ਪ੍ਰਧਾਨ ਮੰਤਰੀ ਦਫਤਰ

ਔਰੰਗਾਬਾਦ ਵਿੱਚ ਮਹਿਲਾ ਸੈਲਫ ਹੈਲਪ ਗਰੁੱਪਾਂ ਨਾਲ ਸੰਵਾਦ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 07 SEP 2019 8:15PM by PIB Chandigarh

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਮੰਚ ਉੱਤੇ ਹਾਜ਼ਰ ਸਾਰੇ ਮਹਾਨੁਭਾਵ ਅਤੇ ਦੂਰ - ਦੂਰ ਤੋਂ ਵੱਡੀ ਸੰਖਿਆ ਵਿੱਚ ਪਧਾਰੇ ਮਾਤਾਓ, ਭੈਣੋਂ ਅਤੇ ਸਾਥੀਓ। ਮੈਂ ਉੱਥੇ ਦੇਖ ਰਿਹਾ ਹਾਂ,  ਦੂਰ - ਦੂਰ ਤੱਕ ਭੈਣਾਂ ਖੜ੍ਹੀਆਂ ਹਨ,  ਸ਼ਾਇਦ ਉਨ੍ਹਾਂ ਨੂੰ ਤਾਂ ਕੁਝ ਦਿਸਦਾ ਵੀ ਨਹੀਂ ਹੋਵੇਗਾ । ਲੇਕਿਨ ਉਸ ਦੇ ਬਾਵਜੂਦ ਵੀ ਇੰਨੀ ਵੱਡੀ ਤਾਦਾਦ ਵਿੱਚ ਤੁਹਾਡਾ ਆਉਣਾ, ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣਾ, ਮੈਂ ਹਿਰਦੇ ਤੋਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ ।

ਆਪ ਸਾਰੇ ਦੇਸ਼ ਦੇ ਵਿਕਾਸ ਵਿੱਚ ਸਾਡੇ ਪਿੰਡ, ਦਿਹਾਤ ਨੂੰ, ਆਪਣੇ ਪਰਿਵਾਰ ਨੂੰ ਆਰਥਿਕ ਰੂਪ ਤੋਂ ਸਸ਼ਕਤ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਹੇ ਹਨ। ਸਵੈ ਸਹਾਇਤਾ ਸਮੂਹਾਂ ਰਾਹੀਂ ਦੇਸ਼ ਨੂੰ ਸਸ਼ਕਤ ਕਰਨ ਵਾਲੀ ਨਵੇਂ ਭਾਰਤ ਦੇ ਨਿਰਮਾਣ ਵਿੱਚ ਜੁਟੀਆਂ ਆਪ ਸਾਰੀਆਂ ਭੈਣਾਂ ਨੂੰ ਮੈਂ ਨਮਨ ਕਰਦਾ ਹਾਂ ਅਤੇ ਭੈਣ ਪੰਕਜਾ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ ।

ਸਾਥੀਓ, ਅੱਜ ਔਰੰਗਾਬਾਦ ਦੇ ਵਿਕਾਸ ਨਾਲ ਜੁੜੀ ਇੱਕ ਅਹਿਮ ਇਮਾਰਤ ਦਾ ਉਦਘਾਟਨ ਥੋੜ੍ਹੀ ਦੇਰ ਪਹਿਲਾਂ ਕੀਤਾ ਗਿਆ ਹੈ ।  ਔਰੰਗਾਬਾਦ ਇੰ‍ਡਸਟ੍ਰੀਅਲ ਸਿਟੀ ਦੀ ਸਿਗਨੇਚਰ ਬਿਲਡਿੰਗ ਹੁਣ ਸੇਵਾ ਲਈ ਤਿਆਰ ਹੈ ।  ਨਵੇਂ ਔਰੰਗਾਬਾਦ ਸ਼ਹਿਰ ਦੀ ਇਹ ਮਹੱਤਵਪੂਰਨ ਇਮਾਰਤ ਹੋਵੇਗੀ ।  ਇਸ ਇਮਾਰਤ ਤੋਂ ਪੂਰੇ ਉਦਯੋਗਿਕ ਸ਼ਹਿਰ ਦੀਆਂ ਅਨੇਕ ਵਿਵਸ‍ਥਾਵਾਂ ਦਾ ਸੰਚਾਲਨ ਹੋਵੇਗਾ ।

ਸਾਥੀਓ, ਔਰੰਗਾਬਾਦ ਨਵਾਂ smart city ਤਾਂ ਬਣ ਹੀ ਰਿਹਾ ਹੈ, ਦੇਸ਼ ਦੀਆਂ ਉਦਯੋਗਿਕ ਗਤੀਵਿਧੀਆਂ ਦਾ ਵੀ ਵੱਡਾ ਸੈਂਟਰ ਹੋਣ ਵਾਲਾ ਹੈ ।  ਦਿੱਲੀ–ਮੁੰਬਈ ਇੰ‍ਡਸਟ੍ਰੀਅਲ ਕੌਰੀਡੋਰ ਦਾ ਵੀ ਇਹ ਇੱਕ ਅਹਿਮ ਹਿੱਸਾ ਹੈ। ਅਨੇਕ ਵੱਡੀਆਂ ਕੰਪਨੀਆਂ ਇੱਥੇ ਕੰਮ ਕਰਨਾ ਸ਼ੁਰੂ ਕਰ ਚੁੱਕੀਆਂ ਹਨ ।  ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਵੀ ਇੱਥੇ ਆਉਣਗੀਆਂ। ਇਹ ਕੰਪਨੀਆਂ ਇੱਥੋਂ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ  ਦੇ ਨਵੇਂ ਅਵਸਰ ਦੇਣ ਵਾਲੀਆਂ ਹਨ ।

ਸਾਥੀਓ, ਔਰੰਗਾਬਾਦ ਅੱਜ ਇੱਕ ਹੋਰ ਬਹੁਤ ਵੱਡੀ ਸਿੱਧੀ ਦਾ ਗਵਾਹ ਬਣ ਰਿਹਾ ਹੈ ।  ਇਹ ਸਿੱਧੀ ਤੁਹਾਡੀ ਹੈ, ਦੇਸ਼ ਦੀਆਂ ਕਰੋੜਾਂ ਭੈਣਾਂ ਦੀ ਹੈ।

ਉੱਜਵਲਾ ਯੋਜਨਾ ਤਹਿਤ 8 ਕਰੋੜ ਮੁਫਤ ਗੈਸ ਕਨੈਕਸ਼ਨ ਦੇਣ ਦਾ ਜੋ ਸੰਕਲਪ ਅਸੀਂ ਲਿਆ ਸੀ,  ਉਹ ਅੱਜ ਇਸ ਮੰਚ ਉੱਤੇ ਇਨ੍ਹਾਂ ਲੱਖਾਂ ਭੈਣਾਂ ਦੀ ਹਾਜ਼ਰੀ ਵਿੱਚ ਸਿੱਧ ਹੋਇਆ ਹੈ। ਸਿਰਫ ਸਿੱਧ ਹੀ ਨਹੀਂ ਹੋਇਆ ਬਲਕਿ ਤੈਅ ਸਮੇਂ ਤੋਂ 7 ਮਹੀਨੇ ਪਹਿਲਾਂ ਹੀ ਟੀਚੇ ਨੂੰ ਅਸੀਂ ਪ੍ਰਾਪਤ ਕਰ ਲਿਆ ਹੈ।

ਇਨ੍ਹਾਂ 8 ਕਰੋੜ ਕਨੈਕਸ਼ਨ ਵਿੱਚੋਂ ਕਰੀਬ 44 ਲੱਖ, ਇਕੱਲੇ ਮਹਾਰਾਸ਼ਟਰ ਵਿੱਚ ਦਿੱਤੇ ਗਏ ਹਨ। ਇਸ ਉਪਲੱਬਧੀ ਲਈ ਮੈਂ ਤੁਹਾਨੂੰ ਸਾਰਿਆਂ ਨੂੰ, ਦੇਸ਼ ਦੀ ਹਰ ਉਸ ਭੈਣ ਨੂੰ, ਜਿਸ ਨੂੰ ਧੂੰਏਂ ਤੋਂ ਮੁਕਤੀ ਮਿਲੀ ਹੈ,  ਬਹੁਤ - ਬਹੁਤ ਵਧਾਈ ਦਿੰਦਾ ਹਾਂ,  ਸ਼ੁਭਕਾਮਨਾਵਾਂ ਦਿੰਦਾ ਹਾਂ ।  ਮੈਂ ਦੇਸ਼ ਭਰ ਦੇ ਉਨ੍ਹਾਂ ਸਾਥੀਆਂ ਨੂੰ ਵੀ ਨਮਨ ਕਰਦਾ ਹਾਂ ਜਿਨ੍ਹਾਂ ਨੇ ਇਸ ਯੋਜਨਾ ਨੂੰ ਸਫਲ ਬਣਾਉਣ ਵਿੱਚ ਬਹੁਤ ਮਿਹਨਤ ਕੀਤੀ ਹੈ,  ਮਦਦ ਕੀਤੀ ਹੈ ।

ਸਾਥੀਓ, ਧੂੰਏਂ ਵਿੱਚ ਘੁਟਦੀਆਂ ਆਪਣੀਆਂ ਗ਼ਰੀਬ ਭੈਣਾਂ ਦੀ ਸਹਾਇਤਾ ਕਰਨ ਲਈ ਪਹਿਲਾਂ ਪੰਜ ਕਰੋੜ ਗੈਸ ਕਨੈਕਸ਼ਨ ਮੁਫਤ ਦੇਣ ਦਾ ਟੀਚਾ  ਰੱਖਿਆ ਗਿਆ ਸੀ ।  ਪਿਛਲੇ ਸਾਲ ਮਾਰਚ ਵਿੱਚ ਇਸ ਟੀਚੇ  ਨੂੰ ਵਿਸਤਾਰ ਦਿੰਦੇ ਹੋਏ ਅੱਠ ਕਰੋੜ ਕਰ ਦਿੱਤਾ ਗਿਆ । ਚੋਣ ਦੇ ਦਰਮਿਆਨ ਜਦੋਂ ਵੀ ਮੈਂ ਤੁਹਾਡੇ ਵਿਚਕਾਰ ਆਇਆ ਸਾਂ, ਤਾਂ ਇਸ ਟੀਚੇ ਨੂੰ ਹਾਸਲ ਕਰਨ ਦੀ ਗੱਲ ਕਹੀ ਸੀ। ਮੈਨੂੰ ਤਸੱਲੀ ਸੰਤੋਸ਼ ਹੈ ਕਿ ਸਰਕਾਰ ਬਣਨ  ਦੇ 100 ਦਿਨ  ਦੇ ਅੰਦਰ ਹੀ ਇਹ ਕੰਮ ਪੂਰਾ ਹੋ ਗਿਆ ।

ਸਾਥੀਓ,  ਇਹ ਕੰਮ ਸਿਰਫ ਕਨੈਕਸ਼ਨ ਦੇਣ ਭਰ ਤੱਕ ਸੀਮਿਤ ਨਹੀਂ ਸੀ । ਇਸ ਲਈ ਹੋਰ ਵੀ ਵਿਆਪਕ ਪ੍ਰਬੰਧ ਕੀਤੇ ਗਏ,  holistic  ਤਰੀਕੇ ਨਾਲ ਕੰਮ ਕੀਤਾ ਗਿਆ। ਇੱਕ ਬਹੁਤ ਵੱਡਾ ਇਨਫ੍ਰਾਸਟ੍ਰਕਚਰ ਇਸ ਲਈ ਜ਼ਰੂਰੀ ਸੀ,  ਜਿਸ ਨੂੰ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਕੀਤਾ ਗਿਆ ।  ਇਸ ਲਈ ਜੋ 10 ਹਜ਼ਾਰ ਨਵੇਂ LPG Distributers ਤਿਆਰ ਕੀਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਪਿੰਡਾਂ ਵਿੱਚ ਨਿਯੁਕਤ ਕੀਤਾ ਗਿਆ । ਇੰਨਾ ਹੀ ਨਹੀਂ,  ਦੇਸ਼ ਭਰ ਵਿੱਚ ਨਵੇਂ LPG Bottling plant ਲਗਾਏ ਗਏ ਤਾਕਿ ਗੈਸ ਸਿਲੰਡਰਾਂ ਦੀ ਘਾਟ ਨਾ ਹੋਵੇ। ਸਰਕਾਰ ਨੇ ਬੰਦਰਗਾਹਾਂ ਦੇ ਆਸਪਾਸ terminal capacity ਵਧਾਉਣ  ਦੇ ਨਾਲ ਹੀ ਗੈਸ ਪਾਈਪ ਲਾਈਨ  ਦੇ ਨੈੱਟਵਰਕ ਦਾ ਵਿਸਤਾਰ ਵੀ ਕੀਤਾ ।

ਸਾ‍ਥੀਓ, ਸਾਡਾ ਯਤਨ ਹੈ ਕਿ ਹੁਣ ਦੇਸ਼ ਵਿੱਚ ਇੱਕ ਵੀ ਅਜਿਹਾ ਪਰਿਵਾਰ ਨਾ ਰਹੇ ਜਿਸ ਦੇ ਘਰ  LPG ਕਨੈਕਸ਼ਨ ਨਾ ਪਹੁੰਚਿਆ ਹੋਵੇ। ਇਸ ਦੇ ਨਾਲ-ਨਾਲ ਇਸ ਯੋਜਨਾ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ 5 ਕਿਲੋ ਦੇ ਸਿਲੰਡਰ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ । ਦੇਸ਼  ਦੇ ਅਨੇਕ ਇਲਾਕਿਆਂ ਵਿੱਚ ਪਾਈਪ ਨਾਲ ਗੈਸ ਪਹੁੰਚਾਉਣ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ।

ਭਾਈਓ ਅਤੇ ਭੈਣੋਂ,  ਹੁਣ ਇੱਕ ਬਹੁਤ ਵੱਡਾ ਮਿਸ਼ਨ ਲੈ ਕੇ ਅਸੀਂ ਚਲੇ ਹਾਂ, ਜਿਸ ਦਾ ਸਿੱਧਾ ਸਰੋਕਾਰ ਵੀ ਤੁਹਾਡੇ ਸਾਰਿਆਂ ਨਾਲ ਹੈ, ਦੇਸ਼ ਦੀਆਂ ਕਰੋੜਾਂ-ਕਰੋੜਾਂ ਭੈਣਾਂ ਨਾਲ ਹੈ। ਆਪ ਸਾਰੀਆਂ ਭੈਣਾਂ ਨੂੰ ਪਾਣੀ ਲਈ ਕਿੰਨੀ ਪਰੇਸ਼ਾਨੀ ਉਠਾਉਣੀ ਪੈਂਦੀ ਹੈ, ਇਸ ਦਾ ਮੈਨੂੰ ਭਲੀਭਾਂਤੀ ਅਹਿਸਾਸ ਹੈ ।  ਦੇਸ਼ ਦੀ ਹਰ ਭੈਣ ਨੂੰ ਇਸ ਪਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਹੀ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਮਿਸ਼ਨ ਤਹਿਤ, ਪਾਣੀ ਬਚਾਉਣ ਲਈ, ਘਰ-ਘਰ ਪਾਣੀ ਪਹੁੰਚਾਉਣ ਲਈ ਪੂਰਾ ਦੇਸ਼ ਸੰਕਲਪਬੱਧ ਹੋਇਆ ਹੈ ।  ਇਹ ਤੈਅ ਕੀਤਾ ਗਿਆ ਹੈ ਕਿ ਆਉਣ ਵਾਲੇ 5 ਵਰ੍ਹਿਆਂ ਵਿੱਚ ਲਗਭਗ ਸਾਢੇ 3 ਲੱਖ ਕਰੋੜ ਰੁਪਏ ਇਸ ਪਾਣੀ  ਦੇ ਅਭਿਆਨ ਉੱਤੇ ਖਰਚ ਕੀਤੇ ਜਾਣਗੇ ।

ਤੁਸੀਂ ਸ਼ਾਇਦ ਸੁਣਿਆ ਹੋਵੇਗਾ ਸਮਾਜਵਾਦੀ ਨੇਤਾ ਰਾਮ ਮਨੋਹਰ ਲੋਹੀਆ ਜੀ 60 - 70  ਦੇ ਦਹਾਕੇ ਵਿੱਚ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਇੱਕ ਭਾਸ਼ਣ ਦਿੱਤਾ ਸੀ ।  ਉਨ੍ਹਾਂ ਨੇ ਕਿਹਾ ਸੀ ਕਿ ਹਿੰਦੁਸਤਾਨ ਦੀਆਂ ਮਹਿਲਾਵਾਂ ਦੀਆਂ ਦੋ ਪ੍ਰਮੁੱਖ ਸਮੱਸਿਆਵਾਂ ਹਨ ।  ਉਸ ਦਾ ਤੁਰੰਤ ਸਾਨੂੰ ਸਮਾਧਾਨ ਕਰਨਾ ਚਾਹੀਦਾ ਹੈ ।  ਇਹ 60-70 ਦੀ ਅਵਧੀ ਵਿੱਚ ਕਹੀਆਂ ਗਈ ਗੱਲਾਂ, ਲੋਹੀਆ ਜੀ ਵੱਲੋਂ ਕਹੀਆਂ ਗਈ ਗੱਲਾਂ ਹਨ ।  ਕਿਹੜੀਆਂ ਦੋ ਸਮੱਸਿਆਵਾਂ ਦੱਸੀਆਂ - ਉਨ੍ਹਾਂ ਕਿਹਾ ਹਿੰਦੁਸਤਾਨ ਦੀਆਂ ਔਰਤਾਂ ਦੀਆਂ ਦੋ ਪ੍ਰਮੁੱਖ ਸਮੱਸਿਆਵਾਂ ਹਨ, ਇੱਕ ਪਖਾਨਾ ਅਤੇ ਦੂਜਾ ਪਾਣੀ ।  ਯਾਨੀ ਔਰਤਾਂ ਲਈ ਪਖਾਨੇ ਨਹੀਂ ਹਨ ,  ਅਤੇ ਔਰਤਾਂ ਨੂੰ ਘਰ ਚਲਾਉਣ ਲਈ ਪਾਣੀ ਉਪਲੱਬਧ ਨਹੀਂ ਹੈ। ਅਗਰ ਇਨ੍ਹਾਂ ਦੋ ਸਮੱਸਿਆਵਾਂ ਦਾ ਸਮਾਧਾਨ ਕਰੀਏ ਤਾਂ ਇਸ ਦੇਸ਼ ਦੀਆਂ ਔਰਤਾਂ ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੀ ਤਾਕਤ ਬਣ ਜਾਣਗੀਆਂ। ਲੋਹੀਆ ਜੀ ਤਾਂ ਚਲੇ ਗਏ, ਸਰਕਾਰਾਂ ਵੀ ਆਈਆਂ ਅਤੇ ਚਲੀਆਂ ਗਈਆਂ, ਨੇਤਾ ਵੀ ਆਏ ਅਤੇ ਚਲੇ ਗਏ, ਇੱਕ ਅਸੀਂ ਹਾਂ ਜਿਨ੍ਹਾਂ ਨੇ ਠਾਨ ਲਈ ਹੈ ਕਿ ਹਰ ਘਰ ਵਿੱਚ ਪਖਾਨਾ ਵੀ ਹੋਵੇਗਾ ਅਤੇ ਹਰ ਘਰ ਵਿੱਚ ਪਾਣੀ ਵੀ ਹੋਵੇਗਾ ।

 

ਮਰਾਠਵਾੜਾ ਦਾ ਇਹ ਖੇਤਰ ਤਾਂ,  ਵੈਸੇ ਵੀ ਇਸ ਦਾ ਬੜਾ ਲਾਭਾਰਥੀ ਵੀ ਹੋਣ ਵਾਲਾ ਹੈ ਅਤੇ ਆਪ ਸਾਰੇ ਦੇਵੇਂਦ੍ਰ ਜੀ ਦੀ ਸਰਕਾਰ  ਦੇ ਨਾਲ ਮਿਲਕੇ ਸ਼ਲਾਘਾਯੋਗ ਪ੍ਰਯਤਨ ਵੀ ਕਰ ਰਹੇ ਹੋ । ਹੁਣ ਦੇਵੇਂਦ੍ਰ ਜੀ  ਨੇ ਵਿਸਤਾਰ ਨਾਲ,  ਉਨ੍ਹਾਂ  ਦੇ  ਮਨ ਵਿੱਚ ਕੀ ਸੁਪਨਾ ਹੈ ਇਸ ਖੇਤਰ ਵਿੱਚ ਪਾਣੀ ਪਹੁੰਚਾਉਣ  ਦੇ ਲਈ, ਇਸ ਦਾ ਗਹਿਰਾ ਵਰਣਨ ਕੀਤਾ ਹੈ ਤੁਹਾਡੇ ਸਾਹਮਣੇ ।  ਮਰਾਠਵਾੜਾ ਵਿੱਚ ਜੋ ਪਹਿਲਾ water grid ਬਣਾਇਆ ਜਾ ਰਿਹਾ ਹੈ ,  ਉਹ ਪ੍ਰਸ਼ੰਸਾਯੋਗ ਕੋਸ਼ਿਸ਼ ਹੈ ।  ਇਹ grid ਜਦੋਂ ਤਿਆਰ ਹੋ ਜਾਵੇਗਾ ਤਾਂ ਇਸ ਖੇਤਰ ਵਿੱਚ ਪਾਣੀ ਦੀ ਉਪਲੱਬਧਤਾ ਵਧ ਜਾਵੇਗੀ । ਹਰ ਪਿੰਡ ਤੱਕ ਪੀਣ ਦਾ ਪਾਣੀ ਪਹੁੰਚਾਉਣ, ਹਰ ਖੇਤ ਤੱਕ ਸਿੰਚਾਈ ਦਾ ਪਾਣੀ ਪਹੁੰਚਾਉਣ ਵਿੱਚ ਇਸ ਤੋਂ ਮਦਦ ਮਿਲੇਗੀ ।

ਸਾਥੀਓ, ਕਿਸਾਨਾਂ ਨੂੰ ਸਿੰਚਾਈ ਦੀ ਸੁਵਿਧਾ ਦੇਣ ਤੋਂ ਲੈ ਕੇ ਅਨੇਕ ਕਦਮ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਉਠਾ ਰਹੀਆਂ ਹਨ ।  ਹਰ ਕਿਸਾਨ ਪਰਿਵਾਰ  ਦੇ ਬੈਂਕ ਅਕਾਊਂਟ ਵਿੱਚ ਸਿੱਧੀ ਮਦਦ,  60 ਸਾਲ ਦੀ ਉਮਰ  ਦੇ ਬਾਅਦ ਕਿਸਾਨਾਂ ਨੂੰ ਪੈਨਸ਼ਨ ਦੀ ਸੁਵਿਧਾ, ਪਸ਼ੂਧਨ ਨੂੰ ਸਵਸਥ ਰੱਖਣ ਲਈ ਟੀਕਾਕਰਨ ਅਭਿਆਨ, ਅਜਿਹੇ ਅਨੇਕ ਪ੍ਰਯਤਨ ਕੀਤੇ ਜਾ ਰਹੇ ਹਨ ।

ਭਾਈਓ ਅਤੇ ਭੈਣੋਂ, ਪਿੰਡ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਆਪ ਸਾਰਿਆਂ ਦਾ ਯੋਗਦਾਨ ਬਹੁਤ ਅਹਿਮ ਹੈ। Self Help Group , ਮਹਿਲਾ ਬੱਚਤ ਤੱਤਾਂ ਦੇ ਰੂਪ ਵਿੱਚ ਤੁਸੀਂ ਜੋ ਕੰਮ ਕਰ ਰਹੇ ਹੋ, ਉਸ ਨਾਲ ਤੁਹਾਡਾ ਸਸ਼ਕਤੀਕਰਨ, ਆਰਥਿਕ ਸਸ਼ਕਤੀਕਰਨ ਤਾਂ ਹੋ ਹੀ ਰਿਹਾ ਹੈ,  ਪਰਿਵਾਰ ਦੀ ਸਥਿਤੀ ਵੀ ਸੁਧਰ ਰਹੀ ਹੈ ।  ਜਦੋਂ ਪਰਿਵਾਰ ਆਰਥਿਕ ਰੂਪ ਤੋਂ ਸਸ਼ਕਤ ਹੁੰਦਾ ਹੈ ਤਾਂ ਦੇਸ਼ ਦੀ ਤਾਕਤ ਆਪਣੇ –ਆਪ ਵਧਦੀ ਹੈ।

ਸਾਥੀਓ,  ਦੇਸ਼  ਦੇ ਵਿਕਾਸ ਵਿੱਚ ਤੁਹਾਡੀ ਇਸ ਭੂਮਿਕਾ ਨੂੰ ਦੇਖਦੇ ਹੋਏ ਬੀਤੇ ਪੰਜ ਵਰ੍ਹਿਆਂ ਵਿੱਚ ਇਸ ਅੰਦੋਲਨ ਨੂੰ ਵਿਸਤਾਰ,  ਹੋਰ ਅਧਿਕ ਵਿਸਤਾਰ ਦੇਣ ਲਈ ਵਿਸ਼ੇਸ਼ ਪ੍ਰਯਤਨ ਕੀਤੇ ਗਏ ਹਨ ।  ਦੀਨਦਯਾਲ ਉਪਾਧਯਾਏ ਗ੍ਰਾਮੀਣ ਆਜੀਵਿਕਾ ਮਿਸ਼ਨ  ਰਾਹੀਂ ਮਹਿਲਾਵਾਂ ਲਈ ਉੱਦਮਸ਼ੀਲਤਾ  ਦੇ ਨਵੇਂ ਅਵਸਰ ਬਣਾਏ ਜਾ ਰਹੇ ਹਨ ।  ਨਵੇਂ ਭਾਰਤ ਵਿੱਚ ਅਸੀਂ ਮਹਿਲਾ ਭਲਾਈ ਤੋਂ ਅੱਗੇ ਨਿਕਲਕੇ ਮਹਿਲਾਵਾਂ ਦੀ ਅਗਵਾਈ ਵਿੱਚ ਰਾਸ਼ਟਰ ਭਲਾਈ ਦੀ ਸੋਚ ਲੈ ਕੇ ਅੱਗੇ ਵਧ ਰਹੇ ਹਾਂ ।

ਇਹੀ ਕਾਰਨ ਹੈ ਕਿ ਇਸ ਸਾਲ ਦੇ ਬਜਟ ਵਿੱਚ ਸਵੈ - ਸਹਾਇਤਾ ਸਮੂਹਾਂ ਲਈ ਮਹੱਤਵਪੂਰਨ ਐਲਾਨ ਕੀਤੇ ਗਏ ਹਨ । ਮਹਿਲਾ ਸਵੈ - ਸਹਾਇਤਾ ਸਮੂਹਾਂ ਲਈ ਵਿਆਜ ਉੱਤੇ ਜੋ ਸਬਸਿਡੀ ਮਿਲਦੀ ਸੀ ,  ਇਸ ਨੂੰ ਹੁਣ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ । ਇਸ ਤਰ੍ਹਾਂ ਸਮੂਹ ਦੀ ਜਿਨ੍ਹਾਂ ਮੈਬਰਾਂ  ਦੇ ਕੋਲ ਜਨ-ਧਨ ਬੈਂਕ ਖਾਤਾ ਹੈ, ਉਨ੍ਹਾਂ ਨੂੰ 5 ਹਜ਼ਾਰ ਰੁਪਏ ਤੱਕ  ਦੇ ਓਵਰ ਡਰਾਫਟ ਦੀ ਅਤਿਰਿਕਤ ਸੁਵਿਧਾ ਮਿਲੇਗੀ । ਹੁਣ ਕਿਸੇ ਸਾਹੂਕਾਰ ਤੋਂ ਜ਼ਿਆਦਾ ਵਿਆਜ ਨਾਲ ਪੈਸਾ ਨਹੀਂ ਲੈਣਾ ਪਵੇਗਾ । ਮਤਲਬ ਇਹ ਕਿ ਅਗਰ ਤੁਹਾਡੇ ਖਾਤੇ ਵਿੱਚ ਇੱਕ ਵੀ ਪੈਸਾ ਜਮ੍ਹਾਂ ਨਹੀਂ ਹੈ, ਉਦੋਂ ਵੀ ਤੁਸੀਂ 5 ਹਜ਼ਾਰ ਰੁਪਏ ਆਪਣੀ ਜ਼ਰੂਰਤ ਲਈ ਉਸ ਤੋਂ ਕੱਢ ਸਕੋਗੀਆਂ । ਇਹ ਇੱਕ ਤਰ੍ਹਾਂ ਨਾਲ ਅਸਾਨ ਕਰਜ਼ਾ ਹੈ ,  ਜਿਸ ਦੀ ਸੁਵਿਧਾ ਜਨ-ਧਨ ਖਾਤੇ ਉੱਤੇ ਤੁਹਾਨੂੰ ਮਿਲੇਗੀ ।

ਇਸੇ ਤਰ੍ਹਾਂ ਮੁਦਰਾ ਯੋਜਨਾ  ਤਹਿਤ ਵੀ ਹਰ ਸਵੈ - ਸਹਾਇਤਾ ਸਮੂਹ ਦੀ ਇੱਕ ਮਹਿਲਾ ਮੈਂਬਰ ਨੂੰ 1 ਲੱਖ ਰੁਪਏ ਤੱਕ ਦਾ ਕਰਜ਼ ਮਿਲੇਗਾ । ਇਸ ਨਾਲ ਤੁਹਾਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਫਿਰ ਉਸ ਨੂੰ ਵਧਾਉਣ ਵਿੱਚ ਮਦਦ ਮਿਲੇਗੀ ।

ਸਾਥੀਓ, ਮੁਦਰਾ ਯੋਜਨਾ ਭੈਣਾਂ ਨੂੰ ਉੱਦਮੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ । ਯੋਜਨਾ ਤਹਿਤ ਹੁਣ ਤੱਕ ਦੇਸ਼ ਭਰ ਵਿੱਚ ਕਰੀਬ 20 ਕਰੋੜ ਕਰਜ਼ੇ ਵੰਡੇ ਗਏ ਹਨ । ਇਨ੍ਹਾਂ ਵਿੱਚੋਂ ਲਗਭਗ 14 ਕਰੋੜ ਕਰਜ਼ੇ ਸਾਡੀਆਂ ਭੈਣਾਂ ਅਤੇ ਬੇਟੀਆਂ  ਦੇ ਹੱਥ ਵਿੱਚ ਗਏ ਹਨ । ਮਹਾਰਾਸ਼ਟਰ ਵਿੱਚ ਵੀ ਮੁਦਰਾ ਯੋਜਨਾ ਦੇ ਡੇਢ ਕਰੋੜ ਲਾਭਾਰਥੀਆਂ ਵਿੱਚੋਂ ਸਵਾ ਕਰੋੜ ਲਾਭਾਰਥੀ ਸਾਡੀਆਂ ਮਾਤਾਵਾਂ-ਭੈਣਾਂ ਹਨ ।  ਮਹਿਲਾ ਉੱਦਮਸ਼ੀਲਤਾ ਦੇ ਖੇਤਰ ਵਿੱਚ ਆ ਰਹੇ ਇਸ ਬਦਲਾਅ ਨੂੰ ਸਾਨੂੰ ਹੋਰ ਤੇਜ਼ ਕਰਨਾ ਹੈ,  ਅਤੇ ਮਜ਼ਬੂਤ ਕਰਨਾ ਹੈ। ਇਸ ਦੇ ਲਈ ਸਰਕਾਰ  ਦੇ ਪੱਧਰ ਉੱਤੇ ਜੋ ਵੀ ਕਦਮ  ਉਠਾਉਣੇ ਹੋਣਗੇ ਉਹ ਜ਼ਰੂਰ ਉਠਾਏ ਜਾਣਗੇ ।

ਸਾਥੀਓ,  ਸਵੈ ਸਹਾਇਤਾ ਸਮੂਹ  ਦੇ ਰੂਪ ਵਿੱਚ ਆਪ ਆਰਥਿਕ ਸਸ਼ਕਤੀਕਰਨ ਦੇ ਮਜ਼ਬੂਤ ਮਾਧਿਅਮ ਤਾਂ ਹੋ ਹੀ, ਆਪ ਸਮਾਜਿਕ ਪਰਿਵਰਤਨ ਦੇ ਵੀ ਅਹਿਮ ਰਖਵਾਲੇ ਹੋ । ਬੇਟੀਆਂ ਦਾ ਜੀਵਨ ਬਚਾਉਣ ਤੋਂ ਲੈ ਕੇ, ਉਨ੍ਹਾਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਲਈ ਸੁਰੱਖਿਅਤ ਮਾਹੌਲ ਬਣਾਉਣ ਲਈ ਸਰਕਾਰ ਨੇ ਅਨੇਕ ਕਦਮ ਉਠਾਏ ਹਨ। ਇੱਥੇ ਦੇਵੇਂਦ੍ਰ ਜੀ ਦੀ ਸਰਕਾਰ ਨੇ ਇਸ ਦਿਸ਼ਾ ਵਿੱਚ ਚੰਗਾ ਕੰਮ ਕੀਤਾ ਹੈ ।  ਲੇਕਿਨ ਸਿਰਫ ਸਰਕਾਰੀ ਯੋਜਨਾ ਅਤੇ ਕਾਨੂੰਨ ਹੀ ਕਾਫ਼ੀ ਨਹੀਂ ਹਨ । ਸਾਨੂੰ ਬੇਟੀਆਂ ਪ੍ਰਤੀ ਸਮਾਜ ਦੀ ਸੋਚ ਵਿੱਚ ਵਿਆਪਕ ਪਰਿਵਰਤਨ ਲਿਆਉਣ ਦੀ ਜ਼ਰੂਰਤ ਹੈ । ਇਸ ਵਿੱਚ ਆਪ ਭੈਣਾਂ-ਬੇਟੀਆਂ ਦੀ ਭੂਮਿਕਾ ਵੀ ਅਹਿਮ ਹੈ ।

ਹਾਲ ਵਿੱਚ ਤੁਸੀਂ ਦੇਖਿਆ ਹੈ ਕਿ ਮੁਸਲਮਾਨ ਭੈਣਾਂ ਨੂੰ ਤੀਹਰੇ ਤਲਾਕ ਦੀ ਕੁਰੀਤੀ ਤੋਂ ਨਿਜਾਤ ਦਿਵਾਉਣ ਲਈ ਇੱਕ ਸਖ਼ਤ ਕਾਨੂੰਨ ਬਣਾਇਆ ਗਿਆ ਹੈ ।  ਹੁਣ ਤੁਹਾਨੂੰ ਸਮਾਜ  ਦੇ ਅੰਦਰ ਇਸ ਕਾਨੂੰਨ ਨੂੰ ਲੈ ਕੇ ਜਾਗਰੂਕਤਾ ਫੈਲਾਉਣੀ ਹੋਵੋਗੀ।

ਸਾਥੀਓ,  ਸਮੇਂ ਤੋਂ ਪਹਿਲਾਂ ਜਦੋਂ ਟੀਚੇ  ਅਸੀਂ ਹਾਸਲ ਕਰਦੇ ਹਾਂ ਤਾਂ ਵੱਡੇ ਸੰਕਲਪਾਂ  ਨੂੰ ਸਿੱਧ ਕਰਨ ਦਾ ਹੌਸਲਾ ਆਪਣੇ-ਆਪ ਵੱਧ ਜਾਂਦਾ ਹੈ। ਜਦੋਂ ਇਮਾਨਦਾਰੀ ਨਾਲ ਕੰਮ ਕੀਤਾ ਜਾਂਦਾ ਹੈ, ਜਦੋਂ ਸਾਫ਼ ਨੀਅਤ ਨਾਲ ਕੰਮ ਕੀਤਾ ਜਾਂਦਾ ਹੈ, ਤਾਂ ਪ੍ਰਯਤਨਾਂ ਵਿੱਚ ਵੀ ਕੋਈ ਕਮੀ ਨਹੀਂ ਰਹਿੰਦੀ । ਆਪ ਸਾਰੇ ਚੰਦਰਯਾਨ ਨੂੰ ਲੈ ਕੇ ਜੋ ਹੋਇਆ, ਉਸ ਤੋਂ ਜਾਣੂ ਹੋਵੋਗੇ ।

ਆਪ ਸਾਰੇ ਚੰਦਰਯਾਨ ਨੂੰ ਲੈ ਕੇ ਜੋ ਹੋਇਆ, ਉਸ ਤੋਂ ਭਲੀਭਾਂਤੀ ਜਾਣੂ ਹੋਵੋਗੇ । ਸਾਡੇ ਵਿਗਿਆਨੀਆਂ ਨੇ ਇੱਕ ਵੱਡਾ ਟੀਚਾ ਹਾਸਲ ਕਰਨ ਦਾ ਪ੍ਰਯਤਨ ਕੀਤਾ ਸੀ,  ਲੇਕਿਨ ਉਸ ਵਿੱਚ ਇੱਕ ਰੁਕਾਵਟ ਆ ਗਈ ।  ਇਸ ਮਿਸ਼ਨ ਲਈ ਵਿਗਿਆਨੀ ਕਾਫ਼ੀ ਸਮੇਂ ਤੋਂ ਮਿਹਨਤ ਕਰ ਰਹੇ ਸਨ ।

ਭਾਈਓ ਅਤੇ ਭੈਣੋਂ, ਕੱਲ੍ਹ ਰਾਤ ਅਤੇ ਅੱਜ ਸਵੇਰੇ ਮੈਂ ਉਨ੍ਹਾਂ ਦੇ ਦਰਮਿਆਨ ਸਾਂ । ਉਹ ਭਾਵੁਕ ਸਨ,  ਲੇਕਿਨ ਨਾਲ - ਨਾਲ ਹੀ ਬੁਲੰਦ ਹੌਸਲੇ ਨਾਲ ਭਰੇ ਹੋਏ ਸਨ ਕਿ ਹੁਣ ਹੋਰ ਤੇਜ਼ੀ ਨਾਲ ਕੰਮ ਕਰਨਾ ਹੈ; ਜੋ ਹੋਇਆ ਉਸ ਤੋਂ ਸਬਕ ਲੈ ਕੇ,  ਸਿੱਖ ਕੇ ਅੱਗੇ ਵਧਣਾ ਹੈ । ਇਸਰੋ ਵਰਗੀ ਪ੍ਰਤੀਬੱਧਤਾ ਨਾਲ ਹੀ ਦੇਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ,  ਲੋਕਾਂ  ਦੇ ਜੀਵਨ ਨੂੰ ਅਸਾਨ ਬਣਾਇਆ ਜਾ ਸਕਦਾ ਹੈ ।

ਸਾਥੀਓ , ਅਲੱਗ-ਅਲੱਗ ਖੇਤਰਾਂ ਵਿੱਚ ਅਜਿਹੇ ਹੀ ਲਗਨਸ਼ੀਲ ਲੋਕਾਂ ਦੀ ਪ੍ਰਤੀਬੱਧਤਾ ਦੇ ਚਲਦੇ ਦੇਸ਼  ਦੇ ਹਰ ਪਿੰਡ ਤੱਕ ਬਿਜਲੀ ਪਹੁੰਚਾਉਣਾ,  8 ਕਰੋੜ ਪਰਿਵਾਰਾਂ  ਨੂੰ ਗੈਸ ਕਨੈਕਸ਼ਨ ਦੇਣਾ,  ਅਜਿਹੇ ਅਨੇਕ ਕੰਮ ਸਮੇਂ ਤੋਂ ਪਹਿਲਾਂ ਪੂਰੇ ਹੋ ਚੁੱਕੇ ਹਨ ।  ਹੁਣ ਬਹੁਤ ਛੇਤੀ ਪੂਰਾ ਦੇਸ਼ ਖੁਦ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕਰਨ ਵੱਲ ਵਧ ਰਿਹਾ ਹੈ ।

ਮੈਨੂੰ ਵਿਸ਼ਵਾਸ ਹੈ ਕਿ 2022 ਵਿੱਚ ,  ਜਦੋਂ ਅਸੀਂ ਆਜ਼ਾਦੀ  ਦੇ 75 ਸਾਲ ਦਾ ਪਰਵ ਮਨਾਵਾਂਗੇ ,  ਉਦੋਂ ਲਈ ਅਸੀਂ ਜੋ ਸੰਕਲਪ ਅਸੀਂ ਲਏ ਹਨ,  ਉਹ ਜ਼ਰੂਰ ਪੂਰੇ ਹੋਣਗੇ ।

ਭਾਈਓ ਅਤੇ ਭੈਣੋਂ,  2022 ਤੱਕ ਹਰ ਗ਼ਰੀਬ ਨੂੰ ਪੱਕੀ ਛੱਤ ਦੇਣ  ਦੇ ਟੀਚੇ ਵੱਲ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ ।  ਹੁਣ ਤੱਕ ਦੇਸ਼  ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਭਗ 1 ਕਰੋੜ 80 ਲੱਖ ਘਰ ਬਣ ਚੁੱਕੇ ਹਨ ।  ਲਾਭਾਰਥੀ ਉਸ ਵਿੱਚ ਰਹਿਣ ਲਈ ਚਲੇ ਗਏ ਹਨ ।  ਕਈ ਲੋਕ ਸਾਡੇ ਤੋਂ ਪੁੱਛਦੇ ਹਨ ਕਿ ਗ਼ਰੀਬਾਂ  ਦੇ ਘਰ ਦੀ ਯੋਜਨਾ ਤਾਂ ਪਹਿਲਾਂ ਵੀ ਚਲਦੀ ਸੀ,  ਫੰਡ ਪਹਿਲਾਂ ਵੀ ਸਨ ,  ਲੇਕਿਨ ਤੁਸੀਂ ਇਸ ਵਿੱਚ ਵੱਖਰਾ ਕੀ ਕੀਤਾ?

ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਗੱਲ ਨੂੰ ਸਮਝਦੇ ਸਾਂ ਕਿ ਸਾਨੂੰ house ਨਹੀਂ ,  ਬਲਕਿ homes ਦਾ ਨਿਰਮਾਣ ਕਰਨਾ ਹੈ ,  ਚਾਰਦੀਵਾਰੀ ਨਾਲ ਘਿਰੇ ਮਕਾਨ ਨਹੀਂ,  ਤੁਹਾਡੇ ਸੁਪਨਿਆਂ ਦਾ ਘਰ ਬਣਾਉਣਾ ਹੈ ।  ਅਸੀਂ ਅਜਿਹੇ ਘਰ ਬਣਾਉਣਾ ਚਾਹੁੰਦੇ ਸਾਂ ਜਿੱਥੇ ਸਾਰੀਆਂ ਸੁਵਿਧਾਵਾਂ ਵੀ ਮੌਜੂਦ ਹੋਣ । ਯਾਨੀ ਘਰ  ਦੇ ਨਾਮ ‘ਤੇ ਚਾਰ ਦੀਵਾਰਾਂ ਖੜ੍ਹੀਆਂ ਕਰਨ  ਦੇ ਤੌਰ - ਤਰੀਕਿਆਂ ਤੋਂ ਅਲੱਗ ਸਾਨੂੰ ਕੁਝ ਬਿਹਤਰ ਕਰਨ ਦੀ ਜ਼ਰੂਰਤ ਸੀ ।  ਸਾਡੀ ਕੋਸ਼ਿਸ਼ ਘੱਟ ਤੋਂ ਘੱਟ ਸਮੇਂ ਵਿੱਚ, ਬਿਨਾ ਕਿਸੇ ਜ਼ਿਆਦਾ ਲਾਗਤ ਦੇ ਅਧਿਕ ਤੋਂ ਅਧਿਕ ਸੁਵਿਧਾਵਾਂ ਦੇਣਾ, ਇਹ ਸਾਡਾ ਇਰਾਦਾ ਸੀ।

ਸਾਥੀਓ,  ਸਾਡੀ ਸਰਕਾਰ ਨੇ ਜੋ ਘਰ ਬਣਵਾਏ, ਉਸ ਦੇ ਲਈ ਕੋਈ ਫਿਕਸਡ ਫਾਰਮੂਲਾ ਨਹੀਂ ਅਪਣਾਇਆ ਕਿ ਜੋ ਕਾਗਜ਼ ਉੱਤੇ ਢਾਲ ਦਿੱਤਾ,  ਵੈਸੇ ਹੀ ਘਰ ਪੂਰੇ ਦੇਸ਼ ਵਿੱਚ ਬਣਨੇ ਚਾਹੀਦੇ ਹਨ।  ਜੀ ਨਹੀਂ ,  ਬਲਕਿ ਇਸ ਦੇ ਉਲਟ ਅਸੀਂ ਘਰਾਂ  ਦੇ ਨਿਰਮਾਣ ਵਿੱਚ ਸਥਾਨਕ ਲੋਕਾਂ ਦੀਆਂ ਜ਼ਰੂਰਤਾਂ ਅਤੇ ਉੱਥੋਂ ਦੇ ਲੋਕਾਂ ਦੀ ਇੱਛਾ ਨੂੰ ਵੀ ਕੇਂਦਰ ਵਿੱਚ ਰੱਖਿਆ,  ਉਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਕਾਨ ਬਣਾਉਣ ਦੀ ਯੋਜਨਾ ਬਣਾਈ । ਘਰ ਵਿੱਚ ਸਭ ਪ੍ਰਕਾਰ ਦੀਆਂ ਬੁਨਿਆਦੀ ਸੁਵਿਧਾਵਾਂ ਉਪਲੱਬਧ ਹੋਣ,  ਇਸ ਦੇ ਲਈ ਅਸੀਂ ਕਈ ਸਰਕਾਰੀ ਯੋਜਨਾਵਾਂ ਨੂੰ ਇਕੱਠੇ ਜੋੜ ਦਿੱਤਾ ।  ਤਾਕਿ ਉਨ੍ਹਾਂ ਘਰਾਂ ਵਿੱਚ ਬਿਜਲੀ,  ਗੈਸ ਕਨੈਕਸ਼ਨ, ਪਖਾਨੇ ਅਤੇ ਅਜਿਹੀਆਂ ਤਮਾਮ ਸੁਵਿਧਾਵਾਂ ਵੀ ਨਾਲ  ਦੇ ਨਾਲ ਮਿਲ ਸਕਣ।

ਇਹ ਘਰ ਲੋਕਾਂ ਦੀਆਂ ਉਮੀਦਾਂ ਦੇ ਅਨੁਰੂਪ ਬਣ ਸਕਣ ਇਸ ਦੇ ਲਈ ਅਸੀਂ ਆਪ ਲੋਕਾਂ ਦੀਆਂ ਜ਼ਰੂਰਤਾਂ ਨੂੰ ਸੁਣਿਆ ।  ਇਸ ਦੇ ਬਾਅਦ ਨਾ ਸਿਰਫ ਘਰ ਦਾ ਏਰੀਆ ਵਧਾਇਆ ਗਿਆ ਬਲਕਿ ਨਿਰਮਾਣ ਰਾਸ਼ੀ ਵਿੱਚ ਵੀ ਵਾਧਾ ਕੀਤਾ ਗਿਆ । ਅਸੀਂ ਇਸ ਪ੍ਰਕਿਰਿਆ ਵਿੱਚ ਸਥਾਨਕ ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ,  ਜਿਵੇਂ - ਅਨੇਕ ਮਹਿਲਾਵਾਂ ਵੀ ਅੱਜ ਅਗਰ ਝਾਰਖੰਡ ਜਾਓਗੇ ਤਾਂ ਰਾਣੀ ਮਿਸਤਰੀ ਸ਼ਬਦ ਸੁਣਾਈ ਦੇਵੇਗਾ ਤੁਹਾਨੂੰ ।  ਬਿਨਾ ਕਿਸੇ ਅਤਿਰਿਕਤ ਲਾਗਤ ਦੇ,  ਘੱਟ ਤੋਂ ਘੱਟ ਸਮੇਂ ਵਿੱਚ ਘਰਾਂ ਦੀ ਡਿਲੀਵਰੀ ਹੋਵੇ,  ਇਸ ਉੱਤੇ ਵੀ ਅਸੀਂ ਫੋਕਸ  ਕੀਤਾ ।  ਇਸ ਲਈ ਟੈਕਨੋਲੋਜੀ ਨੂੰ ਇੱਕ ਮਹੱਤਵਪੂਰਨ ਹਿੱਸੇ ਦੇ ਰੂਪ ਵਿੱਚ ਅਪਣਾਇਆ ਗਿਆ ।

 

ਭਾਈਓ ਅਤੇ ਭੈਣੋਂ, ਅਸੀਂ ਉਨ੍ਹਾਂ ਲੋਕਾਂ  ਦੇ ਸੁਪਨਿਆਂ ਨੂੰ ਵੀ ਬਲ ਦੇਣ ਦੀ ਕੋਸ਼ਿਸ਼ ਕੀਤੀ,  ਜੋ ਆਪਣਾ ਘਰ ਖੁਦ ਖਰੀਦਣ ਦੀ ਇੱਛਾ ਰੱਖਦੇ ਹਨ । ਸਸਤੇ ਮਕਾਨਾਂ ਨੂੰ ਹੋਰ ਹੁਲਾਰਾ ਦੇਣ ਲਈ ਸਰਕਾਰ ਨੇ ਹੋਮ ਲੋਨ ‘ਤੇ ਡੇਢ  ਲੱਖ ਰੁਪਏ  ਦੇ ਵਿਆਜ ਉੱਤੇ ਆਮਦਨ ਟੈਕਸ ਵਿੱਚ ਅਤਿਰਿਕਤ ਛੋਟ ਦਾ ਪ੍ਰਾਵਧਾਨ ਕੀਤਾ ਤਾਕਿ ਮੱਧ ਵਰਗ ਦਾ ਪਰਿਵਾਰ ਆਪਣਾ ਘਰ ਵਸਾ ਸਕੇ ।

ਸਾਥੀਓ,  ਸਾਡਾ ਜ਼ੋਰ ਪਾਰਦਰਸ਼ਤਾ ‘ਤੇ ਵੀ ਰਿਹਾ । ਘਰਾਂ  ਦੇ ਨਿਰਮਾਣ ਦੇ ਅਲੱਗ-ਅਲੱਗ ਪੜਾਅ ਦੀਆਂ ਤਸਵੀਰਾਂ ਨੂੰ ਔਨਲਾਈਨ ਅੱਪਲੋਡ ਕੀਤਾ ਗਿਆ । ਪਾਰਦਰਸ਼ੀ ਤਰੀਕੇ ਨਾਲ ਪ੍ਰਸ਼ਾਸਨ ਨੂੰ ਸਹੀ ਜਾਣਕਾਰੀ ਉਪਲੱਬਧ ਕਰਵਾਈ ਗਈ । ਇਹੀ ਨਹੀਂ, ਰੀਅਲ ਇਸਟੇਟ  ਦੇ ਖੇਤਰ ਵਿੱਚ ਪਾਰਦਰਸ਼ਿਤਾ ਦੀ ਬਹੁਤ ਕਮੀ ਸੀ । ਇਸ ਨਾਲ ਘਰ ਖਰੀਦਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ।  ਸਰਕਾਰ ਨੇ ਰੇਰਾ ਕਾਨੂੰਨ ਲਿਆਕੇ ਘਰ ਖਰੀਦਣ ਵਾਲਿਆਂ ਦੇ ਮਨ ਵਿੱਚ ਵਿਸ਼ਵਾਸ ਭਰਨ ਦਾ ਕੰਮ ਕੀਤਾ ਹੈ ।  ਅੱਜ ਜ਼ਿਆਦਾਤਰ ਰਾਜਾਂ  ਵਿੱਚ ਰੇਰਾ ਕਾਨੂੰਨ notify ਕੀਤਾ ਜਾ ਚੁੱਕਿਆ ਹੈ ।  Tribunal ਵੀ ਕੰਮ ਕਰ ਰਿਹਾ ਹੈ ।  ਇਸ ਪ੍ਰੋਜੈਕਟ ਤਹਿਤ ਲੱਖਾਂ ਨਵੇਂ flats ਦਾ ਨਿਰਮਾਣ ਕੀਤਾ ਜਾ ਰਿਹਾ ਹੈ ।

ਕੁੱਲ ਮਿਲਾਕੇ ਦੇਖੋ ਤਾਂ ਘਰ ਨੂੰ ਲੈ ਕੇ ਅਸੀਂ holistic approach ਨਾਲ ਕੰਮ ਕੀਤਾ ਹੈ । ਅਗਰ ਅਸੀਂ ਅਲੱਗ-ਅਲੱਗ ਇੱਕ-ਇੱਕ ਯੋਜਨਾ ਨਾਲ ਸਾਹਮਣੇ ਆਉਂਦੇ,  ਤਾਂ ਇੰਨੀ ਵੱਡੀ ਸਫਲਤਾ ਮਿਲਣਾ ਮੁਸ਼ਕਿਲ ਸੀ । ਵੱਡੇ ਪੈਮਾਨੇ ‘ਤੇ ਸਮਾਧਾਨ ਉਦੋਂ ਸੰਭਵ ਹੈ ਜਦੋਂ ਸਾਰੇ ਵਿਭਾਗ,  ਸਾਰੇ ਫੈਸਲੇ,  ਇੱਕ ਵੱਡੇ ਟੀਚੇ ਨੂੰ ਸੋਚ ਕੇ ਕੀਤੇ ਜਾਣ । ਸਾਰੇ ਮੰਤਰਾਲੇ ਅਤੇ ਸਾਰੀਆਂ ਯੋਜਨਾਵਾਂ ਮਿਲਕੇ ਇੱਕ ਟ੍ਰੈਕ ਉੱਤੇ ਕੰਮ ਕਰਨ । ਇਹੀ ਸਾਡੀ ਸਰਕਾਰ  ਦੇ ਕੰਮਕਾਜ ਦੀ ਪਹਿਚਾਣ ਰਹੀ ਹੈ - ਟੁਕੜਿਆਂ ਵਿੱਚ ਨਹੀਂ ਸਮੁੱਚਤਾ ਵਿੱਚ ਸੋਚੋ ਅਤੇ ਸਾਰਿਆਂ ਨੂੰ ਇਕੱਠਾ ਕਰਕੇ ਕੰਮ ਕਰੋ ।

ਸਾਥੀਓ,  ਪਿਛਲੇ 5 ਸਾਲਾਂ ਵਿੱਚ ਸਵੱਛਤਾ ਤੋਂ ਲੈ ਕੇ ਬੈਂਕ ਨਾਲ ਲੈਣ-ਦੇਣ ਤੱਕ, ਸਮਾਜ  ਦੇ ਵਿਵਹਾਰ ਵਿੱਚ ਪਰਿਵਰਤਨ  ਦੇ ਜਿੰਨੇ ਵੀ ਜਨ - ਅੰਦੋਲਨ ਹੋਏ ਹਨ,  ਉਸ ਵਿੱਚ ਆਪ ਸਾਰਿਆਂ ਨੇ ਵਧ – ਚੜ੍ਹ ਕੇ ਯੋਗਦਾਨ ਦਿੱਤਾ ਹੈ । ਇਹੀ ਕਾਰਨ ਹੈ ਕਿ ਆਉਣ ਵਾਲੇ 5 ਵਰ੍ਹਿਆਂ ਲਈ ਵੀ ਜੋ ਸੰਕਲਪ ਲਏ ਗਏ ਹਨ,  ਉਨ੍ਹਾਂ ਦੀ ਸਿੱਧੀ ਲਈ ਤੁਹਾਡੇ ‘ਤੇ ਮੈਨੂੰ ਬਹੁਤ ਭਰੋਸਾ ਹੈ । ਇਹ ਵਿਸ਼ਵਾਸ ਲਗਾਤਾਰ ਮਜ਼ਬੂਤ ਹੋਵੇਗਾ, ਇਸ ਕਾਮਨਾ ਨਾਲ ਤੁਹਾਡਾ ਬਹੁਤ - ਬਹੁਤ ਆਭਾਰ ।

ਧੰਨਵਾਦ ਅਤੇ ਇੰਨੀ ਵੱਡੀ ਸੰਖਿਆ ਵਿੱਚ ਤਿਉਹਾਰ  ਦੇ ਦਿਨ ਮਾਤਾਵਾਂ - ਭੈਣਾਂ ਦਾ ਸਾਨੂੰ ਅਸ਼ੀਰਵਾਦ  ਦੇਣ ਲਈ ਆਉਣਾ,  ਇਹ ਸਾਡੇ ਲਈ ਆਪਣੇ - ਆਪ ਵਿੱਚ ਇੱਕ ਸ਼ਕਤੀ ਦੀ ਅਨੁਭੂਤੀ ਹੈ ।  ਇਸ ਮਾਤ੍ਰ ਸ਼ਕਤੀ ਨੂੰ ਨਮਨ ਕਰਦੇ ਹੋਏ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ ।  ਮੇਰੇ ਨਾਲ ਦੋਵੇਂ ਹੱਥ ਉੱਪਰ ਕਰਕੇ ਪੂਰੀ ਤਾਕਤ ਨਾਲ ਬੋਲੋ –

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਭਾਰਤ ਮਾਤਾ ਕੀ – ਜੈ

ਬਹੁਤ - ਬਹੁਤ ਧੰਨਵਾਦ

***

ਵੀਆਰਆਰਕੇ/ਐੱਸਐੱਚ/ਐੱਨਐੱਸ


(Release ID: 1584855) ਵਿਜ਼ੀਟਰ ਕਾਊਂਟਰ : 81
Read this release in: English