ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ

ਐੱਮਬੀਬੀਐੱਸ ਦੀਆਂ 15,700 ਸੀਟਾਂ ਵਧਣਗੀਆਂ

Posted On: 28 AUG 2019 7:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਕੇਂਦਰ ਸਪੌਂਸਰਡ ਸਕੀਮ ਦੇ ਤੀਜੇ ਪੜਾਅ ਤਹਿਤ 2021-22 ਤੱਕ ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜੇ 75 ਹੋਰ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਾਪਨਾ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਸਿਹਤ ਸੁਵਿਧਾਵਾਂ ਨਾਲ ਜੁੜੇ ਬੁਨਿਆਦੀ ਢਾਂਚੇ ਅਤੇ ਮਾਨਵ ਸ਼ਕਤੀ (ਮੈਨ-ਪਾਵਰ) ਦੀ ਉਪਲੱਬਧਤਾ ਵਧਾਉਣ ਦੇ ਉਦੇਸ਼ ਨਾਲ ਅੱਜ ਪ੍ਰਵਾਨ ਕੀਤੀਆਂ ਗਈਆਂ ਯੋਜਨਾਵਾਂ ਲਈ, ਮੰਤਰੀ ਮੰਡਲ ਨੇ 15ਵੇਂ ਵਿੱਤ ਆਯੋਗ ਦੀ ਮਿਆਦ (ਅਵਧੀ) ਦੌਰਾਨ ਯਾਨੀ 2021-22 ਤੱਕ 24,375 ਕਰੋੜ ਰੁਪਏ ਦੇ ਖਰਚ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜੇ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਸਰਕਾਰੀ ਖੇਤਰ ਵਿੱਚ ਸਮਰੱਥ ਸਿਹਤ ਪੇਸ਼ੇਵਰਾਂ ਦੀ ਉਪਲੱਬਧਤਾ ਵਧੇਗੀ, ਤੀਜੇ ਦਰਜੇ ਦੀ ਦੇਖਭਾਲ ਵਿੱਚ ਸੁਧਾਰ ਹੋਵੇਗਾ, ਜ਼ਿਲ੍ਹਾ ਹਸਪਤਾਲਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਦਾ ਇਸਤੇਮਾਲ ਹੋਵੇਗਾ ਅਤੇ ਦੇਸ਼ ਵਿੱਚ ਕਿਫ਼ਾਇਤੀ ਮੈਡੀਕਲ ਸਿੱਖਿਆ ਨੂੰ ਹੁਲਾਰਾ ਮਿਲੇਗਾ।

ਬਿਨਾ ਮੈਡੀਕਲ ਕਾਲਜ ਦੀ ਸਿਹਤ ਸੁਵਿਧਾ ਤੋਂ ਵੰਚਿਤ ਖੇਤਰਾਂ ਵਿੱਚ ਘੱਟ ਤੋਂ ਘੱਟ 200 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲਾਂ ਵਿੱਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾਵੇਗੀ। ਖਾਹਿਸ਼ੀ ਜ਼ਿਲ੍ਹਿਆਂ ਅਤੇ 300 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲਾਂ ਨੂੰ ਪਹਿਲ ਦਿੱਤੀ ਜਾਵੇਗੀ।

ਨਵੇਂ ਮੈਡੀਕਲ ਕਾਲਜਾਂ (58+24+75) ਦੀ ਸਥਾਪਨਾ ਦੀ ਯੋਜਨਾ ਨਾਲ ਦੇਸ਼ ਵਿੱਚ ਐੱਮਬੀਬੀਐੱਸ ਦੀਆਂ ਘੱਟ ਤੋਂ ਘੱਟ 15,700 ਸੀਟਾਂ ਵਧਣਗੀਆਂ।

ਸਿਹਤ ਸੰਭਾਲ਼ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਨਿਰੰਤਰ ਜ਼ੋਰ ਦਿੰਦਿਆਂ, ਸਰਕਾਰ ਨੇ ਇਸ ਤੋਂ ਪਹਿਲਾਂ ਪਹਿਲੇ ਪੜਾਅ ਵਿੱਚ ਮੌਜੂਦਾ ਜ਼ਿਲ੍ਹਾ/ਰੈਫਰਲ ਹਸਪਤਾਲਾਂ ਨਾਲ ਜੁੜੇ 58 ਨਵੇਂ ਮੈਡੀਕਲ ਕਾਲਜਾਂ ਅਤੇ ਦੂਜੇ ਪੜਾਅ ਵਿੱਚ 24 ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਸੀ। ਇਨ੍ਹਾਂ ਵਿੱਚੋਂ ਪਹਿਲੇ ਪੜਾਅ ਤਹਿਤ 39 ਮੈਡੀਕਲ ਕਾਲਜਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜਦ ਕਿ 2020-21 ਤੱਕ ਬਾਕੀ 19 ਮੈਡੀਕਲ ਕਾਲਜ ਚਾਲੂ ਹੋ ਜਾਣਗੇ। ਦੂਜੇ ਪੜਾਅ ਤਹਿਤ, 18 ਨਵੇਂ ਮੈਡੀਕਲ ਕਾਲਜ ਪ੍ਰਵਾਨ ਕੀਤੇ ਗਏ ਹਨ।

*****

ਵੀਆਰਆਰਕੇ/ਪੀਕੇ/ਐੱਸਐੱਚ


(Release ID: 1583724) Visitor Counter : 150


Read this release in: English