ਪ੍ਰਧਾਨ ਮੰਤਰੀ ਦਫਤਰ
ਰਾਇਲ ਯੂਨੀਵਰਸਿਟੀ ਆਵ੍ ਭੂਟਾਨ ਥਿੰਪੂ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ – ਪਾਠ
Posted On:
18 AUG 2019 11:16AM by PIB Chandigarh
ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ (Dr. Lotay Tshering), ਭੂਟਾਨ ਦੀ ਨੈਸ਼ਨਲ ਅਸੈਂਬਲੀ ਅਤੇ ਰਾਸ਼ਟਰੀ ਪਰਿਸ਼ਦ ਦੇ ਮਾਣਯੋਗ ਮੈਂਬਰਾਨ , ਭੂਟਾਨ ਦੀ ਰਾਇਲ ਯੂਨੀਵਰਸਿਟੀ ਦੇ ਵਿਸ਼ਿਸ਼ਟ ਵਾਈਸ ਚਾਂਸਲਰ ਅਤੇ ਫੈਕਲਟੀ ਮੈਂਬਰ,
ਮੇਰੇ ਯੁਵਾ ਮਿੱਤਰੋ,
ਕੂਜੋ ਝੰਗਪੋ ਲਾ (Kuzo Zangpo La) । ਨਮਸਕਾਰ । ਅੱਜ ਸਵੇਰੇ ਤੁਹਾਡੇ ਸਾਰਿਆਂ ਦੇ ਨਾਲ ਹੋਣਾ ਮੇਰੇ ਲਈ ਇੱਕ ਅਦਭੁਤ ਅਨੁਭਵ ਹੈ । ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸੋਚ ਰਹੇ ਹੋ - ਅੱਜ ਐਤਵਾਰ ਹੈ ਅਤੇ ਤੁਸੀਂ ਇੱਕ ਲੈਕਚਰ ਵਿੱਚ ਹਿੱਸਾ ਲੈਣਾ ਹੈ । ਲੇਕਿਨ , ਮੈਂ ਇਸ ਨੂੰ ਸੰਖੇਪ ਅਤੇ ਉਨ੍ਹਾਂ ਵਿਸ਼ਿਆਂ ਉੱਤੇ ਕੇਂਦਰਿਤ ਰੱਖਾਂਗਾ, ਜਿਨ੍ਹਾਂ ਨਾਲ ਤੁਸੀਂ ਖੁਦ ਨੂੰ ਜੋੜ ਸਕੋ ।
ਮਿੱਤਰੋ ,
ਭੂਟਾਨ ਦੀ ਯਾਤਰਾ ਕਰਨ ਵਾਲਾ ਕੋਈ ਵੀ ਵਿਅਕਤੀ ਇਸ ਦੀ ਕੁਦਰਤੀ ਸੁੰਦਰਤਾ ਤੋਂ ਓਨਾ ਹੀ ਪ੍ਰਭਾਵਿਤ ਹੁੰਦਾ ਹੈ ਜਿੰਨਾਂ ਕਿ ਇੱਥੇ ਲੋਕਾਂ ਦੀ ਗਰਮਜੋਸ਼ੀ , ਦਇਆ ਅਤੇ ਸਾਦਗੀ ਦੀ ਭਾਵਨਾ ਤੋਂ। ਕੱਲ੍ਹ , ਮੈਂ ਸੂਮੋਖਾ ਦਜ਼ੋਂਗ ਵਿੱਚ ਸੀ , ਜੋ ਭੂਟਾਨ ਦੇ ਅਤੀਤ ਦੀ ਸਮ੍ਰਿੱਧੀ (ਖੁਸ਼ਹਾਲੀ) ਅਤੇ ਅਧਿਆਤਮਿਕ ਵਿਰਾਸਤ ਦੀ ਮਹਾਨਤਾ ਦਾ ਸਭ ਤੋਂ ਪ੍ਰਮੁੱਖ ਉਦਾਹਰਣ ਸੀ । ਇਸ ਯਾਤਰਾ ਦੌਰਾਨ , ਮੈਨੂੰ ਭੂਟਾਨ ਦੀ ਵਰਤਮਾਨ ਲੀਡਰਸ਼ਿਪ ਦੇ ਨਿਕਟਤਾ ਨਾਲ ਪਰਸਪਰ ਗੱਲਬਾਤ ਕਰਨ ਦਾ ਅਵਸਰ ਮਿਲਿਆ । ਮੈਨੂੰ ਇੱਕ ਵਾਰ ਫਿਰ ਤੋਂ ਭਾਰਤ - ਭੂਟਾਨ ਸਬੰਧ , ਜਿਸ ਨੂੰ ਉਨ੍ਹਾਂ ਦੇ ਕਰੀਬੀ ਅਤੇ ਵਿਅਕਤੀਗਤ ਧਿਆਨ ਤੋਂ ਹਮੇਸ਼ਾ ਲਾਭ ਹੋਇਆ ਹੈ , ਲਈ ਉਨ੍ਹਾਂ ਦਾ ਮਾਰਗਦਰਸ਼ਨ ਪ੍ਰਾਪਤ ਹੋਇਆ ।
ਹੁਣ, ਅੱਜ, ਮੈਂ ਇੱਥੇ ਭੂਟਾਨ ਦੇ ਭਵਿੱਖ ਨਾਲ ਹਾਂ । ਮੈਂ ਉਨ੍ਹਾਂ ਦੀ ਗਤੀਸ਼ੀਲਤਾ ਦੇਖ ਸਕਦਾ ਹਾਂ , ਅਤੇ ਉਨ੍ਹਾਂ ਦੀ ਊਰਜਾ ਨੂੰ ਮਹਿਸੂਸ ਕਰ ਸਕਦਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਇਹ ਇਸ ਮਹਾਨ ਰਾਸ਼ਟਰ ਅਤੇ ਇਸ ਦੇ ਨਾਗਰਿਕਾਂ ਦੇ ਭਵਿੱਖ ਨੂੰ ਆਕਾਰ ਦੇਣਗੇ । ਚਾਹੇ ਮੈਂ ਭੂਟਾਨ ਦੇ ਅਤੀਤ , ਵਰਤਮਾਨ ਜਾਂ ਭਵਿੱਖ ਨੂੰ ਦੇਖਦਾ ਹਾਂ , ਇਸ ਦੇ ਇੱਕੋ-ਜਿਹੇ ਅਤੇ ਨਿਰੰਤਰ ਧਾਗੇ - ਗਹਿਰੀ ਅਧਿਆਤਮਿਕਤਾ ਅਤੇ ਯੁਵਾ ਸ਼ਕਤੀ ਦੇ ਹਨ । ਇਹ ਸਾਡੇ ਦੁਵੱਲੇ ਸਬੰਧਾਂ ਦੀ ਤਾਕਤ ਵੀ ਹਨ ।
ਮਿੱਤਰੋ ,
ਇਹ ਸੁਭਾਵਿਕ ਹੀ ਹੈ ਕਿ ਭੂਟਾਨ ਅਤੇ ਭਾਰਤ ਦੇ ਲੋਕ ਇੱਕ - ਦੂਜੇ ਨਾਲ ਬਹੁਤ ਲਗਾਉ (ਪ੍ਰੇਮ) ਦਾ ਅਨੁਭਵ ਕਰਦੇ ਹਨ । ਆਖ਼ਿਰਕਾਰ, ਅਸੀਂ ਕੇਵਲ ਆਪਣੇ ਭੂਗੋਲ ਦੇ ਕਾਰਨ ਹੀ ਇੰਨੇ ਕਰੀਬ ਨਹੀਂ ਹਾਂ । ਸਾਡੇ ਇਤਿਹਾਸ , ਸੱਭਿਆਚਾਰ ਅਤੇ ਅਧਿਆਤਮਿਕ ਪਰੰਪਰਾਵਾਂ ਨੇ ਸਾਡੇ ਲੋਕਾਂ ਅਤੇ ਰਾਸ਼ਟਰਾਂ ਦਰਮਿਆਨ ਅਨੂਠੇ ਅਤੇ ਗਹਿਰੇ ਬੰਧਨ ਸਥਾਪਿਤ ਕੀਤੇ ਹਨ । ਭਾਰਤ ਸੁਭਾਗਸ਼ਾਲੀ ਹੈ ਕਿ ਉਸ ਦੀ ਭੂਮੀ ਉੱਤੇ ਰਾਜਕੁਮਾਰ ਸਿੱਧਾਰਥ, ਗੌਤਮ ਬੁੱਧ ਬਣੇ । ਅਤੇ ਜਿੱਥੋਂ ਉਨ੍ਹਾਂ ਦੇ ਅਧਿਆਤਮਿਕ ਸੰਦੇਸ਼ ਦਾ ਪ੍ਰਕਾਸ਼ , ਬੋਧੀ ਧਰਮ ਦਾ ਪ੍ਰਕਾਸ਼ , ਪੂਰੀ ਦੁਨੀਆ ਵਿੱਚ ਫੈਲਿਆ । ਸੰਨਿਆਸੀਆਂ , ਅਧਿਆਤਮਿਕ ਗੁਰੂਆਂ, ਵਿਦਵਾਨਾਂ ਅਤੇ ਸਾਧਕਾਂ ਦੀਆਂ ਪੀੜ੍ਹੀਆਂ ਨੇ ਭੂਟਾਨ ਵਿੱਚ ਉਸ ਜੋਤਿ ਨੂੰ ਪ੍ਰਜਵਲਿਤ ਕੀਤਾ ਹੈ । ਉਨ੍ਹਾਂ ਨੇ ਭਾਰਤ ਅਤੇ ਭੂਟਾਨ ਦਰਮਿਆਨ ਵਿਸ਼ੇਸ਼ ਬੰਧਨ ਦਾ ਵੀ ਪੋਸ਼ਣ ਕੀਤਾ ਹੈ ।
ਇਸ ਦੇ ਪਰਿਣਾਮ ਸਵਰੂਪ , ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਨੇ ਇੱਕ ਆਮ ਵਿਸ਼ਵ- ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ ਹੈ । ਇਹ ਵਾਰਾਣਸੀ ਅਤੇ ਬੋਧਗਯਾ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ ਅਤੇ ਡੀਜੌਂਗ (Dzong) ਅਤੇ ਚੋਰਟੇਨ (Chorten) ਵਿੱਚ ਵੀ । ਅਤੇ ਨਾਗਰਿਕਾਂ ਦੇ ਰੂਪ ਵਿੱਚ , ਅਸੀਂ ਇਸ ਮਹਾਨ ਵਿਰਾਸਤ ਦੇ ਜੀਵਿਤ ਵਾਹਕ ਹੋਣ ਲਈ ਭਾਗਸ਼ਾਲੀ ਹਾਂ । ਦੁਨੀਆ ਦੇ ਕੋਈ ਵੀ ਹੋਰ ਦੋ ਦੇਸ਼ ਇੱਕ - ਦੂਜੇ ਨੂੰ ਇੰਨੀ ਚੰਗੀ ਤਰ੍ਹਾਂ ਨਾਲ ਨਹੀਂ ਸਮਝਦੇ ਜਾਂ ਇੰਨੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਨਹੀਂ ਕਰਦੇ ਹਨ । ਅਤੇ ਕੋਈ ਵੀ ਦੋ ਦੇਸ਼ ਆਪਣੇ ਲੋਕਾਂ ਲਈ ਸਮ੍ਰਿੱਧੀ (ਖੁਸ਼ਹਾਲੀ) ਲਿਆਉਣ ਵਿੱਚ ਅਜਿਹੇ ਸੁਭਾਵਿਕ ਭਾਗੀਦਾਰ ਨਹੀਂ ਹਨ ।
ਮਿੱਤਰੋ ,
ਅੱਜ, ਭਾਰਤ ਕਈ ਸਾਰੇ ਖੇਤਰਾਂ ਵਿੱਚ ਇਤਿਹਾਸਿਕ ਪਰਿਵਰਤਨ ਦਾ ਗਵਾਹ ਬਣ ਰਿਹਾ ਹੈ ।
ਭਾਰਤ ਪਹਿਲਾਂ ਤੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਗ਼ਰੀਬੀ ਨੂੰ ਖਤਮ ਕਰ ਰਿਹਾ ਹੈ । ਪਿਛਲੇ ਪੰਜ ਵਰ੍ਹਿਆਂ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਗਤੀ ਦੁੱਗਣੀ ਹੋ ਗਈ ਹੈ । ਅਸੀਂ ਅਗਲੀ ਪੀੜ੍ਹੀ ਦੇ ਬੁਨਿਆਦੀ ਢਾਂਚੇ ਲਈ ਲਗਭਗ 15 ਬਿਲੀਅਨ ਡਾਲਰ ਦਾ ਸੰਕਲਪ ਕੀਤਾ ਹੈ । ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਿਹਤ ਦੇਖਭਾਲ ਪ੍ਰੋਗਰਾਮ , ਆਯੁਸ਼ਮਾਨ ਭਾਰਤ ਦਾ ਸਥਾਨ ਹੈ ਜੋ 500 ਮਿਲੀਅਨ ਭਾਰਤੀਆਂ ਨੂੰ ਸਿਹਤ ਦਾ ਭਰੋਸਾ ਦਿੰਦਾ ਹੈ ।
ਭਾਰਤ ਦੁਨੀਆ ਦੀ ਸਭ ਤੋਂ ਸਸਤੀ ਡੇਟਾ ਕਨੈਕਟੀਵਿਟੀ ਵਾਲੇ ਦੇਸ਼ਾਂ ਵਿੱਚੋਂ ਹੈ , ਜੋ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਲੱਖਾਂ ਲੋਕਾਂ ਨੂੰ ਸਸ਼ਕਤ ਬਣਾ ਰਹੀ ਹੈ । ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ - ਅੱਪ ਈਕੋ - ਸਿਸਟਮ ਦਾ ਵੀ ਸਥਾਨ ਹੈ । ਇਹ ਅਸਲ ਵਿੱਚ ਭਾਰਤ ਵਿੱਚ ਇਨੋਵੇਸ਼ਨ ਦਾ ਬਹੁਤ ਅਨੁਕੂਲ ਸਮਾਂ ਹੈ । ਇਹ ਅਤੇ ਅਜਿਹੀਆਂ ਹੋਰ ਕਈ ਹੋਰ ਤਬਦੀਲੀਆਂ ਦੇ ਮੂਲ ਵਿੱਚ ਭਾਰਤ ਦੇ ਨੌਜਵਾਨਾਂ ਦੇ ਸੁਪਨੇ ਅਤੇ ਆਕਾਂਖਿਆਵਾਂ ਹਨ ।
ਮਿੱਤਰੋ ,
ਅੱਜ ਮੈਂ ਭੂਟਾਨ ਦੇ ਬਿਹਤਰੀਨ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਦਰਮਿਆਨ ਮੌਜੂਦ ਹਾਂ। ਮਹਾਮਹਿਮ ਨੇ ਕੱਲ੍ਹ ਮੈਨੂੰ ਦੱਸਿਆ ਕਿ ਉਹ ਤੁਹਾਡੇ ਨਾਲ ਨਿਯਮਿਤ ਰੂਪ ਵਿੱਚ ਪਰਸਪਰ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਨੇ ਪਿਛਲੀ ਕਨਵੋਕੇਸ਼ਨ (ਦੀਖਿਆਂਤ) ਨੂੰ ਸੰਬੋਧਨ ਕੀਤਾ ਸੀ । ਆਪ ਸਭ ਲੋਕਾਂ ਦੇ ਵਿੱਚੋਂ ਹੀ ਭੂਟਾਨ ਦੇ ਭਾਵੀ ਨੇਤਾ , ਇਨੋਵੇਟਰਸ, ਕਾਰੋਬਾਰੀ, ਖਿਡਾਰੀ , ਕਲਾਕਾਰ ਅਤੇ ਵਿਗਿਆਨੀਕ ਨਿਕਲ ਕੇ ਸਾਹਮਣੇ ਆਉਣਗੇ ।
ਕੁਝ ਦਿਨ ਪਹਿਲਾਂ , ਮੇਰੇ ਚੰਗੇ ਮਿੱਤਰ , ਪ੍ਰਧਾਨ ਮੰਤਰੀ ਡਾਕਟਰ ਸ਼ੇਰਿੰਗ ਨੇ ਇੱਕ ਫੇਸਬੁੱਕ ਪੋਸਟ ਲਿਖੀ ਜੋ ਮੇਰੇ ਦਿਲ ਨੂੰ ਛੂਹ ਗਈ । ਉਸ ਪੋਸਟ ਵਿੱਚ ਉਨ੍ਹਾਂ ਨੇ ਇਗਜ਼ਾਮ ਵਾਰੀਅਰਸ ਦਾ ਜ਼ਿਕਰ ਕੀਤਾ , ਅਤੇ ਹੁਣੇ - ਹੁਣੇ ਇੱਕ ਵਿਦਿਆਰਥੀ ਨੇ ਵੀ ਉਸ ਪੁਸਤਕ ਦਾ ਜ਼ਿਕਰ ਕੀਤਾ । ਬਿਨਾ ਤਣਾਅ ਦੇ ਪ੍ਰੀਖਿਆ ਦਾ ਸਾਹਮਣਾ ਕਿਵੇਂ ਕੀਤਾ ਜਾਵੇ , ਇਸ ਉੱਤੇ ਮੈਂ ਇੱਕ ਪੁਸਤਕ ਇਗਜ਼ਾਮ ਵਾਰੀਅਰਸ ਲਿਖੀ ਸੀ । ਹਰ ਕੋਈ ਸਕੂਲ ਅਤੇ ਕਾਲਜਾਂ ਵਿੱਚ ਪ੍ਰੀਖਿਆ ਦਾ ਸਾਹਮਣਾ ਕਰਦਾ ਹੈ ਅਤੇ ਜੀਵਨ ਨਾਲ ਸਬੰਧਿਤ ਵੱਡੀ ਜਮਾਤ ਵਿੱਚ ਵੀ ਇਸ ਪ੍ਰੀਖਿਆ ਦਾ ਸਾਹਮਣਾ ਕਰਦਾ ਹੈ । ਕੀ ਮੈਂ ਤੁਹਾਨੂੰ ਕੁਝ ਦੱਸਾਂ ? ਮੈਂ ਇਗਜ਼ਾਮ ਵਾਰੀਅਰਸ ਵਿੱਚ ਜੋ ਕੁਝ ਲਿਖਿਆ ਹੈ , ਉਹ ਭਗਵਾਨ ਬੁੱਧ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੈ । ਵਿਸ਼ੇਸ਼ ਕਰਕੇ , ਸਕਾਰਾਤਮਕਤਾ ਦਾ ਮਹੱਤਵ , ਡਰ ਤੋਂ ਮੁਕਤੀ ਅਤੇ ਏਕਾਤਮਕਤਾ ਵਿੱਚ ਰਹਿਣਾ , ਚਾਹੇ ਇਹ ਵਰਤਮਾਨ ਪਲ ਦੇ ਨਾਲ ਹੋਵੇ ਜਾਂ ਮਾਂ ਪ੍ਰਕਿਰਤੀ ਦੇ ਨਾਲ । ਤੁਸੀਂ ਇਸ ਮਹਾਨ ਭੂਮੀ ਵਿੱਚ ਪੈਦਾ ਹੋਏ ਹੋ ।
ਇਸ ਲਈ, ਇਹ ਗੁਣ ਤੁਹਾਡੇ ਵਿੱਚ ਸੁਭਾਵਿਕ ਰੂਪ ਨਾਲ ਆ ਜਾਂਦੇ ਹਨ ਅਤੇ ਤੁਹਾਡੇ ਵਿਅਕਤਿੱਤਵ ਨੂੰ ਆਕਾਰ ਦਿੰਦੇ ਹਨ । ਜਦੋਂ ਮੈਂ ਛੋਟਾ ਸੀ , ਤਾਂ ਇਨ੍ਹਾਂ ਗੁਣਾਂ ਦੀ ਖੋਜ ਮੈਨੂੰ ਹਿਮਾਲਿਆ ਤੱਕ ਲੈ ਗਈ । ਇਸ ਧੰਨ ਧਰਾ ਦੇ ਪੁੱਤਰਾਂ ਦੇ ਰੂਪ ਵਿੱਚ , ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਦੁਨੀਆ ਦੀਆਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਵਿੱਚ ਯੋਗਦਾਨ ਕਰੋਗੇ ।
ਹਾਂ , ਸਾਡੇ ਸਾਹਮਣੇ ਚੁਣੌਤੀਆਂ ਹਨ । ਲੇਕਿਨ ਹਰ ਚੁਣੌਤੀ ਲਈ , ਸਾਡੇ ਕੋਲ ਉਨ੍ਹਾਂ ਦਾ ਸਮਾਧਾਨ ਕਰਨ ਲਈ ਇਨੋਵੇਟਿਵ ਸਮਾਧਾਨ ਲੱਭਣ ਲਈ ਨੌਜਵਾਨ ਦਿਮਾਗ ਹਨ । ਤੁਸੀਂ ਕਿਸੇ ਵੀ ਰੁਕਾਟਵ ਤੋਂ ਬੇਬਸ ਨਾ ਹੋਵੋ ।
ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ - ਨੌਜਵਾਨ ਹੋਣ ਲਈ ਹੁਣ ਤੋਂ ਬਿਹਤਰ ਕੋਈ ਸਮਾਂ ਨਹੀਂ ਹੈ । ਅੱਜ ਵਿਸ਼ਵ ਪਹਿਲਾਂ ਤੋਂ ਕਿਤੇ ਅਧਿਕ ਅਵਸਰ ਪ੍ਰਦਾਨ ਕਰਦਾ ਹੈ । ਤੁਹਾਡੇ ਕੋਲ ਅਸਧਾਰਨ ਚੀਜ਼ਾਂ ਕਰਨ ਦੀ ਸ਼ਕਤੀ ਅਤੇ ਸਮਰੱਥਾ ਹੈ , ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰੇਗੀ । ਤੁਸੀਂ ਆਪਣੀ ਅਸਲ ਜੀਵਨ - ਬਿਰਤ ਢੂੰਡੋ ਅਤੇ ਪੂਰਨ ਉਤਸ਼ਾਹ ਨਾਲ ਉਸ ਦਾ ਅਨੁਸਰਣ ਕਰੋ ।
ਮਿੱਤਰੋ ,
ਪਣ - ਬਿਜਲੀ ਅਤੇ ਊਰਜਾ ਵਿੱਚ ਭਾਰਤ - ਭੂਟਾਨ ਦਾ ਸਹਿਯੋਗ ਇੱਕ ਮਿਸਾਲ ਹੈ । ਲੇਕਿਨ ਇਸ ਰਿਸ਼ਤੇ ਦੀ ਸ਼ਕਤੀ ਅਤੇ ਊਰਜਾ ਦਾ ਅਸਲੀ ਸਰੋਤ ਸਾਡੇ ਲੋਕ ਹਨ । ਇਸ ਲਈ , ਸਭ ਤੋਂ ਪਹਿਲਾਂ ਲੋਕ ਹਨ , ਅਤੇ ਲੋਕ ਹੀ ਹਮੇਸ਼ਾ ਇਸ ਰਿਸ਼ਤੇ ਦੇ ਕੇਂਦਰ ਵਿੱਚ ਰਹਿਣਗੇ । ਇਸ ਯਾਤਰਾ ਦੇ ਨਤੀਜਿਆਂ ਵਿੱਚ ਇਹ ਭਾਵਨਾ ਸਪਸ਼ਟ ਰੂਪ ਨਾਲ ਦਿਖਾਈ ਦਿੰਦੀ ਹੈ । ਸਹਿਯੋਗ ਦੇ ਪਰੰਪਰਾਗਤ ਖੇਤਰਾਂ ਤੋਂ ਪਰੇ ਜਾ ਕੇ , ਅਸੀਂ ਨਵੇਂ ਮੋਰਚਿਆਂ ਉੱਤੇ ਸਕੂਲਾਂ ਤੋਂ ਲੈ ਕੇ ਪੁਲਾੜ ਤੱਕ , ਡਿਜੀਟਲ ਭੁਗਤਾਨਾਂ ਤੋਂ ਲੈ ਕੇ ਆਪਦਾ ਪ੍ਰਬੰਧਨ ਤੱਕ ਵੱਡੇ ਪੈਮਾਨੇ ਉੱਤੇ ਸਹਿਯੋਗ ਕਰਨਾ ਚਾਹੁੰਦੇ ਹਾਂ । ਇਨ੍ਹਾਂ ਸਾਰੇ ਖੇਤਰਾਂ ਵਿੱਚ ਸਾਡੇ ਸਹਿਯੋਗ ਦਾ ਤੁਹਾਡੇ ਵਰਗੇ ਯੁਵਾ ਮਿੱਤਰਾਂ ਉੱਤੇ ਪ੍ਰਤੱਖ ਪ੍ਰਭਾਵ ਪਵੇਗਾ । ਮੈਂ ਤੁਹਾਨੂੰ ਕੁਝ ਉਦਾਹਰਣ ਦਿੰਦਾ ਹਾਂ । ਅੱਜ ਦੇ ਯੁੱਗ ਵਿੱਚ , ਸੀਮਾ ਪਾਰ ਦੇ ਵਿਦਵਾਨਾਂ ਅਤੇ ਸਿੱਖਿਆ ਸ਼ਾਸਤ੍ਰੀਆਂ ਨਾਲ ਜੁੜਨਾ ਮਹੱਤਵਪੂਰਨ ਹੈ , ਜਿਸ ਨਾਲ ਕਿ ਸਾਡੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਉਨ੍ਹਾਂ ਨੂੰ ਦੁਨੀਆ ਵਿੱਚ ਸਰਬਸ੍ਰੇਸ਼ਠ ਲੋਕਾਂ ਦੇ ਬਰਾਬਰ ਬਣਾਏ । ਭਾਰਤ ਦੇ ਰਾਸ਼ਟਰੀ ਗਿਆਨ ਨੈੱਟਵਰਕ ਅਤੇ ਭੂਟਾਨ ਦੇ ਡਰੁਕ੍ਰਰੇਨ (DrukREN) ਦਰਮਿਆਨ ਸਹਿਯੋਗ , ਜੋ ਕੱਲ੍ਹ ਇੱਕ ਅਸਲੀਅਤ ਬਣ ਗਿਆ , ਇਸ ਉਦੇਸ਼ ਨੂੰ ਪੂਰਾ ਕਰੇਗਾ ।
ਇਹ ਸਾਡੀਆਂ ਯੂਨੀਵਰਸਿਟੀਆਂ, ਖੋਜ ਸੰਸਥਾਨਾਂ , ਲਾਇਬ੍ਰੇਰੀਆਂ, ਸਿਹਤ ਦੇਖਭਾਲ ਅਤੇ ਖੇਤੀਬਾੜੀ ਸੰਸਥਾਨਾਂ ਦਰਮਿਆਨ ਸੁਰੱਖਿਅਤ ਅਤੇ ਤੇਜ਼ ਸੰਪਰਕ ਪ੍ਰਦਾਨ ਕਰੇਗਾ । ਮੈਂ ਤੁਹਾਨੂੰ ਸਾਰਿਆਂ ਨੂੰ ਇਸ ਸੁਵਿਧਾ ਦਾ ਪੂਰਾ ਉਪਯੋਗ ਕਰਨ ਦੀ ਤਾਕੀਦ ਕਰਦਾ ਹਾਂ ।
ਮਿੱਤਰੋ , ਪੁਲਾੜ ਦੀਆਂ ਸੀਮਾਵਾਂ ਇੱਕ ਹੋਰ ਉਦਾਹਰਣ ਹੈ ਇਸ ਸਮੇਂ , ਭਾਰਤ ਦਾ ਦੂਜਾ ਮੂਨ ਮਿਸ਼ਨ , ਚੰਦਰਯਾਨ - 2 ਚੰਦਰਮਾ ਦੇ ਰਸਤੇ ਉੱਤੇ ਹੈ । 2022 ਤੱਕ , ਅਸੀਂ ਇੱਕ ਭਾਰਤੀ ਪੁਲਾੜ- ਯਾਨ ਉੱਤੇ , ਪੁਲਾੜ ਵਿੱਚ ਇੱਕ ਭਾਰਤੀ ਨੂੰ ਰੱਖਣ ਦਾ ਇਰਾਦਾ ਰੱਖਦੇ ਹਾਂ । ਇਹ ਸਾਰੇ ਭਾਰਤ ਦੀਆਂ ਆਪਣੀਆਂ ਉਪਲੱਬਧੀਆਂ ਦੇ ਨਤੀਜੇ ਹਨ । ਸਾਡੇ ਲਈ , ਪੁਲਾੜ ਪ੍ਰੋਗਰਾਮ ਕੇਵਲ ਰਾਸ਼ਟਰੀ ਗੌਰਵ ਦਾ ਵਿਸ਼ਾ ਨਹੀਂ ਹੈ । ਇਹ ਰਾਸ਼ਟਰੀ ਵਿਕਾਸ ਅਤੇ ਆਲਮੀ ਸਹਿਯੋਗ ਦਾ ਇੱਕ ਮਹੱਤਵਪੂਰਨ ਸਾਧਨ ਹੈ ।
ਮਿੱਤਰੋ ,
ਕੱਲ੍ਹ , ਪ੍ਰਧਾਨ ਮੰਤਰੀ ਸ਼ੇਰਿੰਗ ਅਤੇ ਮੈਂ, ਦੱਖਣ ਏਸ਼ੀਆ ਸੈਟੇਲਾਈਟ ਦੇ ਥਿੰਪੂ ਗਰਾਊਂਡ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਆਪਣੇ ਪੁਲਾੜ ਸਹਿਯੋਗ ਦਾ ਵਿਸਤਾਰ ਕੀਤਾ । ਸੈਟੇਲਾਈਟਾਂ ਰਾਹੀਂ, ਟੈਲੀ - ਮੈਡੀਸਿਨ , ਦੂਰ ਦੀ ਸਿੱਖਿਆ , ਸੰਸਾਧਨ ਮਾਨਚਿਤਰਣ (ਨਕਸ਼ਾਬੰਦੀ), ਮੌਸਮ ਸਬੰਧੀ ਪੂਰਵ ਅਨੁਮਾਨ ਅਤੇ ਇੱਥੋਂ ਤੱਕ ਕਿ ਕੁਦਰਤੀ ਆਪਦਾਵਾਂ ਦੀ ਚਿਤਾਵਨੀ ਵੀ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਜਾਵੇਗੀ । ਇਹ ਹੋਰ ਪ੍ਰਸੰਨਤਾ ਦੀ ਗੱਲ ਹੈ ਕਿ ਭੂਟਾਨ ਦੇ ਆਪਣੇ ਖੁਦ ਦੇ ਛੋਟੇ ਸੈਟੇਲਾਈਟ ਨੂੰ ਡਿਜ਼ਾਈਨ ਕਰਨ ਅਤੇ ਲਾਂਚ ਕਰਨ ਲਈ ਨੌਜਵਾਨ ਭੂਟਾਨੀ ਵਿਗਿਆਨੀ ਭਾਰਤ ਦੀ ਯਾਤਰਾ ਕਰਨਗੇ । ਮੈਨੂੰ ਉਂਮੀਦ ਹੈ ਕਿ ਕਿਸੇ ਦਿਨ ਜਲਦੀ ਹੀ , ਤੁਹਾਡੇ ਵਿੱਚੋਂ ਕਈ ਵਿਗਿਆਨੀ , ਇੰਜੀਨੀਅਰ ਅਤੇ ਇਨੋਵੇਟਰ ਹੋਣਗੇ ।
ਮਿੱਤਰੋ ,
ਸਦੀਆਂ ਤੋਂ , ਸਿੱਖਿਆ ਅਤੇ ਅਧਿਐਨ ਭਾਰਤ ਅਤੇ ਭੂਟਾਨ ਦਰਮਿਆਨ ਸਬੰਧਾਂ ਦੇ ਕੇਂਦਰ ਰਹੇ ਹਨ । ਪ੍ਰਾਚੀਨ ਕਾਲ ਵਿੱਚ , ਬੋਧੀ ਅਧਿਆਪਕਾਂ ਅਤੇ ਵਿਦਵਾਨਾਂ ਨੇ ਸਾਡੇ ਲੋਕਾਂ ਦਰਮਿਆਨ ਅਧਿਐਨ ਦੇ ਪੁਲ਼ (ਸੇਤੂ) ਦਾ ਨਿਰਮਾਣ ਕੀਤਾ ਸੀ । ਇਹ ਇੱਕ ਅਮੁੱਲ ਵਿਰਾਸਤ ਹੈ , ਜਿਸ ਨੂੰ ਅਸੀਂ ਸੰਭਾਲਣਾ ਅਤੇ ਪ੍ਰੋਤਸਾਹਨ ਦੇਣਾ ਚਾਹੁੰਦੇ ਹਾਂ । ਇਸ ਲਈ , ਅਸੀਂ ਭੂਟਾਨ ਤੋਂ ਨਾਲੰਦਾ ਯੂਨੀਵਰਸਿਟੀ –ਜੋ ਅਧਿਐਨ ਅਤੇ ਬੋਧ ਪਰੰਪਰਾਵਾਂ ਦਾ ਇੱਕ ਇਤਿਹਾਸਿਕ ਆਲਮੀ ਸਥਾਨ ਹੈ , ਜਿਸ ਨੂੰ ਉਸੇ ਸਥਾਨ ਉੱਤੇ ਹੀ ਮੁੜ ਸਰਜੀਤ ਕੀਤਾ ਗਿਆ ਹੈ , ਜਿੱਥੇ ਇਹ ਪੰਦਰਾਂ ਸੌ ਸਾਲ ਪਹਿਲਾਂ ਹੋਂਦ ਵਿੱਚ ਸੀ - ਵਰਗੇ ਸੰਸਥਾਨਾਂ ਵਿੱਚ ਭੂਟਾਨ ਦੇ ਬੋਧੀ ਧਰਮ ਦੇ ਅਧਿਕ ਵਿਦਿਆਰਥੀਆਂ ਦਾ ਸੁਆਗਤ ਕਰਦੇ ਹਾਂ । ਸਾਡੇ ਦਰਮਿਆਨ ਅਧਿਐਨ ਦਾ ਬੰਧਨ ਓਨਾ ਹੀ ਆਧੁਨਿਕ ਹੈ ਜਿਨ੍ਹਾਂ ਕਿ ਪ੍ਰਾਚੀਨ । 20ਵੀਂ ਸ਼ਤਾਬਦੀ ਵਿੱਚ , ਕਈ ਭਾਰਤੀ, ਗੁਰੂਆਂ ਦੇ ਰੂਪ ਵਿੱਚ ਭੂਟਾਨ ਆਏ । ਪੁਰਾਣੀ ਪੀੜ੍ਹੀ ਦੇ ਸਾਰੇ ਭੂਟਾਨੀ ਨਾਗਰਿਕਾਂ ਦੀ ਸਿੱਖਿਆ ਦੌਰਾਨ ਉਨ੍ਹਾਂ ਦੇ ਘੱਟ ਤੋਂ ਘੱਟ ਇੱਕ ਭਾਰਤੀ ਅਧਿਆਪਕ ਹੁੰਦੇ ਸਨ । ਉਨ੍ਹਾਂ ਵਿਚੋਂ ਕੁਝ ਨੂੰ ਮਹਾਮਹਿਮ ਨੇ ਪਿਛਲੇ ਸਾਲ ਸਨਮਾਨਿਤ ਕੀਤਾ ਸੀ । ਅਤੇ ਅਸੀਂ ਇਸ ਉਦਾਰ ਅਤੇ ਦਇਆਪੂਰਨ ਪ੍ਰੇਮ ਭਾਵ ਲਈ ਸ਼ੁਕਰਗੁਜ਼ਾਰ ਹਾਂ ।
ਮਿੱਤਰੋ ,
ਭੂਟਾਨ ਦੇ ਚਾਰ ਹਜ਼ਾਰ ਤੋਂ ਅਧਿਕ ਵਿਦਿਆਰਥੀ ਹਰ ਪਲ ਭਾਰਤ ਵਿੱਚ ਅਧਿਐਨ ਨਾਲ ਜੁੜੇ ਹੋਏ ਹਨ । ਇਹ ਸੰਖਿਆ ਵਧ ਸਕਦੀ ਹੈ ਅਤੇ ਵਧਣੀ ਚਾਹੀਦੀ ਹੈ । ਜਦੋਂ ਅਸੀਂ ਆਪਣੇ ਦੇਸ਼ਾਂ ਨੂੰ ਵਿਕਸਿਤ ਕਰਨ ਲਈ ਅੱਗੇ ਵਧਦੇ ਹਾਂ, ਤਾਂ ਸਾਨੂੰ ਬਦਲਦੇ ਤਕਨੀਕੀ ਲੈਂਡਸਕੇਪ ਨਾਲ ਵੀ ਤਾਲਮੇਲ ਬਣਾਈ ਰੱਖਣਾ ਹੋਵੇਗਾ । ਇਸ ਲਈ , ਇਹ ਮਹੱਤਵਪੂਰਨ ਹੈ ਕਿ ਅਸੀਂ ਉੱਭਰਦੀਆਂ ਟੈਕਨੋਲੋਜੀਆਂ ਅਤੇ ਸਿੱਖਿਆ ਦੇ ਸਾਰੇ ਖੇਤਰਾਂ ਵਿੱਚ ਸਹਿਯੋਗ ਕਰੀਏ ।
ਮੈਂ ਪ੍ਰਸੰਨ ਹਾਂ ਕਿ ਕੱਲ੍ਹ ਅਸੀਂ ਭਾਰਤ ਦੇ ਪ੍ਰਮੁੱਖ ਆਈਆਈਟੀ ਅਤੇ ਇਸ ਪ੍ਰਤਿਸ਼ਠਿਤ (ਵਕਾਰੀ) ਯੂਨੀਵਰਸਿਟੀ ਦਰਮਿਆਨ ਸਬੰਧਾਂ ਦੇ ਨਵੇਂ ਚੈਪਟਰ (ਅਧਿਆਏ) ਸ਼ੁਰੂ ਕੀਤੇ ਹਨ । ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਅਧਿਕ ਸਹਿਯੋਗੀ ਸਿੱਖਿਆ ਅਤੇ ਖੋਜ ਨੂੰ ਹੁਲਾਰਾ ਮਿਲੇਗਾ ।
ਮਿੱਤਰੋ ,
ਵਿਸ਼ਵ ਦੇ ਕਿਸੇ ਵੀ ਹਿੱਸੇ ਵਿੱਚ , ਅਗਰ ਅਸੀਂ ਸਵਾਲ ਪੁੱਛਦੇ ਹਾਂ ਕਿ ਤੁਸੀਂ ਭੂਟਾਨ ਨਾਲ ਕਿਵੇਂ ਜੁੜੇ ਹੋਏ ਮਹਿਸੂਸ ਕਰਦੇ ਹੋਂ , ਤਾਂ ਇਸ ਦਾ ਜਵਾਬ ਹੋਵੇਗਾ - ਉੱਥੋਂ ਦੀਆਂ ਸਮੁੱਚੀਆਂ ਖੁਸ਼ੀਆਂ ਦੀ ਰਾਸ਼ਟਰੀ ਅਵਧਾਰਨਾ ਨਾਲ ਕਰਕੇ। ਮੈਨੂੰ ਅਸਚਰਜ ਨਹੀਂ ਹੈ । ਭੂਟਾਨ ਨੇ ਖੁਸ਼ੀ ਦੇ ਸਾਰਤੱਤ ਨੂੰ ਸਮਝਿਆ ਹੈ । ਭੂਟਾਨ ਨੇ ਸਦਭਾਵ , ਇਕਜੁੱਟਤਾ ਅਤੇ ਦਇਆ ਦੀ ਭਾਵਨਾ ਨੂੰ ਸਮਝਿਆ ਹੈ । ਇਹੀ ਭਾਵਨਾ ਉਨ੍ਹਾਂ ਪਿਆਰੇ ਬੱਚਿਆਂ ਤੋਂ ਚਮਕਦੀ ਹੈ ਜੋ ਕੱਲ੍ਹ ਮੇਰਾ ਸੁਆਗਤ ਕਰਨ ਲਈ ਸੜਕਾਂ ਉੱਤੇ ਪੰਗਤੀਬੱਧ ਹੋ ਕੇ ਖੜ੍ਹੇ ਸਨ । ਮੈਂ ਹਮੇਸ਼ਾ ਉਨ੍ਹਾਂ ਦੀਆਂ ਮੁਸਕੁਰਾਹਟਾਂ ਨੂੰ ਯਾਦ ਰੱਖਾਂਗਾ ।
ਮਿੱਤਰੋ ,
ਸੁਆਮੀ ਵਿਵੇਕਾਨੰਦ ਨੇ ਕਿਹਾ ਸੀ , “ਹਰ ਦੇਸ਼ ਦੇ ਕੋਲ ਦੇਣ ਲਈ ਇੱਕ ਸੰਦੇਸ਼ ਹੁੰਦਾ ਹੈ , ਪੂਰਾ ਕਰਨ ਦੇ ਲਈ ਇੱਕ ਮਿਸ਼ਨ ਹੁੰਦਾ ਹੈ , ਪਹੁੰਚਣ ਲਈ ਇੱਕ ਨਿਯਤੀ (destiny ) ਹੁੰਦੀ ਹੈ” । ਮਾਨਵਤਾ ਲਈ ਭੂਟਾਨ ਦਾ ਸੰਦੇਸ਼ ਪ੍ਰਸੰਨਤਾ ਹੈ । ਪ੍ਰਸੰਨਤਾ ਜੋ ਸਦਭਾਵ ਤੋਂ ਪੈਦਾ ਹੁੰਦੀ ਹੈ । ਦੁਨੀਆ ਬਹੁਤ ਅਧਿਕ ਪ੍ਰਸੰਨਤਾ ਦੇ ਨਾਲ ਬਹੁਤ ਕੁਝ ਕਰ ਸਕਦੀ ਹੈ। ਪ੍ਰਸੰਨਤਾ ਜੋ ਵਿਚਾਰਹੀਨ ਘਿਰਣਾ ਉੱਤੇ ਹਾਵੀ ਹੋਵੇਗੀ । ਅਗਰ ਲੋਕ ਖੁਸ਼ ਹਨ , ਤਾਂ ਸਦਭਾਵ ਹੋਵੇਗਾ , ਜਿੱਥੇ ਸਦਭਾਵ ਹੈ , ਉੱਥੇ ਸ਼ਾਂਤੀ ਹੋਵੇਗੀ । ਅਤੇ ਇਹ ਸ਼ਾਂਤੀ ਹੈ ਜੋ ਸਮਾਜਾਂ ਨੂੰ ਨਿਰੰਤਰ ਵਿਕਾਸ ਰਾਹੀਂ ਪ੍ਰਗਤੀ ਹਾਸਲ ਕਰਨ ਵਿੱਚ ਮਦਦ ਕਰੇਗੀ । ਅਜਿਹੇ ਸਮੇਂ ਵਿੱਚ ਜਿੱਥੇ ਵਿਕਾਸ ਨੂੰ ਅਕਸਰ ਪਰੰਪਰਾਵਾਂ ਅਤੇ ਵਾਤਾਵਰਣ ਨਾਲ ਸੰਘਰਸ਼ ਵਿੱਚ ਉਲਝਦੇ ਦੇਖਿਆ ਜਾਂਦਾ ਹੈ , ਦੁਨੀਆ ਨੂੰ ਭੂਟਾਨ ਤੋਂ ਬਹੁਤ ਕੁਝ ਸਿੱਖਣਾ ਹੈ । ਇੱਥੇ , ਵਿਕਾਸ , ਵਾਤਾਵਰਣ ਅਤੇ ਸੱਭਿਆਚਾਰ ਆਪਸ ਵਿੱਚ ਵਿਰੋਧੀ ਨਹੀਂ ਹਨ ਬਲਕਿ ਉਨ੍ਹਾਂ ਦਾ ਆਪਸ ਵਿੱਚ ਤਾਲਮੇਲ ਹੈ । ਸਾਡੇ ਨੌਜਵਾਨਾਂ ਦੀ ਰਚਨਾਤਮਕਤਾ , ਊਰਜਾ ਅਤੇ ਪ੍ਰਤੀਬੱਧਤਾ ਦੇ ਨਾਲ , ਸਾਡਾ ਰਾਸ਼ਟਰ ਇੱਕ ਟਿਕਾਊ (sustainable) ਭਵਿੱਖ ਲਈ ਜ਼ਰੂਰੀ ਸਭ ਕੁਝ ਹਾਸਲ ਕਰ ਸਕਦੇ ਹਨ - ਚਾਹੇ ਉਹ ਜਲ ਸੰਭਾਲ਼ ਹੋਵੇ ਜਾਂ ਟਿਕਾਊ ਖੇਤੀਬਾੜੀ ਜਾਂ ਸਾਡੇ ਸਮਾਜਾਂ ਨੂੰ ਸਿੰਗਲ - ਉਪਯੋਗ ਪਲਾਸਟਿਕ ਤੋਂ ਮੁਕਤ ਕਰਨਾ ।
ਮਿੱਤਰੋ ,
ਭੂਟਾਨ ਦੀ ਆਪਣੀ ਪਿਛਲੀ ਯਾਤਰਾ ਦੌਰਾਨ , ਮੈਨੂੰ ਲੋਕਤੰਤਰ ਦੇ ਮੰਦਿਰ , ਭੂਟਾਨ ਦੀ ਸੰਸਦ ਦਾ ਦੌਰਾ ਕਰਨ ਦਾ ਸੁਭਾਗ ਮਿਲਿਆ । ਅੱਜ, ਮੈਨੂੰ ਸਿੱਖਿਆ ਦੇ ਇਸ ਮੰਦਿਰ ਵਿੱਚ ਜਾਣ ਦਾ ਸਨਮਾਨ ਪ੍ਰਾਪਤ ਹੋਇਆ ਹੈ । ਅੱਜ , ਸਰੋਤਿਆਂ ਵਿੱਚ ਭੂਟਾਨ ਦੀ ਸੰਸਦ ਦੇ ਮਾਣਯੋਗ ਮੈਂਬਰ ਵੀ ਮੌਜੂਦ ਹਨ । ਮੈਂ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਦੀ ਵਿਸ਼ੇਸ਼ ਹਾਜ਼ਰੀ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ । ਲੋਕਤੰਤਰ ਅਤੇ ਸਿੱਖਿਆ ਦੋਹਾਂ ਦਾ ਉਦੇਸ਼ ਸਾਨੂੰ ਮੁਕਤੀ ਪ੍ਰਦਾਨ ਕਰਨਾ ਹੈ । ਇੱਕ ਦੂਜੇ ਬਿਨਾ ਕੁਝ ਵੀ ਪੂਰਾ ਨਹੀਂ ਹੋ ਸਕਦਾ ਹੈ । ਅਤੇ ਦੋਵੇਂ ਸਾਨੂੰ ਆਪਣੀ ਪੂਰੀ ਸਮਰੱਥਾ ਨੂੰ ਹਾਸਲ ਕਰਨ ਵਿੱਚ ਮਦਦ ਕਰਦੇ ਹਨ , ਅਤੇ ਅਸੀਂ ਸਰਬਸ੍ਰੇਸ਼ਠ ਬਣ ਸਕਦੇ ਹਾਂ । ਅਧਿਐਨ ਦਾ ਇਹ ਕੇਂਦਰ ਇੱਕ ਵਾਰ ਫਿਰ ਤੋਂ ਸਾਡੀ ਖੋਜ ਦੀ ਭਾਵਨਾ ਨੂੰ ਮੁਕਤ ਕਰੇਗਾ ਅਤੇ ਸਾਡੇ ਅੰਦਰ ਦੇ ਵਿਦਿਆਰਥੀ ਨੂੰ ਜਿੰਦਾ ਰੱਖੇਗਾ ।
ਜਿਹਾ ਕਿ ਭੂਟਾਨ ਆਪਣੇ ਇਨ੍ਹਾਂ ਪ੍ਰਯਤਨਾਂ ਵਿੱਚ ਸ੍ਰੇਸ਼ਠਤਾ ਹਾਸਲ ਕਰ ਰਿਹਾ ਹੈ , ਤੁਹਾਡੇ 1.3 ਬਿਲੀਅਨ ਭਾਰਤੀ ਮਿੱਤਰ ਤੁਹਾਨੂੰ ਕੇਵਲ ਗੌਰਵ ਅਤੇ ਪ੍ਰਸੰਨਤਾ ਨਾਲ ਹੀ ਨਹੀਂ ਦੇਖਣਗੇ , ਬਲਕਿ ਇਸ ਦੇ ਨਾਲ ਨਾਲ ਉਹ ਤੁਹਾਨੂੰ ਭਾਗੀਦਾਰ ਵੀ ਬਣਾਉਣਗੇ , ਤੁਹਾਡੇ ਨਾਲ ਇਨ੍ਹਾਂ ਨੂੰ ਸਾਂਝਾ ਕਰਨਗੇ ਅਤੇ ਤੁਹਾਡੇ ਤੋਂ ਸਿੱਖਣਗੇ । ਇਨ੍ਹਾਂ ਸ਼ਬਦਾਂ ਨਾਲ , ਮੈਂ ਭੂਟਾਨ ਦੀ ਰਾਇਲ ਯੂਨੀਵਰਸਿਟੀ ਦੇ ਚਾਂਸਲਰ ਮਹਾਮਹਿਮ ਰਾਜਾ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਫੈਕਲਟੀ ਅਤੇ ਤੁਹਾਡਾ ਸਾਰਿਆਂ - ਮੇਰੇ ਯੁਵਾ ਮਿੱਤਰਾਂ ਦਾ ਧੰਨਵਾਦ ਕਰਨਾ ਚਾਹਾਂਗਾ ।
ਤੁਸੀਂ ਸਾਰਿਆਂ ਨੇ ਮੈਨੂੰ ਆਪਣੇ ਸੱਦੇ ਨਾਲ ਸਨਮਾਨਿਤ ਕੀਤਾ ਹੈ ਅਤੇ ਮੈਨੂੰ ਇੰਨਾ ਸਮਾਂ , ਧਿਆਨ ਅਤੇ ਇਤਨਾ ਅਧਿਕ ਸਨੇਹ ਦਿੱਤਾ ਹੈ । ਮੈਂ ਤੁਹਾਡੇ ਸਾਰਿਆਂ ਤੋਂ ਢੇਰ ਸਾਰੀ ਪ੍ਰਸੰਨਤਾ ਅਤੇ ਸਕਾਰਾਤਮਕ ਊਰਜਾ ਲੈ ਕੇ ਵਾਪਸ ਜਾਂਦਾ ਹਾਂ ।
ਤੁਹਾਡਾ ਬਹੁਤ - ਬਹੁਤ ਧੰਨਵਾਦ ।
ਤਾਸ਼ੀ ਡੇਲੇਕ।
******
ਵੀਆਰਆਰਕੇ/ਕੇਪੀ
(Release ID: 1582336)
Visitor Counter : 131