ਗ੍ਰਹਿ ਮੰਤਰਾਲਾ
ਭਾਰਤ ਨੇ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਕੌਰੀਡੋਰ ਸਮਝੌਤੇ ਉੱਤੇ ਦਸਤਖਤ ਕੀਤੇ
ਇਸ ਸਮਝੌਤੇ ਦਾ ਉਦੇਸ਼ ਕਰਤਾਰਪੁਰ ਸਾਹਿਬ ਕੌਰੀਡੋਰ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਸੁਵਿਧਾ ਦੇਣਾ ਹੈ
Posted On:
24 OCT 2019 1:28PM by PIB Chandigarh
ਭਾਰਤ ਨੇ ਅੱਜ ਡੇਰਾ ਬਾਬਾ ਨਾਨਕ, ਅੰਤਰਰਾਸ਼ਟਰੀ ਸਰਹੱਦ ਦੇ ਜ਼ੀਰੋ ਪੁਆਇੰਟ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਚਾਲੂ ਕਰਨ ਲਈ ਤੌਰ-ਤਰੀਕਿਆਂ ਬਾਰੇ ਪਾਕਿਸਤਾਨ ਨਾਲ ਇੱਕ ਸਮਝੌਤੇ ਉੱਤੇ ਦਸਤਖਤ ਕੀਤੇ ਹਨ। ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਗ੍ਰਿਹ ਮੰਤਰਾਲਾ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਅਧਿਕਾਰੀ ਦਸਤਖਤ ਕਰਨ ਦੇ ਇਸ ਸਮਾਰੋਹ ਦੌਰਾਨ ਮੌਜੂਦ ਰਹੇ।
ਕੇਂਦਰੀ ਮੰਤਰੀ ਮੰਡਲ ਨੇ 22 ਨਵੰਬਰ, 2018 ਨੂੰ ਇੱਕ ਪ੍ਰਸਤਾਵ ਪਾਸ ਕੀਤਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਸਮਾਰੋਹ ਵਿਸ਼ਾਲ ਅਤੇ ਸ਼ਾਨਦਾਰ ਢੰਗ ਨਾਲ ਸਾਰੇ ਦੇਸ਼ ਅਤੇ ਦੁਨੀਆ ਭਰ ਵਿੱਚ ਮਨਾਇਆ ਜਾਵੇ।
ਇੱਕ ਇਤਿਹਾਸਿਕ ਫੈਸਲੇ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਸਰਹੱਦ ਤੱਕ ਕਰਤਾਰਪੁਰ ਸਾਹਿਬ ਕੌਰੀਡੋਰ ਤਿਆਰ ਕਰਨ ਅਤੇ ਵਿਕਸਿਤ ਕਰਨ ਦਾ ਕੰਮ ਹੱਥ ਵਿੱਚ ਲੈਣ ਦਾ ਫੈਸਲਾ ਕੀਤਾ ਸੀ ਤਾ ਕਿ ਭਾਰਤ ਤੋਂ ਤੀਰਥ ਯਾਤਰੀ ਸਾਰਾ ਸਾਲ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੁਖਾਲੇ ਅਤੇ ਨਿਰਵਿਘਨ ਢੰਗ ਨਾਲ ਜਾ ਸਕਣ।
ਇਸ ਸਮਝੌਤੇ ਉੱਤੇ ਦਸਤਖਤ ਹੋਣ ਨਾਲ ਕਰਤਾਰਪੁਰ ਸਾਹਿਬ ਲਾਂਘੇ ਲਈ ਇੱਕ ਰਸਮੀ ਫਰੇਮਵਰਕ (formal framework) ਤਿਆਰ ਹੋ ਗਿਆ ਹੈ।
ਇਸ ਸਮਝੌਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ -
- ਸਭ ਧਰਮਾਂ ਦੇ ਅਤੇ ਭਾਰਤੀ ਮੂਲ ਦੇ ਵਿਅਕਤੀ ਇਸ ਲਾਂਘੇ ਦੀ ਵਰਤੋਂ ਕਰ ਸਕਦੇ ਹਨ,
- ਇਹ ਯਾਤਰਾ ਵੀਜ਼ਾ ਮੁਕਤ ਹੋਵੇਗੀ,
- ਤੀਰਥ ਯਾਤਰੀਆਂ ਨੂੰ ਆਪਣੇ ਕੋਲ ਜਾਇਜ਼ ਪਾਸਪੋਰਟ ਰੱਖਣਾ ਪਵੇਗਾ,
- ਭਾਰਤੀ ਮੂਲ ਦੇ ਵਿਅਕਤੀਆਂ ਨੂੰ ਆਪਣੇ ਦੇਸ਼ ਦੇ ਪਾਸਪੋਰਟ ਤੋਂ ਇਲਾਵਾ ਓਵਰਸੀਜ਼ ਸਿਟੀਜ਼ਨ ਆਵ੍ ਇੰਡੀਆ (ਓਸੀਆਈ) ਕਾਰਡ ਵੀ ਰੱਖਣਾ ਪਵੇਗਾ,
- ਕੌਰੀਡੋਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁੱਲ੍ਹੇਗਾ। ਸਵੇਰ ਵੇਲੇ ਜਾਣ ਵਾਲੇ ਤੀਰਥ ਯਾਤਰੀਆਂ ਨੂੰ ਉਸੇ ਦਿਨ ਵਾਪਸ ਪਰਤਣਾ ਪਵੇਗਾ।
- ਇਹ ਲਾਂਘਾ ਸਿਰਫ ਨੋਟੀਫਾਈ ਦਿਨਾਂ ਨੂੰ ਛੱਡਕੇ ਸਾਰਾ ਸਾਲ ਖੁੱਲ੍ਹਾ ਰਹੇਗਾ, ਇਸ ਬਾਰੇ ਜਾਣਕਾਰੀ ਪਹਿਲਾਂ ਦਿੱਤੀ ਜਾਵੇਗੀ।
- ਤੀਰਥ ਯਾਤਰੀਆਂ ਪਾਸ ਇਕੱਲੇ ਜਾਂ ਸਮੂਹਾਂ ਵਿੱਚ ਜਾਣ ਲਈ ਅਤੇ ਪੈਦਲ ਯਾਤਰਾ ਕਰਨ ਦਾ ਵੀ ਵਿਕਲਪ ਹੋਵੇਗਾ।
- ਭਾਰਤ ਯਾਤਰਾ ਦੀ ਤਰੀਕ ਤੋਂ 10 ਦਿਨ ਪਹਿਲਾਂ ਤੀਰਥ ਯਾਤਰੀਆਂ ਦੀ ਲਿਸਟ ਪਾਕਿਸਤਾਨ ਨੂੰ ਭੇਜੇਗਾ। ਯਾਤਰੀਆਂ ਨੂੰ ਯਾਤਰਾ ਦੀ ਤਰੀਕ ਤੋਂ 4 ਦਿਨ ਪਹਿਲਾਂ ਪੁਸ਼ਟੀਕਰਨ ਭੇਜਿਆ ਜਾਵੇਗਾ।
- ਪਾਕਿਸਤਾਨੀ ਧਿਰ ਨੇ ਭਾਰਤ ਨੂੰ ਭਰੋਸਾ ਦਿਵਾਇਆ ਹੈ ਕਿ 'ਲੰਗਰ' ਅਤੇ 'ਪ੍ਰਸਾਦ' ਵੰਡਣ ਲਈ ਕਾਫੀ ਪ੍ਰਬੰਧ ਕੀਤਾ ਗਿਆ ਹੈ।
ਤੀਰਥ ਯਾਤਰੀਆਂ ਨੂੰ 20 ਅਮਰੀਕੀ ਡਾਲਰ ਪ੍ਰਤੀ ਯਾਤਰੀ ਸਰਵਿਸ ਚਾਰਜ ਦੇ ਰੂਪ 'ਚ ਵਸੂਲਣ ਦੀ ਪਾਕਿਸਤਾਨ ਦੀ ਜ਼ਿੱਦ ਦਾ ਮੁੱਦਾ ਮੁੱਖ ਤੌਰ 'ਤੇ ਚਰਚਾ ਦਾ ਵਿਸ਼ਾ ਰਿਹਾ ਹੈ। ਭਾਰਤ ਲਗਾਤਾਰ ਪਾਕਿਸਤਾਨ ਨੂੰ ਬੇਨਤੀ ਕਰਦਾ ਰਿਹਾ ਕਿ ਤੀਰਥ ਯਾਤਰੀਆਂ ਉੱਤੇ ਕੋਈ ਫੀਸ ਨਾ ਲਗਾਈ ਜਾਵੇ। ਇਹ ਵਾਰ-ਵਾਰ ਇੱਥੋਂ ਤੱਕ ਕਿ ਸੰਯੁਕਤ ਸਕੱਤਰ ਪੱਧਰ ਤੱਕ ਦੀਆਂ ਬੈਠਕਾਂ ਅਤੇ ਡਿਪਲੋਮੈਟਿਕ ਪੱਧਰ ਉੱਤੇ ਜ਼ੋਰ ਦਿੱਤਾ ਗਿਆ ਕਿ ਇਹ ਸ਼ਰਤ ਭਾਰਤੀ ਤੀਰਥ ਯਾਤਰੀਆਂ ਦੀਆਂ ਧਾਰਮਿਕ ਅਤੇ ਅਧਿਆਤਮਿਕ ਭਾਵਨਾਵਾਂ ਅਨੁਸਾਰ ਠੀਕ ਨਹੀਂ ਹੈ। ਭਾਰਤ ਨੇ ਪਾਕਿਸਤਾਨ ਕੋਲ ਇਸ ਗੱਲ ਲਈ ਆਪਣੀ ਨਾਰਾਜ਼ਗੀ ਜਤਾਈ ਕਿ ਉਹ ਫੀਸ ਮੁਆਫ ਨਹੀਂ ਕਰ ਰਿਹਾ ਪਰ ਤੀਰਥ ਯਾਤਰੀਆਂ ਦੇ ਹਿਤ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਚਾਲੂ ਹੋਣ ਲਈ ਭਾਰਤ ਅੱਜ ਇਸ ਸਮਝੌਤੇ ਉੱਤੇ ਦਸਤਖਤ ਕਰਨ ਲਈ ਤਿਆਰ ਹੋ ਗਿਆ। ਭਾਵੇਂ ਕਿ ਸਮਝੌਤੇ ਉੱਤੇ ਦਸਤਖਤ ਹੋ ਗਏ ਹਨ ਪਰ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕਰੀ ਜਾ ਰਹੀ ਹੈ ਕਿ ਉਹ ਫੀਸ ਲੈਣ ਦੀ ਆਪਣੀ ਸ਼ਰਤ ਉੱਤੇ ਮੁੜ ਵਿਚਾਰ ਕਰੇ। ਭਾਰਤ ਇਸ ਹਿਸਾਬ ਨਾਲ ਸਮਝੌਤੇ ਵਿੱਚ ਸੋਧ ਕਰਨ ਲਈ ਤਿਆਰ ਹੈ।
ਭਾਰਤ ਇਸ ਗੱਲ ‘ਤੇ ਲਗਾਤਾਰ ਜ਼ੋਰ ਦੇ ਰਿਹਾ ਹੈ ਕਿ ਇਸ ਲਾਂਘੇ ਲਈ ਸਾਰੇ ਮੌਸਮਾਂ ਦੀ ਕਨੈਕਟਿਵਿਟੀ ਜਾਰੀ ਰੱਖੀ ਜਾਵੇ। ਇਸ ਸੰਦਰਭ ਵਿੱਚ ਭਾਰਤ ਸਰਕਾਰ ਨੇ ਅੰਤਰਿਮ ਸਮਝੌਤੇ ਵਜੋਂ ਭਾਰਤੀ ਪਾਸੇ ਵੱਲ ਇੱਕ ਪੁਲ਼ ਤਿਆਰ ਕੀਤਾ ਹੈ ਅਤੇ ਇੱਕ ਆਰਜ਼ੀ ਸੜਕ ਵੀ ਬਣਾਈ ਹੈ। ਆਸ ਹੈ ਕਿ ਪਾਕਿਸਤਾਨ ਆਪਣੇ ਭਰੋਸੇ ਉੱਤੇ ਪੂਰਾ ਉਤਰੇਗਾ ਕਿ ਉਹ ਜਲਦੀ ਤੋਂ ਜਲਦੀ ਆਪਣੇ ਪਾਸੇ ਪੁਲ਼ ਬਣਾਵੇਗਾ।
ਤੀਰਥ ਯਾਤਰੀਆਂ ਦੀ ਸੁਵਿਧਾ ਲਈ ਪ੍ਰਬੰਧ
ਕਰਤਾਰਪੁਰ ਸਾਹਿਬ ਲਾਂਘੇ ਦੇ ਸਮੇਂ ‘ਤੇ ਉਦਘਾਟਨ ਲਈ ਸਾਰੇ ਜ਼ਰੂਰੀ ਬੁਨਿਆਦੀ ਢਾਂਚੇ ਜਿਵੇਂ ਹਾਈਵੇ ਅਤੇ ਪਸੰਜਰ ਟਰਮੀਨਲ ਭਵਨ ਪੂਰੇ ਹੋਣ ਵਾਲੇ ਹਨ। ਤੀਰਥ ਯਾਤਰੀਆਂ ਦੇ ਮਾਰਗ ਨੂੰ ਸੁਗਮ ਤੇ ਅਸਾਨ ਅਤੇ ਸੁਵਿਧਾਜਨਕ ਬਣਾਉਣ ਲਈ ਇੱਕ ਮਜ਼ਬੂਤ ਸੁਰੱਖਿਆ ਵਿਵਸਥਾ ਸੁਨਿਸ਼ਚਿਤ ਕੀਤੀ ਜਾ ਰਹੀ ਹੈ।
ਤੀਰਥ ਯਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ (prakashpurb550.mha.gov.in) ਅੱਜ ਤੋਂ ਸਰਗਰਮ ਹੋ ਚੁੱਕਾ ਹੈ। ਤੀਰਥ ਯਾਤਰੀਆਂ ਨੂੰ ਆਪਣੇ-ਆਪ ਨੂੰ ਇਸ ਪੋਰਟਲ ਉੱਤੇ ਲਾਜ਼ਮੀ ਤੌਰ ‘ਤੇ ਰਜਿਸਟਰ ਕਰਵਾਉਣਾ ਪਵੇਗਾ ਅਤੇ ਉਸ ਲਈ ਯਾਤਰਾ ਦੀ ਤਰੀਕ ਵੀ ਦੱਸਣੀ ਪਵੇਗੀ। ਤੀਰਥ ਯਾਤਰੀਆਂ ਨੂੰ ਐੱਸਐੱਮਐੱਸ ਜਾਂ ਈ-ਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਤਸਦੀਕ ਬਾਰੇ ਦੱਸਿਆ ਜਾਵੇਗਾ। ਇੱਕ ਇਲੈਕਟ੍ਰੌਨਿਕ ਯਾਤਰਾ ਪਰਚੀ ਜਾਰੀ ਕੀਤੀ ਜਾਵੇਗੀ ਜਿਸ ਨੂੰ ਯਾਤਰੀ ਟਰਮੀਨਲ ਬਿਲਡਿੰਗ ਪਹੁੰਚਣ ‘ਤੇ ਤੀਰਥ ਯਾਤਰੀਆਂ ਨੂੰ ਆਪਣੇ ਪਾਸਪੋਰਟ ਦੇ ਨਾਲ ਲੈ ਜਾਣਾ ਹੋਵੇਗਾ।
****
ਵੀਜੀ/ਵੀਐੱਮ/ਐੱਚਐੱਸ
(Release ID: 1589060)
ਵਿਜ਼ੀਟਰ ਕਾਊਂਟਰ : 152