ਵਣਜ ਤੇ ਉਦਯੋਗ ਮੰਤਰਾਲਾ
ਖੋਜ ਅਤੇ ਸੇਵਾ ਖੇਤਰ ਵਿਚ ਭਾਰਤ - ਬਰਤਾਨੀਆ ਸਾਂਝੇਦਾਰੀ ਲਈ ਰਣਨੀਤੀ ; “ਬਰਤਾਨੀਆ ਵਿਚ ਡਿਜ਼ਾਈਨ ਭਾਰਤ ਵਿਚ ਤਿਆਰ ” ; ਪੀਊਸ਼ ਗੋਇਲ
ਭਾਰਤ-ਬਰਤਾਨੀਆ ਤਿੰਨ ਦੁਵੱਲੇ ਕਾਰਜ ਸਮੂਹਾਂ ਦਾ ਗਠਨ ਕਰਨਗੇ
ਪੀਊਸ਼ ਗੋਇਲ ਨੇ ਲੰਦਨ ਵਿਚ ਭਾਰਤ-ਬਰਤਾਨੀਆ ਜੈਟਕੋ (JETCO)ਦੀ ਮੀਟਿੰਗ ਨੂੰ ਸੰਬੋਧਨ ਕੀਤਾ
Posted On:
16 JUL 2019 5:25PM by PIB Chandigarh
ਕੇਂਦਰੀ ਵਣਜ ਤੇ ਉਦਯੋਗ ਅਤੇ ਰੇਲ ਮੰਤਰੀ ਪੀਊਸ਼ ਗੋਇਲ ਨੇ ਸੋਮਵਾਰ ਨੂੰ ਲੰਦਨ ਵਿਖੇ ਭਾਰਤ , ਬਰਤਾਨੀਆ ਸੰਯੁਕਤ ਆਰਥਿਕ ਤੇ ਵਪਾਰ ਕਮੇਟੀ (ਜੈਟਕੋ) ਨੂੰ ਸੰਬੋਧਨ ਕੀਤਾ । ਉਨ੍ਹਾਂ ਵਪਾਰ , ਵਣਜ ਅਤੇ ਸੇਵਾ ਖੇਤਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ਉਤੇ ਗੱਲਬਾਤ ਕੀਤੀ , ਜਿਹੜੀ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਸੰਬੰਧਾਂ ਨੂੰ ਮਜ਼ਬੂਤੀ ਦੇਵੇਗੀ ।
ਪੀਊਸ਼ ਗੋਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਯੁਕਤ ਪਹਿਲ ਨਾਲ ਭਾਰਤ ਤੇ ਬਰਤਾਨੀਆ ਦੇ ਆਰਥਿਕ ਤੇ ਕਮਰਸ਼ੀਅਲ ਸੰਬੰਧਾਂ ਦਾ ਵਿਸਥਾਰ ਹੋਵੇਗਾ। ਉਨਾਂ ਕਿਹਾ ਕਿ ਦੋਵੇਂ ਦੇਸ਼ 200 ਸਾਲ ਦੇ ਸਾਂਝੇ ਪਿਛੋਕੜ ਦੇ ਮਜ਼ਬੂਤ ਰਿਸ਼ਤੇ ਨਾਲ ਬੰਨੇ ਹੋਏ ਹਨ ।
ਉਨਾਂ ਦੋਹਾਂ ਦੇਸ਼ਾਂ ਲਈ ਮੌਕਿਆਂ ਖ਼ਾਸ ਤੌਰ ‘ਤੇ ਬ੍ਰੈਕਸਿਟ ਤੋਂ ਬਾਅਦ ਦੇ ਹਾਲਾਤ ਅਤੇ ਬਰਤਾਨੀਆ ਵਿਚ ਵਸੇ 1.5 ਮਿਲੀਅਨ ਭਾਰਤੀ ਭਾਈਚਾਰੇ ਦੀ ਤਾਕਤ ਜਿਹੜੀ ਦੋਹਾਂ ਦੇਸ਼ਾਂ ਵਿਚਾਲੇ ਇੱਕ ਪੁਲ ਵਾਂਗ ਹੈ, ਦਾ ਫਾਇਦਾ ਲੈਣ ਤੇ ਜ਼ੋਰ ਦਿੱਤਾ ਅਤੇ ਆਸ ਪ੍ਰਗਟਾਈ ਕਿ ਭਾਰਤ ਤੇ ਬਰਤਾਨੀਆ ਦੋਵਾਂ ਕੋਲ ਆਰਥਿਕ ਸੰਬੰਧਾਂ ਨੂੰ ਹੋਰ ਵਧੇਰੇ ਵਿਸਤਾਰ ਦੇਣ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਦੀ ਵੱਡੀ ਸਮਰੱਥਾ ਹੈ।
ਪੀਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਜੈਟਕੋ ਇੱਕ ਅਜਿਹਾ ਤਾਕਤਵਰ ਮੰਚ ਸਿੱਧ ਹੋਵੇਗਾ , ਜਿਸ ਰਾਹੀਂ ਦੋਵੇਂ ਮੁਲਕ ਆਪਸੀ ਸਹਿਯੋਗ ਦੇ ਖੇਤਰਾਂ ਦੀ ਪਛਾਣ ਕਰ ਸਕਣਗੇ ਅਤੇ ਆਪਸੀ ਵਪਾਰ ਨਾਲ ਸਬੰਧਤ ਮੁੱਦਿਆਂ ਦਾ ਅਸਾਨੀ ਨਾਲ ਸਮਾਧਾਨ ਕਰ ਸਕਣਗੇ।
ਇਸ ਸਮਾਗਮ ਦੌਰਾਨ ਭਾਰਤ ਤੇ ਬਰਤਾਨੀਆ ਦੋਹਾਂ ਨੇ ਖਾਣ ਪੀਣ ਦੀਆਂ ਵਸਤਾਂ , ਸਿਹਤ ਸੇਵਾਵਾਂ ਅਤੇ ਡੇਟਾ ਸੇਵਾਵਾਂ ਦੇ ਵਪਾਰ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰਨ ਲਈ ਤਿੰਨ ਨਵੇਂ ਦੁਵੱਲੇ ਕਾਰਜ ਸਮੂਹ ਗਠਿਤ ਕਰਨ ‘ਤੇ ਸਹਿਮਤੀ ਪ੍ਰਗਟਾਈ ।
ਵਣਜ ਅਤੇ ਉਦਯੋਗ ਮੰਤਰੀ ਨੇ ਆਪਸੀ ਲਾਭ ਲਈ ਇੱਕ ਦੂਜੇ ਦੇ ਬਰਾਬਰ ਦੀ ਸਮਰੱਥਾ ਦਾ ਲਾਭ ਲੈਂਦਿਆਂ ਆਪਸੀ ਸੰਪਰਕ ਦੀਆਂ ਸਰਗਰਮੀਆਂ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਉਦਯੋਗ ਤੇ ਸਿੱਖਿਆ ਦੇ ਖੇਤਰ ਵਿਚ ਬਰਤਾਨੀਆ ਦੀ ਖੋਜ ਅਤੇ ਇਨੋਵੇਸ਼ਨ ਦਾ ਕੁਸ਼ਲ ਭਾਰਤੀ ਕਾਰਜਬਲ ਨਾਲ ਮੇਲ ਹੋ ਜਾਵੇ ਤਾਂ ਦੋਵੇਂ ਦੇਸ਼ ਬਾਕੀ ਦੁਨੀਆ ਲਈ ਪਸੰਦੀਦਾ ਸਪਲਾਇਰ ਬਣ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਸਕਿੱਲਡ ਭਾਰਤੀ ਕਾਰਜਬਲ ਬਰਤਾਨੀਆ ਦੀ ਖੋਜ ਪ੍ਰਯੋਗਸ਼ਾਲਾਵਾਂ ਤੋਂ ਉਪਜੇ ਵਿਚਾਰਾਂ ਨੂੰ ਜ਼ਮੀਨੀ ਹਕੀਕਤ ਵਿਚ ਬਦਲਣ ਦੀ ਵੱਡੀ ਸਮਰਥਾ ਰੱਖਦਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਮੁਕਾਬਲੇ ਦੀ ਲਾਗਤ ਵਾਲੇ ਵਾਤਾਵਰਣ ਵਿੱਚ ਨਿਰਮਾਣ ਬਰਤਾਨੀਆ ਦੀਆਂ ਕੰਪਨੀਆਂ ਲਈ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਆਪਣਾ ਪੈਰ ਜਮਾਉਣ ਲਈ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। “ਬਰਤਾਨੀਆ ਵਿਚ ਡਿਜ਼ਾਈਨਡ ਭਾਰਤ ਵਿਚ ਤਿਆਰ” ਇਸ ਸਾਂਝੇਦਾਰੀ ਦਾ ਨਵਾਂ ਫੋਕਸ ਏਰੀਆ ਹੋ ਸਕਦਾ ਹੈ। ਇਸੇ ਤਰ੍ਹਾਂ ਸੇਵਾ ਖੇਤਰ ਵਿਚ ਭਾਰਤ ਬਰਤਾਨੀਆ ਦੀਆਂ ਕੰਪਨੀਆਂ ਨੂੰ ਵੱਡੀ ਤਕਨੀਕੀ ਮਦਦ ਉਪਲੱਬਧ ਕਰਵਾ ਸਕਦਾ ਹੈ।
ਪੀਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ 2025 ਤੱਕ ਭਾਰਤ 5 ਟ੍ਰਿਲਿਅਨ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਦੇਸ਼ ਦੇ ਬੁਨਿਆਦੀ ਢਾਂਚਾ ਖੇਤਰ ਵਿਚ ਵੱਡੇ ਪੱਧਰ ਤੇ ਨਿਵੇਸ਼ ਨੂੰ ਜ਼ੋਰ ਦਿੱਤਾ ਜਾ ਰਿਹਾ ਹੈ, ਜਿੱਥੇ ਬਰਤਾਨੀਆ ਆਪਣੇ ਵਿਚਾਰ ਸਾਂਝਾ ਕਰ ਸਕਦਾ ਹੈ।
ਜੈਟਕੋ ਦੀ ਮੀਟਿੰਗ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਸਿੰਗਲ ਬ੍ਰਾਂਡ ਪ੍ਰਚੂਨ ਕਾਰੋਬਾਰ ਲਈ ਮੌਕੇ ਖੋਲ੍ਹੇ ਹਨ ਅਤੇ ਅਗਲੇ ਕੁਝ ਹਫ਼ਤਿਆਂ ਵਿਚ ਸਰਕਾਰ ਇਸ ਨਾਲ ਜੁੜੀ ਨੀਤੀ ਦੇ ਕੁਝ ਨਾਂਹ ਪੱਖੀ ਪ੍ਰਾਵਧਾਨਾਂ ਨੂੰ ਸਮਾਪਤ ਕਰਨ ਜਾ ਰਹੀ ਹੈ, ਜਿਸ ਨਾਲ ਸਿੰਗਲ ਬ੍ਰਾਂਡ ਪ੍ਰਚੂਨ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਭਾਰਤ ਵਿਚ ਵੱਡੇ ਪੱਧਰ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣਗੀਆਂ। ਉਨ੍ਹਾਂ ਮਲਟੀ ਬ੍ਰਾਂਡ ਰਿਟੇਲ ਕਾਰੋਬਾਰ ਵਿਚ ਵਿਦੇਸ਼ੀ ਨਿਵੇਸ਼ ਉਤੇ ਭਾਰਤ ਵਿਚ ਲਗਾਈਆਂ ਪਾਬੰਦੀਆਂ ਦਾ ਸਨਮਾਨ ਕਰਨ ਦੀ ਦੁਨੀਆ ਭਰ ਦੀਆਂ ਕੰਪਨੀਆਂ ਨੂੰ ਬੇਨਤੀ ਕੀਤੀ। ਉਨਾਂ ਕਿਹਾ ਕਿ ਭਾਰਤ ਵਿਚ ਆਉਣ ਵਾਲੀਆਂ ਈ ਕਮਰਸ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਮਲਟੀ ਬ੍ਰਾਂਡ ਪ੍ਰਚੂਨ ਕਾਰੋਬਾਰ ਸਬੰਧੀ ਭਾਰਤ ਦੀਆਂ ਨੀਤੀਆਂ ਦੀ ਪੂਰੀ ਤਰਾਂ ਪਾਲਣਾ ਕਰਨ।
ਭਾਰਤ-ਬਰਤਾਨੀਆ ਦੇ ਵਪਾਰ ਅਤੇ ਆਰਥਿਕ ਸਬੰਧਾਂ ਦੀ ਸਮੀਖਿਆ ਜੈਟਕੋ ਵੱਲੋਂ ਹਰ ਸਾਲ ਵਣਜ ਅਤੇ ਉਦਯੋਗ ਮੰਤਰੀਆਂ ਦੇ ਪੱਧਰ ‘ਤੇ ਕੀਤੀ ਜਾਂਦੀ ਹੈ। ਜੇਟਕੋ ਦੀ ਹੁਣ ਤੱਕ 12 ਮੀਟਿੰਗਾਂ ਹੋ ਚੁੱਕੀਆਂ ਹਨ ਤੇ ਆਖਰੀ ਮੀਟਿੰਗ ਲੰਦਨ ਵਿਚ 11 ਜੂਨ 2018 ਨੂੰ ਆਯੋਜਿਤ ਕੀਤੀ ਗਈ ਸੀ । ਦੁਵੱਲੇ ਆਰਥਿਕ ਵਪਾਰ ‘ਤੇ ਨਿਵੇਸ਼ ਵਧਾਉਣ ਦੀ ਰਣਨੀਤੀ ਤਹਿਤ ਭਾਰਤ-ਬਰਤਾਨੀਆ ਸੰਯੁਕਤ ਆਰਥਿਕ ਤੇ ਵਪਾਰ ਕਮੇਟੀ ਦਾ ਗਠਨ 13 ਜਨਵਰੀ 2005 ਨੂੰ ਕੀਤਾ ਗਿਆ ਸੀ।
----
ਐੱਮ ਐੱਮ/ਐੱਸ ਬੀ/ਐੱਸ ਸੀ
(Release ID: 1579242)
ਵਿਜ਼ੀਟਰ ਕਾਊਂਟਰ : 74