ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇ ਵਲਾਦੀਵੋਸਤੋਕ ਦੌਰੇ ਦੌਰਾਨ ਦਿੱਤੇ ਗਏ ਪ੍ਰੈੱਸ ਬਿਆਨ ਦਾ ਅਨੁਵਾਦ (4 ਸਤੰਬਰ, 2019)

Posted On: 05 SEP 2019 5:31PM by PIB Chandigarh

ਮਾਣਯੋਗ ਰਾਸ਼ਟਰਪਤੀ ਪੁਤਿਨ,

ਮਿੱਤਰੋ,

ਨਮਸਕਾਰ,

ਦੋਬਰੇ ਵੈਚੇਰ (Dobre Vecher)!

 

ਜਿੱਥੇ ਪੂਰੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਸਵੇਰ ਹੁੰਦੀ ਹੈ, ਜਿੱਥੇ ਸਾਡੇ ਰੂਸੀ ਮਿੱਤਰਾਂ ਵੱਲੋਂ ਨਾ ਰੁਕਣ ਵਾਲੇ ਕੁਦਰਤ ਦੇ ਸੰਘਰਸ਼ ਉੱਤੇ ਜਿੱਤ ਸਾਰੀ ਦੁਨੀਆ ਲਈ ਪ੍ਰੇਰਣਾ ਬਣਦੀ ਹੈ ਅਤੇ ਜਿੱਥੇ 21ਵੀਂ ਸਦੀ ਵਿੱਚ ਮਾਨਵ ਵਿਕਾਸ ਦੀਆਂ ਨਵੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਹਨ। ਮੈਨੂੰ ਅਜਿਹੀ ਮਹਾਨ ਜਗ੍ਹਾ- ਵਲਾਦੀਵੋਸਤੋਕ ਆਉਣ ਉੱਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਅਜਿਹਾ ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਪੁਤਿਨ ਵੱਲੋਂ ਦਿੱਤੇ ਗਏ ਸੱਦੇ ਕਾਰਨ ਸੰਭਵ ਹੋ ਸਕਿਆ ਹੈ। ਇਸ ਦੇ ਲਈ ਮੈਂ ਸੱਚੇ ਮਨ ਤੋਂ ਮੇਰੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਧੰਨਵਾਦੀ ਹਾਂ। ਇਸ ਸੱਦੇ ਨੇ ਮੈਨੂੰ ਵਲਾਦੀਵੋਸਤੋਕ ਆਉਣ ਵਾਲਾ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਬਣਨ ਦਾ ਸਨਮਾਨ ਪ੍ਰਦਾਨ ਕੀਤਾ ਹੈ। ਮੈਂ ਇਸ ਲਈ ਆਪਣੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਧੰਨਵਾਦੀ ਹਾਂ।

 

ਅਤੇ ਇਹ ਇੱਕ ਖੁਸ਼ਨੁਮਾ ਇਤਿਹਾਸਿਕ ਇਤਫਾਕ ਹੀ ਹੈ ਕਿ ਰਾਸ਼ਟਰਪਤੀ ਪੁਤਿਨ ਅਤੇ ਮੈਂ ਭਾਰਤ ਅਤੇ ਰੂਸ ਦਰਮਿਆਨ 20ਵੇਂ ਸਲਾਨਾ ਸਿਖ਼ਰ ਸੰਮੇਲਨ ਵਿੱਚ ਹਿੱਸਾ ਲਿਆ ਹੈ। 2001 ਵਿੱਚ ਜਦੋਂ ਪਹਿਲੀ ਵਾਰੀ ਰੂਸ ਵਿੱਚ ਭਾਰਤ-ਰੂਸ ਸਿਖ਼ਰ ਸੰਮੇਲਨ ਹੋਇਆ ਸੀ, ਮੇਰੇ ਮਿੱਤਰ ਪੁਤਿਨ ਰੂਸ ਦੇ ਰਾਸ਼ਟਰਪਤੀ ਸਨ, ਅਤੇ ਮੈਂ ਅਟਲ ਜੀ ਦੇ ਨਾਲ, ਜੋ ਕਿ ਉਸ ਵੇਲੇ ਪ੍ਰਧਾਨ ਮੰਤਰੀ ਸਨ ਅਤੇ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਸ ਵਫ਼ਦ ਵਿੱਚ ਸ਼ਾਮਲ ਸੀ। ਰਾਸ਼ਟਰਪਤੀ ਪੁਤਿਨ ਅਤੇ ਮੇਰੀ ਸਿਆਸੀ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਤੇਜ਼ੀ ਨਾਲ ਵਧਿਆ ਅਤੇ ਇਸ ਨੇ ਇੱਕ ਲੰਬਾ ਰਸਤਾ ਤੈਅ ਕੀਤਾ। ਇਸ ਸਮੇਂ ਦੌਰਾਨ ਸਾਡੀ ਵਿਸ਼ੇਸ਼ ਅਤੇ ਅਧਿਕਾਰਤ ਰਣਨੀਤਕ ਭਾਈਵਾਲੀ ਨੇ ਸਾਡੇ ਦੇਸ਼ਾਂ ਦੇ ਰਣਨੀਤਕ ਹਿਤਾਂ ਦੀ ਪੂਰਤੀ ਹੀ ਨਹੀਂ ਕੀਤੀ ਸਗੋਂ ਅਸੀਂ ਇਸ ਨੂੰ ਆਪਣੇ ਲੋਕਾਂ ਦੇ ਵਿਕਾਸ ਅਤੇ ਉਨ੍ਹਾਂ ਦੇ ਸਿੱਧੇ ਲਾਭਾਂ ਨਾਲ ਜੋੜਿਆ ਹੈ। ਰਾਸ਼ਟਰਪਤੀ ਪੁਤਿਨ ਅਤੇ ਮੈਂ ਇਨ੍ਹਾਂ ਸਬੰਧਾਂ ਨੂੰ ਭਰੋਸੇ ਅਤੇ ਭਾਈਵਾਲੀ ਰਾਹੀਂ ਸਹਿਯੋਗ ਦੀਆਂ ਨਵੀਆਂ ਉਚਾਈਆਂ ਉੱਤੇ ਲੈ ਕੇ ਗਏ ਹਾਂ ਅਤੇ ਇਸ ਦੀਆਂ ਪ੍ਰਾਪਤੀਆਂ ਨੇ ਸਿਰਫ਼ ਗਿਣਾਤਮਿਕ ਹੀ ਨਹੀਂ, ਗੁਣਾਤਮਿਕ ਤਬਦੀਲੀਆਂ ਵੀ ਲਿਆਂਦੀਆਂ ਹਨ। ਪਹਿਲਾਂ ਅਸੀਂ ਲੋਕਾਂ ਦੇ ਖੇਤਰ ਵਿਚੋਂ ਸਹਿਯੋਗ ਲਿਆਂਦਾ ਅਤੇ ਫਿਰ ਨਿਜੀ ਖੇਤਰ ਤੋਂ ਇਸ ਵਿੱਚ ਭਾਰੀ ਊਰਜਾ  ਨੂੰ ਸ਼ਾਮਲ ਕੀਤਾ । ਅੱਜ ਅਸੀਂ ਦਰਜਨਾਂ ਵਪਾਰਕ ਸਮਝੌਤੇ ਕੀਤੇ ਹਨ ।

 

ਇੱਥੋਂ ਤੱਕ ਕਿ ਰਣਨੀਤਕ ਖੇਤਰ ਜਿਵੇਂ ਕਿ ਰੱਖਿਆ ਵਿੱਚ, ਅੱਜ ਦੇ ਉਨ੍ਹਾਂ ਰੂਸੀ ਸਪੇਅਰ ਪਾਰਟਸ ਦੇ ਨਿਰਮਾਣ ਸਬੰਧੀ ਸਮਝੌਤਾ, ਜੋ ਕਿ  ਦੋਹਾਂ ਦੇਸ਼ਾਂ ਦੇ ਸਾਂਝੇ ਪ੍ਰਯਤਨਾਂ ਨਾਲ ਭਾਰਤ ਵਿੱਚ ਤਿਆਰ ਕੀਤੇ ਜਾਂਦੇ ਹਨ, ਨਾਲ ਉਦਯੋਗ ਨੂੰ ਹਲਾਸ਼ੇਰੀ ਮਿਲੇਗੀ। ਇਹ ਸਮਝੌਤਾ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਏਕੇ-203 ਦਾ ਸਾਂਝਾ ਪ੍ਰਯਤਨ, ਜੋ ਸਾਡੇ ਰੱਖਿਆ ਸਹਿਯੋਗ ਨੂੰ ਖਰੀਦਾਰ-ਵਿਕ੍ਰੇਤਾ ਦੇ ਸੀਮਤ ਮਾਹੌਲ ਤੋਂ ਬਾਹਰ ਸਹਿ-ਨਿਰਮਾਣ ਦੀ ਮਜ਼ਬੂਤ ਬੁਨਿਆਦ ਪ੍ਰਦਾਨ ਕਰਦੇ ਹਨ। ਭਾਰਤ ਵਿੱਚ ਰੂਸ ਦੇ ਸਹਿਯੋਗ ਨਾਲ ਬਣ ਰਹੇ ਪ੍ਰਮਾਣੂ ਪਲਾਂਟਾਂ ਦੇ ਵਧਦੇ ਸਥਾਨੀਕਰਨ ਨਾਲ  ਇਸ ਖੇਤਰ ਵਿੱਚ ਵੀ ਸਾਡੇ ਦਰਮਿਆਨ ਉਚਿਤ ਭਾਈਵਾਲੀ ਵਿਕਸਤ ਹੋ ਰਹੀ ਹੈ। ਦੂਸਰਾ ਸਾਡੇ ਸਬੰਧਾਂ ਨੂੰ ਅਸੀਂ ਰਾਜਧਾਨੀਆਂ ਦੇ ਬਾਹਰ ਭਾਰਤ ਦੇ ਰਾਜਾਂ ਅਤੇ ਰੂਸ ਦੇ ਖੇਤਰਾਂ ਤੱਕ ਲਿਜਾ ਰਹੇ ਹਾਂ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਇੱਕ ਪਾਸੇ ਮੈਂ ਲੰਬੇ ਅਰਸੇ ਤੱਕ ਗੁਜਰਾਤ ਦਾ ਮੁੱਖ ਮੰਤਰੀ ਰਿਹਾ ਹਾਂ ਅਤੇ ਰਾਸ਼ਟਰਪਤੀ ਪੁਤਿਨ ਵੀ ਰੂਸ ਦੇ ਖੇਤਰਾਂ ਦੀਆਂ ਸਮਰੱਥਾਵਾਂ ਅਤੇ ਸੰਭਾਵਨਾਵਾਂ ਨੂੰ ਭਲੀਭਾਂਤ ਜਾਣਦੇ ਹਨ। ਇਸ ਲਈ ਇਹ ਕੁਦਰਤੀ ਹੈ ਕਿ ਉਨ੍ਹਾਂ ਨੇ ਪੂਰਬੀ ਆਰਥਿਕ ਫੋਰਮ ਦਾ ਵਿਚਾਰ ਲਿਆਂਦਾ ਅਤੇ ਭਾਰਤ ਵਰਗੇ ਵੰਨ-ਸੁਵੰਨਤਾ ਭਰੇ ਦੇਸ਼ ਨੂੰ ਇਸ ਦੇ ਨਾਲ ਨੇੜਿਓਂ ਜੋੜਨ ਦੀ ਅਹਿਮੀਅਤ ਨੂੰ ਸਮਝਿਆ। ਇਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਘੱਟ ਹੈ।

 

ਉਨ੍ਹਾਂ ਦਾ ਸੱਦਾ ਮਿਲਣ ਤੋਂ ਤੁਰੰਤ ਬਾਅਦ ਅਸੀਂ ਬਹੁਤ ਗੰਭੀਰ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੇ ਲਈ ਭਾਰਤ ਦੇ ਵਣਜ਼ ਮੰਤਰੀ, 4 ਰਾਜਾਂ ਦੇ ਮੁੱਖ ਮੰਤਰੀ ਅਤੇ 150 ਤੋਂ ਵੱਧ ਕਾਰੋਬਾਰੀ ਵਲਾਦੀਵੋਸਤੋਕ ਆਏ। ਦੂਰ ਪੂਰਬ ਦੇ ਵਿਸ਼ੇਸ਼ ਦੂਤ ਅਤੇ ਦੂਰ ਪੂਰਬ ਦੇ ਸਾਰੇ 11 ਗਵਰਨਰਾਂ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦੇ ਬਹੁਤ ਚੰਗੇ ਨਤੀਜੇ ਨਿਕਲੇ ਹਨ। ਰਾਜਾਂ ਅਤੇ ਖੇਤਰਾਂ ਦੇ ਪ੍ਰਬੰਧਕਾਂ ਨੂੰ ਫਰੇਮਵਰਕ ਮਿਲਿਆ ਅਤੇ ਕੋਲਾ, ਹੀਰੇ ਦੀ ਮਾਈਨਿੰਗ ਰੇਅਰ ਅਰਥ ਖੇਤੀ, ਲੱਕੜੀ, ਪਲਪ ਅਤੇ ਕਾਗਜ਼ ਅਤੇ ਸੈਰ-ਸਪਾਟੇ ਵਿੱਚ ਕਈ ਨਵੀਆਂ ਸੰਭਾਵਨਾਵਾਂ ਉਜਾਗਰ ਹੋਈਆਂ ਅਤੇ ਹੁਣ ਖੇਤਰਾਂ ਦਰਮਿਆਨ ਕਨੈਕਟੀਵਿਟੀ ਨੂੰ ਵਧਾਉਣ ਲਈ ਚੇਨਈ ਅਤੇ ਵਲਾਦੀਵੋਸਤੋਕ ਦਰਮਿਆਨ ਸਮੁੰਦਰੀ ਰੂਟ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਤੀਸਰਾ, ਅਸੀਂ ਆਪਣੇ ਦੁਵੱਲੇ ਸਹਿਯੋਗ ਵਿੱਚ ਬਹੁਤ ਵੰਨ-ਸੁਵੰਨਤਾ ਲਿਆਂਦੀ ਹੈ ਅਤੇ ਉਸ ਵਿੱਚ ਨਵੇਂ ਆਯਾਮ ਜੋੜੇ ਹਨ। ਅੱਜ ਕੱਲ੍ਹ ਹਾਈਲਾਈਟ ਅਤੇ ਹੈੱਡਲਾਈਨ, ਭਾਰਤ ਅਤੇ ਰੂਸ ਦਰਮਿਆਨ ਤੇਲ ਅਤੇ ਗੈਸ ਦੇ ਸੌਦੇ ਨਹੀਂ, ਸਗੋਂ ਦੋਹਾਂ ਵੱਲੋਂ ਇੱਕ ਦੂਜੇ ਦੇ ਹਾਈਡ੍ਰੋ-ਕਾਰਬਨ ਖੇਤਰ ਵਿੱਚ ਲਾਮਿਸਾਲ ਨਿਵੇਸ਼ ਹੈ। ਇਸ ਖੇਤਰ ਵਿੱਚ ਸਹਿਯੋਗ ਲਈ 5 ਸਾਲ ਦਾ ਰੋਡਮੈਪ ਅਤੇ ਦੂਰ ਪੂਰਬ ਅਤੇ ਆਰਕਟਿਕ ਵਿੱਚ ਹਾਈਡ੍ਰੋ-ਕਾਰਬਨ ਅਤੇ ਐੱਲਐੱਨਜੀ ਦੀ ਖੋਜ ਵਿੱਚ ਸਹਿਯੋਗ ਬਾਰੇ ਸਹਿਮਤੀ ਹੋਈ ਹੈ। ਪੁਲਾੜ ਵਿੱਚ ਸਾਡਾ ਲੰਬਾ ਸਹਿਯੋਗ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਗਗਨਯਾਨ, ਭਾਵ ਭਾਰਤੀ ਮਾਨਵੀ ਪੁਲਾੜ ਉਡਾਨ ਲਈ ਭਾਰਤ ਦੇ ਪੁਲਾੜ ਯਾਤਰੀ ਰੂਸ ਵਿੱਟ ਟ੍ਰੇਨਿੰਗ ਹਾਸਲ ਕਰਨਗੇ। ਆਪਸੀ ਨਿਵੇਸ਼ ਦੀ ਪੂਰੀ ਸਮਰੱਥਾ ਨੂੰ ਹਾਸਲ ਕਰਨ ਲਈ ਅਸੀਂ ਜਲਦੀ ਹੀ ਨਿਵੇਸ਼ ਸੁਰੱਖਿਆ ਸਮਝੌਤਾ ਕਰਨ ਉੱਤੇ ਸਹਿਮਤ ਹੋਏ ਹਾਂ। ਭਾਰਤ ਦਾ ‘Russia Plus Desk’ ਅਤੇ ਰੂਸ ਦੀ ਦੂਰ ਪੂਰਬ ਨਿਵੇਸ਼ ਅਤੇ ਬਰਾਮਦ ਏਜੰਸੀ ਦਾ ਮੁੰਬਈ ਦਫ਼ਤਰ ਆਪਸੀ ਨਿਵੇਸ਼ ਨੂੰ ਸੁਵਿਧਾ ਪ੍ਰਦਾਨ ਕਰੇਗਾ।

 

ਮਿੱਤਰੋ,

 

ਸਾਡੀ ਰਣਨੀਤਕ ਭਾਈਵਾਲੀ ਵਿੱਚ ਵੀ ਨਵੇਂ ਅਧਿਆਏ ਜੁੜੇ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਬਹੁਤ ਵਿਸ਼ਾਲ ਤਿੰਨ-ਪੱਖੀ ਅਭਿਆਸ ਇੰਦ੍ਰ-2019 (Tri-service Exercise, Indra- 2019) ਸਾਡੇ ਹੋਰ ਵੀ ਵਧਦੇ ਹੋਏ ਭਰੋਸੇ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਜਦ ਵੀ ਜ਼ਰੂਰਤ ਹੁੰਦੀ ਹੈ ਭਾਰਤ ਅਤੇ ਰੂਸ ਦੁਨੀਆ ਦੇ ਆਮ ਸਥਾਨਾਂ ਉੱਤੇ ਹੀ ਨਹੀਂ ਅੰਟਾਰਕਟਿਕਾ ਅਤੇ ਆਰਕਟਿਕ ਵਿੱਚ ਇੱਕ ਦੂਜੇ ਦੇ ਕੰਮ ਆਉਂਦੇ ਹਨ। ਦੋਵੇਂ ਦੇਸ਼ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਅੱਜ ਦੇ ਯੁੱਗ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਮਲਟੀ-ਪੋਲਰ ਵਰਲਡ ਜ਼ਰੂਰੀ ਹੈ ਅਤੇ ਇਸ ਦੇ ਨਿਰਮਾਣ ਵਿੱਚ ਸਾਡੇ ਸਹਿਯੋਗ ਅਤੇ ਤਾਲਮੇਲ ਦੀ ਭੂਮਿਕਾ ਅਹਿਮ ਰਹੇਗੀ। ਇਸ ਲਈ ਅਸੀਂ ਸਹਿਜਤਾ ਨਾਲ ਬ੍ਰਿਕਸ ਅਤੇ ਐੱਸਸੀਓ ਅਤੇ ਹੋਰ ਗਲੋਬਲ ਫੋਰਮਾਂ ਵਿੱਚ ਡੂੰਘਾ ਸਹਿਯੋਗ ਕਰਦੇ ਹਾਂ। ਅੱਜ ਅਸੀਂ ਬਹੁਤ ਸਾਰੇ ਪ੍ਰਮੁੱਖ ਗਲੋਬਲ ਦੀ ਅਤੇ ਖੇਤਰੀ ਮੁੱਦਿਆਂ ਉੱਤੇ ਖੁੱਲ੍ਹ ਕੇ ਅਤੇ ਸਾਰਥਕ ਚਰਚਾ ਕੀਤੀ। ਭਾਰਤ ਇੱਕ ਅਜਿਹਾ ਅਫ਼ਗਾਨਿਸਤਾਨ ਵੇਖਣਾ ਚਾਹੁੰਦਾ ਹੈ ਜੋ ਸੁਤੰਤਰ, ਸੁਰੱਖਿਅਤ, ਅਖੰਡ, ਸ਼ਾਂਤ ਅਤੇ ਲੋਕਤੰਤਰੀ ਹੋਵੇ। ਅਸੀਂ ਦੋਵੇਂ ਹੀ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਬਾਹਰਲੇ ਦਖ਼ਲ ਦੇ ਖ਼ਿਲਾਫ਼ ਹਾਂ। ਅਸੀਂ ਭਾਰਤ ਦੀ ਖੁੱਲ੍ਹੀ ਅਤੇ  ਸਮਾਵੇਸ਼ੀ (ਸਮਲਿਤ) ਭਾਰਤ-ਪ੍ਰਸ਼ਾਂਤ ਦੀ ਧਾਰਨਾ ਬਾਰੇ ਵੀ ਲਾਹੇਵੰਦ ਚਰਚਾ ਕੀਤੀ। ਅਸੀਂ ਸਹਿਮਤ ਹਾਂ ਕਿ ਸਾਈਬਰ ਸੁਰੱਖਿਆ, ਦਹਿਸ਼ਤਵਾਦ ਦਾ ਮੁਕਾਬਲਾ ਅਤੇ ਵਾਤਾਵਰਨ ਦੀ ਸੁਰੱਖਿਆ ਵਰਗੇ ਖੇਤਰਾਂ ਵਿੱਚ ਭਾਰਤ ਅਤੇ ਰੂਸ ਸਹਿਯੋਗ ਕਰਨਗੇ ਅਤੇ ਇਨ੍ਹਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ। ਅਗਲੇ ਸਾਲ ਭਾਰਤ ਅਤੇ ਰੂਸ ਮਿਲ ਕੇ ਟਾਈਗਰ ਸੰਭਾਲ ਬਾਰੇ ਉੱਚ ਪੱਧਰੀ ਫੋਰਮ ਦਾ ਆਯੋਜਨ ਕਰਨ ਲਈ ਸਹਿਮਤ ਹੋਏ ਹਨ।

 

ਇੱਕ ਵਾਰੀ ਫਿਰ ਇਸ ਸੱਦੇ ਅਤੇ ਸਵਾਗਤ ਸਤਿਕਾਰ ਲਈ ਆਪਣੇ ਮਿੱਤਰ ਰਾਸ਼ਟਰਪਤੀ ਪੁਤਿਨ ਦਾ ਬਹੁਤ-ਬਹੁਤ ਧੰਨਵਾਦ ਪ੍ਰਗਟ ਕਰਦਾ ਹਾਂ। ਕੱਲ੍ਹ ਉਨ੍ਹਾਂ ਨਾਲ ਅਤੇ ਆਪਣੇ ਦੂਸਰੇ ਮਿੱਤਰ ਨੇਤਾਵਾਂ ਨਾਲ ਪੂਰਬੀ ਆਰਥਿਕ ਫੋਰਮ  ਵਿੱਚ ਹਿੱਸਾ ਲੈਣ ਲਈ ਉਤਸੁਕ ਹਾਂ। ਮੈਂ ਅਗਲੇ ਸਾਲ ਸਲਾਨਾ ਸਿਖ਼ਰ ਸੰਮੇਲਨ ਲਈ ਰਾਸ਼ਟਰਪਤੀ ਪੁਤਿਨ ਦੀ ਭਾਰਤ ਵਿੱਚ ਉਡੀਕ ਕਰਾਂਗਾ। ਸਾਲ 2020 ਵਿੱਚ ਰੂਸ ਐੱਸਸੀਓ ਅਤੇ ਬ੍ਰਿਕਸ ਦੀ ਪ੍ਰਧਾਨਗੀ ਕਰੇਗਾ। ਮੈਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਅਗਵਾਈ ਵਿੱਚ ਇਹ ਸੰਗਠਨ ਸਫਲਤਾ ਨਾਲ ਨਵੇਂ ਰਿਕਾਰਡ ਸਥਾਪਤ ਕਰਨਗੇ। ਇਸ ਦੇ ਲਈ ਭਾਰਤ ਦਾ ਅਤੇ ਮੇਰਾ, ਪੂਰਾ ਨਿਜੀ ਸਹਿਯੋਗ ਰਹੇਗਾ।

 

ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।

ਸਪਾਸਿਬਾ ਬਲਸ਼ੋਈ (Spusiba Balshoe)!

*****

 

ਵੀਆਰਆਰਕੇ/ਕੇਪੀ


(Release ID: 1584711) ਵਿਜ਼ੀਟਰ ਕਾਊਂਟਰ : 133
Read this release in: English