨ ਸਿਰਫ਼ ਹਰ ਘਰ ਤੱਕ ਸਵੱਛ ਜਲ ਪਹੁੰਚਾਉਣ ਨਾਲ ਨਹੀਂ ਜੁੜਿਆ ਹੋਇਆ ਹੈ।
ਸਾਡੀਆਂ ਮਾਤਾਵਾਂ ਭੈਣਾਂ ਨੂੰ ਘਰ ਤੋਂ ਦੂਰ ਜਾ ਕੇ ਪਾਣੀ ਨਾ ਲਿਆਉਣਾ ਪਵੇ, ਉਨ੍ਹਾਂ ਦੀ ਗਰਿਮਾ (ਮਾਣ ਮਰਿਆਦਾ) ਦਾ ਸਨਮਾਨ ਹੋਵੇ, ਉਨ੍ਹਾਂ ਦੀ ਜ਼ਿੰਦਗੀ ਅਸਾਨ ਬਣੇ, ਇਸ ਮਿਸ਼ਨ ਦਾ ਇਹ ਵੀ ਟੀਚਾ ਹੈ।
ਅੱਜ ਵੀ ਮੈਂ ਜਦੋਂ ਕਿਸੇ ਬਜ਼ੁਰਗ ਮਾਂ ਨੂੰ ਪਾਣੀ ਦੇ ਲਈ ਭਟਕਦੇ ਦੇਖਦਾ ਹਾਂ, ਜਦੋਂ ਕਿਸੇ ਭੈਣ ਨੂੰ ਸਿਰ ’ਤੇ ਮਟਕੇ ਰੱਖ ਕੇ ਮੀਲਾਂ ਪੈਦਲ ਚਲਦੇ ਦੇਖਦਾ ਹਾਂ, ਤਾਂ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਤਾਜ਼ਾ ਹੋ ਜਾਦੀਆਂ ਹਨ।
ਦੇਸ਼ ਭਰ ਦੀਆਂ ਕਰੋੜਾਂ ਅਜਿਹੀਆਂ ਭੈਣਾਂ ਨੂੰ ਪਾਣੀ ਜੁਟਾਉਣ ਦੀ ਤਕਲੀਫ਼ ਤੋਂ ਵੀ ਮੁਕਤੀ ਦਿਵਾਉਣ ਦਾ ਸਮਾਂ ਆ ਗਿਆ ਹੈ।
ਜਿਵੇਂ ਅਸੀਂ ਹਰ ਘਰ ਵਿੱਚ ਪਖ਼ਾਨੇ ਪਹੁੰਚਾਏ, ਉਸੇ ਤਰ੍ਹਾਂ ਹਰ ਘਰ ਵਿੱਚ ਜਲ ਵੀ ਪਹੁੰਚਾਵਾਂਗੇ, ਇਹ ਪ੍ਰਣ ਲੈ ਕੇ ਅਸੀਂ ਨਿਕਲ ਪਏ ਹਾਂ।
ਜਦੋਂ ਸੰਕਲਪ ਲੈ ਲਿਆ ਹੈ, ਤਾਂ ਇਸ ਨੂੰ ਵੀ ਸਿੱਧ ਕਰ ਕੇ ਦਿਖਾਵਾਂਗੇ।
ਸਾਥੀਓ,
ਪਿੰਡ ਦੀ ਭਾਗੀਦਾਰੀ ਅਤੇ ਸਾਂਝੇਦਾਰੀ ਦੀ ਇਸ ਯੋਜਨਾ ਵਿੱਚ ਗਾਂਧੀ ਜੀ ਦੇ ਗ੍ਰਾਮ ਸਵਰਾਜ ਦੀ ਵੀ ਇੱਕ ਝਲਕ ਹੈ।
ਪਾਣੀ ਨਾਲ ਜੁੜੀਆਂ ਯੋਜਨਾਵਾਂ ਹਰ ਪਿੰਡ ਦੇ ਪੱਧਰ ’ਤੇ ਉੱਥੇ ਦੀ ਸਥਿਤੀ-ਪਰਿਸਥਿਤੀ ਅਨੁਸਾਰ ਬਣਨ, ਇਹ ਜਲ ਜੀਵਨ ਮਿਸ਼ਨ ਦੀਆਂ ਗਾਈਡਲਾਈਨਾਂ ਬਣਾਉਂਦੇ ਸਮੇਂ ਧਿਆਨ ਰੱਖਿਆ ਗਿਆ ਹੈ।
ਇਤਨਾ ਹੀ ਨਹੀਂ,
ਗ੍ਰਾਮ ਪੰਚਾਇਤ ਜਾਂ ਪੰਚਾਇਤ ਵੱਲੋਂ ਬਣਾਈ ਗਈ ਪਾਣੀ (ਜਲ) ਕਮੇਟੀ ਹੀ ਆਪਣੇ ਪੱਧਰ ’ਤੇ ਪਾਣੀ ਨਾਲ ਜੁੜੀਆਂ ਯੋਜਨਾਵਾਂ ਬਣਾਏਗੀ, ਉਸ ਨੂੰ ਲਾਗੂ ਕਰੇਗੀ, ਉਸ ਦੀ ਦੇਖ-ਰੇਖ ਕਰੇਗੀ।
ਅਤੇ ਇਸ ਲਈ,
ਸਾਨੂੰ, ਪਾਣੀ ਦੀ ਲਾਈਨ ਦੀ ਪਲਾਨਿੰਗ ਤੋਂ ਲੈ ਕੇ ਉਸ ਦੇ ਪ੍ਰਬੰਧਨ ਤੱਕ ਨਾਲ ਪਿੰਡ ਨੂੰ ਜੋੜਨ ਦਾ ਕੰਮ ਅਸੀਂ ਕਰਨਾ ਹੈ।
ਸਾਨੂੰ ਹਮੇਸ਼ਾ ਯਾਦ ਰੱਖਣਾ ਹੈ ਕਿ ਪਿੰਡ ਦੇ ਮੇਰੇ ਭਾਈ-ਭੈਣਾਂ ਦੇ ਪਾਸ, ਬਜ਼ੁਰਗਾਂ ਦੇ ਪਾਸ ਪਾਣੀ ਦੇ ਸਰੋਤਾਂ ਨੂੰ ਲੈ ਕੇ, ਪਾਣੀ ਦੇ ਭੰਡਾਰਨ ਨਾਲ ਜੁੜੀਆਂ ਗੱਲਾਂ ਦਾ ਖਜ਼ਾਨਾ ਹੈ।
ਸਾਨੂੰ ਪਿੰਡ ਦੇ ਲੋਕਾਂ ਤੋਂ ਵੱਡਾ ਐਕਸਪਰਟ ਹੋਰ ਕੌਣ ਮਿਲੇਗਾ?
ਇਸ ਲਈ ਪਿੰਡ ਦੇ ਲੋਕਾਂ ਦੇ ਅਨੁਭਵ ਦਾ ਸਾਨੂੰ ਪੂਰਾ ਇਸਤੇਮਾਲ ਕਰਨਾ ਹੈ।
ਸਾਥੀਓ,
ਸਾਡੀ ਸਰਕਾਰ ਦਾ ਪ੍ਰਯਤਨ, ਜਲ ਜੀਵਨ ਮਿਸ਼ਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਿੰਡ ਦੇ ਲੋਕਾਂ ਨੂੰ ਅਧਿਕਾਰ ਦੇਣ, ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦਾ ਹੈ।
ਇਸ ਮਿਸ਼ਨ ਦੇ ਲਈ ਹਰ ਪਿੰਡ ਵਿੱਚ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ, ਪਿੰਡ ਦੇ ਪੱਧਰ ’ਤੇ ਹੀ ਐਕਸ਼ਨ ਪਲਾਨ ਬਣਨਗੇ। ਮੇਰੀ ਇਹ ਤਾਕੀਦ ਹੋਵੇਗੀ ਕਿ ਇਸ ਕਮੇਟੀ ਵਿੱਚ ਘੱਟ ਤੋਂ ਘੱਟ 50 ਪ੍ਰਤੀਸ਼ਤ ਪਿੰਡ ਦੀਆਂ ਹੀ ਭੈਣਾਂ ਹੋਣ, ਬੇਟੀਆਂ ਹੋਣ।
ਇਹੀ ਨਹੀਂ, ਸਾਫ਼ ਪਾਣੀ ਆ ਰਿਹਾ ਹੈ ਜਾਂ ਨਹੀਂ, ਇਸ ਦੀ ਜਾਂਚ ਲਈ ਪਿੰਡ ਦੇ ਹੀ ਨਿਵਾਸੀਆਂ, ਉੱਥੋਂ ਦੇ ਬੇਟੇ-ਬੇਟੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਕੌਸ਼ਲ ਵਿਕਾਸ ਯੋਜਨਾ ਦੇ ਮਾਧਿਅਮ ਨਾਲ ਵੱਡੇ ਪੱਧਰ ’ਤੇ ਪਿੰਡਾਂ ਦੇ ਨੌਜਵਾਨਾਂ ਨੂੰ ਫਿਟਰ, ਪਲੰਬਰ, ਇਲੈਕਟ੍ਰੀਸ਼ਨ, ਮਿਸਤਰੀ, ਐਸੇ ਅਨੇਕ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ।
ਹਾਂ, ਇਨ੍ਹਾਂ ਸਾਰੇ ਪ੍ਰਯਤਨਾਂ ਦਰਮਿਆਨ,
ਕੁਝ ਦੁਰਗਮ ਇਲਾਕਿਆਂ ਵਿੱਚ, ਕੁਝ ਦੂਰ-ਦੁਰਾਡੇ ਪਹਾੜੀ ਖੇਤਰਾਂ ਵਿੱਚ, ਮੌਸਮ ਅਤੇ ਭੂਗੋਲਿਕ ਸਥਿਤੀ ਦੀ ਵਜ੍ਹਾ ਨਾਲ ਪਾਈਪ ਲਾਈਨ ਪਹੁੰਚਾਉਣ ਵਿੱਚ ਕੁਝ ਮੁਸ਼ਕਿਲਾਂ ਜ਼ਰੂਰ ਆਉਣਗੀਆਂ।
ਅਜਿਹੀਆਂ ਥਾਵਾਂ ਨੂੰ ਕੀ ਛੱਡ ਦੇਵਾਂਗੇ?
ਨਹੀਂ।
ਅਜਿਹੇ ਸਥਾਨਾਂ ਲਈ ਵਿਕਲਪਿਕ ਵਿਵਸਥਾ ਕੀਤੀ ਜਾਵੇਗੀ।
ਉੱਥੇ ਵੀ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮਿਲੇ।
ਸਾਥੀਓ,
ਜਲ ਜੀਵਨ ਮਿਸ਼ਨ ਦੇ ਦੌਰਾਨ ਇੱਕ ਹੋਰ ਨਵੀਂ ਚੀਜ਼ ਕੀਤੀ ਜਾ ਰਹੀ ਹੈ। ਇਸ ਯੋਜਨਾ ਦੀ ਮੌਨੀਟਰਿੰਗ ਲਈ ਸਪੇਸ ਟੈਕਨੋਲੋਜੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ, ਦੋਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਹਰ ਪਿੰਡ ਵਿੱਚ ਪਾਣੀ ਦਾ ਕਿੰਨਾ ਭੰਡਾਰਨ ਹੋ ਰਿਹਾ ਹੈ, ਕਿੰਨਾ ਖਰਚ ਹੋ ਰਿਹਾ ਹੈ, ਪਾਣੀ ਦੀ ਸਥਿਤੀ ਬਾਰੇ ਸਾਰੀ ਜਾਣਕਾਰੀ ’ਤੇ ਨਿਰੰਤਰ ਨਜ਼ਰ ਰੱਖੀ ਜਾਵੇਗੀ।
ਸਾਥੀਓ,
ਜਲ ਜੀਵਨ ਮਿਸ਼ਨ ਵਿੱਚ ਸਰਕਾਰ ਨੇ ਇਹ ਵੀ ਪ੍ਰਾਵਧਾਨ ਕੀਤਾ ਹੈ ਕਿ ਤੁਹਾਡੇ ਪਿੰਡ ਵਿੱਚ ਯੋਜਨਾ ਪੂਰੇ ਹੋਣ ’ਤੇ ਸਰਕਾਰ ਜਲ ਕਮੇਟੀ ਦੇ ਖਾਤੇ ਵਿੱਚ ਸਿੱਧੇ ਪੈਸੇ ਭੇਜੇਗੀ ਤਾਕਿ ਪਾਣੀ ਨਾਲ ਜੁੜੀਆਂ ਵਿਵਸਥਾਵਾਂ ਦੀ ਦੇਖ-ਰੇਖ ਅਤੇ ਸੰਚਾਲਨ ਪਿੰਡ ਦੇ ਲੋਕ ਹੀ ਕਰਨ।
ਮੇਰੀ ਇੱਕ ਹੋਰ ਤਾਕੀਦ ਹੈ ਕਿ ਹਰ ਪਿੰਡ ਦੇ ਲੋਕ ਪਾਣੀ ਐਕਸ਼ਨ ਪਲਾਨ ਬਣਾਉਣ, ਪਾਣੀ ਫੰਡ ਬਣਾਉਣ। ਤੁਹਾਡੇ ਪਿੰਡ ਵਿੱਚ ਪਾਣੀ ਨਾਲ ਜੁੜੀਆਂ ਯੋਜਨਾਵਾਂ ਵਿੱਚ ਅਨੇਕ ਯੋਜਨਾਵਾਂ ਦੇ ਤਹਿਤ ਪੈਸਾ ਆਉਂਦਾ ਹੈ। ਵਿਧਾਇਕ ਅਤੇ ਸਾਂਸਦ ਦੇ ਫੰਡ ਤੋਂ ਆਉਂਦਾ ਹੈ, ਕੇਂਦਰ ਅਤੇ ਰਾਜ ਦੀਆਂ ਯੋਜਨਾਵਾਂ ਤੋਂ ਆਉਂਦਾ ਹੈ।
ਸਾਨੂੰ ਇਹ ਵਿਵਸਥਾ ਬਣਾਉਣੀ ਹੋਵੇਗੀ ਕਿ ਇਹ ਸਾਰਾ ਪੈਸਾ ਇੱਕ ਹੀ ਥਾਂ ’ਤੇ ਆਵੇ ਅਤੇ ਇੱਕ ਹੀ ਤਰੀਕੇ ਨਾਲ ਖਰਚ ਹੋਵੇ। ਇਸ ਨਾਲ ਟੁਕੜਿਆਂ-ਟੁਕੜਿਆਂ ਵਿੱਚ ਥੋੜ੍ਹਾ-ਥੋੜ੍ਹਾ ਪੈਸਾ ਲਗਣ ਦੀ ਬਜਾਏ ਜ਼ਿਆਦਾ ਪੈਸਾ ਇੱਕਠਾ ਹੀ ਲਗ ਸਕੇਗਾ।
ਸਾਥੀਓ,
ਮੈਂ ਅੱਜ ਇਸ ਅਵਸਰ ’ਤੇ ਦੁਨੀਆ ਭਰ ਵਿੱਚ ਵਸੇ ਭਾਰਤੀਆਂ ਨੀ ਵੀ ਤਾਕੀਦ ਕਰਾਂਗਾ ਕਿ ਉਹ ਇਸ ਪਾਵਨ ਅਭਿਯਾਨ ਵਿੱਚ ਆਪਣਾ ਯੋਗਦਾਨ ਦੇਣ।
ਮੈਂ ਅੱਜ ਇਸ ਮੰਚ ਤੋਂ, ਪਿੰਡ ਵਿੱਚ ਰਹਿਣ ਵਾਲੇ ਆਪਣੇ ਭਾਈ-ਭੈਣਾਂ ਨੂੰ ਵੀ ਅਪੀਲ ਕਰਦਾ ਹਾਂ, ਕਿ ਉਹ ਪਾਣੀ ਦੀ ਸੁਰੱਖਿਆ ਲਈ, ਪਾਣੀ ਦੀ ਵੰਡ ਦੀ ਵਿਵਸਥਾ ਨੂੰ ਸੰਭਾਲਣ ਲਈ, ਪਾਣੀ ਦੀ recycling ਲਈ ਅੱਗੇ ਆਉਣ।
ਤੁਸੀਂ ਆਪਣਾ ਸਮਾਂ ਦਿਓ, ਆਪਣਾ ਸ਼੍ਰਮ (ਕਿਰਤ) ਦਿਓ। ਤੁਸੀਂ ਇੱਕ ਕਦਮ ਚਲੋਗੇ ਤਾਂ ਸਰਕਾਰ 8 ਕਦਮ ਚਲੇਗੀ।
ਆਓ, ਇਕਜੁੱਟ ਹੋ ਕੇ, ਕਦਮ ਨਾਲ ਕਦਮ ਮਿਲਾਉਂਦੇ ਹੋਏ, ਦੇਸ਼ ਦੇ ਆਮ ਜਨ ਨੂੰ ਸਵੱਛ ਪਾਣੀ ਦੇ ਅਧਿਕਾਰ ਨਾਲ ਜੋੜਨ ਦੀ ਆਪਣੀ ਜ਼ਿੰਮੇਵਾਰੀ ਨਿਭਾਈਏ।
ਤੁਹਾਡੇ ਪ੍ਰਯਤਨ, ਤੁਹਾਡੀ ਸਫ਼ਲਤਾ, ਦੇਸ਼ ਦੀ ਜਲ ਸੁਰੱਖਿਆ ਅਤੇ ਖੁਰਾਕ ਸੁਰੱਖਿਆ ਲਈ ਬਹੁਤ ਹੀ ਮਹੱਤਵਪੂਰਨ ਹਨ।
ਇੱਕ ਵਾਰ ਫਿਰ ਅਟਲ ਯੋਜਨਾ ਲਈ, ਜਲ ਜੀਵਨ ਮਿਸ਼ਨ ਲਈ ਪੂਰੇ ਦੇਸ਼ ਨੂੰ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ !!!
*****
ਵੀਆਰਆਰਕੇ/ਵੀਜੇ/ਏਕੇ/ਮਮਤਾ
(Release ID: 1598035)