ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਏਮਜ਼ ਬਠਿੰਡਾ ਦੀਆਂ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ
ਇਹ ਇੰਸਟੀਟਿਊਟ ਸਿਰਫ ਪੰਜਾਬ ਰਾਜ ਲਈ ਹੀ ਨਹੀਂ ਸਗੋਂ ਗੁਆਂਢੀ ਰਾਜਾਂ ਲਈ ਵੀ ਲਾਹੇਵੰਦ ਹੋਵੇਗਾ - ਡਾ. ਹਰਸ਼ ਵਰਧਨ
ਏਮਜ਼ ਨੇ ਮਾਲਵਾ ਖੇਤਰ ਦੇ ਲੋਕਾਂ ਦੀ ਅਡਵਾਂਸਡ ਸੁਪਰ ਸਪੈਸ਼ਲਿਟੀ ਸਿਹਤ ਸੰਭਾਲ ਦੀ ਮੰਗ ਨੂੰ ਪੂਰਾ ਕੀਤਾ ਹੈ - ਸ਼੍ਰੀਮਤੀ ਹਰਸਿਮਰਤ ਕੌਰ ਬਾਦਲ
Posted On:
23 DEC 2019 6:35PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਜ਼) ਦੀਆਂ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ। ਏਮਜ਼ ਬਠਿੰਡਾ, ਪੰਜਾਬ ਲਈ ਪ੍ਰਵਾਨਗੀ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ(ਪੀਐੱਮਐੱਸਐੱਸਵਾਈ) ਦੇ ਫੇਜ਼-5 ਵਿੱਚ ਜੁਲਾਈ, 2016 ਵਿੱਚ ਦਿੱਤੀ ਗਈ ਸੀ। ਪ੍ਰੋਜੈਕਟ ਦੀ ਕੁੱਲ ਲਾਗਤ 925 ਕਰੋੜ ਰੁਪਏ ਹੈ ਜਿਸ ਨੂੰ ਕਿ ਜੂਨ, 2020 ਤੱਕ ਮੁਕੰਮਲ ਕਰ ਲਿਆ ਜਾਵੇਗਾ। ਏਮਜ਼ ਬਠਿੰਡਾ ਦਾ ਨੀਂਹ ਪੱਥਰ ਨਵੰਬਰ, 2016 ਵਿੱਚ ਰੱਖਿਆ ਗਿਆ ਸੀ। ਏਮਜ਼ ਬਠਿੰਡਾ 750 ਬਿਸਤਰਿਆਂ ਵਾਲਾ ਪ੍ਰੀਮੀਅਰ ਮੈਡੀਕਲ ਇੰਸਟੀਟਿਊਟ ਹੈ ਜੋ ਕਿ 177 ਏਕੜ ਜ਼ਮੀਨ ਵਿੱਚ ਤਿਆਰ ਹੋ ਰਿਹਾ ਹੈ ਅਤੇ ਜਿਸ ਵਿੱਚ 10 ਸਪੈਸ਼ਲਿਟੀ ਅਤੇ 11 ਸੁਪਰ ਸਪੈਸ਼ਲਿਟੀ ਵਿਭਾਗ ਹਨ। ਇਸ ਵਿੱਚ 16 ਅਲਟਰਾ ਮਾਡਰਨ ਅਪ੍ਰੇਸ਼ਨ ਥੀਏਟਰ ਹੋਣਗੇ। ਇਸ ਵਿੱਚ 100 ਸੀਟਾਂ ਮੈਡੀਕਲ ਕਾਲਜ ਅਤੇ 60 ਸੀਟਾਂ ਨਰਸਿੰਗ ਕਾਲਜ ਲਈ ਹਨ। ਏਮਜ਼, ਬਠਿੰਡਾ ਦੇ ਐੱਮਬੀਬੀਐੱਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਇਸ ਸਾਲ ਆਰਜ਼ੀ ਤੌਰ ਤੇ ਬਾਬਾ ਫਰੀਦ ਯੂਨੀਵਰਸਿਟੀ ਆਵ੍ ਹੈਲਥ ਸਰਵਿਸਿਜ਼ (ਬੀਐੱਫਯੂਐੱਚਐੱਸ), ਫਰੀਦਕੋਟ ਕੈਂਪਸ ਵਿੱਚ ਕਰ ਦਿੱਤੀ ਗਈ ਹੈ ਕਿਉਂਕਿ ਏਮਜ਼ ਦਾ ਬਠਿੰਡਾ ਕੈਂਪਸ ਉਸਾਰੀ ਅਧੀਨ ਹੈ। ਸਾਰੀਆਂ ਓਪੀਡੀਜ਼ ਸਵੇਰੇ 9 ਵਜੇ ਤੋਂ ਕੰਮ ਸ਼ੁਰੂ ਕਰਿਆ ਕਰਨਗੀਆਂ ਅਤੇ ਰਜਿਸਟ੍ਰੇਸ਼ਨ ਸਵੇਰ ਦੇ 8 ਵਜੇ ਤੋਂ ਸਵੇਰ ਦੇ 11 ਵਜੇ ਤੱਕ ਕੀਤੀ ਜਾਵੇਗੀ। ਪਥੌਲੋਜੀ, ਮਾਈਕ੍ਰੋਬਾਇਓਲੋਜੀ ਅਤੇ ਕੀਮੋਥੈਰੇਪੀ ਦਾ ਕੰਮ ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਅੰਮ੍ਰਿਤ ਡਰੱਗ ਸਟੋਰ, ਜੋ ਕਿ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਹੈ, ਰਾਹੀਂ ਘੱਟ ਰੇਟ ’ਤੇ ਦਵਾਈਆਂ ਪ੍ਰਦਾਨ ਕਰਨ ਦੀ ਵੀ ਵਿਵਸਥਾ ਹੈ। ਹਾਲੇ ਆਯੁਸ਼ਮਾਨ ਭਾਰਤ ਸਕੀਮ ਲਾਗੂ ਨਹੀਂ ਕੀਤੀ ਗਈ ਕਿਉਂਕਿ ਸਿਰਫ਼ ਓਪੀਡੀ ਸੇਵਾਵਾਂ ਹੀ ਚਾਲੂ ਹੋਈਆਂ ਹਨ। ਇਹ ਸਕੀਮ ਇਨਡੋਰ ਸੇਵਾਵਾਂ ਵਿੱਚ ਨਵੰਬਰ, 2020 ਤੋਂ ਸ਼ੁਰੂ ਕੀਤੀ ਜਾਵੇਗੀ। ਪੀਜੀਆਈਐੱਮਈਆਰ, ਚੰਡੀਗੜ੍ਹ ਨੂੰ ਏਮਜ਼ ਬਠਿੰਡਾ ਦਾ ਮਾਰਗ ਦਰਸ਼ਨ ਕਰਨ ਦਾ ਜਿੰਮਾ ਸੌਂਪਿਆ ਗਿਆ ਹੈ।
ਇਸ ਮੌਕੇ ਤੇ ਬੋਲਦਿਆਂ ਡਾ. ਹਰਸ਼ ਵਰਧਨ ਨੇ ਕਿਹਾ ਕਿ ਇਹ ਇੰਸਟੀਟਿਊਟ ਸਿਰਫ਼ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਸਗੋਂ ਗਵਾਂਢੀ ਰਾਜਾਂ ਲਈ ਵੀ ਲਾਹੇਵੰਦ ਹੋਵੇਗੀ। ਉਨ੍ਹਾਂ ਕਿਹਾ ਕਿ ਔਰਥੋਪੈਡਿਕ, ਜਨਰਲ ਸਰਜਰੀ ਜਿਸ ਵਿੱਚ ਸਰਜੀਕਲ ਓਨਕਾਲੋਜੀ ਅਤੇ ਯੂਰੋਲੋਜਿਸਟ ਪੈਡੀਐਟਰਿਕ ਸਰਜਰੀ ਕੰਸਲਟੇਸ਼ਨ, ਜਨਰਲ ਮੈਡੀਸਨ, ਈਐੱਨਟੀ, ਔਫਥਲਮੋਲੋਜੀ, ਸਾਈਕੈਟਰੀ, ਡਰਮੇਟਾਲੋਜੀ, ਔਬਸਟੈਟ੍ਰਿਕਸ ਅਤੇ ਗਾਇਨਾਕੌਲੋਜੀ, ਡੈਂਟਲ, ਰੇਡੀਓਲੋਜੀ (ਐਕਸਰੇ, ਅਲਟਰਾਸਾਊਂਡ ਅਤੇ ਕਲਰ ਡੋਪਲਰ ਬੇਸਿਕ ਬਾਇਓਕੈਮਿਸਟਰੀ ਅਤੇ ਬੇਸਿਕ ਹੇਮਾਟੋਲੋਜੀ ਟੈਸਟ) ਸੇਵਾਵਾਂ ਅੱਜ ਤੋਂ ਏਮਜ਼, ਬਠਿੰਡਾ ਵਿੱਚ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਈ ਐਮਰਜੈਂਸੀ ਸੇਵਾਵਾਂ ਜਾਂ ਇਨਡੋਰ ਸਹੂਲਤਾਂ ਨਹੀਂ ਹਨ ਪਰ ਇਹ ਵੀ ਨਵੰਬਰ, 2020 ਤੋਂ ਚਾਲੂ ਹੋ ਜਾਣਗੀਆਂ। ਇੰਸਟੀਟਿਊਟ ਵਿੱਚ ਇੱਕ ਵਿਸ਼ੇਸ਼ ਫੈਮਲੀ ਮੈਡੀਸਨ ਕਲੀਨਿਕ ਵੀ ਹੈ। ਏਮਜ਼ ਕੈਂਪਸ, ਬਠਿੰਡਾ ਵਿੱਚ ਆਯੁਸ਼ ਸੈਂਟਰ ਵੀ ਹੋਵੇਗਾ। ਡਾ. ਹਰਸ਼ ਵਰਧਨ ਨੇ ਕਿਹਾ ਕਿ ਪੀਜੀਆਈਐੱਮਈਆਰ, ਚੰਡੀਗੜ੍ਹ ਦਾ ਇੱਕ ਸੈਟੇਲਾਈਟ ਸੈਂਟਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ 22 ਏਮਜ਼ ’ਤੇ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਵਧੀਆ ਮੈਡੀਕਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ 157 ਨਵੇਂ ਮੈਡੀਕਲ ਕਾਲਜ ਦੇਸ਼ ਭਰ ਵਿੱਚ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿਚੋਂ 75 ਮੈਡੀਕਲ ਕਾਲਜ ਦੇਸ਼ ਦੇ ਖਾਹਿਸ਼ੀ ਜ਼ਿਲ੍ਹਿਆਂ ਵਿੱਚ ਹੋਣਗੇ। 1.5 ਲੱਖ ਸਿਹਤ ਅਤੇ ਵੈੱਲਨੈੱਸ ਸੈਂਟਰ ਦੇਸ਼ ਵਿੱਚ ਖੋਲ੍ਹੇ ਜਾ ਰਹੇ ਹਨ ਅਤੇ 20,000 ਹਸਪਤਾਲ ਆਯੁਸ਼ਮਾਨ ਭਾਰਤ ਯੋਜਨਾ ਨਾਲ ਰਜਿਸਟਰਡ ਕੀਤੇ ਗਏ ਹਨ ਅਤੇ 70 ਲੱਖ ਮਰੀਜ਼ਾਂ ਨੇ ਮੈਡੀਕਲ ਸਹੂਲਤਾਂ ਦਾ ਲਾਭ ਉਠਾਇਆ ਹੈ।
ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਏਮਜ਼ ਨੇ ਮਾਲਵਾ ਦੇ ਲੋਕਾਂ ਦੀ ਅਜ਼ਾਦੀ ਤੋਂ ਚਲੀ ਆ ਰਹੀ ਅਡਵਾਂਸਡ ਸੁਪਰ ਸਪੈਸ਼ਲਿਟੀ ਸਿਹਤ ਸੰਭਾਲ ਦੀ ਸਹੂਲਤ ਦੀ ਮੰਗ ਨੂੰ ਪਹਿਲੀ ਵਾਰ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਦੁਪਹਿਰ 12.30 ਵਜੇ ਤੋਂ 750 ਬਿਸਤਰਿਆਂ ਵਾਲੀ ਇੰਸਟੀਟਿਊਟ ਵਿੱਚ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ 9 ਕਲੀਨਿਕਲ ਅਤੇ 3 ਮੁਢਲੀਆਂ ਸਹੂਲਤਾਂ ਆਮ ਜਨਤਾ ਨੂੰ ਸਸਤੀਆਂ ਦਰਾਂ ਉੱਤੇ ਮੁਹੱਈਆ ਹੋਣਗੀਆਂ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼ੁਰੂ ਵਿੱਚ ਓਪੀਡੀ ਸੇਵਾਵਾਂ ਤਕਰੀਬਨ 1000 ਮਰੀਜ਼ਾਂ ਨੂੰ ਪ੍ਰਤੀ ਦਿਨ ਮੁਹੱਈਆ ਹੋਣਗੀਆਂ ਅਤੇ ਸਮੇਂ ਦੇ ਨਾਲ-ਨਾਲ ਇਸ ਨੂੰ 5,000 ਮਰੀਜ਼ਾਂ ਤੱਕ ਪਹੁੰਚਾਇਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੀ ਇੰਸਟੀਟਿਊਟ ਅਗਲੇ ਸਾਲ ਅਗਸਤ ਮਹੀਨੇ ਤੱਕ ਚਾਲੂ ਹੋ ਜਾਵੇਗਾ। ਇਸ ਵਿੱਚ 750 ਬਿਸਤਰਿਆਂ ਦੇ ਇਨ-ਪੇਸ਼ੈਂਟ ਵਿਭਾਗ ਦੀ ਵਿਵਸਥਾ ਹੋਵੇਗੀ। ਉਨ੍ਹਾਂ ਕਿਹਾ ਕਿ 4 ਸੁਪਰ ਸਪੈਸ਼ਲਿਟੀ ਵਿਭਾਗ-ਯੂਰੋਲੋਜੀ, ਪੈਡੀਐਟਰਿਕ ਸਰਜਰੀ, ਸਰਜੀਕਲ ਓਨਕੋਲੋਜੀ ਅਤੇ ਨਿਊਰੋਲੋਜੀ ਜਲਦੀ ਹੀ ਡਾਕਟਰਾਂ ਦੇ ਆਉਣ ਨਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ 45 ਬਿਸਤਰਿਆਂ ਵਾਲਾ ਇੱਕ ਟ੍ਰੌਮਾ ਸੈਂਟਰ ਅਗਲੇ ਸਾਲ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜ ਵੀ ਕੰਮ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਜਿਸ ਨੇ ਕਿ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਨੂੰ ਅਗਲੇ ਸਾਲ ਬਠਿੰਡਾ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਪਾਰਟੀ ਲੀਹਾਂ ਤੋਂ ਉੱਪਰ ਉਠ ਕੇ ਦੇਸ਼ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ "ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ" ਦੇ ਮੰਤਰ ਨੂੰ ਅਪਣਾਉਣ।
ਸੁਪਰ ਸਪੈਸ਼ਲਿਟੀ ਸੇਵਾਵਾਂ ਯਕੀਨੀ ਬਣਾਉਣ ਲਈ ਮਾਲਵਾ ਖੇਤਰ ਨੂੰ ਸਸਤੀਆਂ ਦਰਾਂ ਉੱਤੇ ਇਲਾਜ ਸਹੂਲਤਾਂ ਲਈ, ਬਠਿੰਡਾ ਨੂੰ ਏਮਜ਼ ਦੇਣ ਵਾਸਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਤਸੱਲੀ ਦੀ ਗੱਲ ਹੈ ਕਿ ਬਠਿੰਡਾ ਏਮਜ਼ ਦੀ ਸਹੂਲਤ ਦੇਸ਼ ਵਿੱਚ ਪ੍ਰਵਾਨਿਤ 13 ਏਮਜ਼ ਸਹੂਲਤਾਂ ਵਿਚੋਂ ਪਹਿਲੀ ਹੈ ਜੋ ਕਿ ਅਪ੍ਰੇਸ਼ਨਲ ਹੋਈ ਹੈ। ਦੋਹਾਂ ਮੰਤਰੀਆਂ ਨੇ ਏਮਜ਼ ਦੇ ਨਵੇਂ ਖੁੱਲ੍ਹੇ ਓਪੀਡੀ ਬਲਾਕਾਂ ਦਾ ਦੌਰਾ ਵੀ ਕੀਤਾ।
ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਏਮਜ਼ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਇਸ ਨੂੰ ਪੂਰਾ ਸਹਿਯੋਗ ਅਤੇ ਸਹਾਇਤਾ ਦੇਵੇਗੀ ਤਾਕਿ ਸਭ ਲਈ ਸਿਹਤ ਦਾ ਟੀਚਾ ਪੂਰਾ ਹੋ ਸਕੇ। ਸ਼੍ਰੀ ਸੁਖਬੀਰ ਸਿੰਘ ਬਾਦਲ ਐੱਮਪੀ, ਸ਼੍ਰੀ ਬਲਵਿੰਦਰ ਸਿੰਘ ਭੂੰਦੜ ਐੱਮਪੀ, ਸ਼੍ਰੀ ਸੁਨੀਲ ਸ਼ਰਮਾ, ਸੰਯੁਕਤ ਸਕੱਤਰ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਪ੍ਰੋਫੈਸਰ ਜਗਤ ਰਾਮ, ਡਾਇਰੈਕਟਰ ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਵੀ ਇਸ ਮੌਕੇ ਤੇ ਵਿਚਾਰ ਰੱਖੇ।
******
ਪੀਐੱਸਐੱਸਕੇਐੱਸ
(Release ID: 1597395)
ਵਿਜ਼ੀਟਰ ਕਾਊਂਟਰ : 17